ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਕਰਾਂਗੇ: ਕਨੂੰ ਗਰਗ

ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਕਰਾਂਗੇ: ਕਨੂੰ ਗਰਗ
ਉਪ ਮੰਡਲਾਂ ਵਿੱਚ ਹਰ ਮੰਗਲਵਾਰ 10.00 ਤੋਂ 12.00 ਵਜੇ ਤੱਕ ਅਧਿਕਾਰੀ ਸੁਣਨਗੇ ਲੋਕਾਂ ਦੀਆਂ ਮੁਸ਼ਕਿਲਾਂ
ਸ੍ਰੀ ਅਨੰਦਪੁਰ ਸਾਹਿਬ 23 ਜੂਨ (ਦਵਿੰਦਰਪਾਲ ਸਿੰਘ/ ਅੰਕੁਸ਼): ਜਿਲ੍ਹੇ ਵਿੱਚ ਆਮ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਦੀਆਂ ਸਕੀਮਾਂ ਦਾ ਲਾਭ ਦੇਣ ਦਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਨਿਵੇਕਲਾਂ ਉਪਰਾਲਾ ਕੀਤਾ ਹੈ। ਉਹਨਾਂ ਵਲੋਂ ਜਿਲ੍ਹੇ ਵਿੱਚ ਹਰ ਬੁੱਧਵਾਰ, ਜਿਲ੍ਹੇ ਦੇ ਸਾਰੇ ਦਫਤਰਾਂ ਵਿੱਚ ਅਤੇ ਉਪ ਮੰਡਲਾਂ ਵਿੱਚ ਹਰ ਮੰਗਲਵਾਰ ਸਾਰੇ ਦਫਤਰਾਂ ਵਿੱਚ ਸਵੇਰੇ 10.00 ਤੋਂ 12.00 ਵਜੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਜਾਰੀ ਨਿਰਦੇਸ਼ਾ ਦੀ ਪਾਲਣਾ ਸੁਰੂ ਕਰ ਦਿੱਤੀ ਹੈ।ਆਮ ਦਿਨਾਂ ਤੋਂ ਇਲਾਵਾ ਇਹ ਸਮਾਂ ਵਿਸੇਸ਼ ਤੋਰ ਤੇ ਲੋਕਾਂ ਦੀਆ ਮੁਸ਼ਕਿਲਾਂ ਦਾ ਹੱਲ ਕਰਨ ਲਈ ਤੈਅ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਮੁਹੱਈਆਂ ਕਰਵਾਇਆ ਜਾ ਸਕੇ।
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਪੀ.ਸੀ.ਐਸ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਜਿਲ੍ਹਾ ਰੂਪਨਗਰ ਵਿੱਚ ਸੁਰੂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਨਾਲ ਲੋਕਾਂ ਨੂੰ ਇਕ ਵੱਡੀ ਰਾਹਤ ਮਿਲੇਗੀ। ਐਸ.ਡੀ.ਐਮ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋ ਇਸ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿਲ੍ਹੇ ਅਤੇ ਉਪ ਮੰਡਲ ਦਫਤਰਾਂ ਵਿੱਚ ਸਬੰਧਤ ਵਿਭਾਗਾਂ ਦੀਆਂ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਦੀਆਂ ਸਕੀਮਾਂ ਦੇ ਫਲੈਕਸ ਬੋਰਡ ਦਫਤਰਾਂ ਦੇ ਬਾਹਰ ਲੋਕਾਂ ਦੀ ਜਾਣਕਾਰੀ ਲਈ ਲਗਾਏ ਜਾਣ ਜਿਸ ਨੂੰ ਜਲਦੀ ਅਮਲ ਵਿਚ ਲਿਆਦਾ ਜਾਵੇਗਾ ਅਤੇ ਇਹਨਾਂ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਉਪ ਮੰਡਲ ਦੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫਤਰਾਂ ਵਿੱਚ ਆਉਣ ਵਾਲੇ ਬਜੁਰਗਾਂ ਤੇ ਦਿਵਿਆਂਗ ਵਿਅਕਤੀਆਂ ਦੇ ਬੈਠਣ ਲਈ ਵਿਸੇਸ਼ ਪ੍ਰਬੰਧ ਕੀਤੇ ਜਾਣ ਅਤੇ ਜੇਕਰ ਕੋਈ ਦਫਤਰ ਪਹਿਲੀ, ਦੂਜੀ ਜਾਂ ਉਪਰਲੀ ਮੰਜਿਲ ਤੇ ਹੋਵੇ ਤਾਂ ਬਜੁਰਗਾਂ ਤੇ ਦਿਵਿਆਂਗ ਵਿਅਕਤੀਆਂ ਦੇ ਬੈਠਣ ਲਈ ਗਰਾਊਂਡ ਫਲੋਰ ਤੇ ਹੀ ਪ੍ਰਬੰਧ ਕੀਤੇ ਜਾਣ ਅਤੇ ਸਬੰਧਤ ਅਧਿਕਾਰੀ ਉਹਨਾਂ ਨੂੰ ਉਸ ਸਥਾਨ ਤੇ ਹੀ ਮਿਲਣ ਆਉਣ।
ਐਸ.ਡੀ.ਐਮ ਨੇ ਦੱਸਿਆ ਕਿ ਆਮ ਤੌਰ ਤੇ ਦੂਰ ਦੁਰਾਡੇ ਪਿੰਡਾਂ ਵਿੱਚ ਰਹਿ ਰਹੇ ਲੋਕ ਆਮ ਤੋਰ ਤੇ ਸਰਕਾਰੀ ਯੌਜਨਾਵਾਂ ਦਾ ਲਾਭ ਪ੍ਰ਼ਾਪਤ ਕਰਨ ਵਿੱਚ ਜਾਂਣਕਾਰੀ ਦੀ ਅਣਹੋਂਦ ਕਾਰਨ ਵਾਂਝੇ ਰਹਿ ਜਾਂਦੇ ਹਨ। ਜਿਹਨਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਲਾਭ ਦੇਣ ਲਈ ਜਿਥੇ ਵਿਸੇਸ਼ ਕੈਂਪ ਲਗਾਏ ਜਾਣਗੇ ਉਥੇ ਸਮਾਜ ਸੇਵੀ ਸੰਗਠਨਾਂ, ਪੰਚਾਂ ਸਰਪੰਚਾਂ ਅਤੇ ਲੋਕਾਂ ਦੇ ਨੁਮਾਇੰਦਿਆਂ ਨਾਲ ਵੀ ਤਾਲਮੇਲ ਕੀਤਾ ਜਾਵੇ। ਐਸ.ਡੀ.ਐਮ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਕੀਤਾ ਜਾ ਰਿਹਾ ਇਹ ਨਿਵੇਕਲਾਂ ਉਪਰਾਲਾ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮਾਂ ਲਈ ਵਾਰ ਵਾਰ ਚੱਕਰ ਲਗਾਉਣ ਤੋਂ ਵੀ ਨਿਜਾਤ ਦੇਵੇਗਾ।ਇਸ ਨਾਲ ਜਿਥੇ ਲੋੜਵੰਦ ਵਿਅਕਤੀ ਸਰਕਾਰੀ ਯੋਜਨਾਵਾਂ ਦਾ ਲਾਭ ਅਸਾਨੀ ਨਾਲ ਪ੍ਰਾਪਤ ਕਰ ਸਕਣਗੇ ਉਥੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਵੀ ਮਿਲੇਗਾ।
ਉਪ ਮੰਡਲ ਮੈਜਿਸਟ੍ਰੇਟ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਦਫਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ, ਮਾਸਕ ਪਾਉਣ ਅਤੇ ਹੱਥ ਵਾਰ ਵਾਰ ਧੋਣ ਆਦਿ ਬਾਰੇ ਪ੍ਰੇਰਿਤ ਕਰਨ, ਇਸ ਤੋ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਸਿਹਤ ਵਿਭਾਗ ਦੇ ਕੋਵਿਡ 19 ਬਾਰੇ ਜਾਰੀ ਨਿਰਦੇਸ਼ਾ ਦਾ ਪਾਲਣ ਕਰਨ।