ਝੋਨੇ ਦੀ ਪਰਾਲੀ ਨੂੰ ਸਾੜ ਕੇ ਨਾਂ ਫੂਕੋ ਧਰਤੀ ਮਾਂ ਦਾ ਸੀਨਾ

ss1

ਝੋਨੇ ਦੀ ਪਰਾਲੀ ਨੂੰ ਸਾੜ ਕੇ ਨਾਂ ਫੂਕੋ ਧਰਤੀ ਮਾਂ ਦਾ ਸੀਨਾ

ਪੰਜਾਬ ਵਿੱਚ ਇਸ ਸਮੇਂ ਝੋਨੇ ਦਾ ਸੀਜਨ ਚੱਲ ਰਿਹਾ ਹੈ ਕਿਸਾਨ ਵੀਰ ਝੋਨੇ ਦੀ ਵਾਢੀ ਵਿੱਚ ਰੁਝੇ ਹੋਏ ਹਨ। ਕਿਸਾਨਾਂ ਦੀ ਬਹੁਗਿਣਤੀ ਝੋਨੇ ਦੀ ਕਟਾਈ ਕੰਬਾਇਨਾਂ ਰਾਹੀਂ ਕਰਦੀ ਹੈ ਅਤੇ ਕਟਾਈ ਤੋਂ ਬਾਅਦ ਤੂੜੀ ਬਣਾਉਣ ਉਪਰੰਤ ਬਚੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। ਜਿਹੜਾ ਕਿ ਨਿਹਾਇਤ ਹੀ ਗ਼ੈਰ ਜਿੰਮੇਵਾਰਾਨਾ ਤੇ ਨਿਰਦਈ ਵਰਤਾਰਾ ਹੈ। ਖੇਤੀ ਤੇ ਵਾਤਾਵਰਣ ਦੇ ਹਿਤੈਸ਼ੀ ਇਸ ਰੁਝਾਨ ਤੋਂ ਖਾਸੇ ਚਿੰਤਤ ਹਨ। ਦੂਜੇ ਪਾਸੇ ਕਿਸਾਨਾਂ ਦਾ ਤਰਕ ਹੈ ਕਿ ਕੰਬਾਇਨ ਨਾਲ ਵੱਢੀ ਝੋਨੇ ਦੀ ਰਹਿੰਦ ਖੂੰਹਦ ਅਗਲੇਰੀ ਫਸਲ ਲਈ ਖੇਤ ਤਿਆਰ ਕਰਨ ਵਿਚ ਅੜਿੱਕਾ ਖੜਾ ਕਰਦੀ ਹੈ। ਇਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਆਪਣੇ ਖੇਤਾਂ ਵਿਚ ਖੜੇ ਇਸ ਨਾੜ ਦੇ ਬੂਝਿਆਂ ਨੂੰ ਅੱਗ ਲਗਾ ਦਿੰਦੇ ਹਨ। ਜਿਸ ਨਾਲ ਪੈਦਾ ਹੋਇਆ ਧੂੰਆਂ ਜਿਥੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਉਥੇ ਜਨਜੀਵਨ ਉਪਰ ਵੀ ਇਸ ਧੂੰਏ ਦਾ ਡਾਢਾ ਮਾੜਾ ਅਸਰ ਪੈਂਦਾ ਹੈ। ਸੜਕਾਂ ਦੇ ਕਿਨਾਰੇ ਖੇਤਾਂ ਦੇ ਰਾਹਾਂ ਨਾਲ ਲਗਾਈ ਅੱਗ ਤੋਂ ਪੈਦਾ ਹੋਇਆ ਸਫੈਦ ਧੂੰਆਂ ਚਾਰ-ਪੰਜ ਕਿਲੋਮੀਟਰ ਤੱਕ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਇਨਾਂ ਨੂੰ ਢੱਕੀ ਰੱਖਦਾ ਹੈ। ਇਹ ਧੂੰਆਂ ਜਿਥੇ ਹਾਦਸਿਆਂ ਨੂੰ ਸੱਦਾ ਦਿੰਦਾ ਹੈ, ਉਥੇ ਅੱਖਾਂ ਉਪਰ ਵੀ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਸਾਹ ਦੀ ਬਿਮਾਰੀ ਨਾਲ ਪੀੜਤ ਲੋਕਾਂ ਲਈ ਇਹ ਧੂੰਆਂ ਹੋਰ ਵੀ ਮੁਸੀਬਤਾਂ ਖੜੀਆਂ ਕਰਦਾ ਹੈ। ਸ਼ਾਮ ਸਮੇਂ ਲਗਾਈ ਅੱਗ ਕਾਰਨ ਬਹੁਤੇ ਸਾਧਨ (ਕਾਰਾਂ, ਮੋਟਰਸਾਈਕਲ, ਬੱਸਾਂ) ਵਗੈਰਾ ਆਪਸ ਵਿਚ ਟਕਰਾ ਜਾਂਦੇ ਹਨ, ਇਹਨਾਂ ਹਾਦਸਿਆਂ ਵਿਚ ਅਕਸਰ ਰਾਹਗੀਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਮਾਹਿਰਾਂ ਅਨੁਸਾਰ ਇਹ ਧੂੰਆਂ ਇਨਸਾਨ ਤੋਂ ਇਲਾਵਾ ਪਸ਼ੂਆਂ, ਪੰਛੀਆਂ ਲਈ ਵੀ ਘਾਤਕ ਹੈ।
ਕਿਸਾਨਾਂ ਦੁਆਰਾ ਖੇਤਾਂ ਵਿਚ ਨਾੜ ਸਾੜਨ ਕਰਕੇ ਜਿੱਥੇ ਵਾਤਾਵਰਣ ਦੂਸ਼ਿਤ ਹੋਣ ਕਾਰਨ ਕਈ ਪ੍ਰਕਾਰ ਦੀ ਐਲਰਜ਼ੀ ਦੇ ਫੈਲਣ ਦਾ ਖ਼ਤਰਾ ਉਤਪੰਨ ਹੋ ਰਿਹਾ ਹੈ ਓਥੇ ਹੀ ਨਿੱਕੇ ਬੱਚਿਆਂ ਨੂੰ ਭਵਿੱਖ ਵਿਚ ਦਮੇ ਦਾ ਰੋਗ ਲੱਗਣ ਦੇ ਆਸਾਰ ਵੀ ਬਣਦੇ ਜਾ ਰਹੇ ਹਨ। ਨਾੜ ਸਾੜਨ ਨਾਲ ਹੋਣ ਵਾਲੇ ਹੋਰ ਨੁਕਸਾਨ ਇਸ ਤਰਾਂ ਹਨ: ਜ਼ਮੀਨ ਵਿਚਲੇ ਬਹੁਤ ਸਾਰੇ ਕੀਮਤੀ ਤੱਤ ਨਸ਼ਟ ਹੁੰਦੇ ਹਨ, ਲਾਹੇਵੰਦ ਜੀਵ-ਜੰਤੂਆਂ ਤੇ ਮਾੜਾ ਅਸਰ ਪੈਂਦਾ ਹੈ,ਖੇਤਾਂ ਦੇ ਆਲੇ-ਦੁਆਲੇ ਖੜੀ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ,ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜਿਸ ਦਾ ਮਨੁੱਖੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ,ਇਸ ਨਾਲ ਜੋ ਧੂੰਆਂ ਨਿਕਲਦਾ ਹੈ ਉਸਦਾ ਸੜਕੀ ਆਵਾਜਾਈ ਤੇ ਬੁਰਾ ਪ੍ਰਭਾਵ ਪੈਂਦਾ ਹੈ ਸਿੱਟੇ ਵਜੋਂ ਕਈ ਦੁਰਘਟਨਾਵਾਂ ਵਾਪਰਦੀਆਂ ਹਨ, ਵਾਤਾਵਰਨ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ।
ਨਾੜ ਨੂੰ ਸਾਂਭਣ ਦੇ ਤਰੀਕੇ:
ਇਸ ਮੁਸੀਬਤ ਤੋਂ ਛੁਟਕਾਰਾ ਦੁਆਉਣ ਲਈ ਕਿਸਾਨਾਂ ਨੂੰ ਬਦਲਵੇਂ ਹੱਲ ਲੱਭਣੇ ਚਾਹੀਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਨਾੜ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਇਸ ਨੂੰ ਖਾਦ ਦੇ ਰੂਪ ਵਿਚ ਖੇਤ ਵਿਚ ਇਸਤੇਮਾਲ ਕਰਨ, ਜਾਂ ਪਰਾਲੀ ਤੋਂ ਪੇਪਰ, ਗੱਤਾ ਆਦਿ ਬਣਾਉਣ ਦੇ ਯੂਨਿਟ ਸਥਾਪਤ ਕਰਨ। ਤੂੜੀ ਬਣਾਉਣ ਵਾਲੀ ਮਸ਼ੀਨ ਦੀ ਮਦਦ ਨਾਲੇ ਨਾੜ ਦੀ ਤੂੜੀ ਬਣਾ ਕੇ ਵੇਚੀ ਜਾ ਸਕਦੀ ਹੈ, ਜਿਸ ਨਾਲ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਤੂੜੀ ਬਣਾਉਣ ਤੋਂ ਬਾਅਦ ਬਾਕੀ ਬਚੇ ਕਰਚਿਆਂ ਨੂੰ ਰੋਟਾਵੇਟਰ ਦੀ ਮਦਦ ਨਾਲ ਜ਼ਮੀਨ ਵਿਚ ਮਿਲਾਇਆ ਜਾ ਸਕਦਾ ਹੈ। ਇਸ ਨਾਲ ਜ਼ਮੀਨ ਵਿਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ,ਸਿੱਟੇ ਵਜੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਨਾੜ ਨੂੰ ਮਿੱਟੀ ਵਿੱਚ ਰਲਾਉਣ ਨਾਲ ਧਰਤੀ ਦੇ ਆਰਗਨਿਕ ਮਾਦੇ ਦੀ ਪੂਰਤੀ ਹੁੰਦੀ ਹੈ, ਧਰਤੀ ਦੀ ਬਣਤਰ ਠੀਕ ਰਹਿੰਦੀ ਹੈ ਜਿਸ ਨਾਲ ਪਾਣੀ ਜ਼ਜਬ ਕਰਨ ਦੀ ਸ਼ਕਤੀ ਵਧਦੀ ਹੈ।
ਧਿਆਨਦੇਣ ਯੋਗ ਗੱਲ ਇਹ ਹੈ ਕਿ ਜ਼ਮੀਨ ਨੂੰ ਅੱਗ ਲੱਗਣ ਨਾਲ ਬਹੁਤ ਸਾਰੇ ਸੂਖਮ ਜੀਵ ਤੇ ਹੋਰ ਮਿੱਤਰ ਕੀਟ ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ, ਉਹ ਨਸ਼ਟ ਹੋ ਜਾਂਦੇ ਹਨ। ਇਸ ਲਈ ਲੋੜ ਹੈ ਕਿਸਾਨ ਸਮਝਦਾਰੀ ਤੋਂ ਕੰਮ ਲੈਣ ਤੇ ਥੋੜੀ ਜਿਹੀ ਮਿਹਨਤ ਨਾਲ ਨਾੜ ਨੂੰ ਖਾਦ ਦੇ ਰੂਪ ਵਿਚ ਵਰਤ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਰਵਣ ਨੂੰ ਖਰਾਬ ਹੋਣੋਂ ਬਚਾ ਸਕਦੇ ਹਨ। ਨਾੜ ਨੂੰ ਨਾਂ ਸਾੜਨ ‘ਤੇ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ। ਧਰਤੀ ਦੇ ਸੂਖਮ ਤੱਤ ਬਰਕਰਾਰ ਰਹਿੰਦੇ ਹਨ। ਧਰਤੀ ਦੀ ਉਪਰਲੀ ਤਹਿ ਵਿੱਚ ਕਿਸਾਨ ਦੇ ਮਿੱਤਰ ਕੀੜਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ।
ਸਰਕਾਰ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਇਸ ਵਾਰ ਚੁੱਕੇ ਜਾ ਰਹੇ ਕਦਮ:
ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਜ਼ਿਲਿਆਂ ਦੇ ਉੱਚ ਅਫਸਰਾਂ ਦੁਆਰਾਂ ਅਖਬਾਰਾਂ ਵਿੱਚ ਲੱਗੇ ਬਿਆਨ ਪੜੇ ਕਿ ਇਸ ਵਾਰ ਸਰਕਾਰੀ ਅਧਿਕਾਰੀਆਂ ਦੁਆਰਾਂ ਨਾੜ ਨੂੰ ਅੱਗ ਲਗਾਉਣ ਵਾਲਿਆਂ ‘ਤੇ ਸੈਟੇਲਾਈਟ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ ‘ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸੈਟੇਲਾਈਟ ਰਾਹੀਂ ਵੀ ਝੇਨੇ ਦੇ ਨਾੜ ਨੂੰ ਅੱਗ ਲਗਾਉਣ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜਦ ਵੀ ਕੋਈ ਅੱਗ ਲਗਾਉਣ ਦੀ ਕਾਰਵਾਈ ਬਾਰੇ ਸੈਟੇਲਾਈਟ ਰਾਹੀਂ ਕੋਈ ਤਸਵੀਰ ਪ੍ਰਾਪਤ ਹੋਵੇਗੀ ਤਾਂ ਇਨਾਂ ਟੀਮਾਂ ਨੂੰ ਐੱਸ.ਐੱਮ.ਐੱਸ ਰਾਹੀਂ ਅਲਰਟ ਚਲਿਆ ਜਾਇਆ ਕਰੇਗਾ। ਇਹ ਟੀਮਾਂ ਲਗਾਤਾਰ ਚੌਕਸ ਰਹਿਣਗੀਆਂ, ਜੋ ਕਿ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਸਬੰਧੀ ਸੂਚਨਾ ਮਿਲਦੇ ਸਾਰ ਹੀ ਘਟਨਾ ਸਥਾਨ ‘ਤੇ ਪਹੁੰਚਣਗੀਆਂ ਤਾਂ ਜੋ ਉਲੰਘਣਾ ਕਰਨ ਵਾਲੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਇਸ ਨਾੜ ਤੋਂ ‘ਤੇ ਰਹਿੰਦ ਖੂੰਹਦ ਤੋਂ ਛੁਟਕਾਰਾ ਪਵਾਉਣ ਲਈ ਬਣਦੀਆਂ ਸਹੂਲਤਾਂ ਦੇਵੇ ਤਾਂ ਜੋ ਕਿਸਾਨ ਨਾੜ ਨੂੰ ਅੱਗ ਲਗਾਉਣ ਲਈ ਮਜਬੂਰ ਨਾਂ ਹੋਣ। ਕੁਝ ਵਾਤਾਵਰਣ ਹਿਤੈਸ਼ੀ ਸੰਸਥਾਵਾਂ ਤੇ ਕੁਝ ਸੂਝਵਾਨ ਕਿਸਾਨ ਵੀ ਪਰਾਲੀ ਨੂੰ ਅੱਗ ਨਾਂ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਜਿੰਨਾਂ ਦੀ ਪ੍ਰਸੰਸ਼ਾ ਕਰਨੀ ਤੇ ਉਨਾਂ ਨੂੰ ਸਨਮਾਨਿਤ ਕਰਨਾ ਬਣਦਾ ਹੈ। ਸਮੂਹ ਕਿਸਾਨਾਂ ਨੂੰ ਬੇਨਤੀ ਹੈ ਕਣਕ ਅਤੇ ਝੋਨੇ ਦੇ ਨਾੜ ਨੂੰ ਨਾਂ ਸਾੜਿਆ ਜਾਵੇ ਤਾਂ ਜੋ ਅਸੀਂ ਆਪਣੇ ਪੰਜਾਬ ‘ਤੇ ਸਮੁੱਚੇ ਭਾਰਤ ਦੇਸ਼ ਨੂੰ ਖੁਸ਼ਹਾਲ ਦੇਖ ਸਕੀਏ ।

ਲੇਖਕ
ਪ੍ਰਮੋਦ ਧੀਰ
ਜੈਤੋ ਮੰਡੀ (ਫਰੀਦਕੋਟ)
pkjaitu@gmail.com

Share Button

1 thought on “ਝੋਨੇ ਦੀ ਪਰਾਲੀ ਨੂੰ ਸਾੜ ਕੇ ਨਾਂ ਫੂਕੋ ਧਰਤੀ ਮਾਂ ਦਾ ਸੀਨਾ

Leave a Reply

Your email address will not be published. Required fields are marked *