ਟੋਲ ਪਲਾਜਿਆਂ ਤੋਂ ਹੁੰਦੀ ਅੰਨੀ ਲੁੱਟ ਖਤਮ ਕਰਨ ਦੀ ਮੰਗ

ਟੋਲ ਪਲਾਜਿਆਂ ਤੋਂ ਹੁੰਦੀ ਅੰਨੀ ਲੁੱਟ ਖਤਮ ਕਰਨ ਦੀ ਮੰਗ

ਤਪਾ ਮੰਡੀ, 22 ਮਈ (ਨਰੇਸ਼ ਗਰਗ) ਕੇਂਦਰ ਸਰਕਾਰ ਵੱਲੋਂ ਤੇਲ ਤੇ ਇੱਕ ਰੁਪਇਆ ਪ੍ਰਤੀ ਲੀਟਰ ਰੋਡ ਟੈਕਸ ਅਤੇ ਰਾਜ ਸਰਕਾਰ ਵੱਲੋਂ ਵਹੀਕਲ ਤੇ ਰਜਿਸਟੇਸ਼ਨ ਸਮੇਂ ਵੱਡੇ ਪੱਧਰ ਤੇ ਰੋਡ ਟੈਕਸ ਵਸੂਲ ਕਰਨ ਦੇ ਬਾਵਜੂਦ ਵੀ ਸਰਕਾਰਾਂ ਸੜਕਾਂ ਦੇ ਰੱਖ ਰਖਾਵ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੀਆਂ ਹਨ। ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵੱਲੋਂ ਠੇਕੇ ਤੇ ਦੇਕੇ ਸੜਕਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਟੋਲ ਪਲਾਜਾ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ। ਜੋ ਸੜਕਾਂ ਤੇ ਟੋਲ ਪਲਾਜਾ ਲਾਕੇ ਵੱਡੇ ਪੱਧਰ ਤੇ ਰਕਮ ਇਕੱਠੀ ਕਰ ਰਹੀਆਂ ਹਨ। ਇਸ ਸਬੰਧ ਵਿੱਚ ਪੰਜਾਬ ਸਰਕਾਰ ਤੋਂ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਚੀਫ ਇੰਜਨੀਅਰ ਲੋਕ ਨਿਰਮਾਣ ਵਿਭਾਗ ਪੰਜਾਬ ਚੰਡੀਗਡ ਨੇ ਆਪਣੇ ਪੱਤਰ ਨੰਬਰ 6586 ਮਿਤੀ 24/4/2015 ਨੂੰ ਭੇਜੀ ਜਾਣਕਾਰੀ ਮੁਤਾਬਿਕ 31/3/2015 ਤੱਕ ਪੰਜਾਬ ਦੀਆਂ 12 ਸੜਕਾਂ ਤੇ ਪੰਜਾਬ ਸਰਕਾਰ ਦੇ ਟੋਲ ਪਲਾਜਾ ਚੱਲ ਰਹੇ ਹਨ। ਜਗਰਾਵਾਂ-ਨਕੋਦਰ, ਪਟਿਆਲਾ-ਸਮਾਨਾ, ਪਟਿਆਲਾ-ਪਾਤੜਾਂ, ਪਟਿਆਲਾ-ਨਾਭਾ ਮਲੇਰਕੋਟਲਾ, ਮੋਗਾ-ਕੋਟਕਪੁਰਾ, ਭਵਾਨੀਗੜ-ਨਾਭਾ, ਗੋਬਿਦਗੜ-ਬਲਾਚੌਰ ਗੜਸੰਕਰ , ਹੁਸਿਆਰਪੁਰ-ਦਸੂਹਾ, ਹੁਸਿਆਰਪੁਰ-ਟਾਂਡਾ, ਮੁੱਲਾਪੁਰ-ਬਰਨਾਲਾ, ਕੀਰਤਪੁਰ-ਨੰਗਲ ਡੈਮ, ਮੱਖੂ-ਸਤਲੁਜ ਦਰਿਆ, ਫਿਰੋਜਪੁਰ-ਫਾਜਲਿਕਾ, ਮੋਰਿੰਡਾ-ਕੁਰਾਲੀ ਹਨ। ਇਹ ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਲਗਾਏ ਜਾ ਰਹੇ ਹਨ। ਇਨਾਂ ਵਿੱਚ ਸਭ ਤੋਂ ਵੱਧ ਟੋਲ ਪਲਾਜਾ ਰੋਹਿਨ ਰਾਜਦੀਪ ਕੰਪਨੀ ਪੂਨੇ ਦੇ ਪੰਜ ਟੋਲ ਪਲਾਜਾ ਹਨ। ਪੰਜਾਬ ਸਰਕਾਰ ਵੱਲੋਂ ਇਸ ਸਾਲ ਦੌਰਾਨ ਰੋਪੜ-ਚਮਕੌਰ ਸਾਹਿਬ, ਦੋਰਾਹਾ-ਮੁਕਤਸਰ ਸਾਹਿਬ, ਕੋਟਕਪੁਰਾ ਸੜਕਾਂ ਤੇ ਟੋਲ ਪਲਾਜਾ ਚਾਲੂ ਕੀਤੇ ਜਾ ਰਹੇ ਹਨ। 1/4/2011 ਤੋਂ 31/3/2016 ਤੱਕ ਸਰਕਾਰ ਨੂੰ ਟੋਲ ਪਲਾਜਿਆਂ ਦੀਆਂ ਕੰਪਨੀਆਂ ਵੱਲੋਂ ਵਸੂਲੀ ਵਿੱਚੋਂ 5957 ਕਰੋੜ ਰੁਪਏ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੂੰ ਜਮਾਂ ਕਰਵਾਏ ਗਏ ਹਨ। ਬਰਨਾਲਾ-ਮੁੱਲਾਪੁਰ ਲਿੰਕ ਸੜਕ ਨੂੰ ਅੱਪਗਰੇਡ ਕਰਨ ਲਈ ਟੋਲ ਪਲਾਜਾ ਕੰਪਨੀ ਵੱਲੋਂ ਲੱਗਭੱਗ 78.66 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਜਿਸ ਦੀ ਭਰਪਾਈ ਕਰਨ ਲਈ ਟੋਲ ਦੀ ਵਸੂਲੀ ਲਈ ਮਹਿਲਕਲਾਂ ਅਤੇ ਮੁੱਲਾਪੁਰ ਨੇੜੇ ਟੋਲ ਪਲਾਜੇ ਲਾਏ ਗਏ ਹਨ। ਇਸ ਸੜਕ ਤੇ ਟੋਲ ਪਲਾਜਾ ਦੀ ਵਸੂਲੀ ਦੀ ਤਹਿ ਸੀਮਾ ਅਪ੍ਰੈਲ 2024 ਤੱਕ ਹੈ। ਸੜਕਾਂ ਤੇ ਲਗਾਇਆ ਗਿਆ ਟੋਲ ਪਲਾਜਾ ਉਸ ਸੜਕ ਨੂੰ ਅੱਪਗਰੇਡ ਕਰਨ ਅਤੇ ਰੱਖ ਰਖਾਵ ਲਈ ਕੀਤੇ ਇਕਰਾਰਨਾਮੇ ਮੁਤਾਬਿਕ ਤਹਿ ਕੀਤੀ ਮਿਆਦ ਅਨੁਸਾਰ ਟੋਲ ਪਲਾਜਾ ਜਾਰੀ ਰਹਿੰਦਾ ਹੈ। ਕੰਨਸੈਸ਼ਰ ਵੱਲੋਂ ਦਿੱਤੀ ਗਈ ਵਿੰਡ ਮੁਤਾਬਿਕ ਸਰਕਾਰ ਵੱਲੋਂ ਕੰਨਸੈਸ਼ਰ ਨੂੰ ਗਰਾਂਟ ਦਿੱਤੀ ਜਾਂਦੀ ਹੈ ਜਾਂ ਉਸ ਵੱਲੋਂ ਪ੍ਰੀਮੀਅਰ ਸਰਕਾਰ ਨੂੰ ਦਿੱਤਾ ਜਾਂਦਾ ਹੈ। ਟੋਲ ਪਲਾਜਾ ਲਾਉਣ ਦਾ ਮਕਸਦ ਸੜਕਾਂ ਉਪਰ ਵੱਧ ਰਹੇ ਟ੍ਰੈਫਿਕ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਸੜਕਾਂ ਨੂੰ ਅਪਗਰੇਡ ਕਰਨ ਦੀ ਜਰੂਰਤ ਪੈਂਦੀ ਹੈ। ਸਰਕਾਰ ਕੋਲ ਫੰਡਾਂ ਦੀ ਘਾਟ ਹੋਣ ਕਾਰਨ ਇਨਾਂ ਸੜਕਾਂ ਨੂੰ ਅਪਗਰੇਡ ਕਰਨ ਲਈ ਬੀ.ਓ.ਟੀ ਆਧਾਰ ਤੇ ਕੰਨਸੈਸ਼ਰਾਂ ਨੂੰ ਦੇ ਦਿੱਤਾ ਜਾਂਦਾ ਹੈ। ਜੋ ਕਿ ਸੜਕ ਨੂੰ ਅੱਪਗਰੇਡ ਕਰਨ ਲਈ ਆਪਣੇ ਪਾਸੋਂ ਪੈਸੇ ਖਰਚ ਕਰਦੇ ਹਨ ਅਤੇ ਬਾਅਦ ਵਿੱਚ ਟੋਲ ਪਲਾਜਾ ਲਗਾਕੇ ਇਹ ਖਰਚ ਪੂਰਾ ਕਰਦੇ ਹਨ। ਇਕਰਾਰਨਾਮੇ ਮੁਤਾਬਿਕ ਸੜਕ ਦਾ ਰੱਖ ਰਖਾਵ ਵੀ ਕਰਦੇ ਹਨ। 31/3/2015 ਤੱਕ ਬਰਨਾਲਾ-ਮੁੱਲਾਪੁਰ ਸੜਕ ਤੋਂ ਟੋਲ ਪਲਾਜਾ ਰਾਹੀਂ 91.23 ਕਰੋੜ ਰੁਪਏ ਕੰਨਸੈਸ਼ਰ ਨੂੰ ਕੁੱਲ ਆਮਦਨ ਹੋਈ ਹੈ। ਜੋ ਕਿ ਟੋਲ ਪਲਾਜਾ ਦੀ ਵਸੂਲੀ ਰਾਹੀਂ ਹੋਈ ਹੈ। ਬਠਿੰਡਾ-ਜੀਰਕਪੁਰ ਪ੍ਰੋਜੈਕਟ ਇਸ ਦਫਤਰ ਅਧੀਨ ਨਹੀਂ ਹੈ।
ਜੋ ਵੀ ਹੈ ਸੜਕਾਂ ਤੇ ਲੱਗੇ ਟੋਲ ਪਲਾਜਾ ਨਾਲ ਸੜਕਾਂ ਦੀ ਦਿਸ਼ਾ ਵਿੱਚ ਸੁਧਾਰ ਤਾਂ ਜਰੂਰ ਹੋਇਆ ਪਰ ਉਥੇ ਵਹੀਕਲਾਂ ਮਾਲਕਾਂ ਦੀ ਜੇਬ ਵੀ ਖਾਲੀ ਹੁੰਦੀ ਹੈ। ਜਰੂਰਤ ਇਸ ਗੱਲ ਦੀ ਹੈ ਕਿ ਸਰਕਾਰ ਟੋਲ ਪਲਾਜਾ ਲਈ ਸਹੀ ਦਿਸ਼ਾ ਨਿਰਦੇਸ਼ ਜਾਰੀ ਕਰੇ ਅਤੇ ਖੁਦ ਹਿਸਾਬ ਚੈਕ ਕਰੇ ਤਾਂ ਕਿ ਵਹੀਕਲ ਮਾਲਕਾਂ ਦੀ ਹੁੰਦੀ ਅੰਨੀ ਲੁੱਟ ਨੂੰ ਘੱਟ ਕਰਵਾਇਆ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: