ਡਾਲਰ ਦੀ ਕੀਮਤ

ss1

ਡਾਲਰ ਦੀ ਕੀਮਤ

ਘਰ ਦੇ ਸੋਗਮਈ ਮਾਹੌਲ ਅਤੇ ਆਏ ਗਏ ਦੇ ਪ੍ਰਸ਼ਨਾਂ ਤੋਂ ਮਨ ਨੂੰ ਪਾਸੇ ਕਰਨ ਲਈ ਰਣਜੀਤ ਖੇਤਾਂ ਵੱਲ ਨੂੰ ਆ ਗਿਆ।ਖੇਤ ਦੀਆਂ ਵੱਟਾਂ ਤੋਂ ਤੁਰਦਿਆਂ ਤੁਰਦਿਆਂ ਉਹ ਨਿੰਮ ਥੱਲੇ ਆ ਬੈਠਾ।ਉਸਨੂੰ ਯਾਦ ਆਇਆ ਕਿ ਕਿਵੇਂ ਉਸਦੇ ਪਿਤਾ ਨੈਬ ਸਿੰਘ ਨੇ ਇਹ ਖੇਤ ਗਹਿਣੇ ਰੱਖ ਉਸ ਨੂੰ ਕਨੇਡਾ ਤੋਰਿਆ ਸੀ।ਘਰ ਦੀ ਹਾਲਤ ਨਿਘਰਦੀ ਜਾ ਰਹੀ ਸੀ, ਬੀ.ਏ ਕਰਨ ਤੋਂ ਬਾਅਦ ਕਿਸੇ ਨੌਕਰੀ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ, ਇੱਥੇ ਤਾਂ ਪੜੇ ਲਿਖਿਆਂ ਦੀ ਫੌਜ ਫਿਰਦੀ ਸੀ।ਆਖਰ ਦਿਲ ਤੇ ਪੱਥਰ ਰੱਖ ਜਮੀਨ ਗਹਿਣੇ ਪਾ ਉਸਨੂੰ ਕਨੇਡਾ ਤੋਰ ਦਿੱਤਾ ਸੀ।ਰਣਜੀਤ ਨੇ ਵੀ ਦਿਲ ਲਾਕੇ ਮਿਹਨਤ ਕੀਤੀ।ਕੁੱਝ ਸਮੇਂ ਵਿੱਚ ਹੀ ਗਹਿਣੇ ਰੱਖੀ ਜਮੀਨ ਛਡਾ ਲਈ ਅਤੇ ਕੁਝ ਹੋਰ ਖਰੀਦ ਵੀ ਲਈ ਸੀ।ਉਸ ਦਾ ਪਿਉ ਨੈਬ ਸਿੰਘ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਜੋ ਪੁੱਤ ਨੇ ਵਸਣ ਜੋਗੇ ਕਰ ਦਿੱਤਾ ਸੀ।ਹਫਤਾ ਕੁ ਹੋਇਆ ਨੈਬ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਰਣਜੀਤ ਪਰਸੋਂ ਹੀ ਭਾਰਤ ਆਇਆ ਸੀ, ਕੱਲ੍ਹ ਸਸਕਾਰ ਕੀਤਾ ਗਿਆ ਸੀ।ਰਣਜੀਤ ਨੂੰ  ਬੈਠਿਆਂ ਬੈਠਿਆਂ ਇੱਕ ਘਟਨਾ ਯਾਦ ਆ ਗਈ ਉਹ ਅਜੇ ਛੇਵੀਂ ਜਾਂ ਸੱਤਵੀਂ ਵਿੱਚ ਹੀ ਪੜਦਾ ਹੋਣਾ,ਉਸ ਦੇ ਪਿਉ ਨੇ ਇਹ ਨਿੰਮ ਸਮੇਤ ਗਾਚੀ ਕੱਢ ਕੇ ਕਿਤੇ ਪਾਸਿਓਂ ਲਿਆ ਕੇ ਲਾਈ ਸੀ।ਰਣਜੀਤ ਖੇਤ ਜਾਂਦਾ ਤਾਂ ਉਸ ਨਿੰਮ ਦੇ ਦੁਆਲੇ ਹੋਇਆ ਰਹਿੰਦਾ।ਪਾਣੀ ਪਾਉਂਦਾ, ਗੋਡੀ ਕਰਦਾ।ਇੱਕ ਦਿਨ ਰੋਟੀ ਲੈਕੇ ਆਇਆ ਤਾਂ ਨਿੰਮ ਦੇ ਹੇਠਲੇ ਸਾਰੇ ਪੱਤੇ ਤੋੜ ਦਿੱਤੇ ਜਦੋ ਨੈਬ ਨੇ ਆਕੇ ਵੇਖਿਆ ਤਾਂ ਪੁਛਿਆ ਇਹ ਕੀ ਕਰਤਾ ?ਰਣਜੀਤ ਨੇ ਕਿਹਾ ਪਾਪਾ ਤੂੰ ਧੁੱਪੇ ਬੈਠ ਕੇ ਹੀ ਰੋਟੀ ਖਾਨਾ ਅਤੇ ਚਾਹ ਪੀਨਾ,ਮੈਂ ਪੱਤੇ ਤਾਂ ਤੋੜੇ ਆ ਤਾਂ ਜੋ ਨਿੰਮ ਹੋਰ ਪੱਤੇ ਛੇਤੀ ਛੇਤੀ ਕੱਢ ਕੇ ਵੱਡੀ ਹੋ ਜਾਵੇ ਤਾਂ ਜੋ ਤੈਨੂੰ ਧੁੱਪੇ ਨਾ ਬੈਠਣਾ ਪਵੇ।ਜਵਾਬ ਸੁਣ ਨੈਬ ਸਿੰਘ ਆਪਣੀ ਆਦਤ ਮੁਤਾਬਕ ਉੱਚੀ ਉਚੀ ਹੱਸਿਆ ਫੇਰ ਇਕਦਮ ਗੰਭੀਰ ਜਿਹਾ ਹੋ ਗਿਆ।..ਪੁੱਤ ਤੂੰ ਕਿੰਨਾ ਭੋਲਾ ਏਂ,ਮੈਨੂੰ ਫਿਕਰ ਰਹਿੰਦਾ ਮੇਰੇ ਬਾਅਦ ਤੇਰਾ ਕੀ ਬਣੂ,ਦੁਨੀਆ ਤਾਂ ਲੁੱਟ ਦੀ ਫਿਰਦੀ ਆ ਚੰਗੇ ਭਲਿਆਂ ਨੂੰ..।ਰਣਜੀਤ ਨੂੰ ਆਪਣੀ ਬੁਕਲ ਵਿੱਚ ਲੈ ਲਿਆ।ਰਣਜੀਤ ਨੇ ਵੀ ਜਿਵੇਂ ਡਰਕੇ ਪਿਉ ਨੂੰ ਘੁੱਟ ਕੇ ਜੱਫੀ ਪਾ ਲਈ।ਨਿੰਮ ਨੂੰ ਜੱਫੀ ਪਾਈ ਕਦੋਂ ਦਾ ਖੜਾ ਸੀ ਇਸ ਦਾ ਅਹਿਸਾਸ ਉਸਨੂੰ ਉਦੋਂ ਹੋਇਆ ਜਦੋ ਰਾਹ ਜਾਂਦੇ ਬੀਰੇ ਨੇ ਆਣ ਬੁਲਾਇਆ..ਕਿਵੇਂ ਆ ਭਤੀਜ,ਤੇਰੇ ਪਿਉ ਆਲਾ ਤਾਂ ਬਹੁਤ ਮਾੜਾ ਹੋਇਆ।ਬੀਰਾ ਉਸਦਾ ਮੌਢਾ ਪਲੋਸਦਾ ਹੋਇਆ ਬੋਲਿਆ।..ਬਸ ਚਾਚਾ ਉਪਰ ਵਾਲੇ ਦੀ ਮਰਜ਼ੀ..ਕੀ ਕਰ ਸਕਦੇ ਆਂ।ਰਣਜੀਤ ਨੇ ਮਸਾਂ ਹੀ ਜਵਾਬ ਦਿੱਤਾ।ਕੁਝ ਦੇਰ ਏਧਰ ਉਧਰ ਦੀਆਂ ਗੱਲਾਂ ਕਰਦੇ ਰਹੇ।..ਸੱਚ ਭਤੀਜ ਮੈਂ ਟੈਲੀਵਿਜ਼ਨ ਤੇ ਸੁਣਿਆ ਸੀ ਕਿ ਡਾਲਰ ਬਹੁਤ ਮਹਿੰਗੇ ਹੁੰਦੇ ਆ।ਇੱਥੇ ਆਕੇ ਕਈ ਰੁਪਏ ਬਣ ਜਾਂਦੇ ਆ।ਤੈਨੂੰ ਤਾਂ ਪਤਾ ਹੋਊ..ਹਾਂ ਚਾਚਾ ਮੈਨੂੰ ਤਾਂ ਚੰਗੀ ਤਰਾਂ ਪਤਾ ਡਾਲਰ ਦੀ ਕੀਮਤ.. ਜਦੋਂ ਸਾਡੇ ਘਰ ਕਨੇਡਾ ਜਾਣ ਦੀ ਗੱਲ ਚੱਲੀ ਸੀ, ਸਾਰੇ ਰਿਸ਼ਤੇਦਾਰ ਮੂੰਹ ਮੋੜ ਗਏ ਸੀ,ਸ਼ਰੀਕਾਂ ਦੀਆਂ ਚੁਭਵੀਂਆਂ ਗੱਲਾਂ, ਕਨੇਡਾ ਜਾ ਕੇ ਦਿਨ ਰਾਤ ਖਾਧੇ ਧੱਕੇ, ਮਗਰੋਂ ਰੋ ਰੋ ਮਾਂ ਦੀਆਂ ਗਾਲੀਆਂ ਅੱਖਾਂ, ਜਿਸ ਪਿਉ ਨੂੰ ਵੇਖਣ ਲਈ ਪਲ ਪਲ ਤੜਫਦਾ ਸੀ, ਜੀ ਭਰਕੇ ਗੱਲਾਂ ਕਰਨ ਨੂੰ ਮਨ ਕਰਦਾ ਸੀ, ਅੱਜ ਜਦੋਂ ਆਇਆਂ ਤਾਂ ਸਾਹਮਣੇ ਉਸਦੀ ਮਿੱਟੀ, ਜਿਸ ਨੂੰ ਮੇਰੇ ਇੰਤਜ਼ਾਰ ਨੇ ਸਮੇਂ ਸਿਰ ਸਮੇਟਣ ਵੀ ਨਹੀਂ ਦਿੱਤਾ, ਮੁਰਦਾ ਘਰਾਂ ਵਿੱਚ ਰੋਲਿਆ, ਜਿਸ ਦੀ ਜੱਫੀ ਵਿੱਚ ਦੁਨੀਆਂ ਦਾ ਡਰ ਭੁੱਲ ਜਾਂਦਾ ਸੀ ਅੱਜ ਹੱਥੀਂ ਸਸਕਾਰ ਕਰ ਦਿੱਤਾ।ਇਸ ਤੋਂ ਮਹਿੰਗਾ ਡਾਲਰ ਕੀ ਹੋ ਸਕਦਾ।ਬਹੁਤ ਮਹਿੰਗਾ ਏ ਡਾਲਰ, ਬਹੁਤ ਮਹਿੰਗਾ…ਕਹਿੰਦਿਆਂ ਰਣਜੀਤ ਦਾ ਗਲਾ ਭਰ ਆਇਆ।… ਚੰਗਾ ਭਤੀਜ ਤੇਰੀਆਂ ਪੜ੍ਹਿਆਂ ਲਿਖਿਆਂ ਵਾਲੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਆ,ਨਾਲੇ ਤੇਰਾ ਭਰਾ ਚਾਹ ਨੂੰ ਉਡੀਕਦਾ ਹੋਣਾ..।ਰਣਜੀਤ ਨਿੰਮ ਨੂੰ ਜੱਫੀ ਪਾਈ ਡਾਲਰ ਦੀ ਕੀਮਤ ਦਾ ਅੰਦਾਜ਼ਾ ਲਾਉਣ ਲੱਗਿਆ।

ਗੁਰਮੀਤ ਮਰਾੜ੍ 9501400397

Share Button

Leave a Reply

Your email address will not be published. Required fields are marked *