ਡਰਾਇੰਗ ਵਿਸ਼ੇ ਨੂੰ ਪ੍ਰੀ-ਬੋਰਡ ਪੇਪਰਾਂ ਦੀ ਡੇਟਸੀਟ ‘ਚ ਕਿਉਂ ਥਾਂ ਨਹੀਂ ਦਿੱਤੀ

ਡਰਾਇੰਗ ਵਿਸ਼ੇ ਨੂੰ ਪ੍ਰੀ-ਬੋਰਡ ਪੇਪਰਾਂ ਦੀ ਡੇਟਸੀਟ ‘ਚ ਕਿਉਂ ਥਾਂ ਨਹੀਂ ਦਿੱਤੀ
ਸਿੱਖਿਆ ਵਿਭਾਗ ਅਜੇ ਤੱਕ ਤਾਂ ਸਿੱਖਿਆ ਦੀ ਠੋਸ ਨੀਤੀ ਦੇਣ ਦੀ ਥਾਂ ਨਿੱਤ ਨਵੇਂ ਤਜ਼ਰਬੇ ਕਰਨ ‘ਚ ਲੱਗਿਆ ਹੋਇਆ ਹੈ।ਇਸੇ ਤਰ੍ਹਾਂ ਹੀ ਸਿਲੇਬਸ਼ ‘ਚ ਵਾਰ ਵਾਰ ਤਬਦੀਲੀ ਕੀਤੀ ਜਾ ਰਹੀ ਹੈ ਜੋ ਸਮੇਂ ਦੀ ਲੌੜ ਹੋ ਸਕਦੀ ਹੈ,ਪਰ ਨਵੀਂ ਤਬਦੀਲੀ ਵਿੱਚ ਮਹੱਤਵਪੂਰਣ ਵਿਸ਼ੇ ਡਰਇੰਗ ਨੂੰ ਚੋਣਵਾ ਵਿਸ਼ਾ ਬਣਾ ਕੇ ਹੌਲੀ ਹੌਲੀ ਪੋਸਟਾਂ ਖਤਮ ਕਰਨ ਵੱਲ ਪੁੱਟਿਆ ਪਹਿਲਾ ਕਦਮ ਲੱਗਦਾ ਹੈ ਜਦੋਂ ਕਿ ਡਰਾਇੰਗ ਵਿਸ਼ਾ ਬਹੁਤੇ ਵਿਸ਼ਿਆਂ ਦਾ ਅਨਿਖੜ੍ਹਵਾਂ ਅੰਗ ਹੈ।ਹਰੇਕ ਵਿਸ਼ੇ ਨੂੰ ਸੌਖਿਆਂ ਸਮਝਣ ਲਈ ਇਸ ਵਿਸ਼ੇ ਦਾ ਗਿਆਨ ਹੋਣਾ ਜਰੂਰੀ ਹੈ।ਹੁਣ ਪ੍ਰੀ-ਬੋਰਡ ਦੀ ਪ੍ਰੀਖਿਆ ਦੀ ਡੇਟ ਸੀਟ ਵਿੱਚ ਡਰਾਇੰਗ ਵਿਸ਼ੇ ਨੂੰ ਸ਼ਾਮਲ ਨਾ ਕਰਨ ਪਿੱਛੇ ਕੀ ਤਰਕ ਹੈ ਇਹ ਤਾਂ ਮਹਿਕਮਾਂ ਹੀ ਦੱਸ ਸਕਦਾ ਹੈ ਪਰ ਡਰਾਇੰਗ ਅਧਿਆਪਕਾਂ ਅੰਦਰ ਇਸ ਕਾਰਵਾਈ ਨੇ ਰੋਸ ਪੈਦਾ ਕੀਤਾ ਹੈ।
ਨਵੇਂ ਸਿਲੇਬਸ਼ ਅਨੁਸਾਰ ਨੌਵੀਂ ਅਤੇ ਦਸਵੀਂ ਲਈ ਲਾਜ਼ਮੀ ਸੱਤ ਵਿਸ਼ਿਆਂ ਤੋਂ ਇਲਾਵਾ ਅੱਠਵਾਂ ਚੌਣਵਾਂ ਵਿਸ਼ਾ ਰੱਖਿਆ ਹੈ,ਜਿਸ ਵਿੱਚੋਂ ਵਿਦਿਆਰਥੀ ਇੱਕ ਵਿਸ਼ਾ ਲੈ ਸਕਦਾ ਹੈ।ਇਨ੍ਹਾਂ ‘ਚ ਪਹਿਲੇ 14 ਵਿਸ਼ਿਆਂ ਵਿੱਚ ਮਕੈਨੀਕਲ ਡਰਾਇੰਗ ਅਤੇ ਪੇਂਟਿੰਗ,ਖੇਤੀਬਾੜੀ,ਸਿਹਤ ਅਤੇ ਸਰੀਰਕ ਸਿੱਖਿਆ,ਸੰਗੀਤ ,ਕਟਿੰਗ ਅਤੇ ਟੇਲਰਿੰਗ,ਹੋਮ ਸਾਇੰਸ,ਸੰਸ਼ਕ੍ਰਿਤ,ਊਰਦੁ ਆਦਿ ਪ੍ਰਮੁੱਖ ਹਨ।ਪ੍ਰੀ-ਵੋਕੇਸ਼ਨਲ ਕੈਟਾਗਰੀ ਅਧੀਨ ਅਗਲੇ 11ਵਿਸ਼ੇ ਹਨ , ਇਨ੍ਹਾਂ ‘ਚੋਂ ਵੀ ਕੋਈ ਇੱਕ ਵਿਸ਼ਾ ਲਿਆ ਜਾ ਸਕਦਾ ਹੈ।ਜਾਂ ਨੈਸ਼ਨਲ ਸਕਿਲ ਕੁਆਲੀਫੀਕੇਸ਼ਨ ਫਰੇਮਵਰਕ (ਐਨ.ਐੱਸ.ਕਿਊ.ਐੱਫ.) ਜਿਨ੍ਹਾਂ ਸਕੂਲਾਂ ‘ਚ ਚਲ ਰਿਹਾ ਹੈ ਉਥੇ ਵਿਦਿਆਰਥੀ ਇਨ੍ਹਾਂ 11 ਸਕਿਲਾਂ ‘ਚੋਂ ਕੋਈ ਇੱਕ ਲੈ ਸਕਦਾ ਹੈ।ਹੁਣ ਥੋੜੇ ਬੱਚਿਆਂ ਵਾਲੇ ਸਕੂਲਾਂ ਵਿੱਚ ਡੀ.ਪੀ.ਈ. ਅਤੇ ਆਰਟ / ਕਰਾਫਟ ਟੀਚਰਾਂ ਲਈ ਸਮੱਸਿਆ ਖੜ੍ਹੀ ਹੋ ਜਾਵੇਗੀ।ਇਸ ਤਰ੍ਹਾਂ ਬੱਚੇ ਦੇ ਸਰਬਪੱਖੀ ਵਿਕਾਸ ‘ਚ ਖੇਡਾਂ ਅਤੇ ਕਲਾ ‘ਚੋਂ ਇੱਕ ਵੀ ਵਿਸ਼ੇ ਨੂੰ ਮਨਫੀ ਕਰਨ ਨਾਲ ਹਰ ਹਾਲਤ ਵਿੱਚ ਰੁਕਾਵਟ ਪਵੇਗੀ।ਜੇਕਰ ਨੌਵੀਂ ,ਦਸਵੀਂ ਦੇ ਸਾਰੇ ਬੱਚੇ ਸਰੀਰਕ ਸਿੱਖਿਆ ਵਿਸ਼ਾ ਲੈਂਦੇ ਹਨ ਤਾਂ ਆਰਟ ਕਰਾਫਟ ਅਧਿਆਪਕ ਦੀਆਂ ਘੰਟੀਆਂ ਘੱਟ ਜਾਣਗੀਆਂ ਤੇ ਇਸ ਨੂੰ ਪੋਸਟਾਂ ਦੇ ਖਾਤਮੇ ਦੀ ਘੰਟੀ ਹੀ ਸਮਝਿਆ ਜਾਵੇ।ਜੇਕਰ ਪੇਂਡੂ ਬੱਚੇ ਨੇ ਸਰੀਰਕ ਸਿਖਿਆ ਅਤੇ ਡਰਾਇੰਗ ਤੋਂ ਇਲਾਵਾ ਹੋਰ ਚੋਣਵਾ ਵਿਸ਼ਾ ਜਿਵੇਂ ਸੰਗੀਤ,ਖੇਤੀਬਾੜੀ,ਕਟਿੰਗ ਅਤੇ ਟੇਲਰਿੰਗ ,ਫਰੈਂਚ ਆਦਿ ਲੈਣਾ ਹੋਵੇ ਤਾਂ ਕੀ ਮਹਿਕਮਾ ਉਸਨੂੰ ਸੰਬੰਧਤ ਵਿਸ਼ਾ ਅਧਿਆਪਕ ਪ੍ਰਦਾਨ ਕਰਵਾਏਗਾ।ਜਦੋਂ ਇਹ ਵਿਸ਼ੇ ਪੜ੍ਹਾਉਣ ਦਾ ਪ੍ਰਬੰਧ ਹੀ ਨਹੀਂ ਤਾਂ ਇਹ ਆਪਸ਼ਨ ਦੇਣ ਦਾ ਕੀ ਅਰਥ ਰਹਿ ਜਾਂਦਾ।ਡੀ.ਪੀ.ਈ. ਅਤੇ ਆਰਟ ਕਰਾਫਟ ਟੀਚਰ ਦੀਆਂ ਪੋਸਟਾਂ ਹਰੇਕ ਹਾਈ ਸਕੂਲ ‘ਚ ਹਨ ਤਾਂ ਇਨ੍ਹਾਂ ਦੇ ਵਿਸ਼ਿਆਂ ਨੂੰ ਸਕੂਲੀ ਪੱਧਰ ਤੇ ਚੋਣਵੇਂ ਕਰਨ ਪਿੱਛੇ ਕੀ ਤਰਕ ਹਨ,ਇਹ ਵੀ ਸਾਹਮਣੇ ਆਉਣੇ ਚਾਹੀਦੇ ਹਨ।ਹੁਣੇ ਹੀ ਸਟੇਟ ਪੱਧਰ ਦੇ ਸੈਮੀਨਾਰਾਂ ਤੇ ਚੌਣਵੇਂ ਕਲਾ ਅਧਿਆਪਕਾਂ ਨੂੰ ਸੱਦ ਕੇ ਡਰਾਇੰਗ ਵਿਸ਼ੇ ਦੀ ਮਹੱਤਤਾ ਅਤੇ ਇਹ ਵਿਸ਼ਾ ਹੋਰਾਂ ਵਿਸ਼ਿਆਂ ਲਈ ਕਿਵੇਂ ਵੱਧ ਤੋਂ ਵੱਧ ਸਹਾਇਕ ਹੋ ਸਕਦਾ, ਬਾਰੇ ਵਿਸਥਾਰ ਨਾਲ ਚਰਚਾ ਹੋਈ ਹੈ ।
ਇਸ ਸੈਮੀਨਾਰ ਮਿਲਣੀ ਵਿੱਚੋਂ ਬਹੁਤ ਸਾਰੀਆਂ ਨਵੀਆਂ ਉਸਾਰੂ ਅਤੇ ਲਾਹੇਵੰਦ ਗੱਲਾਂ ਨਿਕਲ ਕੇ ਆਈਆਂ ,ਜਿਸ ਨਾਲ ਇਨ੍ਹਾਂ ਅਧਿਆਪਕਾਂ ਦਾ ਕੱਦ ਉੱਚਾ ਹੋਣ ਦੀ ਆਸ ਬੱਝੀ।ਇਸੇ ਸਬੰਧ ‘ਚ ਰਿਸ਼ੋਰਸ ਪਰਸਨ ਵਲੋਂ ਜਿਲਾ ਪੱਧਰ ਤੇ ਆਰਟ ਕਰਾਫਟ ਅਧਿਆਪਕਾਂ ਨੂੰ ਇਸ ਨਵੀਂ ਸ਼ੁਰੂਆਤ ਲਈ ਟ੍ਰੇਨਿੰਗ ਵੀ ਦਿੱਤੀ ਗਈ ਹੈ।ਇਸ ਉਪਰੰਤ ਜਿਨ੍ਹਾਂ ਅਧਿਆਪਕਾਂ ਨੇ ਆਪਣੇ ਸਕੂਲਾਂ ਵਿੱਚ ਆ ਕੇ ਵਧੀਆ ਕੰਮ ਕੀਤਾ ਹੈ ,ਸਕੱਤਰ ਸਿੱਖਿਆ ਵਿਭਾਗ ਪੰਜਾਬ ਵਲੋਂ ਉੁਨ੍ਹਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨ ਕਰਕੇ ਡਰਾਇੰਗ ਵਿਸ਼ੇ ਦੀ ਅਹਿਮੀਅਤ ਦਾ ਇਜ਼ਹਾਰ ਕੀਤਾ ਹੈ ਪਰ ਦੂਜੇ ਪਾਸੇ ਨਵੇਂ ਸਿਲੇਬਸ਼ ਅਨੁਸਾਰ ਇਸ ਵਿਸ਼ੇ ਨੂੰ ਚੌਣਵਾਂ ਬਣਾ ਕੇ ਵਿਦਿਆਰਥੀਆਂ ਨਾਲੋਂ ਇਸ ਦਾ ਨਾਤਾ ਤੋੜਣ ਦੀ ਸ਼ੁਰੂਆਤ ਕਰ ਦਿੱਤੀ ਹੈ।ਪਰ ਤਾਜ਼ਾ ਖਬਰ ਅਨੁਸਾਰ ਡਰਇੰਗ ਵਿਸ਼ੇ ਦੀ ਮਹੱਤਤਾ ਨੂੰ ਕਲਾ ਪੱਖੋਂ ਸਮਝਦੇ ਹੋਏ ਐਨ.ਸੀ.ਈ ਆਰ.ਟੀ. ਦੁਆਰਾ ਦੇਸ਼ ਦੇ ਸਾਰੇ ਸਕੂਲਾਂ ‘ਚ ਕਲਾ ਅਤੇ ਸੰਗੀਤ ਦੇ ਚੋਣਵੇਂ ਵਿਸ਼ਿਆਂ ਨੂੰ ਲਾਜ਼ਮੀ ਵਿਸ਼ਾ ਬਣਾਉਣ ਦਾ ਫੈਸ਼ਲਾ ਕੀਤਾ ਗਿਆ ਹੈ।ਸਾਡੇ ਇਤਿਹਾਸਕ ਕਲਾਤਮਕ ਵਿਰਸੇ ਤੋਂ ਸਾਨੂੰ ਕੀਮਤੀ ਜਾਣਕਾਰੀ ਮਿਲ ਰਹੀ ਹੈ।ਉਂਝ ਵੀ ਬੱਚਿਆਂ ਅੰਦਰ ਜਨਮ ਤੋਂ ਹੀ ਕਲਾਤਮਕ ਰੁਚੀਆਂ ਦੇਖਣ ਨੂੰ ਮਿਲਦੀਆਂ ਹਨ।ਛੋਟੇ ਬੱਚਿਆਂ ਵਾਲੇ ਘਰਾਂ ਅੰਦਰ ਕਿਤੇ ਨਾ ਕਿਤੇ ਬੱਚੇ ਦੀ ਕਲਾਕ੍ਰਿਤ ਕਿਸੇ ਨਾ ਕਿਸੇ ਰੂਪ ‘ਚ ਜਰੂਰ ਮਿਲੇਗੀ।
ਕੰਧਾਂ ਤੇ ਲਕੀਰਾਂ ਨਾਲ ਅਕ੍ਰਿਤੀਆਂ,ਕਾਗਜਾਂ ਉੱਪਰ ਕੁਝ ਨਾ ਕੁਝ ਬਣਾ ਕੇ ਬੱਚੇ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਨ।ਇਸ ਤਰ੍ਹਾਂ ਬੱਚੇ ਦੀ ਰੁੱਚੀ ਦੀ ਪਰਖ ਕੀਤੀ ਜਾ ਸਕਦੀ ਹੈ।ਮਕੈਨੀਕਲ ਡਰਾਇੰਗ ਦਾ ਗਿਆਨ ਹੋਣਾ ਅੱਜ ਇੰਜਨੀਅਰਿੰਗ ਦੀ ਪੜ੍ਹਾਈ ਲਈ ਬਹੁਤ ਜਰੂਰੀ ਹੈ।ਜੇਕਰ ਬੱਚੇ ਨੇ ਹੇਠਲੀਆਂ ਕਲਾਸਾਂ ਵਿੱਚ ਡਰਾਇੰਗ ਨਹੀਂ ਪੜ੍ਹੀ ਤਾਂ ਉਸ ਲਈ ਮੈਡੀਕਲ,ਟੈਕਨੀਕਲ ਆਦਿ ਦੀ ਪੜ੍ਹਾਈ ਕਰਨ ‘ਚ ਔਖ ਮਹਿਸੂਸ ਹੋਵੇਗੀ।ਇਸੇ ਤਰ੍ਹਾਂ ਮਿਲਟਰੀ ਸੇਵਾਵਾਂ ਵਿੱਚ ਡਰਾਇੰਗ ਦਾ ਬਹੁਤ ਮਹੱਤਵ ਹੈ।ਨਕਸ਼ਿਆਂ ਨਾਲ ਠਿਕਾਣਿਆਂ ਦੀ ਨਿਸਾਨਦੇਹੀ ਕਰਕੇ ਠੀਕ ਕੋਣ ਤੇ ਦੁਸ਼ਮਨ ਨੂੰ ਨਿਸਾਨਾ ਬਣਾਇਆ ਜਾਂਦਾ ਹੈ।ਸੋ ਮਹਿਕਮੇ ਨੂੰ ਗੰਭੀਰਤਾ ਨਾਲ ਇਸ ਵਿਸ਼ੇ ਦੀ ਮਹੱਤਤਾ ਨੂੰ ਧਿਆਨ’ਚ ਰੱਖ ਕੇ ਹੀ ਕੋਈ ਫੈਸ਼ਲਾ ਲੈਣਾ ਚਾਹੀਦਾ ਹੈ।ਪ੍ਰੀ-ਬੋਰਡ ਡੇਟ ਸੀਟ ਵਿੱਚ ਜੇਕਰ ਬੱਚਿਆਂ ਦੇ ਪੇਪਰ ਹੀ ਨਹੀਂ ਲੈਣੇ ਤਾਂ ਵਿਸ਼ਾ ਪੜ੍ਹਾਉਣ ਦਾ ਕੀ ਫਾਇਦਾ ?ਦੂਸਰੇ ਪਾਸੇ ਸਰਕਾਰ ਨਵੇਂ ਨਵੇਂ ਵਿਸ਼ੇ ਲਾਗੂ ਕਰਨ ਲੱਗੀ ਹੋਈ ਹੈ। ਹੁਣ ਜੇਕਰ ਡਰਾਇੰਗ ਅਧਿਆਪਕ ਮਹਿਕਮੇ ਵਲੋਂ ਡਰਾਇੰਗ ਵਿਸ਼ੇ ਨੂੰ ਚੋਣਵਾ ਕਰਨ ਤੇ ਆਪਣੀ ਸਹਿਮਤੀ ਦੇਂਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਵਿੱਚ ਅਸੰਤੁਲਨ ਤਾਂ ਪੈਦਾ ਹੋਵੇਗਾ ਹੀ ਸਗੋਂ ਡਰਾਇੰਗ ਅਧਿਆਪਕਾਂ ਦੇ ਰੁਤਬੇ ਨੂੰ ਵੀ ਠੇਸ ਪਹੁੰਚੇਗੀ।ਸੋ ਇਸ ਮਸਲੇ ਨੂੰ ਉੱਚ ਅਧਿਕਾਰੀਆਂ ਨਾਲ ਯੂਨੀਅਨ ਪੱਧਰ ਤੇ ਮੀਟਿੰਗ ਕਰਕੇ, ਚਿੱਠੀ-ਪੱਤਰ ਕਰਕੇ ਆਪਣਾ ਸਾਰਥਕ ਪੱਖ ਪੇਸ਼ ਕਰਕੇ ਡਰਾਇੰਗ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਦੀ ਪਹਿਲਾਂ ਵਾਲੀ ਸਥਿਤੀ ‘ਚ ਤਾਂ ਰੱਖਵਾਇਆ ਜਾਵੇ ਜਦੋਂ ਕਿ ਇਸ ਨੂੰ ਗਰੇਡਿੰਗ ਦੀ ਬਜਾਇ ਅੰਕਾਂ ਵਾਲਾ ਵਿਸ਼ਾ ਘੌਸ਼ਿਤ ਕਰਵਾਉਣ ਦੀ ਲੌੜ ਹੈ ਤਾਂ ਕਿ ਬੱਚਿਆ ਨਾਲ ਇਨਸਾਫ ਹੋ ਸਕੇ।
ਮੇਜਰ ਸਿੰਘ
ਨਾਭਾ
9463553962