ਢੱਡਰੀਆਂ ਵਾਲਾ ਨਾਲ ਗਲਬਾਤ 5 ਮੈਬਰੀ ਸਭ ਕਮੇਟੀ ਕਰੇਗੀ : ਗਿਆਨੀ ਹਰਪ੍ਰੀਤ ਸਿੰਘ

ਢੱਡਰੀਆਂ ਵਾਲਾ ਨਾਲ ਗਲਬਾਤ 5 ਮੈਬਰੀ ਸਭ ਕਮੇਟੀ ਕਰੇਗੀ : ਗਿਆਨੀ ਹਰਪ੍ਰੀਤ ਸਿੰਘ
ਪੂਰੇ ਮਾਮਲੇ ਦੀ ਸਭ ਕਮੇਟੀ ਦੀ ਫਾਈਨਲ ਰਿਪੋਰਟ ‘ਤੇ 5 ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਵਿਚਾਰ ਕੀਤਾ ਜਾਵੇਗਾ
ਢੱਡਰੀਆਂ ਵਾਲਾ ਵੱਲੋਂ ਕਮੇਟੀ ਕੋਲ ਪੇਸ਼ ਹੋਣ ਜਾਂ ਵਿਚਾਰ ਚਰਚਾ ਕਰਨ ਦੀ ਨਹੀਂ ਕੋਈ ਸੰਭਾਵਨਾ
ਅੰਮ੍ਰਿਤਸਰ 5 ਦਸੰਬਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਵਾਦਿਤ ਸਿਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਵਿਚ ਸਾਫ ਕਿਹਾ ਕਿ ਢੱਡਰੀਆਂ ਵਾਲਾ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲੀਆਂ ਸ਼ਿਕਾਇਤਾਂ ਪ੍ਰਤੀ ਘੋਖ ਪੜਤਾਲ ਕਰਨ ਲਈ ਵਿਦਵਾਨਾਂ ਦੀ ੫ ਮੈਬਰੀ ਸਭ ਕਮੇਟੀ ਬਣਾਈ ਗਈ ਹੈ। ਜੋ ਕਿ ਸਭ ਕਮੇਟੀ ਵਲੋਂ ਮਾਮਲੇ ਪ੍ਰਤੀ ਪੂਰੀ ਪੜਤਾਲ ਕਰਨ ਉਪਰੰਤ ਫਾਈਨਲ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਪੇਗੀ, ਜਿਸ ‘ਤੇ ੫ ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਵਿਚਾਰ ਕੀਤਾ ਜਾਵੇਗਾ।
ਢਡਰੀਆਂ ਵਾਲੇ ਨੂੰ ਤਲਬ ਕਰਨ ਦੇ ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਫਿਲਹਾਲ ਸਾਰੇ ਮਾਮਲੇ ਬਾਰੇ ਢੱਡਰੀਆਂ ਵਾਲੇ ਨਾਲ ੫ ਮੈਬਰੀ ਸਭ ਕਮੇਟੀ ਹੀ ਗਲਬਾਤ ਕਰੇਗੀ। ਕਿਸੇ ਵਿਚਾਰ ਲਈ ਕਮੇਟੀ ਉਸ ਨੂੰ ਆਪਣੇ ਕੋਲ ਬੁਲਾਵੇ ਜਾਂ ਕਿਤੇ ਜਾ ਕੇ ਗਲਬਾਤ ਕਰੇ , ਇਹ ਸਾਰਾ ਕੁਝ ੫ ਮੈਬਰੀ ਸਭ ਕਮੇਟੀ ਵਲੋਂ ਹੀ ਕੀਤਾ ਜਾਵੇਗਾ।
ਸੁਚਨਾ ਮੁਤਾਬਕ ਢਡਰੀਆਂ ਵਾਲਾ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਪ੍ਰਤੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ 5 ਮੈਂਬਰੀ ਪੜਤਾਲੀਆ ਸਭ ਕਮੇਟੀ ਦੀ ਪਲੇਠੀ ਮੀਟਿੰਗ ਉਪਰੰਤ ਅਗਲੇਰੀ ਕਾਰਵਾਈ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਢਡਰੀਆਂ ਵਾਲਾ ਵਲੋਂ ਹਾਲੀ ਵਿਦੇਸ਼ੀ ਦੌਰੇ ਤੋਂ ਵਾਪਸ ਨਾ ਆਉਣ ਕਾਰਨ ਕੁਝ ਦੇਰੀ ਹੋਣ ਦੀ ਖਬਰ ਹੈ। ਕਮੇਟੀ ਵਲੋਂ ਢਡਰੀਆਂ ਵਾਲੇ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪ੍ਰਾਪਤ ਸੀਡੀਆਂ ਅਤੇ ਸਮਗਰੀ ਦੀ ਘੋਖ ਪੜਤਾਲ ਦੌਰਾਨ ਕਮੇਟੀ ਨੂੰ ਕਈ ਇਤਰਾਜ਼ਯੋਗ ਤੱਥ ਹੋਣ ਦੀ ਸੂਚਨਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮੇਟੀ ਵੱਲੋਂ ਇਸ ਦੀ ਡੂੰਘੀ ਘੋਖ ਪੜਤਾਲ ਕੀਤੀ ਜਾ ਰਹੀ ਹੈ। ਪੂਰੀ ਪੜਤਾਲ ਉਪਰੰਤ ਕਮੇਟੀ ਵੱਲੋਂ ਢੱਡਰੀਆਂ ਵਾਲੇ ਤੋਂ ਜਵਾਬ ਤਲਬੀ ਕੀਤੀ ਜਾਵੇਗੀ ਜਾਂ ਫਿਰ ਉਸ ਨਾਲ ਸੰਪਰਕ ਕਰਦਿਆਂ ਇਤਰਾਜ਼ਯੋਗ ਮਾਮਲਿਆਂ ਪ੍ਰਤੀ ਉਸ ਤੋਂ ਸਪਸ਼ਟੀਕਰਨ ਲਿਆ ਜਾਵੇਗਾ। ਇਸ ਤੋਂ ਬਾਅਦ ਸਭ ਕਮੇਟੀ ਵੱਲੋਂ ਮੁਕੰਮਲ ਰਿਪੋਰਟ ਤਿਆਰ ਕਰਦਿਆਂ ਅਗਲੇਰੇ ਵਿਚਾਰ ਚਰਚਾ ਜਾਂ ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿਤੀ ਜਾਵੇਗੀ। ਭਰੋਸੇਯੋਗ ਸੂਤਰਾਂ ਅਨੁਸਾਰ ਕਮੇਟੀ ਨੇ ੧੦੦ਤੋਂ ਵਧ ਵਿਵਾਦਿਤ ਸੀਡੀਆਂ ਦੀ ਘੋਖ ਕੀਤੀ ਹੈ।
ਯਾਦ ਰਹੇ ਕਿ ਢੱਡਰੀਆਂ ਵਾਲੇ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਰਹੀਆਂ ਸ਼ਿਕਾਇਤਾਂ ਦੇ ਸੰਬੰਧ ਵਿਚ ਪਿਛਲੇ ਮਹੀਨੇ ਹੀ ਤਖਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਦੌਰਾਨ ਸਾਰੇ ਮਾਮਲੇ ਦੀ ਘੋਖ ਪੜਤਾਲ ਲਈ ਉਨ੍ਹਾਂ ਦੀ ਮੰਗ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਕਤ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਇਸ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਦਰਜਨ ਸਿੱਖ ਜਥੇਬੰਦੀਆਂ ਪ੍ਰਚਾਰਕਾਂ ਅਤੇ ਬੁੱਧੀਜੀਵੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਸਿੱਖ ਧਰਮ, ਇਤਿਹਾਸ, ਪੁਰਾਤਨ ਰਵਾਇਤਾਂ ਪਰੰਪਰਾਵਾਂ ਤੇ ਸਿਧਾਂਤ ਬਾਰੇ ਗਲਤ ਪ੍ਰਚਾਰ ਦਾ ਮਾਮਲਾ ਉਠਾਉਂਦਿਆਂ ਉਸ ਖ਼ਿਲਾਫ਼ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਜਥੇਦਾਰ ਗਿ: ਗੁਰਬਚਨ ਸਿੰਘ ਦੇ ਸਮੇਂ ਦੌਰਾਨ ਵੀ ਢੱਡਰੀਆਂ ਵਾਲਾ ਖ਼ਿਲਾਫ਼ ਅਜਿਹੀਆਂ ਅਪੀਲਾਂ ਸੰਗਤ ਅਤੇ ਸਿਖ ਜਥੇਬੰਦੀਆਂ ਵੱਲੋਂ ਤਖਤ ਸਾਹਿਬ ਨੂੰ ਕੀਤੀਆਂ ਗਈਆਂ ਸਨ, ਪਰ ਜਥੇਦਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਸੀ ਕੀਤੀ ਗਈ।
ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਤੇ ਪਖ ਪਾਤ ਦਾ ਦੋਸ਼ ਲਾਉਂਦਿਆਂ ਢੱਡਰੀਆਂ ਵਾਲਾ ਇਕ ਵਾਰ ਫਿਰ ਜਵਾਬਦੇਹੀ ਤੋਂ ਭੱਜ ਦਾ ਨਜ਼ਰ ਆ ਰਿਹਾ ਹੈ। ਉਹ ਵਾਰ ਵਾਰ ਕਹਿ ਚੁਕੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਕੱਲ੍ਹ ਛੇਕਣਾ ਅੱਜ ਹੀ ਛੇਕ ਦੇਣ ਜੋ ਗਲ ਕਹੀ ਹੈ ਉਹ ਉਸ ‘ਤੇ ਕਾਇਮ ਰਹੇਗਾ। ਉਨ੍ਹਾਂ ਇਲਜ਼ਾਮ ਦੁਹਰਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਿਰਪੱਖ ਫ਼ੈਸਲੇ ਨਹੀਂ ਲਏ ਜਾਂਦੇ ਰਹੇ। ਉੱਥੇ ਬਾਬਿਆਂ ਦਾ ਕਬਜਾ ਅਤੇ ਬੋਲਬਾਲਾ ਹੈ। ਭਾਵ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਜਾਣ ਨਾਲ ਕੋਈ ਫ਼ਰਕ ਨਹੀਂ ਪਵੇਗਾ। ਇਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਢੱਡਰੀਆਂ ਵਾਲਾ ਸ੍ਰੀ ਅਕਾਲ ਤਖਤ ਸਾਹਿਬ ਜਾਂ ਇਸ ਦੇ ਜਥੇਦਾਰ ਵੱਲੋਂ ਬਣਾਈ ਗਈ ਕਿਸੇ ਵੀ ਕਮੇਟੀ ਨਾਲ ਰਾਬਤਾ ਜਾਂ ਵਿਚਾਰ ਨਹੀਂ ਕਰੇਗਾ।ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਵਾਬ ਦੇਹ ਨਹੀਂ ਮੰਨਦਾ। ਕਿਸੇ ਵੀ ਕਮੇਟੀ ਕੋਲ ਪੇਸ਼ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਧਰ ਜਥੇਦਾਰ ਗਿ: ਹਰਪ੍ਰੀਤ ਸਿੰਘ ਨੇ ਸਖ਼ਤ ਹੁੰਦਿਆਂ ਕਿਹਾ ਹੈ ਕਿ ਉਹ ਸਭ ਦੇ ਸਾਂਝੇ ਹਨ ਅਤੇ ਕਿਸੇ ਨਾਲ ਪੱਖਪਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਪੱਖ ਰਖਦਾ ਹੈ ਤਾਂ ਉਸ ਨੂੰ ਸੁਣਿਆ ਅਤੇ ਵਿਚਾਰਿਆ ਜਾਵੇਗਾ। ਜੇ ਪੱਖ ਸਹੀ ਹੋਇਆ ਤਾਂ ਉਸ ਦੇ ਹੱਕ ਵਿਚ ਖਲੋਇਆ ਵੀ ਜਾਵੇਗਾ। ਜੇ ਕੋਈ ਆਣ ਕੇ ਆਪਣਾ ਪੱਖ ਰਖਣ ਲਈ ਤਿਆਰ ਨਹੀਂ ਹੈ ਤਾਂ ਪੱਖਪਾਤ ਦਾ ਦੋਸ਼ ਲਾਉਣਾ ਗਲਤ ਹੋਵੇਗਾ।
ਦਸ ਦੇਈਏ ਕਿ ਕੁੱਝ ਪ੍ਰਚਾਰਕਾਂ ਵੱਲੋਂ ਗੁਰੂ ਪੰਥ ਦਾ ਪ੍ਰਚਾਰ ਕਰਨ ਦੀ ਥਾਂ ਕੌਮ ਵਿਚ ਸ਼ੰਕੇ ਪੈਦਾ ਕੀਤੇ ਜਾ ਰਹੇ ਹੋਣ ਕਾਰਨ ਪਿਛਲੇ ਸਮੇਂ ਦੌਰਾਨ 04 ਅਪ੍ਰੈਲ 2017 ਨੂੰ ਸ੍ਰੀ ਅਕਾਲ ਤਖਤ ਵੱਲੋਂ ਇੱਕ ਮਤਾ ਪਾਸ ਕਰਦਿਆਂ ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨ ਨੂੰ ਗੁਰ ਮਰਿਆਦਾ ਦੇ ਦਾਇਰੇ ਅੰਦਰ ਰਹਿ ਕੇ ਪ੍ਰਚਾਰ ਕਰਨ ਅਤੇ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਉਣ ਦੀ ਹਦਾਇਤ ਕੀਤੀ ਗਈ ਜਿਸ ਨਾਲ ਸੰਗਤਾਂ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ।
ਨਿਰਪੱਖ ਸਿੱਖ ਚਿੰਤਕ ਡਾ: ਅਨੁਰਾਗ ਸਿੰਘ ਮਹਿਸੂਸ ਕਰਦੇ ਹਨ ਕਿ ਢੱਡਰੀਆਂ ਵਾਲਾ ਵੱਲੋਂ ਗੁਰ ਇਤਿਹਾਸ ਪ੍ਰਤੀ ਪਾਏ ਜਾ ਰਹੇ ਸ਼ੰਕਿਆਂ ਅਤੇ ਕੂੜ ਪ੍ਰਚਾਰ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਇਕ ਹੋਰ ਨਰਕਧਾਰੀ ਜਾਂ ਸਿਰਸੇ ਵਾਲਾ ਵਰਗਾ ਅਖੌਤੀ ਸਾਧ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੀਤੇ ਦਿਨੀਂ ਉਸ ਵੱਲੋਂ ਪੰਥ ਦੀ ਸਤਿਕਾਰਤ ਹਸਤੀ ਮਾਈ ਭਾਗੋ ਜੀ ਦੇ ਅਕਸ ਨੂੰ ਵਿਗਾੜਨ ਲਈ ਆਪਣੇ ਕੋਲੋਂ ਮਨਘੜਤ ਅਤੇ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ। ਜੋ ਹਵਾਲਾ ਕਿਸੇ ਵੀ ਇਤਿਹਾਸਕ ਤੇ ਪ੍ਰਮਾਣਿਕ ਸਰੋਤ ਵਿਚ ਨਹੀਂ ਮਿਲਦਾ। ਪ੍ਰੋ: ਸਰਚਾਂਦ ਸਿੰਘ ਦਾ ਕਹਿਣਾ ਹੈ ਕਿ ਢੱਡਰੀਆਂ ਵਾਲਾ ਸ਼ੰਕਾ ਪਾਊ ਪ੍ਰਚਾਰ ਰਾਹੀਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਉਹ ਕਿਸੇ ਗਿਣੀ-ਮਿਥੀ ਸਾਜ਼ਿਸ਼ ਅਤੇ ਪੰਥ ਵਿਰੋਧੀ ਸ਼ਕਤੀਆਂ ਦਾ ਹੱਥ-ਠੋਕਾ ਬਣ ਕੇ ਨਿਤ ਨਵੇਂ ਤੋਂ ਨਵੇਂ ਬੇਲੋੜੇ ਵਿਵਾਦ ਪੈਦਾ ਕਰ ਰਿਹਾ ਹੈ ਅਤੇ ਸਿਖ ਮਾਨਸਿਕਤਾ ਵਿਚੋਂ ਪੁਰਾਤਨ ਰਵਾਇਤਾਂ, ਮਾਨਤਾਵਾਂ ਅਤੇ ਅਸੂਲਾਂ ਨੂੰ ਮਨਫ਼ੀ ਕਰਨ ‘ਤੇ ਪੂਰੀ ਸੰਜੀਦਗੀ ਨਾਲ ਤੁਲਿਆ ਹੋਇਆ ਹੈ। ਉਸ ਵੱਲੋਂ ਪਿਛਲੇ ਸਮੇਂ ਤੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗੁਰ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕਰਕੇ ਸੰਗਤਾਂ ਨੂੰ ਗੁਮਰਾਹ ਕੀਤਾ ਗਿਆ। ਨਿੱਤ ਨਵਾਂ ਵਿਵਾਦ ਅਤੇ ਦੁਬਿਧਾ ਖੜੀ ਕਰਕੇ ਸਿੱਖ ਪੰਥ ਅਤੇ ਸਮਾਜ ਵਿਚ ਫੁੱਟ ਪਾਉਂਦਿਆਂ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿਚ ਬੈਠੇ ਢੱਡਰੀਆਂ ਵਾਲਾ ਦੀ ਨੀਅਤ ਨੂੰ ਦੇਖਦਿਆਂ ਸਿੱਖ ਸੰਗਤਾਂ ਇਸ ਦੇ ਗੁਰਮਤਿ ਵਿਰੋਧੀ ਪ੍ਰਚਾਰ ਦਾ ਸਖ਼ਤ ਨੋਟਿਸ ਲੈ ਵੀ ਰਹੀਆਂ ਹਨ। ਹੁਣ ਇਸ ਵਾਰ ਦੇਖਣਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੀ ਫ਼ੈਸਲਾ ਲੈਦੇ ਹਨ।