ਡੇਰਾ ਸਾਧ ਨਾਲ ਜੁੜੇ ਪੰਜਾਬ ਵਿਚਲੇ ਸਾਰੇ ਡੇਰੇ ਸੀਲ ਕਰ ਰਹੀ ਹੈ ਸਰਕਾਰ : ਮੁੱਖ ਮੰਤਰੀ

ss1

ਡੇਰਾ ਸਾਧ ਨਾਲ ਜੁੜੇ ਪੰਜਾਬ ਵਿਚਲੇ ਸਾਰੇ ਡੇਰੇ ਸੀਲ ਕਰ ਰਹੀ ਹੈ ਸਰਕਾਰ : ਮੁੱਖ ਮੰਤਰੀ

ਪੰਜਾਬ ਵਿੱਚ ਸਥਿਤ ਡੇਰਾ ਸਿਰਸਾ ਦੇ ਸਮੂਹ ਡੇਰਿਆਂ ਨੂੰ ਪ੍ਰਸ਼ਾਸ਼ਨ ਵਲੋਂ ਸੀਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਨਾਲ ਖਿਲਵਾੜ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ| ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਜਿਲ੍ਹਾ ਅਦਾਲਤੀ ਕਾਂਪਲੈਕਸ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਆਖੀ| ਉਹਨਾਂ ਕਿਹਾ ਕਿ ਪੰਜਾਬ ਵਿੱਚ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਇਸ ਪੂਰੇ ਮਾਮਲੇ ਦੌਰਾਨ ਪੂਰੀ ਚੌਕਸੀ ਅਤੇ ਸੰਵੇਦਨਸ਼ੀਲਤਾ ਨਾਲ ਜਿੰਮੇਵਾਰੀ ਨਿਭਾਉਂਦਿਆਂ ਮੌਕਾ ਸੰਭਾਲਿਆ ਹੈ|
ਡੇਰਾ ਵਿਵਾਦ ਦੌਰਾਨ ਪੰਜਾਬ ਵਿੱਚ ਸਰਕਾਰੀ ਤੌਰ ਤੇ ਹੋਏ ਖਰਚ ਅਤੇ ਸਰਕਾਰੀ ਜਾਇਦਾਦ  ਦੇ ਨੁਕਸਾਨ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਸਾਰੇ ਜਿਲ੍ਹਿਆ ਦੇ ਡਿਪਟੀ ਕਮਿਸ਼ਨਰਾਂ ਕੋਲੋਂ ਰਿਪੋਰਟ ਮੰਗੀ ਗਈ ਹੈ ਅਤੇ ਉਸ ਉਪਰੰਤ ਸਰਕਾਰ ਵਲੋਂ ਇਸ ਖਰਚੇ ਦਾ ਕਲੇਮ ਪੇਸ਼ ਕੀਤਾ ਜਾਵੇਗਾ|
ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਨੌਕਰੀ ਮੇਲੇ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਸਪਸ਼ਟ ਕੀਤਾ ਕਿ ਇਹਨਾਂ ਨੌਕਰੀ ਮੇਲਿਆਂ ਦੌਰਾਨ ਸਿਰਫ ਪੰਜਾਬ ਦੇ ਵਸਨੀਕ ਨੌਜਵਾਨਾਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਣੀਆਂ ਹਨ ਅਤੇ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਦੇ ਮਾਮਲਿਆ ਤੇ ਵਿਚਾਰ ਨਹੀਂ ਹੋਵੇਗਾ|
ਇਸ ਤੋਂ ਪਹਿਲਾ ਮੁੱਖ ਮੰਤਰੀ ਵਲੋਂ ਮਾਣਯੋਗ ਅਦਾਲਤ ਵਲੋਂ ਦਿੱਤੀ ਗਈ ਵਿਦੇਸ਼ ਜਾਣ ਦੀ ਇਜਾਜਤ ਬਾਰੇ 5 ਲੱਖ ਦਾ ਮੁਚਲਕਾ ਭਰਿਆ| ਮੁੱਖ ਮੰਤਰੀ ਵਲੋਂ ਇਹ ਮੁਚਲਕਾ ਸਥਾਨਕ ਵਸਨੀਕ ਸ੍ਰ.  ਮੁਨੇਸ਼ਵਰ ਸਿੰਘ ਖਹਿਰਾ ਵਲੋਂ ਭਰਿਆ ਗਿਆ|
ਇਸ ਮੌਕੇ ਸਥਾਨਕ ਪੱਤਰਕਾਰਾਂ ਦੇ ਇੱਕ ਵਫਦ ਵਲੋਂ ਬੀਤੇ ਦਿਨੀਂ ਪੰਚਕੂਲਾ ਵਿੱਚ ਪੱਤਰਕਾਰਾਂ ਤੇ  ਹੋਏ ਹਮਲਿਆਂ ਦੀਆਂ ਘਟਨਾਵਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੱਤਰਕਾਰਾਂ  Jਦੀ ਸੁਰੱਖਿਆ ਯਕੀਨੀ ਕਰਨ ਲਈ ਸਰਕਾਰ ਵਿਧਾਨਸਭਾ ਵਿੱਚ ਬਿਲ ਲਿਆਏ ਅਤੇ ਫੀਲਡ ਵਿੱਚ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ| ਇਸ ਮੌਕੇ ਵਫਦ ਦੀ ਅਗਵਾਈ ਕਰ ਰਹੇ ਪ੍ਰੈਸ ਕਲੱਬ ਐਸ ਏ ਐਸ ਨਗਰ ਦੇ ਪ੍ਰਧਾਨ ਸ੍ਰ. ਦਰਸ਼ਨ ਸਿੰਘ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਮੀਡੀਆ ਕਰਮੀਆਂ ਦੀ ਸੁਰੱਖਿਆ ਲਈ ਬਿਲ ਲਿਆਉਣ ਦੀ ਮੰਗ ਤੇ ਹਮਦਰਦੀ ਨਾਲ ਵਿਚਾਰ ਕਰਨਗੇ| ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਮੀਡੀਆ ਦੀ ਆਜਾਦੀ ਕਾਇਮ  ਰੱਖਣ ਅਤੇ ਮੀਡੀਆ ਕਾਮਿਆਂ ਨੂੰ ਸਹੂਲੀਅਤਾਂ ਦੇਣ ਲਈ ਪਹਿਲਾਂ ਵੀ ਕਦਮ ਚੁੱਕੇ ਗਏ ਹਨ ਅਤੇ ਅੱਗੇ ਵੀ ਜਦੋਂ ਲੋੜ ਹੋਵੇਗੀ ਸਰਕਾਰ ਵੱਲੋਂ ਉਚਿਤ ਕਦਮ ਚੁੱਕੇ ਜਾਣਗੇ|

Share Button

Leave a Reply

Your email address will not be published. Required fields are marked *