ਟੋਭੇ ਵਾਲੀ ਸਮਾਧ

ss1

ਟੋਭੇ ਵਾਲੀ ਸਮਾਧ

ਸੜਕ ਤੇ ਕੰਮ ਕਰਨ ਵਾਲੇ ਮਜ਼ਦੂਰ ਹਰ ਰੋਜ਼ ਦੀ ਤਰਾਂ ਦੁਪਹਿਰ ਵੇਲੇ ਰੋਟੀ ਖਾ ਕੇ ਦਰਖੱਤਾਂ ਦੀ ਛਾਵੇਂ ਬੇਫਿਕਰ ਹੋ ਕੇ ਸੌਂ ਜਾਂਦੇ। ਅੱਜ ਉਹ ਪਿੰਡ ਦੇ ਟੋਭੇ ਦੇ ਸਾਹਮਣੇ ਸੜਕ ਉਪਰ ਕੰਮ ਕਰ ਰਹੇ ਸੀ। ਦੁਪਹਿਰ ਤੋਂ ਬਾਅਦ, ਉਹਨਾਂ ਪਹਿਲਾਂ ਦੀ ਤਰਾਂ ਇਥੇ ਵੀ ਇੱਟਾਂ ਦਾ ਆਰਜ਼ੀ ਚੁੱਲਾ ਬਣਾ ਕੇ ਚਾਹ ਬਣਾ ਲਈ ਅਤੇ ਚਾਹ ਪੀ ਕੇ ਮੁੜ ਕੰਮ ਕਰਨ ਲੱਗ ਪਏ। ਅਗਲੇ ਦਿਨ ਉਹ ਅੱਗੇ ਲੰਘ ਗਏ। ‘ਇੱਟਾਂ ਦਾ ਚੁੱਲਾ’ ਸਮਾਂ ਬੀਤਣ ਨਾਲ ਮਿੱਟੀ ਨਾਂਲ ਭਰ ਗਿਆ। ਟੋਭੇ ਤੇ ਖੇਡਦੇ ਬੱਚਿਆਂ ਨੇ ਜਿਵੇਂ ਕਿ ਉਨਾਂ ਨੂੰ ਮਿੱਟੀ ਨਾਲ ਖੇਡਣ ਦਾ ਸ਼ੌਕ ਹੁੰਦਾ ਹੈ, ਮਿੱਟੀ ਦੇ ਨਾਲ ਚੁੱਲੇ ਨੂੰ ਲਿੱਪ ਦਿੱਤਾ।
ਟੋਭੇ ਵਿਚੋਂ ਸਵੇਰੇ-ਸ਼ਾਮ ਪਿੰਡ ਦੇ ਲੋਕ ਡੰਗਰ ਨਹਾ ਕੇ ਅਕਸਰ ਹੀ ਲਿਜਾਂਦੇ ਸਨ। ਇਸ ਲਈ ਸੜਕ ਤੋਂ ਡੰਗਰਾਂ ਦੇ ਪਾਰ ਕਰਨ ਸਮੇਂ ਥੋੜੇ ਦਿਨਾਂ ਬਾਅਦ ਹੀ ਕੋਈ ਨਾ ਕੋਈ, ਹਾਦਸਾ ਵਾਪਰ ਹੀ ਜਾਂਦਾ। ਇਕ ਦਿਨ ਇਕ ਸਕੂਟਰ ਸਵਾਰ ਅਤੇ ਉਸਦੀ ਪਤਨੀ ਟੋਭੇ ਕੋਲੋਂ ਤੇਜੀ ਨਾਲ ਲੰਘ ਰਹੇ ਸੀ ਅਚਾਨਕ ਹੀ ਟੋਭੇ ਵਿਚੋਂ ਮੱਝ ਨਿਕਲ ਕੇ ਸੜਕ ਤੇ ਆ ਗਈ। ਸਕੂਟਰ ਸਵਾਰ ਨੇ ਮੱਝ ਨੂੰ ਬਚਾਉਣ ਲਈ ਬਰੇਕਾਂ ਲਾ ਦਿੱਤੀਆਂ ਅਤੇ ਉਹ ਮੂਧੇ ਮੂੰਹ ਗਿਰ ਪਏ। ਕਾਫੀ ਸੱਟਾਂ ਲੱਗੀਆਂ, ਲੋਕੀਂ ਉਹਨਾਂ ਦੁਆਲੇ ਇਕੱਠੇ ਹੋ ਗਏ। ਭੀੜ ਚੋਂ ਹੀ ਇਕ ਬੋਲਿਆ, ‘ਇਹ ਤਾਂ ਜਗਾ ਈ ਕੈੜੀ ਆ, ਇਥੇ ਤਾਂ ਪਹਿਲਾਂ ਵੀ ਕਈ ਰਗੜੇ ਗਏ ਨੇ, ਕੋਈ ਪੁੰਨਦਾਨ ਕਰਨਾ ਚਾਹੀਦਾ ਏਥੇ।’ ਸਕੂਟਰ ਸਵਾਰ ਦੀ ਸੜਕ ਉਪਰ ਬੈਠੇ ਦੀ ਨਿਗਾ ਅਚਾਨਕ ਸਾਹਮਣੇ ਮਟੀ ਵਰਗੀ ਚੀਜ਼ ਤੇ ਪਈ। ਇਹ ਬੱਚਿਆਂ ਦਾ ਲਿੱਪਿਆ ਚੁੱਲਾ ਹੀ ਸੀ ਜੋ ਕਿ ਮਿੱਟੀ ਨਾਲ ਭਰ ਚੁੱਕਿਆ ਸੀ। ਉਨੇ ਸੋਚਿਆ ਜ਼ਰੂਰ ਇਹ ਕੋਈ ਪੁਰਾਣੀ ਪੂਜਣਯੋਗ ਥਾਂ ਹੋਣੀ ਏ। ਕੋਲ ਖੜੇ ਲੋਕਾਂ ਤੋਂ ਉਸ ਨੇ ਪੁੱਛ ਹੀ ਲਿਆ, ”ਇਹ ਕੀ ਏ?” ਤਾਂ ਵਿਚੋਂ ਹੀ ਕਿਸੇ ਨੇ ਕਿਹਾ, ”ਇਹ ਤਾਂ ਕਿਸੇ ਪੀਰ ਪੈਗੰਬਰ ਦੀ ਥਾਂ ਲਗਦੀ ਹੈ। ਇਥੇ ਤਾਂ ਜ਼ਰੂਰ ਭੰਡਾਰਾ ਕਰਨਾ ਚਾਹੀਦਾ ਏ।” ਸਕੂਟਰ ਸਵਾਰ ਨੇ ਆਪਣੀ ਜੇਬ ਵਿਚੋਂ ਪੰਜਾਹ ਰੁਪਏ ਦਾ ਨੋਟ ਕੱਢ ਕੇ ਇਸ ਥਾਂ ਲਈ ਦੇ ਦਿੱਤਾ। ਉਹ ਆਪਣੀ ਭੁੱਲ ਬਖਸ਼ਾ ਕੇ ਸ਼ੁਕਰ ਕਰਦਾ ਆਪਣੇ ਘਰ ਮਸਾਂ ਪੁੱਜਿਆ। ਲੋਕਾਂ ਨੇ ਥੋੜੇ ਦਿਨਾਂ ਬਾਅਦ ਪੈਸੇ ਇਕੱਠੇ ਕਰਕੇ ਭੰਡਾਰਾ ਚਲਾ ਦਿੱਤਾ। ਰਾਹਗੀਰਾਂ ਨੇ ਵਾਹਵਾ ਹਿੱਸਾ ਪਾਇਆ ਕਾਫੀ ਪੈਸੇ ਦੀ ਬੱਚਤ ਹੋ ਗਈ। ਕੁਝ ਦਾਨੀ ਸੱਜਣਾਂ ਨੇ ਹੋਰ ਪੈਸੇ ਵਿਚ ਪਾ ਕੇ ਇਕ ਸਮਾਧ ਬਣਾ ਦਿੱਤੀ। ਦੇਖਦੇ ਹੀ ਦੇਖਦੇ ਇਥੇ ਇਕ ਵੱਡੀ ਬਿਲਡਿੰਗ ਦਾ ਰੂਪ ਇਹ ਸਮਾਧ ਧਾਰਨ ਕਰ ਚੁੱਕੀ ਸੀ। ਲੋਕੀਂ ਦੂਰੋਂ ਦੂਰੋਂ ਆ ਦੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਸੁੱਖਾਂ ਸੁੱਖਦੇ। ਅੱਧ ਤੋਂ ਵੱਧ ਦੀਆਂ ਸੁੱਖਾਂ ਤਾਂ ਅਚਾਨਕ ਹੀ ਵਰ ਆ ਜਾਂਦੀਆਂ। ਲੋਕ ਸੁੱਖ ਪੂਰੀ ਹੋਣ ਤੇ ਖੁੱਲ ਦਿਲੀ ਨਾਲ ਚੜਾਵਾ ਚਾੜਦੇ। ਚੜਾਵਾ ਜ਼ਿਆਦਾ ਹੋਣ ਕਾਰਨ ਹੁਣ ਪ੍ਰਬੰਧਕ ਕਮੇਟੀ ਦੀ ਚੋਣ ਲਈ ਪ੍ਰਧਾਨ ਬਣਨ ਲਈ ਵੀ ਖਿੱਚ ਧੂਹ ਹੋਣ ਲੱਗ ਪਈ।
ਕਈ ਸਾਲਾਂ ਬਾਅਦ ਉਹੀ ਮਜ਼ਦੂਰ ਸੜਕ ਦੀ ਦੁਬਾਰਾ ਮੁਰੰਮਤ ਕਰਨ ਲਈ ਟੋਭੇ ਕੋਲ ਆਏ ਤਾਂ ਉਹ ‘ਟੋਭੇ ਵਾਲੇ ਬਾਬੇ ਦੀ ਸਮਾਧ’ ਬਣੀ ਦੇਖ ਕੇ ਹੈਰਾਨ ਸਨ। ਲੰਗਰ ਹਰ ਸਮੇਂ ਚੱਲ ਰਿਹਾ ਸੀ। ਅੱਜ ਵਿਚਾਰੇ ਉਹ ਖੁਸ਼ ਸਨ ਕਿਉਂਕਿ ਉਹਨਾਂ ਨੂੰ ਚਾਹ ਬਨਾਉਣ ਲਈ ਚੁੱਲਾ ਨਹੀਂ ਸੀ ਬਾਲਣਾ ਪੈਣਾ ਕਿਉਂਕਿ ਹੁਣ ਇਥੇ ਚਾਹ ਦਾ ਲੰਗਰ ਵੀ ਚੱਲ ਰਿਹਾ ਸੀ।

ਮੇਜਰ ਸਿੰਘ ਨਾਭਾ

Share Button

Leave a Reply

Your email address will not be published. Required fields are marked *