ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਉਹਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ

ss1

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਉਹਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ

26 ਜੂਨ, ਬਠਿੰਡਾ (ਪਰਵਿੰਦਰ ਜੀਤ ਸਿੰਘ) ਅੱਠ ਜੱਥੇਬਦੀਆਂ ਦੇ ਮੇਲ ਤੋਂ ਬਣੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਪਹਿਲਾਂ ਤੋਂ ਤਹਿ ਪ੍ਰੋਗ੍ਰਾਮ ਅਨੁਸਾਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਸਾਹਮਣੇ ਧਰਨਾ ਦਿੱਤਾ ਗਿਆ, ਜਿਸ ਵਿੱਚ ਮੋਰਚੇ ਵਿੱਚ ਸ਼ਾਮਿਲ ਜੱਥੇਬੰਧੀਆਂ ਵਲੋਂ ਪੰਜਾਬ ਦੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋ ਬੱਸਾਂ ਭਰ-ਭਰ ਕੇ ਠੇਕਾ ਮੁਲਾਜ਼ਮ ਪਹੁੰਚੇ।ਇਸ ਮੌਕੇ ਬੋਲਦਿਆਂ ਦੀਦਾਰ ਸਿੰਘ ਮੁੱਦਕੀ, ਵਰਿੰਦਰ ਸਿੰਘ ਮੋਮੀ,ਡਾ:ਇੰਦਰਜੀਤ ਰਾਣਾ, ਨਰਿੰਦਰ ਕੁਮਾਰ, ਗੁਰਵਿੰਦਰ ਸਿੰਘ ਤਰਨਤਾਰਨ, ਕਮਲ ਕੁਮਾਰ, ਵੀਰਪਾਲ ਕੌਰ ਸਿਧਾਨਾ, ਗੁਰਜਿੰਦਰਪਾਲ ਸਿੰਘ ਤੇ ਸ਼ਮਿੰਦਰ ਸਿੰਘ ਮਾਨ ਨੇ ਕਿਹਾ ਕਿ ਮੌਜੂਦਾ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸਰਕਾਰੀ ਮਹਿਕਮਿਆਂ ਤੇ ਰੁਜ਼ਗਾਰ ਦਾ ਭੋਗ ਪਾਉਣ ਦੀਆਂ ਨੀਤੀਆਂ ਮੜ੍ਹ ਰਹੀ ਹੈ।ਲਗਾਤਾਰ ਚਲਦੇ ਰਹਿਣ ਵਾਲੇ ਸਿੱਖਿਆ, ਸਿਹਤ, ਜਲ-ਸਪਲਾਈ ਤੇ ਆਵਾਜਾਈ ਦੇ ਮਹਿਕਮਿਆਂ ਵਿੱਚ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਦੇ ਉਲਟ, ਵੱਖ-ਵੱਖ ਸਕੀਮਾਂ/ਪ੍ਰੋਜੈਕਟਾਂ/ਸੁਸਾਇਟੀਆਂ/ਇਨਲਿਸਟਮੈਂਟ/ਆਉਟਸੋਰਸਿੰਗ ਕੰਪਨੀਆਂ ਅਧੀਨ ਮੁਲਾਜ਼ਮਾਂ ਦੀ ਠੇਕਾ ਭਰਤੀ ਕਰਕੇ ਡੰਗਾ ਲਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਿੱਖਿਆ ਵਿਭਾਗ, ਸਿਹਤ ਵਿਭਾਗ, ਜਲ ਸਪਲਾਈ ਵਿਭਾਗ ਤੇ ਆਵਾਜਾਈ ਵਿਭਾਗ ਵਿੱਚ ਕੰਮ ਕਰਦੇ ਐੱਸ.ਐੱਸ.ਏ./ਰਮਸਾ ਅਧਿਆਪਕਾਂ/ਹੈੱਡਮਾਸਟਰਾਂ/ਲੈਬ-ਅਟੈਂਡਟਾਂ, ਸੀ.ਐੱਸ.ਐੱਸ. ਹਿੰਦੀ ਅਧਿਆਪਕਾਂ, ਕੰਪਿਉਟਰ ਅਧਿਆਪਕਾਂ, ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰਜ਼, ਆਦਰਸ਼ ਸਕੂਲ ਕਰਮਚਾਰੀਆਂ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼, ਪੰਜਾਬ ਰੋਡਵੇਜ਼/ ਪਨਬੱਸ ਕੰਟਰੈਕਟ ਵਰਕਰਜ਼, ਐੱਨ.ਐੱਚ.ਐੱਮ ਕੰਨਟਰੈਕਟ ਵਰਕਰਜ਼ਨੂੰ ਸੰਬੰਧਤ ਵਿਭਾਗ ਵਿੱਚ ਲਿਆ ਕੇ ਰੈਗੂਲਰ/ ਸ਼ਿਫਟ ਕੀਤਾ ਜਾਵੇ।
ਸਟੇਜ਼ ਸੰਚਾਲਕ ਹਰਜੀਤ ਸਿੰਘ ਜੀਦਾ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਵੱਖ-ਵੱਖ ਥਾਂਈ ਮੁਲਾਜ਼ਮਾਂ ਉੱਪਰ ਪ੍ਰਸ਼ਾਸਨ ਦੁਆਰਾ ਲਾਠੀਚਾਰਜ਼ ਕੀਤਾ ਜਾਣਾ ਪੰਜਾਬ ਦੇ ਵਿਕਾਸ ਦੀ ਤਸਵੀਰ ਦਿਖਾਉਂਦਾ ‘ਤੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਨੀਤੀ ਨੂੰ ਦਰਸਾਉਂਦਾ ਹੈ। ਇੱਕ ਪਾਸੇ ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਕਰਦੀ ਹੈ ਪਰ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਨੇ, ਬੇਰੁਜ਼ਗਾਰ ਨੌਕਰੀ ਨੂੰ ਤਰਸ ਰਹੇ ਨੇ, ਹੱਕ ਮੰਗਣ ਲਈ ਧਰਨਾ ਲਾਉਣ ਵਾਲਿਆਂ ਨੂੰ ਝੂਠੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈ, ਮਹਿਕਮਿਆਂ ਵਲੋਂ ਧਰਨਾਂ ਲਾਉਣ ਵਾਲਿਆਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।ਉਹਨਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਸਬਰ ਨਾ ਪਰਖੇ ਸਗੋਂ ਸੰਗਤ ਦਰਸ਼ਨਾਂ ਵਿੱਚ ਰੁੱਝੇ ਰਹਿਣ ਵਾਲੇ ਮੁੱਖ ਮੰਤਰੀ ਮੁਲਾਜ਼ਮਾਂ ਨੂੰ ਵੀ ਦਰਸ਼ਨ ਦੇਣ ਤੇ ਉਹਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਜਲਦ ਕਰਨ।ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਵੱਖ-ਵੱਖ ਸਮੇਂ ‘ਤੇ ਮੁਲਾਜ਼ਮਾਂ ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।
ਇਸ ਮੌਕੇ ਰਾਜਬੀਰ ਸਮਰਾਲਾ, ਗੁਰਪ੍ਰੀਤ ਸਿੰਘ ਬਾਲੇਵਾਲ, ਸੁਨੀਲ ਕੁਮਾਰ, ਭਗਤ ਸਿੰਘ ਭਗਤਾ, ਹੀਰਾ ਲਾਲ, ਅਮਰਦੀਪ ਸਿੰਘ, ਰਾਕੇਸ਼ ਗੁਪਤਾ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *