ਡੇਅਰੀ ਵਿਕਾਸ ਵਿਭਾਗ ਨੇ ਆਲਮੀ ਤਪਸ਼ ਦੇ ਦੌਰ ਵਿੱਚ ਸੂਬੇ ਦੇ ਪਸ਼ੂ ਪਾਲਕਾਂ ਦੀ ਸਾਲਾਨਾ ਆਮਦਨ ਯਕੀਨੀ ਬਣਾਉਣ ਲਈ ਨਵਾਂ ਪ੍ਰੋਗਰਾਮ ਉਲੀਕਿਆ

ss1

ਡੇਅਰੀ ਵਿਕਾਸ ਵਿਭਾਗ ਨੇ ਆਲਮੀ ਤਪਸ਼ ਦੇ ਦੌਰ ਵਿੱਚ ਸੂਬੇ ਦੇ ਪਸ਼ੂ ਪਾਲਕਾਂ ਦੀ ਸਾਲਾਨਾ ਆਮਦਨ ਯਕੀਨੀ ਬਣਾਉਣ ਲਈ ਨਵਾਂ ਪ੍ਰੋਗਰਾਮ ਉਲੀਕਿਆ

ਲੁਧਿਆਣਾ, (ਪ੍ਰੀਤੀ ਸ਼ਰਮਾ) ਦਿਨੋਂ ਦਿਨ ਵੱਧ ਰਹੀ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਦੌਰ ਵਿੱਚ ਪੰਜਾਬ ਦੇ ਛੋਟੇ ਅਤੇ ਦਰਮਿਆਨੇ ਪਸ਼ੂ ਪਾਲਕਾਂ ਨੂੰ ਸਾਰਾ ਸਾਲ ਪਾਏਦਾਰ ਆਮਦਨ ਯਕੀਨੀ ਬਣਾਉਣ ਅਤੇ ਪਸ਼ੂਧੰਨ ਦੇ ਉਤਪਾਦਨ, ਉਤਪਾਦਕਤਾ ਵਿੱਚ ‘ਹੀਟ ਸਟਰੈੱਸ’ ਕਾਰਨ ਆਈ ਖੜੋਤ ਨੂੰ ਤੋੜਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਦੀ ਪਹਿਲਕਦਮੀ ਨਾਲ ਉਲੀਕੇ ਨਵੇਂ ਪ੍ਰੋਗਰਾਮ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਊਰਜਾ ਵਿਕਾਸ ਏਜੰਸੀ, ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਨੂੰ ਵੱਖੋ ਵੱਖਰੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵੱਲੋਂ ਸਹਾਇਤਾ ਪ੍ਰਾਪਤ ਇਸ ਸਕੀਮ ਦੀ ਨਾਬਾਰਡ ਵੱਲੋਂ ਫੰਡਿੰਗ ਕੀਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ. ਦਿਲਬਾਗ ਸਿੰਘ ਹਾਂਸ ਨੇ ਦੱਸਿਆ ਕਿ ਆਲਮੀ ਤਪਸ ਵਧਣ ਦੇ ਨਾਲ ਪਸ਼ੂਧੰਨ ਦੀ ਪੈਦਾਵਾਰ ਘੱਟਣੀ ਲਾਜ਼ਮੀ ਹੈ ਕਿਉਂਕਿ ਗਰਮੀ ਨਾਲ ਮੌਤ ਦਰ ਵਿੱਚ ਵਾਧਾ, ਦੁੱਧ ਦੀ ਪੈਦਾਵਾਰ ਵਿੱਚ ਘਾਟਾ, ਉਤਪਾਦਕਤਾ ਵਿੱਚ ਗਿਰਾਵਟ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਤਾਪਮਾਨ ਅਤੇ ਨਮੀ ਦੇ ਵਾਧੇ ਕਰਕੇ ਪਸ਼ੂ ਦੇ ਅੰਦਰੂਨੀ ਅਤੇ ਬਾਹਰਲੇ ਪ੍ਰਜੀਵੀਆਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਬਦਲਦੇ ਕੁਦਰਤੀ ਪ੍ਰਖੇਪ ਵਿੱਚ ਗਰਮੀਆਂ ਦੇ ਦਿਨ ਵੱਧਦੇ ਜਾ ਰਹੇ ਹਨ ਅਤੇ ਸਰਦੀ ਬਹੁਤ ਘੱਟ ਸਮੇਂ ਲਈ ਪੈਂਦੀ ਹੈ। ਇਸ ਨਾਲ ਪਸ਼ੂ ਵਧੇਰੇ ਦਿਨ ਗਰਮੀ ਦੇ ਤਣਾਅ ਵਿੱਚ ਰਹਿੰਦਾ ਹੈ। ਦੱਸਣਯੋਗ ਹੈ ਕਿ ਯੂਨਾਈਟਡ ਨੇਸ਼ਨਜ਼ ਦੀ ਮੌਸਮ ਤਬਦੀਲੀ ਬਾਰੇ ਕੰਨਵੈਂਸਨ ਵਿੱਚ ਇਸ ਗੱਲ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਸਾਲ 2050 ਤੱਕ ਤਾਪਮਾਨ 2-4 ਡਿਗਰੀ ਸੈਂਟੀਗ੍ਰੇਡ ਵਿੱਚ ਵਾਧਾ ਹੋਵੇਗਾ, ਜਿਸ ਨਾਲ ਦੁੱਧ ਦੀ ਪੈਦਾਵਾਰ ਵਿੱਚ 15 ਮਿਲੀਅਨ ਟਨ ਦੀ ਗਿਰਾਵਟ ਆਉਣ ਦਾ ਖਦਸ਼ਾ ਹੈ। ਆਉਣ ਵਾਲੇ ਸੰਭਾਵੀ ਖਤਰਿਆਂ ਨੂੰ ਦੇਖਦਿਆਂ ਲਾਹੇਵੰਦ ਦੁੱਧ ਦੀ ਪੈਦਾਵਾਰ ਹਾਸਿਲ ਕਰਨ ਲਈ ਦੁੱਧ ਉਤਪਾਦਕਾਂ ਨੂੰ ਆਪਣੇ ਪਸ਼ੂ ਪਾਲਣ ਦੀਆਂ ਤਕਨੀਕਾਂ ਅਤੇ ਸਕੀਮਾਂ ਵਿੱਚ ਤਬਦੀਲੀ ਕਰਨੀ ਹੋਵੇਗੀ ਕਿਉਂਕਿ ਆਖ਼ਰਕਾਰ ਇਹ ਧੰਦਾ 70 ਫੀਸਦੀ ਆਬਾਦੀ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਇਹ ਪ੍ਰੋਜੈਕਟ ਘੜਿਆ ਗਿਆ ਹੈ ਤਾਂ ਕਿ ਪਸ਼ੂਧਨ ਦੇ ਉਤਪਾਦਨ, ਉਤਪਾਦਕਤਾ ਵਿੱਚ ਹੀਟ ਸਟਰੈੱਸ ਕਾਰਨ ਆਈ ਖੜੋਤ ਨੂੰ ਤੋੜਿਆ ਜਾ ਸਕੇ। ਇਸ ਸਕੀਮ ਤਹਿਤ ਪਹਿਲੇ ਗੇੜ ਵਿੱਚ ਜ਼ਿਲਾ ਲੁਧਿਆਣਾ ਵਿੱਚ 5 ਤੇ 10 ਦੇਸੀ ਪਸ਼ੂਆਂ ਦੇ ਕੁੱਲ 100 ਸ਼ੈੱਡ ਵੱਖ-ਵੱਖ ਪਿੰਡਾਂ ਵਿੱਚ ਬਣਾਏ ਜਾਣੇ ਹਨ। ਜਿਹਨਾਂ ਵਿੱਚੋਂ ਹੁਣ ਤੱਕ 8 ਸ਼ੈੱਡ ਬਣਾ ਦਿੱਤੇ ਗਏ ਹਨ, ਜਿਹਨਾਂ ਦੀ ਬਣਦੀ ਸਬਸਿਡੀ ਵੀ ਜਾਰੀ ਕਰ ਦਿੱਤੀ ਗਈ ਹੈ। ਦੋਵੇਂ 5 ਅਤੇ 10 ਪਸ਼ੂਆਂ ਦੇ ਸ਼ੈੱਡ ਦੇ ਮਾਡਲ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਏ ਹਨ, ਜਿਹਨਾਂ ਉੱਤੇ ਕ੍ਰਮਵਾਰ 2.00 ਲੱਖ ਅਤੇ 3.50 ਲੱਖ ਰੁਪਏ ਖਰਚਾ ਆਉਂਦਾ ਹੈ। 5 ਪਸ਼ੂਆਂ ਦੇ ਸ਼ੈੱਡ ਉੱਤੇ 1.25 ਲੱਖ ਅਤੇ 10 ਪਸ਼ੂਆਂ ਦੇ ਸ਼ੈੱਡ ਉੱਤੇ 2.25 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਬਦਲਦੇ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਦੌਰ ਵਿੱਚ ਪੰਜਾਬ ਦੇ ਛੋਟੇ ਅਤੇ ਦਰਮਿਆਨੇ ਪਸ਼ੂ ਪਾਲਕਾਂ ਨੂੰ ਸਾਰਾ ਸਾਲ ਪਾਏਦਾਰ ਆਮਦਨੀ ਦੇਣਾ ਹੈ। ਇਹਨਾਂ ਉਦੇਸ਼ਾਂ ਦੀ ਪੂਰਤੀ ਲਈ ਇਸ ਸਕੀਮ ਤਹਿਤ ਦੇਸੀ ਨਸਲ ਦੇ ਪਸ਼ੂਧੰਨ ਦੀ ਉੱਤਮ ਜ਼ਰਮ ਪਲਾਜ਼ਮ ਨਾਲ ਅਪਗ੍ਰੇਡੇਸ਼ਨ ਕੀਤੀ ਜਾਵੇਗੀ, ਪਸ਼ੂਧੰਨ ਉਤਪਾਦਨ ਦੇ ਵਾਧੇ ਲਈ ਹੇਹਾ ਤਬਦੀਲੀ ਕੀਤੀ ਜਾਵੇਗੀ, ਗਰਮੀ ਨਿਰੋਧਕ ਅਤੇ ਪ੍ਰਜੀਵੀ ਮੁਕਤ ਪਸ਼ੂ ਢਾਰਿਆਂ ਦਾ ਨਿਰਮਾਣ ਕੀਤਾ ਜਾਵੇਗਾ, ਸਾਰਾ ਸਾਲ ਹਰੇ ਚਾਰੇ ਦੀ ਉਪਲਬਧਤਾ ਯਕੀਨੀ ਬਣਾਈ ਜਾਵੇਗੀ, ਮੌਸਮ ਤਬਦੀਲੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਭਵਿੱਖਬਾਣੀ ਅਤੇ ਮੌਸਮ ਅਧਾਰਿਤ ਬੀਮਾ ਕੀਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡੇਅਰੀ ਵਿਕਾਸ ਵਿਭਾਗ ਦੇ ਜ਼ਿਲਾ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਦੇ ਦਫ਼ਤਰ 598-ਐੱਲ, ਮਾਡਲ ਟਾਊਨ, ਲੁਧਿਆਣਾ ਫੋਨ ਨੰ: 0161-2400223 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *