ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਨਾ ਦਿੱਤੇ ਜਾਣ ਕਾਰਨ ਟੀ.ਡੀ.ਪੀ. ਦੇ ਦੋ ਮੰਤਰੀਆਂ ਨੂੰ ਅਸਤੀਫੇ ਨਾ ਦੇਣ ਦੀਆਂ ਕੀਤੀਆਂ ਜਾ ਰਹੀਆਂ ਮੋਦੀ ਦੀਆਂ ਕੋਸ਼ਿਸ਼ਾਂ ਅੱਜ ਉਸ ਵੇਲੇ ਫੇਲ੍ਹ ਹੋ ਗਈਆਂ, ਜਦੋਂ ਟੀ.ਡੀ.ਪੀ. ਦੇ ਕੇਂਦਰ ਵਿੱਚ ਦੋਵੇਂ ਮੰਤਰੀਆਂ ਵਾਈ.ਐੱਸ.ਚੌਧਰੀ ਅਤੇ ਅਸ਼ੋਕ ਗਜਪਤੀ ਰਾਜੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਪਣੇ ਅਹੁਦਿਆਂ ਤੋਂ ਅਸਤੀਫੇ ਉਸ ਨੂੰ ਸੌਂਪ ਦਿੱਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਪਹਿਰੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸਮ ਪਾਰਟੀ ਦੇ ਮੁੱਖੀ ਚੰਦਰ ਬਾਬੂ ਨਾਇਡੂ ਨਾਲ ਵੀ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਦੋਵੇਂ ਮੰਤਰੀ ਅਸਤੀਫਾ ਦੇਣ ਦੇ ਫੈਸਲੇ ਤੋਂ ਪਿੱਛੇ ਹੱਟ ਸਕਦੇ ਹਨ।  ਇਹ ਵੀ ਖਬਰਾਂ ਹਨ ਕਿ ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸਮ ਪਾਰਟੀ ਨਾਲ ਗੱਠਜੋੜ ਵਿੱਚ ਸ਼ਾਮਲ ਭਾਜਪਾ ਦੇ ਮੰਤਰੀਆਂ ਨੇ ਵੀ ਨਾਇਡੂ ਸਰਕਾਰ ਵਿੱਚੋਂ ਅਸਤੀਫੇ ਦੇ ਦਿੱਤੇ ਹਨ। ਪ੍ਰਧਾਨ ਮੰਤਰੀ ਨੂੰ ਅਸਤੀਫੇ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈ.ਐੱਸ.ਚੌਧਰੀ ਨੇ ਕਿਹਾ ਕਿ ਅਸੀਂ ਭਾਜਪਾ ਨਾਲ ਸਬੰਧ ਨਹੀਂ ਰੱਖਦੇ। ਇਸ ਲਈ ਪ੍ਰਧਾਨ ਮੰਤਰੀ ਪੱਧਰ ‘ਤੇ ਕਿਸੇ ਤਰ੍ਹਾਂ ਦੇ ਸਮਝੌਤੇ ਦੀ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਸੀਂ ਆਂਧਰਾ ਪ੍ਰਦੇਸ਼ ਦੀ ਜਨਤਾ ਦੇ ਨਾਲ ਹਾਂ।
ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ ਸਹੂਲਤਾਂ ਦੇ ਮਾਮਲੇ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੇ  ਰਾਜ ਸਭਾ ਵਿੱਚ ਜੋ ਭਰੋਸਾ ਦਿੱਤਾ ਸੀ ਉਸ ਦਾ ਪਾਲਣ ਹੋਣਾ ਚਾਹੀਦਾ ਹੈ। ਜਦੋਂ ਇਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਅਸਤੀਫੇ ਦੇਣ ਦੌਰਾਨ ਪ੍ਰਧਾਨ ਮੰਤਰੀ ਨੇ ਕੀ ਕਿਹਾ ਤਾਂ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਸਤੀਫਿਆਂ ਨੂੰ ਬਦਕਿਸਮਤੀ ਵਾਲਾ ਕਦਮ ਕਰਾਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਮੰਤਰੀ ਮੰਡਲ ਵਿੱਚ ਹੁਣ ਤੱਕ ਲਈ ਕੰਮ ਕਰਨ ਵਾਸਤੇ ਉਨ੍ਹਾਂ ਦਾ ਸ਼ੁਕਰੀਆ ਵੀ ਅਦਾ ਕੀਤਾ। ਚੌਧਰੀ ਨੇ ਕਿਹਾ ਕਿ ਸਾਡੇ ਨਾਲ ਜਿਹੋ ਜਿਹਾ ਵਰਤਾਅ ਹੋਇਆ ਉਸ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਠੀਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੋਸ਼ ਲਗਾਇਆ ਕਿ ਆਂਧਰਾ ਪ੍ਰਦੇਸ਼ ਸਬੰਧੀ ਬਿੱਲ ਵਿੱਚ ਜਿਸ ਗੱਲ ਦਾ ਜਿਕਰ ਸੀ, ਉਸ ਨੂੰ ਲਾਗੂ ਕਰਨ ਵਿੱਚ ਦੇਰੀ ਕੀਤੀ ਗਈ ਅਤੇ ਜਿਸ ਗੱਲ ਦਾ ਕੋਈ ਜ਼ਿਕਰ ਹੀ ਨਹੀਂ ਸੀ ਉਸ ਨੂੰ ਲਾਗੂ ਕਰਨ ਵਿੱਚ ਕਾਹਲੀ ਕੀਤੀ ਗਈ ਸੀ। ਤੇਲਗੂ ਦੇਸਮ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਮੰਤਰੀਆਂ ਨੇ ਅਸਤੀਫੇ ਦਿੱਤੇ ਹਨ, ਪਰ ਉਹ ਗੱਠਜੋੜ ਦਾ ਹਿੱਸਾ ਬਣੇ ਰਹਿਣਗੇ। ਚੌਧਰੀ ਨੇ ਵੀ ਕਿਹਾ ਹੈ ਕਿ ਅਸੀਂ ਮੰਤਰੀ ਮੰਡਲ ਵਿੱਚੋਂ ਅਸਤੀਫੇ ਦਿੱਤੇ ਹਨ, ਪਰ ਸਾਡੀ ਪਾਰਟੀ ਭਾਜਪਾ ਗੱਠਜੋੜ ਦਾ ਹਿੱਸਾ ਬਣੀ ਰਹੇਗੀ।    ਕੇਂਦਰ ਸਰਕਾਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਵਾਈ.ਐੱਸ.ਚੌਧਰੀ ਨੇ ਕਿਹਾ ਕਿ ਉਹ ਅਤੇ ਗਣਪਤੀ ਰਾਜੂ ਸੰਸਦੀ ਮੈਂਬਰ ਦੇ ਤੌਰ ‘ਤੇ ਆਂਧਰਾ ਪ੍ਰਦੇਸ਼ ਲਈ ਕੰਮ ਕਰਦੇ ਰਹਿਣਗੇ।