ਡੀ.ਸੀ ਖਰਬੰਦਾ ਨੇ ਬੈਂਕ ਅੱਗੇ ਖੜ੍ਹੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ss1

ਡੀ.ਸੀ ਖਰਬੰਦਾ ਨੇ ਬੈਂਕ ਅੱਗੇ ਖੜ੍ਹੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਨੋਟਬੰਦੀ ਸੰਬੰਧੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ

untitled-1ਭਿੱਖੀਵਿੰਡ 29 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਹੱਦੀ ਇਲਾਕਾ ਖਾਲੜਾ ਵਿਖੇ ਪਹੰੁਚ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਪਹੰੁਚੇਂ ਡਿਪਟੀ ਕਮਿਸ਼ਨਰ ਤਰਨ ਤਾਰਨ ਦਵਿੰਦਰਪਾਲ ਸਿੰਘ ਖਰਬੰਦਾ ਆਪਣੀ ਵਾਪਸੀ ‘ਤੇ ਜਿਥੇ ਜਨਮ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਪਰੰਤ ਡੀ.ਸੀ ਖਰਬੰਦਾ ਨੇ ਸੈਟਰਲ ਬੈਂਕ ਆਫ ਇੰਡੀਆ ਬਰਾਂਚ ਭਿੱਖੀਵਿੰਡ ਦੇ ਅੱਗੇ ਆਪਣਾ ਕਾਫਲਾ ਰੋਕਿਆ ਤੇ ਬੈਂਕ ਦੇ ਅੱਗੇ ਸਵੇਰੇ ਤੋਂ ਲਾਈਨਾਂ ਵਿਚ ਖੜ੍ਹੇ ਬਜੁਰਗਾਂ, ਔਰਤਾਂ ਆਦਿ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਤੋਂ ਡੀ.ਸੀ ਖਰਬੰਦਾ ਨੂੰ ਜਾਣੂ ਕਰਵਾਉਦਿਆਂ ਕਿਹਾ ਕਿ ਅਸੀ ਬੈਂਕ ਖੁੱਲਣ ਤੋਂ ਪਹਿਲਾਂ ਭੁੱਖੇ-ਧਿਆਏ ਸਵੇਰ ਤੋਂ ਆ ਕੇ ਖੜ੍ਹ ਜਾਂਦੇ ਹਾਂ ਤੇ ਪੈਸੇ ਪ੍ਰਾਪਤ ਕਰਨ ਲਈ ਸਾਰੀ-ਸਾਰੀ ਦਿਹਾੜੀ ਲਾਈਨਾਂ ਵਿਚ ਹੀ ਖਲੋਤਿਆਂ ਦੀ ਲੰਘ ਜਾਂਦੀ ਹੈ ਅਤੇ ਕਈ ਵਾਰ ਪੈਸੇ ਮੁੱਕ ਜਾਣ ਕਾਰਨ ਸਾਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪੈਂਦਾ ਹੈ। ਡੀ.ਸੀ ਖਰਬੰਦਾ ਨੇ ਬੈਂਕ ਮੈਨੇਜਰ ਰਾਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਅਤੇ ਬੈਂਕ ਵਿਚ ਰੋਜਾਨਾਂ ਆ ਰਹੀ ਰਾਸ਼ੀ ਬਾਰੇ ਜਾਣਕਾਰੀ ਹਾਸਲ ਕੀਤੀ। ਬੈਂਕ ਮੈਨੇਜਰ ਰਾਕੇਸ਼ ਗੁਪਤਾ ਨੇ ਡੀ.ਸੀ ਖਰਬੰਦਾ ਨੂੰ ਮੁਸ਼ਕਿਲਾਂ ਤੋਂ ਜਾਣੂ ਕਰਵਾਉਦਿਆਂ ਕਿਹਾ ਕਿ ਲੋਕਾਂ ਨੂੰ ਵੰਡਣ ਲਈ ਬੈਂਕ ਵੱਲੋਂ ਰੋਜਾਨਾਂ ਭੇਜੀ ਜਾ ਰਹੀ ਰਾਸ਼ੀ ਬਹੁਤ ਘੱਟ ਹੋਣ ਕਾਰਨ ਹੀ ਜਿਥੇ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ, ਉਥੇ ਬੈਂਕ ਦੇ ਕਰਮਚਾਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀ.ਸੀ ਖਰਬੰਦਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਤੇ ਬੈਂਕ ਅਧਿਕਾਰੀਆਂ ਨੂੰ ਆ ਰਹੀ ਮੁਸ਼ਕਿਲ ਦੇ ਹੱਲ ਲਈ ਐਨ.ਸੀ.ਸੀ ਕੈਡਿਟਾਂ ਨੂੰ ਬੈਂਕਾ ਦੇ ਬਾਹਰ ਤੈਨਾਤ ਕੀਤਾ ਜਾਵੇਗਾ ਅਤੇ ਬਰਾਂਚ ਨੂੰ ਭੇਜੀ ਜਾ ਰਹੀ ਘੱਟ ਰਾਸ਼ੀ ਸੰਬੰਧੀ ਵੀ ਠੋਸ ਕਦਮ ਚੁੱਕੇ ਜਾਣਗੇ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ।

ਸਾਬਕਾ ਐਸ.ਪੀ ਮੁਗਲਚੱਕ ਨੇ ਡੀ.ਸੀ ਨੂੰ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ: ਸੈਟਰਲ ਬੈਂਕ ਭਿੱਖੀਵਿੰਡ ਵਿਖੇ ਮੌਜੂਦ ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ ਨੇ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਪੁਰਾਣੇ ਨੋਟਾਂ ‘ਤੇ ਪਾਬੰਦੀ ਤਾਂ ਲਾ ਦਿੱਤੀ ਹੈ, ਪਰ ਨਵੀਂ ਕਰੰਸੀ ਦੇ ਠੋਸ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਗਲਚੱਕ ਨੇ ਡੀ.ਸੀ ਖਰਬੰਦਾ ਨੂੰ ਕਿਹਾ ਕਿ ਕਿਸੇ ਵੀ ਬਰਾਂਚ ਵਿਚ ਜਾ ਕੇ ਵੇਖ ਲਉ, ਤੁਹਾਨੂੰ ਲੋਕਾਂ ਦੀਆਂ ਲੰਮੀਆਂ ਲਾਈਨਾਂ ਹੀ ਵੇਖਣ ਨੂੰ ਮਿਲਣਗੀਆਂ ਅਤੇ ਬੈਂਕਾ ਦੇ ਏ.ਟੀ.ਐਮ ਵਿਚ ਪੈਸੇ ਨਾ ਹੋਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਐਸ.ਪੀ ਮੁਗਲਚੱਕ ਨੇ ਡੀ.ਸੀ ਤਰਨ ਤਾਰਨ ਤੋਂ ਮੰਗ ਕੀਤੀ ਕਿ ਨਵੀਂ ਕਰੰਸੀ ਸੰਬੰਧੀ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਬੈਂਕਾਂ ਅੱਗੇ ਹਰ ਰੋਜ ਲੱਗਦੀਆਂ ਲੰਮੀਆਂ ਲਾਈਨਾਂ ਖਤਮ ਹੋ ਸਕਣ।

Share Button

Leave a Reply

Your email address will not be published. Required fields are marked *