ਡਾ ਸੋਨੀਆ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ

ss1

ਡਾ ਸੋਨੀਆ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ

ਡਾ ਸੋਨੀਆ ਦੇ ਲੇਖਾਂ ਦੇ ਸੰਗ੍ਰਹਿ ਵਾਲੀ ਪੁਸਤਕ ਧੁੰਦ ਸਿੱਖ ਧਰਮ ਦੇ ਅਨੁਆਈਆਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਸ ਪੁਸਤਕ ਦੇ ਛੋਟੇ-ਛੋਟੇ 29 ਲੇਖਾਂ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਤੇ ਸੰਗਤਾਂ ਵੱਲੋਂ ਅਮਲ ਨਾ ਕਰਨ ਬਾਰੇ ਉਨ੍ਹਾਂ ਨੂੰ ਸਚੇਤ ਕੀਤਾ ਗਿਆ ਹੈ। ਬਹੁਤੇ ਲੇਖ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਵਿਚਾਰਧਾਰਾ ਅਤੇ ਉਦਾਸੀਆਂ ਬਾਰੇ ਹਨ। ਸੋਨੀਆ ਦੀ ਪੁਸਤਕ ਦੇ ਸਿਰਲੇਖ ਧੁੰਦ ਤੋਂ ਹੀ ਪਤਾ ਲੱਗਦਾ ਹੈ ਕਿ ਸਿੱਖ ਧਰਮ ਦੀ ਵਿਚਾਰਧਾਰਕ ਸੋਚ ਵਿਚ ਮਿਲਾਵਟ ਹੋ ਰਹੀ ਹੈ। ਉਸ ਉਪਰ ਧੁੰਦ ਜੰਮ ਗਈ ਹੈ। ਅਸਲੀਅਤ ਨੂੰ ਧੁੰਦ ਨੇ ਢੱਕ ਲਿਆ ਹੈ। ਉਹ ਮਹਿਸੂਸ ਕਰਦੀ ਹੈ ਕਿ ਧਾਰਮਿਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਮਿਲਾਵਟ ਹੋਣ ਕਰਕੇ ਸਿੱਖ ਸੰਗਤਾਂ ਧਰਮ ਦੇ ਮੁੱਖ ਮੰਤਵ ਤੋਂ ਦੂਰ ਹੋ ਰਹੀਆਂ ਹਨ। ਜਿਸ ਮੰਤਵ ਨਾਲ ਗੁਰੂਆਂ ਨੇ ਸਿੱਖ ਧਰਮ ਸਥਾਪਤ ਕੀਤਾ ਸੀ, ਉਸ ਦੀ ਪੂਰਤੀ ਨਹੀਂ ਹੋ ਰਹੀ। ਲੇਖਕਾ ਦੇ ਲੇਖਾਂ ਅਨੁਸਾਰ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਸਿੱਖ ਸੰਗਤ ਦੁਆਰਾ ਉਨ੍ਹਾਂ ਵਿਚ ਹੀ ਫਸ ਰਹੀ ਹੈ। ਉਹ ਲੋਕਾਂ ਨੂੰ ਅਜਿਹੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਸੰਵਾਦ ਕਰਨ ਦੀ ਪ੍ਰੇਰਨਾ ਕਰਦੀ ਹੈ। ਉਸਦੇ ਲੇਖਾਂ ਮੁਤਾਬਿਕ ਕੁੱਝ ਜਨਮ ਸਾਖੀਆਂ ਰਾਹੀਂ ਚਮਤਕਾਰ ਵਿਖਾ ਕੇ ਲੋਕਾਂ ਨੂੰ ਵਰਗਲਾਇਆ ਜਾ ਰਿਹਾ ਹੈ। ਜਨਮ ਸਾਖੀਆਂ ਵਿਚ ਜਾਣ ਬੁਝ ਕੇ ਮਿਲਾਵਟ ਕੀਤੀ ਹੋਈ ਹੈ। ਸਿੱਖ ਧਰਮ ਚਮਤਕਾਰਾਂ ਵਿਚ ਯਕੀਨ ਨਹੀਂ ਰੱਖਦਾ ਸਗੋਂ ਚਮਤਕਾਰਾਂ ਦਾ ਖੰਡਨ ਕਰਦਾ ਹੈ। ਇੱਥੋਂ ਤੱਕ ਕਿ ਪ੍ਰਵਾਨ ਸਿਰਲੇਖ ਵਾਲੇ ਲੇਖ ਵਿਚ ਗੁਰੂ ਨਾਨਕ ਦੇਵ ਦੇ ਬੱਚਿਆਂ ਨੇ ਵੀ ਕਰਾਮਾਤਾਂ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਗੁਰੂ ਸਾਹਿਬ ਨੇ ਗੁਰਗੱਦੀ ਆਪਣੇ ਪਰਿਵਾਰ ਵਿਚ ਨਹੀਂ ਦਿੱਤੀ।
(ਡਾ ਸੋਨੀਆ )

ਇਸ ਤੋਂ ਇਹ ਭਾਵ ਵੀ ਜਾਂਦਾ ਹੈ ਕਿ ਉਹ ਇਨਸਾਨ ਦੇ ਕਿਰਦਾਰ ਦੀ ਕਦਰ ਕਰਦੇ ਸਨ। ਚਮਤਕਾਰ ਲੋਕਾਂ ਨੂੰ ਗੁਮਰਾਹ ਕਰਦੇ ਹਨ। ਸੋਨੀਆ ਕਈ ਜਨਮ ਸਾਖੀਆਂ ਨੂੰ ਆਧਾਰ ਬਣਾ ਕੇ ਲੇਖ ਲਿਖਦੀ ਹੈ ਤੇ ਉਨ੍ਹਾਂ ਜਨਮ ਸਾਖੀਆਂ ਦੀ ਕਿਤੇ ਪ੍ਰਸੰਸਾ ਕਰਦੀ ਹੈ, ਜਿਵੇਂ ਤੇਰਾ ਤੇਰਾ ਸਿਰਲੇਖ ਵਾਲੀ ਜਨਮ ਸਾਖੀ ਵਿਚ ਕਰਾਮਾਤ ਵਿਖਾਉਂਦੀ ਹੈ ਪ੍ਰੰਤੂ ਇਸੇ ਜਨਮ ਸਾਖੀ ਵਿਚ ਮੂਰਤੀ ਪੂਜਾ ਨੂੰ ਸਿੱਖ ਧਰਮ ਦੇ ਵਿਰੁੱਧ ਸਮਝਦੀ ਹੈ। ਸਾਧੂਆਂ ਨੂੰ ਲੰਗਰ ਛਕਾਉਣ ਨੂੰ ਖਰਾ ਸੌਦਾ ਕਹਿੰਦੀ ਹੈ। ਭਾਈ ਲਾਲੋ ਵਾਲੇ ਲੇਖ ਵਿਚ ਕਿਰਤ ਕਰਨ ਵਾਲੇ ਮਿਸਤਰੀ ਦੇ ਘਰ ਖਾਣਾ ਖਾ ਕੇ ਸੰਦੇਸ਼ ਦਿੰਦੇ ਹਨ ਕਿ ਮਲਿਕ ਭਾਗੋ ਗ਼ਰੀਬਾਂ ਦਾ ਖ਼ੂਨ ਚੂਸਣ ਵਾਲਾ ਚੰਗਾ ਵਿਅਕਤੀ ਨਹੀਂ ਹੈ ਪ੍ਰੰਤੂ ਨਾਲ ਹੀ ਭਾਈ ਲਾਲੋ ਦੇ ਸਾਦੇ ਖਾਣੇ ਵਿਚੋਂ ਦੁੱਧ ਅਤੇ ਮਲਿਕ ਭਾਗੋ ਦੇ ਖਾਣੇ ਵਿਚੋਂ ਖ਼ੂਨ ਦੀ ਕਰਾਮਾਤ ਦਾ ਸਮਰਥਨ ਕਰਦੀ ਹੈ। ਇਸੇ ਤਰ੍ਹਾਂ ਰੀਠਿਆਂ ਵਾਲੀ ਅਤੇ ਸੱਚ ਖੰਡ ਵਾਲੇ ਲੇਖਾਂ ਵਿਚ ਵੀ ਕਰਾਮਾਤਾਂ ਵਿਖਾਈਆਂ ਗਈਆਂ ਹਨ, ਜਿਸ ਨਾਲ ਉਹ ਸਵੈ ਵਿਰੋਧੀ ਗੱਲਾਂ ਕਰਦੀ ਹੈ। ਖਰਾ ਸੌਦਾ ਸਿਰਲੇਖ ਵਾਲੇ ਲੇਖ ਵਿਚ ਲੰਗਰ ਪ੍ਰਥਾ ਦਾ ਸੰਬੰਧ ਸਾਧੂਆਂ ਨੂੰ ਖਾਣਾ ਖਲਾਉਣ ਨਾਲ ਜੋੜ ਕੇ ਵੇਖਦੀ ਹੋਈ ਪ੍ਰਸੰਸਾ ਕਰਦੀ ਹੈ ਪ੍ਰੰਤੂ ਨਾਲ ਹੀ ਅਜੋਕੇ ਮਹਿੰਗੇ ਲੰਗਰਾਂ ਦਾ ਵਿਰੋਧ ਕਰਦੀ ਹੈ। ਵੈਸੇ ਗ਼ਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਕਹਿੰਦੀ ਹੈ। ਇਸ ਲੇਖ ਵਿਚ ਖ਼ਾਲਸਾ ਏਡ ਸੰਸਥਾ ਦੀ ਤਾਰੀਫ਼ ਕਰਦੀ ਹੋਈ ਸਿੱਖ ਧਰਮ ਦੀਆਂ ਪਰੰਪਰਾਵਾਂ ਰਾਹੀਂ ਕੁਦਰਤੀ ਆਫ਼ਤਾਂ ਮੌਕੇ ਲੋਕਾਂ ਦੀ ਮਦਦ ਕਰਨ ਲਈ ਲਿਖਦੀ ਹੈ। ਲੰਗਰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਅਤੇ ਜਾਤਪਾਤ ਦਾ ਖੰਡਨ ਕਰਦਾ ਹੈ।
Ujagar Singh 181031 IMG_8923 (1)

ਪਰਵਾਸੀਆਂ ਨੂੰ ਸਲਾਹ ਦਿੰਦੀ ਹੈ ਕਿ ਗੋਰਿਆਂ ਨੂੰ ਲੰਗਰ ਛਕਾਉਣ ਦੀ ਥਾਂ ਸਿੱਖ ਧਰਮ ਦੀ ਵਿਚਾਰਧਾਰਾ ਬਾਰੇ ਦੱਸਿਆ ਜਾਵੇ ਤਾਂ ਜੋ ਨਸਲਵਾਦ ਅਤੇ ਪਛਾਣ ਦੀ ਸਮੱਸਿਆ ਦਾ ਸਮਾਧਾਨ ਹੋ ਸਕੇ। ਇਸਤਰੀਆਂ ਨੂੰ ਗੁਰੂ ਘਰਾਂ ਵਿਚ ਚੁਗ਼ਲੀਆਂ ਅਤੇ ਰੋਮਾਂਟਿਕ ਗੱਲਾਂ ਕਰਨ ਤੋਂ ਪਰਹੇਜ਼ ਕਰਨ ਦੀ ਤਾਕੀਦ ਕਰਦੀ ਹੈ। ਅੱਜ ਦੀ ਰਾਜਨੀਤੀ ਵਿਚ ਆ ਰਹੀ ਗਿਰਾਵਟ ਤੋਂ ਵੀ ਲੇਖਕਾ ਚਿੰਤਾਜਨਕ ਹੈ ਕਿਉਂਕਿ ਰਾਜਨੀਤੀ ਵਿਚ ਵੀ ਪਾਖੰਡਵਾਦ ਭਾਰੂ ਹੋ ਰਿਹਾ ਹੈ। ਸੋਨੀਆ ਕਿਉਂਕਿ ਖ਼ੁਦ ਕਹਿਣੀ ਤੇ ਕਰਨੀ ਵਿਚ ਵਿਸ਼ਵਾਸ ਰੱਖਦੀ ਹੈ, ਇਸ ਕਰਕੇ ਸਮਾਜ ਤੋਂ ਵੀ ਉਹੀ ਤਵੱਕੋ ਰੱਖਦੀ ਹੈ। ਉਹ ਭਾਵੇਂ ਰਹਿੰਦੀ ਸਵੀਡਨ ਵਿਚ ਹੈ ਪ੍ਰੰਤੂ ਪੰਜਾਬੀ ਅਤੇ ਸਿੱਖ ਸਭਿਆਚਾਰ ਨਾਲ ਗੜੁਚ ਹੈ। ਸਿੱਖ ਧਰਮ ਵਿਚ ਆ ਰਹੀ ਗਿਰਾਵਟ ਤੋਂ ਉਹ ਅਤਿਅੰਤ ਦੁਖੀ ਲੱਗਦੀ ਹੈ। ਉਹ ਆਪਣੇ ਲੇਖਾਂ ਵਿਚ ਸਿੱਖ ਧਰਮ ਬਾਰੇ ਬੜੀ ਦਲੇਰੀ ਅਤੇ ਬੇਬਾਕੀ ਨਾਲ ਲਿਖਦੀ ਹੈ। ਆਮ ਤੌਰ ਤੇ ਵੇਖਣ ਨੂੰ ਉਹ ਕੋਮਲ ਕਲਾ ਦੀ ਪ੍ਰਤੀਕ ਲੱਗਦੀ ਹੈ ਪ੍ਰੰਤੂ ਗ਼ਲਤ ਕੰਮਾਂ ਦੇ ਸਖ਼ਤ ਵਿਰੁੱਧ ਹੈ ਜੋ ਉਸਦੇ ਲੇਖਾਂ ਵਿਚੋਂ ਸਪਸ਼ਟ ਹੁੰਦਾ ਹੈ। ਉਸਦੇ ਲੇਖ ਕਿਰਤ ਕਰੋ ਤੇ ਵੰਡ ਕੇ ਛਕੋ ਦੀ ਸਿੱਖ ਧਰਮ ਦੀ ਵਿਚਾਰਧਾਰਾ ਦੇ ਪ੍ਰਤੀਕ ਹਨ। ਉਸ ਅਨੁਸਾਰ ਸਿੱਖ ਸੰਗਤਾਂ ਗੁਰਬਾਣੀ ਦਾ ਪਾਠ ਤਾਂ ਕਰਦੀਆਂ ਹਨ ਪ੍ਰੰਤੂ ਉਨ੍ਹਾਂ ਦੇ ਅਰਥ ਨਹੀਂ ਜਾਣਦੀਆਂ, ਜਿਸ ਕਰਕੇ ਊਣਤਾਈਆਂ ਆ ਰਹੀਆਂ ਹਨ। ਗ੍ਰੰਥੀ, ਰਾਗੀ ਅਤੇ ਕਥਾਕਾਰ ਬਹੁਤੇ ਪੜ੍ਹੇ ਲਿਖੇ ਨਹੀਂ ਹਨ।

ਡੇਰਾਵਾਦ ਪ੍ਰਫੁਲਿਤ ਹੋ ਰਿਹਾ ਹੈ ਕਿਉਂਕਿ ਅਖੌਤੀ ਸੰਤ ਮਹਾਤਮਾ ਬਰਸੀਆਂ ਦੇ ਸਮਾਗਮ ਕਰਕੇ ਲੋਕਾਂ ਨੂੰ ਗੁਮਰਾਹ ਕਰ ਲੈਂਦੇ ਹਨ। ਡੇਰਿਆਂ ਵਿਚ ਬਹੁਤੀਆਂ ਇਸਤਰੀਆਂ ਹੀ ਜਾਂਦੀਆਂ ਹਨ। ਜੋ ਕੁਲ ਵਸੋਂ ਦਾ ਅੱਧਾ ਹਿੱਸਾ ਹਨ। ਅਨਪੜ੍ਹ ਲੋਕ ਵਹਿਮਾਂ ਭਰਮਾ ਵਿਚ ਫਸਕੇ ਗੁਮਰਾਹ ਹੋ ਜਾਂਦੇ ਹਨ। ਗਿਆਨ ਦੀ ਰੌਸ਼ਨੀ ਤੋਂ ਅਣਜਾਣ ਹਨ। ਧਾਰਮਿਕ ਅਸਹਿਣਸ਼ੀਲਤਾ ਵੱਧ ਰਹੀ ਹੈ। ਪ੍ਰਚਾਰਕ ਤਾਂ ਬਹੁਤ ਹਨ ਪ੍ਰੰਤੂ ਧਰਮ ਸੁੰਗੜ ਰਿਹਾ ਹੈ। ਸਿੱਖ ਧਰਮ ਵਿਚ ਵੀ ਕੱਟੜਵਾਦ ਭਾਰੂ ਹੋ ਰਿਹਾ ਹੈ। ਪੁਸਤਕ ਦਾ ਪਹਿਲਾ ਹੀ ਲੇਖ ਗੁਰੂ ਸਾਹਿਬ ਦੇ ਜਨਮ ਦੇ ਸਿਰਲੇਖ ਵਾਲਾ ਹੈ, ਜਿਸ ਵਿਚ ਗੁਰੂ ਨਾਨਕ ਦੇਵ ਦੇ ਜਨਮ ਬਾਰੇ ਵੀ ਸਿੱਖਾਂ ਦੇ ਇਕਮਤ ਨਾ ਹੋਣ ਕਰਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਜਿਹੇ ਮਤਭੇਦਾਂ ਕਰਕੇ ਸਿੱਖ ਭੰਬਲਭੂਸੇ ਵਿਚ ਪਏ ਹੋਏ ਹਨ। ਦੂਜਾ ਲੇਖ ਬਾਬਾ ਨਾਨਕ ਨੂੰ ਪੜ੍ਹਨੇ ਭੇਜਣਾ ਹੈ, ਜਿਸ ਵਿਚ ਗੁਰੂ ਨਾਨਕ ਦੇਵ ਦੀ ਬਚਪਨ ਵਿਚ ਹੀ ਸਿਆਣਪ ਦਾ ਜ਼ਿਕਰ ਕੀਤਾ ਗਿਆ ਹੈ। ਇਸ ਲੇਖ ਵਿਚ ਗੁਰੂ ਨਾਨਕ ਦੇਵ ਜੀ ਆਮ ਪੜ੍ਹਾਈ ਦੀ ਥਾਂ ਅਜਿਹੀ ਪੜ੍ਹਾਈ ਕਰਨ ਦੀ ਪੁਰਜ਼ੋਰ ਸਿਫ਼ਾਰਸ਼ ਕਰਦੇ ਹਨ, ਜਿਸ ਨਾਲ ਗਿਆਨ ਦੀ ਪ੍ਰਾਪਤੀ ਹੋਵੇ। ਇੱਥੇ ਸੋਨੀਆ ਪੰਜਾਬ ਵਿਚਲੀ ਵਰਤਮਾਨ ਪੜ੍ਹਾਈ ਦੀ ਤੁਲਨਾ ਕਰਦੀ ਹੋਈ ਲਿਖਦੀ ਹੈ ਕਿ ਇਹ ਅਧੂਰਾ ਗਿਆਨ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਉਹ ਆਪਣੇ ਲੇਖ ਵਿਚ ਲਿਖਦੀ ਹੈ ਕਿ ਅਜਿਹੀ ਪੜ੍ਹਾਈ ਦਾ ਕੀ ਲਾਭ ਜਿਸ ਦੇ ਪ੍ਰਾਪਤ ਕਰਨ ਨਾਲ ਬਲਾਤਕਾਰ ਲੁੱਟ, ਖੋਹ, ਧੋਖੇ ਅਤੇ ਫ਼ਰੇਬ ਕਰਨ ਵਾਲੇ ਨੌਜਵਾਨ ਅੱਗੇ ਆਉਂਦੇ ਹਨ। ਲੋਭ, ਲਾਲਚ, ਘਰੇਲੂ ਹਿੰਸਾ ਅਤੇ ਖਾਦ ਪਦਾਰਥਾਂ ਵਿਚ ਮਿਲਾਵਟ ਦੇ ਵਿਰੁੱਧ ਵੀ ਆਵਾਜ਼ ਉਠਾਉਂਦੀ ਹੈ।

ਉਹ ਇਹ ਵੀ ਲਿਖਦੀ ਹੈ ਕਿ ਅਜਿਹੀਆਂ ਗੱਲਾਂ ਦੀ ਇਕੱਲੀ ਸਰਕਾਰ ਹੀ ਜ਼ਿੰਮੇਵਾਰ ਨਹੀਂ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਆਮ ਤੌਰ ਤੇ ਅਸੀਂ ਸਰਕਾਰ ਨੂੰ ਕੋਸ ਕੇ ਆਪ ਸੁਰਖ਼ਰੂ ਹੋ ਜਾਂਦੇ ਹਾਂ। ਟੀ ਵੀ ਅਤੇ ਫ਼ਿਲਮਾਂ ਵੀ ਜ਼ਿੰਮੇਵਾਰ ਹਨ। ਜਨੇਊ ਪਵਾਉਣ ਵਾਲੇ ਲੇਖ ਵਿਚ ਉਹ ਇਸ ਨੂੰ ਵੀ ਪਾਖੰਡਵਾਦ ਕਹਿੰਦੀ ਹੈ ਕਿਉਂਕਿ ਅਜਿਹੇ ਕੰਮ ਕੀਤੇ ਜਾਣ ਜਿਨ੍ਹਾਂ ਦਾ ਸਥਾਈ ਲਾਭ ਹੋਵੇ। ਗੁਰਦੁਆਰਾ ਸਾਹਿਬ ਵਿਚ ਧੜੇਬੰਦੀਆਂ ਕਰਕੇ ਲੜਾਈਆਂ ਹੁੰਦੀਆਂ ਹਨ ਅਤੇ ਪ੍ਰਬੰਧਕ ਗੁਰਦਵਾਰਿਆਂ ਤੇ ਕਾਬਜ਼ ਹੋਣ ਲਈ ਜੱਦੋ-ਜਹਿਦ ਕਰਦੇ ਹਨ । ਇੰਜ ਸਾਡੇ ਧਾਰਮਿਕ ਅਕੀਦੇ ਵਿਚ ਘਾਟ ਦਾ ਕਾਰਨ ਕਰਕੇ ਹੁੰਦਾ ਹੈ। ਜੇਕਰ ਸਾਡਾ ਪ੍ਰਚਾਰ ਠੀਕ ਹੋਵੇ ਤਾਂ ਨੌਜਵਾਨ ਨਸ਼ਿਆਂ ਵਲ ਕਿਉਂ ਜਾਣ। ਸਰਾਧ ਕਰਨੇ, ਮੜ੍ਹੀਆਂ ਮਸਾਣਾਂ ਨੂੰ ਪੂਜਣਾ ਅਤੇ ਫ਼ੈਸ਼ਨਪ੍ਰਸਤ ਹੋਣਾ ਪਤਿਤਪੁਣੇ ਦੇ ਮੁੱਖ ਕਾਰਨ ਹਨ। ਕਰਮ ਕਾਂਡ ਤੋਂ ਤੌਬਾ ਲੇਖ ਵਿਚ ਹਰਿਦੁਆਰ ਵਿਖੇ ਪੰਡਤਾਂ ਵੱਲੋਂ ਸੂਰਜ ਦੇ ਨਜ਼ਦੀਕ ਆਪਣੇ ਪਿਤਰ ਲੋਕ ਲਈ ਸਰਾਧਾਂ ਮੌਕੇ ਪਾਣੀ ਦੇਣ ਦੇ ਸਮੇਂ ਗੁਰੂ ਨਾਨਕ ਦੇਵ ਜੀ ਵੱਲੋਂ ਸੂਰਜ ਵਲ ਪਿੱਠ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇਣਾ, ਉਨ੍ਹਾਂ ਨੂੰ ਬਾਦਲੀਲ ਸਮਝਾਉਣ ਲਈ ਸੀ, ਉਨ੍ਹਾਂ ਕਿਹਾ ਕਿ ਜੇ ਤੁਹਾਡਾ ਪਾਣੀ ਲੱਖਾਂ ਮੀਲ ਦੂਰ ਜਾ ਸਕਦਾ ਹੈ ਤਾਂ ਮੇਰੇ ਖੇਤ ਤਾਂ ਬਹੁਤ ਨੇੜੇ ਹਨ। ਦਲੀਲ ਨਾਲ ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ।

ਪੰਜਾਬ ਵਿਚ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਵੀ ਲਿਖਿਆ ਹੈ ਕਿ ਅਸੀਂ ਗ਼ਰੀਬਾਂ ਦਾ ਬਾਈਕਾਟ ਕਰਕੇ ਅਤੇ ਉਨ੍ਹਾਂ ਨੂੰ ਦਲਿਤ ਕਹਿਕੇ ਗੁਰੂ ਦੀ ਵਿਚਾਰਧਾਰਾ ਦੀ ਬੇਅਦਬੀ ਹਰ ਰੋਜ਼ ਕਰਦੇ ਹਾਂ। ਜਾਤਾਂ-ਪਾਤਾਂ ਦੇ ਨਾਮ ਤੇ ਗੁਰਦੁਆਰੇ ਬਣਾ ਰਹੇ ਹਾਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆੜੇ ਹੱਥੀਂ ਲੈਂਦੀ ਹੋਈ ਲਿਖਦੀ ਹੈ ਕਿ ਅਜਿਹੀ ਗਿਰਾਵਟ ਦੀ ਉਹ ਜ਼ਿੰਮੇਵਾਰ ਹੈ। ਭੇਖੀਆਂ ਦਾ ਵੀ ਪਰਦਾ ਫਾਸ਼ ਕਰਦੀ ਹੈ ਕਿ ਉਹ ਕਕਾਰ ਪਹਿਨਣ ਦਾ ਵਿਖਾਵਾ ਤਾਂ ਕਰਦੇ ਹਨ ਪ੍ਰੰਤੂ ਅਸਲੀ ਜ਼ਿੰਦਗੀ ਵਿਚ ਕੋਹਾਂ ਦੂਰ ਹਨ। ਗੁਰੂ ਨਾਨਕ ਦੇਵ ਜੀ ਨਸ਼ਿਆਂ ਦੇ ਵਿਰੁੱਧ ਸਨ, ਇਸ ਬਾਰੇ ਇਕ ਲੇਖ ਵਿਚ ਗੁਰੂ ਜੀ ਵੱਲੋਂ ਲੋਕਾਂ ਨੂੰ ਕੀਰਤਨ ਰਾਹੀਂ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦੀ ਕੋਸ਼ਿਸ਼ ਬਾਰੇ ਦੱਸਿਆ ਗਿਆ ਹੈ। ਲੋਕ ਪਾਠ ਵੀ ਕਰਾਉਂਦੇ ਹਨ ਪ੍ਰੰਤੂ ਉਸ ਤੋਂ ਬਾਅਦ ਸ਼ਰਾਬ ਅਤੇ ਮੀਟ ਦੀ ਵਰਤੋਂ ਕਰਦੇ ਹਨ। ਪੰਜਾਬ ਵਿਚ ਉਹ ਲਿਖਦੀ ਹੈ ਕਿ ਸਕੂਲਾਂ ਨਾਲੋਂ ਸ਼ਰਾਬ ਦੇ ਠੇਕੇ ਜ਼ਿਆਦਾ ਹਨ। ਸਰਕਾਰਾਂ ਆਪ ਆਪਣੀ ਆਮਦਨ ਵਧਾਉਣ ਲਈ ਨਸ਼ੇ ਵੇਚ ਰਹੀਆਂ ਹਨ। ਕੁੱਝ ਗਾਇਕ ਅਤੇ ਗੀਤਕਾਰ ਸਭਿਆਚਾਰਕ ਨਸ਼ੇ ਵੇਚ ਰਹੇ ਹਨ। ਸੋਨੀਆ ਅਨੁਸਾਰ ਸਭ ਤੋਂ ਲਾਭਦਾਇਕ ਨਸ਼ਾ ਪ੍ਰਮਾਤਮਾ ਦੇ ਨਾਮ ਦਾ ਹੈ, ਜੇ ਨਸ਼ਾ ਕਰਨਾ ਹੀ ਹੈ ਤਾਂ ਨਾਮ ਸਿਮਰਨ ਕੀਤਾ ਜਾਵੇ। ਉਹ ਇਕ ਲੇਖ ਵਿਚ ਇਹ ਵੀ ਲਿਖਦੀ ਹੈ ਕਿ ਪਾਪ ਦੀ ਝੂਠ ਬੋਲ ਕੇ ਕੀਤੀ ਕਮਾਈ ਨਹੀਂ ਕਰਨੀ ਚਾਹੀਦੀ। ਧਾਰਮਿਕ ਵਿਅਕਤੀਆਂ ਨੇ ਧਰਮ ਦੇ ਨਾਂ ਤੇ ਝੂਠ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਰੱਬ ਇਕ ਅਤੇ ਹਰ ਥਾਂ ਮੌਜੂਦ ਹੈ, ਬਾਰੇ ਆਪਣੇ ਲੇਖ ਵਿਚ ਲੇਖਕਾ ਨੇ ਦੱਸਿਆ ਹੈ ਕਿ ਮੱਕੇ ਵਿਚ ਜਦੋਂ ਗੁਰੂ ਜੀ ਕਾਬੇ ਵੱਲ ਲੱਤਾਂ ਕਰਕੇ ਸੁੱਤੇ ਸੀ ਤਾਂ ਕਾਜ਼ੀ ਨੇ ਇਤਰਾਜ਼ ਕੀਤਾ ਕਿ ਤੁਸੀਂ ਰੱਬ ਦੇ ਘਰ ਵਲ ਪੈਰ ਕੀਤੇ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਜਿੱਧਰ ਰੱਬ ਨਹੀਂ ਦੱਸੋ ਮੈਂ ਉਧਰ ਪੈਰ ਕਰ ਲੈਂਦਾ ਹਾਂ। ਕਾਜ਼ੀ ਨੂੰ ਮੰਨਣਾ ਪਿਆ ਕਿ ਰੱਬ ਹਰ ਥਾਂ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਆਦਮੀ ਦੇ ਬਰਾਬਰ ਰੁਤਬਾ ਦਿੱਤਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਭਰੂਣ ਹੱਤਿਆਵਾਂ ਕਰਕੇ ਇਹ ਦਰ ਘੱਟ ਗਈ ਹੈ। ਜਦੋਂ ਕਿ ਇਸਤਰੀ ਤੋਂ ਬਿਨਾਂ ਸੰਸਾਰ ਦੀ ਉਤਪਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸੰਸਾਰ ਵਿਚ ਪੈਸੇ ਦੀ ਹੋੜ ਲੱਗੀ ਹੋਈ ਹੈ।

ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਮੁੱਖ ਤੌਰ ਸਿੱਖਾਂ ਅਤੇ ਸਮਾਜ ਵਿਚ ਆ ਰਹੀ ਗਿਰਾਵਟ ਤੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਆਮ ਲੋਕਾਂ ਅਤੇ ਧਾਰਮਿਕ ਪ੍ਰਚਾਰਕਾਂ ਦੀ ਅਨਪੜ੍ਹਤਾ ਕਰਕੇ ਧਾਰਮਿਕ ਕੁਰੀਤੀਆਂ ਵੱਧ ਰਹੀਆਂ ਹਨ। ਇਸ ਕੰਮ ਵਿਚ ਪੁਰਾਤਨ ਵਿਚਾਰ ਅਤੇ ਵਹਿਮਾਂ ਭਰਮਾਂ ਦਾ ਮੁੱਖ ਯੋਗਦਾਨ ਹੈ। ਜਿਸ ਕਾਰਨ ਕਰਕੇ ਲੋਕ ਧਰਮ ਦੇ ਠੇਕੇਦਾਰਾਂ ਦੇ ਟੇਟੇ ਚੜ੍ਹ ਕੇ ਡੇਰਿਆਂ, ਅਖੌਤੀ ਸੰਤਾਂ ਅਤੇ ਮੜ੍ਹੀ ਮਸਾਣਾਂ ਦੀ ਪੂਜਾ ਕਰਨ ਵਲ ਪ੍ਰੇਰਿਤ ਹੋ ਰਹੇ ਹਨ। ਇਸਤਰੀਆਂ ਨੂੰ ਡੇਰਿਆਂ ਵਲ ਪ੍ਰੇਰਤ ਹੋਣ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ।

Share Button

Leave a Reply

Your email address will not be published. Required fields are marked *