ਡੈਲਸ ਸ਼ਹਿਰ ਵਿਖੇ ਘਾਤ ਲਾ ਕੇ ਕੀਤੇ ਖੌਫਨਾਕ ਹਮਲੇ ਵਿਚ 5 ਪੁਲਿਸ ਅਫਸਰ ਮਾਰੇ ਗਏ 7 ਜਖਮੀ

ss1

ਡੈਲਸ ਸ਼ਹਿਰ ਵਿਖੇ ਘਾਤ ਲਾ ਕੇ ਕੀਤੇ ਖੌਫਨਾਕ ਹਮਲੇ ਵਿਚ 5 ਪੁਲਿਸ ਅਫਸਰ ਮਾਰੇ ਗਏ 7 ਜਖਮੀ

ਹਮਲਾਵਰ ਵੀ ਪੁਲਿਸ ਹੱਥੋਂ ਮਾਰਿਆ ਗਿਆ

 

ਵਿਰਜੀਨੀਆ 9 ਜੁਲਾਈ (ਸੁਰਿੰਦਰ ਢਿਲੋਂ)ਬੀਤੀ ਰਾਤ ਟੈਕਸਸ ਰਾਜ ਦੇ ਡੈਲਸ ਸ਼ਹਿਰ ਵਿਖੇ ਘਾਤ ਲਾ ਕੇ ਕੀਤੇ ਇਕ ਖੌਫਨਾਕ ਹਮਲੇ ਵਿਚ 5 ਪੁਲਿਸ ਅਫਸਰ ਮਾਰੇ ਗਏ ਤੇ 7 ਜਖਮੀ ਹੋ ਗਏ ਹਮਲਾਵਰ ਨੂੰ ਪੁਲਿਸ ਨੇ ਇਕ ਬੰਬ ਧਮਾਕੇ ਰਾਂਹੀ ਮਾਰ ਦਿੱਤਾ ਦੋ ਸਿਵਲੀਅਨ ਲੋਕਾਂ ਦੇ ਫੱਟੜ ਹੋਣ ਦੀ ਖਬਰ ਵੀ ਹੈ |ਸਤੰਬਰ 11,2001 ਤੋਂ ਬਾਦ ਇਹ ਪਹਿਲੀ ਅਜਿਹੀ ਘਟਨਾ ਹੈ ਜਿਸ ਵਿਚ ਇਤਨੇ ਪੁਲਿਸ ਅਫਸਰ ਜਖਮੀ ਹੋਏ ਤੇ ਮਾਰੇ ਗਏ ਹਨ | ਸਾਰਾ ਦੇਸ਼ ਇਸ ਸਮੇਂ ਸੰਕਟ ਦੀ ਘੜੀ ਵਿਚੋਂ ਲੰਘ ਰਿਹਾ ਹੈ ਤੇ ਹਰ ਪਾਸੇ ਤੋਂ ਇਸ ਖੌਫਨਾਕ ਘਿਨਾਉਣੀ ਹਰਕਤ ਦੀ ਨਿੰਦਾ ਦੀਆਂ ਖਬਰਾਂ ਆ ਰਹੀਆਂ ਹਨ ਤੇ ਪ੍ਰਭਾਵਿਤ ਪ੍ਰੀਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਸਮੁੱਚਾ ਦੇਸ਼ ਇਸ ਦੁੱਖ ਦੀ ਘੜ੍ਹੀ ਵਿਚ ਡੈਲਸ ਨਿਵਾਸੀਆਂ ਨਾਲ ਖੜਾ ਹੈ |
ਬੀਤੇ ਦੋ ਦਿੰਨਾਂ ਵਿਚ ਲੂਇਜਆਨਾ ਤੇ ਮਿਨੀਸੋਟਾ ਵਿਖੇ ਦੋ ਅਫਰੀਕੀ ਮੂਲ ਦੇ ਨੌਜਵਾਨ ਗੋਰੇ ਪੁਲਿਸ ਅਫਸਰਾਂ ਹੱਥੋਂ ਮਾਰੇ ਗਏ ਸਨ ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਅਫਰੀਕੀ ਮੂਲ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਇਸੇ ਸਬੰਧ ਵਿਚ ਡੈਲਸ ਸ਼ਹਿਰ ਦੇ ਪੁਰਾਣੇ ਇਲਾਕੇ ਵਿਚ ਵੀ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ ਤੇ ਅਮਨ ਕਾਨੂੰਨ ਦੀ ਵਿਵਸਥਾ ਬਣੀ ਰਹੀ ਇਸ ਲਈ ਪੁਲਿਸ ਅਫਸਰ ਵੀ ਉਥੇ ਮੌਜੂਦ ਸਨ ਜਿਨ੍ਹਾਂ ਤੇ ਇਹ ਘਾਤ ਲਾ ਕੇ ਇਹ ਹਮਲਾ ਕੀਤਾ ਗਿਆ |
ਪੁਲਿਸ ਨੇ ਹਮਲਾਵਰ ਨਾਲ ਗੱਲਬਾਤ ਲਈ ਕੁਝ ਲੋਕਾਂ ਨੂੰ ਭੇਜਿਆ ਜਿਨ੍ਹਾਂ ਨੂੰ ਹਮਲਾਵਰ ਨੇ ਦੱਸਿਆ ਕੇ ਉਹ ਅਫਰੀਕੀ ਮੂਲ ਦੇ ਲੋਕਾਂ ਦੀਆਂ ਪੁਲਿਸ ਹੱਥੋਂ ਹੋਈਆਂ ਹੱਤਿਆਵਾਂ ਤੋਂ ਦੁੱਖੀ ਹੈ ਤੇ ਉਸਦਾ ਮੰਤਵ ਗੋਰੇ ਲੋਕਾਂ ਤੇ ਖਾਸਕਰ ਗੋਰੇ ਪੁਲਿਸ ਅਫਸਰਾਂ ਨੂੰ ਮਾਰਨਾ ਹੈ ਤੇ ਉਸ ਦਾ ਸਬੰਧ ਕਿਸੇ ਸੰਸਥਾ ਨਾਲ ਨਹੀਂ ਹੈ ਤੇ ਉਹ ਇੱਕਲਾ ਹੀ ਹੈ ਉਸ ਦਾ ਕੋਈ ਸਾਥੀ ਨਹੀਂ ਹੈ ਇਹ ਪ੍ਰਗਟਾਵਾ ਡੈਲਸ ਪੁਲਿਸ ਮੁੱਖੀ ਬਰਾਊਨ ਨੇ ਕੀਤਾ | ਪੁਲਿਸ ਨੇ ਹਮਲਾਵਰ ਦੀ ਸ਼ਨਾਖਤ ਕਰ ਲਈ ਹੈ ਜੋ ਕੇ 25 ਸਾਲਾ ਮਾਈਕਲ ਜੈਕਸਨ ਟੈਕਸਸ ਨਿਵਾਸੀ ਸੀ ਜੋ ਕੇ ਸਾਬਕ ਰਿਜਰਵ ਸੀ ਜਿਸ ਨੇ ਅਫਗਾਨਿਸਤਾਨ ਵਿਚ ਲੜਾਈ਼ ਵਿਚ ਹਿੱਸਾ ਲਿਆ ਸੀ | ਮੇਅਰ ਮਾਈਕ ਰਾਇਲਿੰਗ ਨੇ ਦੱਸਿਆ ਕੇ ਉਹ ਇੱਕਲਾ ਮੋਬਿਲ ਸ਼ੂਟਰ ਸੀ ਤੇ ਅਸੀਂ ਵਿਸ਼ਵਾਸ਼ ਕਰਦੇ ਹਾਂ ਕੇ ਸ਼ਹਿਰ ਹੁਣ ਸੁਰੱਖਿਅਤ ਹੈ |ਇਸ ਸ਼ੂਟਰ ਦੀ ਘਰ ਦੀ ਤਲਾਸ਼ੀ ਸਮੇਂ ਬੰਬ ਬਨਾਉਣ ਦਾ ਸਮਾਨ ਮਿਲਿਆ ਹੈ |
ਟੈਕਸਸ ਦੇ ਗਵਰਨਰ ਗਰੈਗ ਏਬਟ ਨੇ ਡੈਲਸ ਪੁਲਿਸ ਮੁੱਖੀ ਬਰਾਊਨ,ਮੇਅਰ ਤੇ ਲਾਅ ਇਨਫੋਰਸਮੈਂਟ ਦੇ ਉਨ੍ਹਾਂ ਜਵਾਨਾਂ ਦਾ ਜੋ ਮੌਕੇ ਤੇ ਪਹਿਲਾਂ ਪੁੱਜੇ ਧੰਨਵਾਦ ਕੀਤਾ |ਉਨ੍ਹਾਂ ਦੱਸਿਆ ਕੇ ਸਾਰੇ ਰਾਜਾਂ ਦੇ ਗਵਰਨਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਪ੍ਰਭਾਵਿਤ ਪ੍ਰੀਵਾਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਦੁੱਖ ਪ੍ਰਗਟ ਕੀਤਾ |ਉਨ੍ਹਾਂ ਕਿਹਾ ਕੇ ਵਾਈਟ ਹਾਊਸ ਨੇ ਉਨ੍ਹਾਂ ਨਾਲ ਤੁਰੰਤ ਸੰਪਰਿਕ ਸਾਧਿਆ|ਉਨ੍ਹਾਂ ਅੱਗੇ ਕਿਹਾ ਕੇ ਟੈਕਸਸ ਜਿਸ ਤਰ੍ਹਾਂ ਇੱਕਠਾ ਰਿਹਾ ਹੈ ਇਸ ਦੁੱਖ ਦੀ ਘੜੀ ਵਿਚ ਡੈਲਸ ਦੇ ਨਾਲ ਖੜਾ ਹੈ | ਉਨ੍ਹਾਂ ਕਿਹਾ ਕੇ ਇਸ ਸਮੇਂ ਇਹ ਮਹੱਤਵ ਪੂਰਨ ਹੈ ਕੇ ਕੋਈ ਹੋਰ ਅਜਿਹਾ ਸ਼ੱਕੀ ਵਿਅਕਤੀ ਨਾ ਹੋਵੇ ||
ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਜੋ ਕੇ ਵਾਰਸਾ ਵਿਖੇ ਨਾਟੋ ਦੇ ਇਕ ਸਮਾਗਮ ਵਿਚ ਹਿੱਸਾ ਲੈਣ ਕਰਕੇ ਦੇਸ਼ ਤੋਂ ਬਾਹਿਰ ਹਨ ਨੇ ਇਸ ਖੌਫਨਾਕ ਘਟਨਾ ਜਿਸ ਵਿਚ ਡਿਊਟੀ ਤੇ ਤਾਇਨਾਤ ਪੁਲਿਸ ਅਫਸਰ ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਲੋਕਾਂ ਦੀ ਸੁਰੱਖਿਆ ਵਿਚ ਲੱਗੇ ਸਨ ਉਨ੍ਹਾਂ ਤੇ ਹੋਏ ਇਸ ਹਮਲੇ ਦੀ ਨਿੰਦਾ ਕੀਤੀ ਹੈ ਤੇ ਪ੍ਰਭਾਵਿਤ ਪ੍ਰੀਵਾਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਦੁੱਖ ਪ੍ਰਗਟ ਕੀਤਾ|ਉਨ੍ਹਾਂ ਕਿਹਾ ਕੇ ਇਨਸਾਫ ਕੀਤਾ ਜਾਵੇਗਾ |ਉਨ੍ਹਾਂ ਨੇ ਇਸ ਤੋਂ ਪਹਿਲਾਂ ਲੂਇਜਆਨਾ ਤੇ ਮਿਨੀਸੋਟਾ ਦੀਆਂ ਘਟਨਾਵਾਂ ਤੇ ਵੀ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ ਸੀ |
ਇਸ ਖੌਫਨਾਕ ਘਟਨਾ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਮੁਹਿੰਮ ਨੂੰ ਵੀ ਪ੍ਰਭਾਵਿਤ ਕੀਤਾ ਹੈ ਅੱਜ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡਾਨਲਡ ਟਰੰਪ ਤੇ ਡੈਮੋਕਰੇਟ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਆਪੋ ਆਪਣੀਆਂ ਚੋਣ ਮੁਹਿੰਮ ਦੇ ਸਬੰਧ ਵਿਚ ਆਪਣੀਆਂ ਚੋਣ ਸਭਾਵਾਂ ਮੁਲਤਵੀ ਕਰ ਦਿੱਤੀਆਂ ਹਨ |ਉਨ੍ਹਾਂ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਉਧਰ ਡੈਮੋਕਰੇਟ ਪਾਰਟੀ ਦੇ ਦੂਸਰੇ ਉਮੀਦਵਾਰ ਬਰਨੀ ਸੈਂਡਰਜ ਨੇ ਵੀ ਇਨ਼੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਤੇ ਪ੍ਰਭਾਵਿਤ ਪ੍ਰੀਵਾਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਦੁੱਖ ਪ੍ਰਗਟ ਕੀਤਾ|
ਇਸ ਖੌਫਨਾਕ ਘਟਨਾ ਦੀ ਵਿਆਪਕ ਨਿੰਦਾ ਦੀਆਂ ਖਬਰਾਂ ਆ ਰਹੀਆਂ ਹਨ |ਸਥਾਨਿਕ ਸਿੱਖ ਆਗੂਆਂ ਨਿਸ਼ਾਨ ਸਿੰਘ ਸਿੱਧੂ,ਲਾਲ ਸਿੰਘ ਕਾਹਲੋਂ ਤੇ ਗੁਰੂ ਨਾਨਕ ਫਾਊਡੇਸ਼ਨ ਦੇ ਸਕੱਤਰ ਸੁਰਿੰਦਰ ਸਿੰਘ ਚਾਨਾ ਨੇ ਵੀ ਇਸ ਦੀ ਨਿੰਦਾ ਕੀਤੀ ਹੈ ਤੇ ਪ੍ਰਭਾਵਿਤ ਪ੍ਰੀਵਾਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਦੁੱਖ ਪ੍ਰਗਟ ਕੀਤਾ|

Share Button

Leave a Reply

Your email address will not be published. Required fields are marked *