ਡੇਰਾਵਾਦ ਕਾਰਨ ਪੰਜਾਬ ਦੇ ਹਾਲਾਤ ਕਦੇ ਵੀ ਵਿਸਫੋਟਕ ਹੋ ਸਕਦੇ ਹਨ

ਡੇਰਾਵਾਦ ਕਾਰਨ ਪੰਜਾਬ ਦੇ ਹਾਲਾਤ ਕਦੇ ਵੀ ਵਿਸਫੋਟਕ ਹੋ ਸਕਦੇ ਹਨ

ਡੇਰੇ ਬਣ ਚੁੱਕੇ ਹਨ ਸਿਆਸੀ ਪਾਰਟੀਆਂ ਦੇ ਅੱਡੇ

ਬਰਨਾਲਾ, 7 ਅਗਸਤ (ਨਰੇਸ਼ ਗਰਗ)ਪੰਜਾਬ ਸਰਕਾਰ ਨੇ ਆਪਣੀ ਵਾਧੂ ਜ਼ਮੀਨ ਡੇਰਿਆਂ ਨੂੰ ਦੇਕੇ ਮਹੰਤਾਂ ਦੀ ਥਾਪਣਾ ਕਰ ਦਿੱਤੀ ਸੀ, ਤਾਂ ਕਿ ਹਰ ਇੱਕ ਗਰੀਬ ਨੂੰ ਪੇਟ ਭਰ ਭੋਜਨ ਮਿਲ ਸਕੇ ਅਤੇ ਬਾਹਰ ਤੋਂ ਆਉਂਣ ਵਾਲੇ ਯਾਤਰੀਆਂ ਨੂੰ ਰਹਿਣ ਲਈ ਟਿਕਾਣਾ ਮਿਲ ਜਾਵੇ। ਇਸ ਦੇ ਨਾਲ ਹੀ ਡੇਰਿਆਂ ਅੰਦਰ ਮੰਦਰ ਬਣਾਕੇ ਠਾਕਰਾਂ ਦੀ ਪੂਜਾ ਕਰਨ ਲਈ ਹੁਕਮ ਦਿੱਤੇ ਸਨ, ਪਰ ਇਨ੍ਹਾਂ ਡੇਰਿਆਂ ਦੇ ਮਹੰਤਾਂ ਨੇ ਜ਼ਮੀਨ ਦੀ ਆਮਦਨ ਨੂੰ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਵਰਤਨਾਂ ਸ਼ੁਰੂ ਕਰ ਦਿੱਤਾ। ਲੰਗਰ ਬੰਦ ਹੋ ਗਏ ਅਤੇ ਪ੍ਰਦੇਸ਼ੀਆਂ ਨੂੰ ਰਹਿਣ ਦਾ ਟਿਕਾਣਾ ਮਿਲਣੋ ਹਟ ਗਿਆ। ਡੇਰਿਆਂ ਬਾਬਤ ਤਹਿ ਮਾਪਦੰਡਾਂ ਦੀ ਜਾਣਕਾਰੀ ਲੈਣ ਲਈ ਤਪਾ ਮੰਡੀ ਦੇ ਆਰ ਟੀ ਆਈ ਕਾਰਕੁੰਨ ਸੱਤਪਾਲ ਗੋਇਲ ਨੇ ਪੰਜਾਬ ਸਰਕਾਰ ਦੇ ਵਿਤ ਕਮਿਸ਼ਨਰ ਮਾਲ ਵਿਭਾਗ ਨੂੰ ਲਿਖਕੇ ਇਸ ਗੱਲ ਦੀ ਜਾਣਕਾਰੀ ਦੀ ਮੰਗ ਕੀਤੀ ਕਿ, ਇਨ੍ਹਾਂ ਡੇਰਿਆਂ ਨੂੰ ਅਲਾਟ ਕੀਤੀ ਜ਼ਮੀਨ ਤੇ ਖੇਤੀ ਕਰਨਾ ਅਤੇ ਠੇਕੇ ਤੇ ਦੇਣ ਦੇ ਜੋ ਮਾਪਦੰਡ ਤਹਿ ਹਨ ਉਸਦੀ ਜਾਣਕਾਰੀ ਦੀ ਮੰਗ ਹੈ, ਇਨ੍ਹਾਂ ਡੇਰਿਆਂ ਦੀ ਆਮਦਨ ਨੂੰ ਖਰਚ ਕਰਨ ਦੇ ਜੋ ਮਾਪਦੰਡ ਤਹਿ ਹਨ ਉਨ੍ਹਾਂ ਦੀ ਜਾਣਕਾਰੀ ਦੀ ਮੰਗ ਹੈ ਅਤੇ ਨਾਲ ਹੀ ਇਸ ਗੱਲ ਦੀ ਜਾਣਕਾਰੀ ਹੈ ਕਿ ਪਿਛਲੇ ਦੋ ਸਾਲਾਂ ਅੰਦਰ ਮਿਤੀ 1/4/2014 ਤੋਂ 31/3/2016 ਤੱਕ ਜੋ ਆਮਦਨ ਹੋਈ ਅਤੇ ਜੋ ਖਰਚ ਹੋਇਆ ਉਸਦੀ ਵੇਰਵੇ ਸਹਿਤ ਜਾਣਕਾਰੀ ਦੀ ਮੰਗ ਹੈ।

ਇਸ ਪੱਤਰ ਦੇ ਜਵਾਬ ਵਿੱਚ ਸ੍ਰੀ ਮਧੂਰਜੀਤ ਸੁਪਰਡੈਂਟ ਕਮ ਲੋਕ ਸੂਚਨਾ ਅਫਸਰ ਨੇ ਆਪਣੇ ਪੱਤਰ ਨੰਬਰ 10853 ਰਾਹੀਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਹਦਾਇਤ ਕੀਤੀ ਕਿ ਮੰਗੀ ਗਈ ਜਾਣਕਾਰੀ ਤੁਰੰਤ ਦਿੱਤੀ ਜਾਵੇ। ਇਸ ਪੱਤਰ ਤੇ ਕਾਰਵਾਈ ਕਰਦੇ ਹੋਏ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਲੋਕ ਸੂਚਨਾ ਕਮ ਸੁਪਰਡੈਂਟ ਗਰੇਡ-1 ਨੇ ਆਪਣੇ ਪੱਤਰ ਨੰਬਰ 687 ਮਿਤੀ 21/7/2016 ਰਾਹੀਂ ਤਹਿਸੀਲਦਾਰ ਬਰਨਾਲਾ, ਤਹਿਸੀਲਦਾਰ ਤਪਾ ਅਤੇ ਸਦਰ ਕਾਨੂੰਗੋ ਸਾਖਾ ਦਫਤਰ ਹਜਾ ਨੂੰ ਪੱਤਰ ਲਿਖਕੇ ਮੰਗੀ ਗਈ ਜਾਣਕਾਰੀ ਤੁਰੰਤ ਇਕੱਠੀ ਕਰਨ ਦੀ ਹਦਾਇਤ ਕੀਤੀ ਗਈ ਹੈ।

ਜਾਣਕਾਰੀ ਜੋ ਵੀ ਹੋਵੇ, ਪਰ ਇਹ ਗੱਲ ਸੱਚ ਹੈ ਕਿ ਡੇਰਿਆਂ ਦੇ ਮਹੰਤ ਹਰਾਮ ਦੀ ਕਮਾਈ ਦੇ ਗੁਲਛਰੇ ਉਡਾਉਂਦੇ ਹਨ। ਜਦ ਕਿ ਚਾਹੀਦਾ ਇਹ ਹੈ ਕਿ ਇਨ੍ਹਾਂ ਪੈਸਿਆਂ ਨਾਲ ਧਰਮ-ਕਰਮ, ਲੰਗਰ ਅਤੇ ਪੂਜਾ ਪਾਠ ਦੇ ਕੰਮ ਕੀਤੇ ਜਾਣ। ਸਰਕਾਰ ਤੋਂ ਇਨ੍ਹਾਂ ਦੀ ਆਮਦਨ, ਪ੍ਰੋਗਰੈਸ, ਜਰੂਰਤਮੰਦਾ ਨੂੰ ਕਿੰਨਾ ਕੁ ਲਾਹਾ ਮਿਲਿਆ ਅਤੇ ਕਿਹੜੇ-ਕਿਹੜੇ ਸਮਾਜ ਭਲਾਈ ਕੰਮਾਂ ਤੇ ਖਰਚ ਕੀਤਾ ਦੀ ਪੜਤਾਲ ਦੀ ਮੰਗ ਹੈ।

ਵਰਣਨਯੋਗ ਇਹ ਹੈ ਕਿ ਪੰਜਾਬ ਵਿੱਚ ਵੱਡੀ ਪੱਧਰ ਤੇ ਔਰਤਾਂ ਲਈ ਪਖਾਨਿਆਂ ਦੀ ਲੋੜ ਹੈ, ਇਸ ਕਾਰਨ ਪਿੰਡਾਂ ਵਿੱਚ ਅਕਸਰ ਹੀ ਵੱਡੀਆਂ-ਵੱਡੀਆਂ ਲੜਾਈਆਂ ਦਾ ਮਾਮਲਾ ਵੀ ਅਖਬਾਰੀ ਸੁਰਖੀਆਂ ਵਟੋਰਦਾ ਹੈ। ਇਹੀ ਨਹੀਂ ਪਿੰਡਾਂ ਵਿੱਚ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਚਾਹੇ ਤਾਂ ਹਰ ਪਿੰਡ ਵਿੱਚ ਸਿਰਫ ਦੋ ਏਕੜ ਜ਼ਮੀਨ ਨਾਲ ਹੀ ਇਹ ਮਸਲਾ ਸੋਖਿਆਂ ਹੱਲ ਹੋ ਸਕਦਾ ਹੈ। ਜੇਕਰ ਹੋਰ ਵਿਸਥਾਰ ਵਿੱਚ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਗਰੀਬ ਲੋਕਾਂ ਦੀ ਮਜ਼ਬੂਰੀਆਂ ਦਾ ਨਜਾਇਜ ਫਾਇਦਾ ਉਠਾਉਂਦਿਆ ਅਕਸਰ ਹੀ ਚੋਣਾਂ ਵੇਲੇ ਉਨ੍ਹਾਂ ਨੂੰ 5-5 ਮਰਲੇ ਰੂੜੀਆਂ-ਪਲਾਟ ਦੇਣ ਦੇ ਵਾਅਦੇ ਕਰਦੀਆਂ ਹਨ। ਜੋ ਕਿ ਕਦੇ ਵੀ ਵਫਾ ਨਹੀਂ ਹੋ ਸਕੇ। ਦੂਸਰੀ ਤਰਫ ਬਰਨਾਲਾ ਜ਼ਿਲ੍ਹੇ ਦੇ 50 ਪਿੰਡਾਂ ਦੇ ਕਰੀਬ ਡੇਰਿਆਂ ਹੇਠ 100 ਏਕੜ ਤੋਂ ਲੈਕੇ 500 ਏਕੜ ਤੱਕ ਪਰ ਪਿੰਡ ਅੰਦਾਜਨ ਮਹੰਤਾਂ ਕੋਲ ਪਈ ਹੈ। ਇਨ੍ਹਾਂ ਡੇਰਿਆਂ ਵਿੱਚ ਲੋਕ ਭਲਾਈ ਵਰਗਾ ਕੋਈ ਕੰਮ ਸਾਹਮਣੇ ਨਹੀਂ ਆਇਆ, ਬਲਕਿ ਇਨ੍ਹਾਂ ਡੇਰਿਆਂ ਵਿੱਚ ਅੰਧ ਵਿਸਵਾਸੀ, ਨਸ਼ੇ ਅਤੇ ਔਰਤਾਂ ਦੇ ਸਰੀਰਕ ਸੋਸ਼ਣ ਦੀਆਂ ਗੱਲਾਂ ਸੱਥਾਂ ਵਿੱਚ ਆਮ ਚਰਚਾ ਦਾ ਵਿਸ਼ਾ ਬਣਦੀਆਂ ਹਨ, ਪਰ ਇਨ੍ਹਾਂ ਡੇਰੇਦਾਰਾਂ ਦੇ ਸਮਾਜਿਕ ਰੁਤਬੇ ਕਾਰਨ ਪੰਚਾਇਤੀ ਮੋਹਤਵਰ ਅਤੇ ਪਤਵੰਤੇ ਕੋਈ ਵੀ ਵਿਅਕਤੀ ਇਨ੍ਹਾਂ ਖਿਲਾਫ ਖੁੱਲ ਕੇ ਆਉਂਣ ਨੂੰ ਤਿਆਰ ਨਹੀਂ। ਜੇਕਰ ਕੋਈ ਜਰੁਅਤ ਕਰਦਾ ਹੈ ਤਾਂ ਉਸਨੂੰ ਦਬਾ ਦਿੱਤਾ ਜਾਂਦਾ ਹੈ।

Share Button

Leave a Reply

Your email address will not be published. Required fields are marked *

%d bloggers like this: