ਝੂਠੇ ਰਿਵਾਜ਼ਾਂ ਉੱਤੇ ਕਟਾਖ਼ਸ਼ੀ ਵਿਅੰਗ ਕਸਦੀ ਫ਼ਿਲਮ: ਵੇਖ ਬਰਾਤਾਂ ਚੱਲੀਆਂ

ss1

ਝੂਠੇ ਰਿਵਾਜ਼ਾਂ ਉੱਤੇ ਕਟਾਖ਼ਸ਼ੀ ਵਿਅੰਗ ਕਸਦੀ ਫ਼ਿਲਮ: ਵੇਖ ਬਰਾਤਾਂ ਚੱਲੀਆਂ

28 ਜੁਲਾਈ 2017 ਨੂੰ ਰਿਲੀਜ਼ ਨਿਰਦੇਸ਼ਕ ਕਿਸ਼ਿਤਿਜ ਚੌਧਰੀ ਦੀ ਫ਼ਿਲਮ “ਵੇਖ ਬਰਾਤਾਂ ਚੱਲੀਆਂ” ਸਮਾਜ ਦੇ ਬੇ-ਬੁਨਿਆਦ ਰਿਵਾਜ਼ਾਂ ‘ਤੇ ਕਟਾਖਸ਼ੀ ਵਿਅੰਗ ਕਸਦੀ ਕਾਮੇਡੀ ਫ਼ਿਲਮ ਹੈ। ਵਿਆਹ ਕਰਨ ਲਈ ਕੁੰਡਲੀਆਂ ਮੇਲਣਾ ਅਤੇ ਉਹਨਾਂ ਸੰਬੰਧੀ ਭਾਂਤ-ਭਾਂਤ ਦੇ ਗੁਣਾਂ-ਦੋਸ਼ਾਂ ਨਾਲ ਜੁੜੇ ਕਈ ਝੂਠੇ ਰਸਮਾਂ-ਰਿਵਾਜ਼ਾਂ ਦਾ ਖੰਡਨ ਕਰਕੇ ਸਮਾਜ ਨੂੰ ਇੱਕ ਸੇਧ ਦੇਣਾ, ਏਸ ਫ਼ਿਲਮ ਦਾ ਕੇਂਦਰੀ ਥੀਮ ਹੈ।ਲੀਡ ਅਦਾਕਾਰਾਂ ਵਿੱਚ ਬੀਨੂੰ ਢਿੱਲੋਂ, ਰਣਜੀਤ ਬਾਵਾ, ਕਵਿਤਾ ਕੌਸ਼ਿਕ ਦਾ ਕੰਮ ਕਾਫ਼ੀ ਵਧੀਆ ਹੈ। ਫ਼ਿਲਮ ਦੀ ਕਹਾਣੀ ਦੋ ਹਰਿਆਣਵੀ ਭੈਣਾਂ ਸਰਲਾ (ਕਵਿਤਾ ਕੌਸ਼ਿਕ) ਅਤੇ ਸਰੋਜ (ਅਨੁਪ੍ਰਿਆ ਗੋਇਨਕਾ) ਦੇ ਵਿਆਹ ਨਾਲ ਜੁੜੀ ਹੈ। ਇਹਨਾਂ ਦਾ ਪਿਤਾ ਜ਼ਿੱਲ੍ਹਾ ਸਿੰਘ ਡਾਂਗੀ (ਗੋਵਿੰਦ ਨਾਮਦੇਵ) ਆਪਣੀਆਂ ਧੀਆਂ ਦੇ ਵਿਆਹ ਲਈ ਕੁੰਡਲੀਆਂ ਉੱਪਰ ਅਟੁੱਟ ਵਿਸ਼ਵਾਸ ਕਰਦਾ ਹੈ। ਇਸਦਾ ਕਾਰਨ ਸਰੋਜ ਦਾ ਵਸਦਾ ਘਰ ਉੱਜੜ ਜਾਣਾ ਰਿਹਾ ਹੈ ਅਤੇ ਓਸ ਘਾਟੇ ਤੋਂ ਬਾਅਦ ਉਹਨਾਂ ਦਾ ਬਾਪ ਕੁੰਡਲੀਆਂ ਤੇ ਹੋਰ ਯਕੀਨ ਪੱਕਾ ਕਰ ਲੈਂਦਾ ਹੈ।
ਦੂਜੇ ਪਾਸੇ ਜਗਤਾਰ ਸਿੰਘ ਜੱਗੀ (ਬੀਨੂੰ ਢਿੱਲੋਂ) ਨੂੰ ਕਾਫ਼ੀ ਉਮਰ ਲੰਘਾ ਕੇ ਆਪਣੀ ਹੀ ਬੱਸ ਦੀ ਕੰਡਕਟਰੀ ਦੌਰਾਨ ਹਰਿਆਣਵੀ ਕੁੜੀ ਸਰਲਾ ਨਾਲ ਮੁਹੱਬਤ ਹੋ ਜਾਂਦੀ ਹੈ ਅਤੇ ਉਸਨੂੰ ਮੰਗਲੀਕ ਹੋਣ ਕਾਰਨ ਕੁੰਡਲੀ ਦੋਸ਼ ਦੂਰ ਕਰਨ ਲਈ ਕੁੱਤੀ ਨਾਲ ਵਿਆਹ ਕਰਨ ਦੀ ਸ਼ਰਤ ਰੱਖੀ ਜਾਂਦੀ ਹੈ। ਪਿਆਰ ਨੇਪਰੇ ਕਰਨ ਲਈ ਬੀਨੂੰ ਏਹ ਸ਼ਰਤ ਵੀ ਪੂਰੀ ਕਰਦਾ ਹੈ ਪਰ ਫ਼ੇਰ ਵੀ ਓਸ ਕੁੱਤੀ ਦੇ ਨਾ ਮਰਨ ਕਰਕੇ (ਪੰਡਿਤ ਦੇ ਕਹਿਣ ਅਨੁਸਾਰ )ੇ ਓਸਦਾ ਰਿਸ਼ਤਾ ਸਿਰੇ ਨਹੀਂ ਚੜ੍ਹ ਪਾਉਂਦਾ। ਏਸੇ ਦੌਰਾਨ ਸਰਲਾ ਦੀ ਭੈਣ ਸਰੋਜ ਦਾ ਪਹਿਲਾ ਦੋਸਤ ਸੁਬੇਗ (ਅਮਰਿੰਦਰ ਗਿੱਲ) ਸਪੈਸ਼ਲ ਅਪੀਐਰੈਂਸ ਰਾਹੀਂ ਏਹਨਾਂ ਰਸਮਾਂ ਰਿਵਾਜ਼ਾਂ ਦਾ ਖੰਡਨ ਕਰਦਾ ਹੈ। ਅਸਲ ਵਿੱਚ ਜਿਸ ਕੁੱਤੀ (ਲੂਸੀ) ਨਾਲ ਵਿਆਹ ਕਰਵਾ ਕੇ ਬੀਨੂੰ ਨੂੰ ਕੁੰਡਲੀ ਦੋਸ਼ ਦੂਰ ਕਰਨ ਦੀ ਗੱਲ ਹੋਈ ਸੀ ਉਹ ਓਸੇ ਦਾ ਮਾਲਕ ਹੋਣ ਨਾਤੇ ਸਭ ਦੀਆਂ ਅੱਖਾਂ ਖੋਲ੍ਹਦਾ ਹੈ ਕਿ ਬੇਜ਼ੁਬਾਨ ਜਾਨਵਰਾਂ ਨੂੰ ਮਾਰਨ ਨਾਲ ਜਾਂ ਬੇ-ਬੁਨਿਆਦੀ ਰਸਮਾਂ ਅੱਗੇ ਸੱਚਾ ਪਿਆਰ ਤੇ ਨਿਭਾਉਣ ਦੀ ਸਮਰੱਥ ਹਮੇਸ਼ਾ ਜਿੱਤਦੀ ਹੈ। ਇਸਦੇ ਨਾਲ ਹੀ ਜੱਗੀ (ਬੀਨੂੰ ਢਿੱਲੋਂ) ਦੇ ਤਾਏ ਦੇ ਮੁੰਡੇ ਸ਼ਿੰਦੀ (ਰਣਜੀਤ ਬਾਵਾ) ਵੱਲੋਂ ਵੀ ਵੀਜ਼ਾ ਲਗਾਉਣ ਲਈ ਮੱਛੀਆਂ ਨੂੰ ਆਟਾ, ਕਾਵਾਂ ਨੂੰ ਰੋਟੀ ਪਾਉਣਾ ਅਤੇ ਵਿਆਹ ਕਰਵਾਉਣ ਲਈ ਪਿੰਡ ਵਿੱਚ ਭਾਜੀ ਵੰਡਣਾ ਆਦਿ ਦੇ ਪਾਖੰਡ ਫ਼ਿਲਮ ਵਿੱਚ ਦਿਲਸਚਪੀ ਲਿਆਉਂਦੇ ਹਨ।ਸ਼ਿੰਦੀ ਕਾਫ਼ੀ ਥਾਵਾਂ ਤੇ ਸ਼ਰੀਕੇਬਾਜ਼ੀ ਕਰਦਾ ਦਰਸ਼ਕਾਂ ਨੂੰ ਹਸਾਉਂਦਾ ਹੈ। ਸ਼ਿੰਦੀ ਦੇ ਏਹ ਕਾਰਨਾਮੇ ਜਿੱਥੇ ਫ਼ਿਲਮ ਲਈ ਕਾਮੇਡੀ ਪੰਚ ਨੇ ਓਥੇ ਨਿਰਦੇਸ਼ਕ ਨੇ ਸਮਾਜ ਵਿੱਚ ਕੁੰਡਲੀਆਂ ਮੇਲਣ ਦੇ ਨਾਲ-ਨਾਲ ਹੋਰ ਝੂਠੇ ਪਾਖੰਡਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਫ਼ਿਲਮ ਵਿਚਲੀ ਕਹਾਣੀ ਦਾ ਟਵਿਸਟ ਅਤੇ ਸੁਬੇਗ ਦੀ ਆਮਦ ਬਹੁਤ ਹੀ ਦਿਲਚਸਪ ਤਰੀਕੇ ਨਾਲ ਜੁੜੇ ਹਨ। ਫ਼ਿਲਮ ਵਿਚਲੀ ਲੂਸੀ ਦਰਅਸਲ ਸਰਲਾ ਦੀ ਭੈਣ ਸਰੋਜ ਵੱਲੋਂ ਸੁਬੇਗ ਨੂੰ ਦਿੱਤੀ ਨਿਸ਼ਾਨੀ ਸੀ ਪਰ ਉਸਦੇ ਬਾਪ ਦੀ ਜ਼ਿੱਦ ਕਾਰਨ ਹੀ ਸਰੋਜ ਤੇ ਸੁਬੇਗ ਦਾ ਰਿਸ਼ਤਾ ਵੀ ਨਹੀਂ ਜੁੜਿਆ ਸੀ। ਸਮਾਪਤੀ ਤੇ ਫ਼ਿਲਮ ਬਹੁਤ ਹੀ ਖੂਬਸੂਰਤ ਸੁਨੇਹਾ ਦਿੰਦੀ ਹੈ ਕਿ ਜ਼ਿੰਦਗੀ-ਮੌਤ, ਖੁਸ਼ੀਆਂ-ਗਮੀਆਂ, ਦੁੱਖ-ਸੁੱਖ ਕਿਸੇ ਕਰਮਕਾਂਡ ਦੇ ਮੁਥ੍ਹਾਜ ਨਹੀਂ ਸਗੋਂ ਜ਼ਿੰਦਗੀ ਦੀ ਹਰ ਖੁਸ਼ੀ ਸਿਰਫ਼ ਸਹੀ ਫ਼ੈਸਲਿਆਂ ਤੇ ਟਿਕੀ ਹੁੰਦੀ ਹੈ।
ਫ਼ਿਲਮ ਦੀ ਕਹਾਣੀ ਅਤੇ ਸਕਰਿਪਟ ਗੁੰਦਵੀਂ ਹੈ। ਸਾਰੇ ਅਦਾਕਾਰਾਂ ਕਰਮ ਸਿੰਘ ਵੜੈਚ (ਜਸਵਿੰਦਰ ਭੱਲਾ), ਗੁਰਮੀਤ ਕੌਰ (ਰੁਪਿੰਦਰ ਬਰਨਾਲਾ), ਰੇਸ਼ਮ ਡਰਾਈਵਰ (ਕਰਮਜੀਤ ਅਨਮੋਲ), ਗੁਰਮੀਤ ਸਾਜਨ, ਪਰਮਿੰਦਰ ਬਰਨਾਲਾ ਨੇ ਆਪਣੇ ਕਿਰਦਾਰਾਂ ਅਨੁਸਾਰ ਸਲਾਹੁਣਯੋਗ ਕੰਮ ਕੀਤਾ ਹੈ।
ਫ਼ਿਲਮ ਦਾ ਆਕਰਸ਼ਣ ਪੰਜਾਬੀ ਦੇ ਨਾਲ-ਨਾਲ ਹਰਿਆਣਵੀ ਬੋਲੀ ਦਾ ਸੁਆਦ ਹੈ। ਪੰਜਾਬੀ ਸਿਨਮੇ ਵਿੱਚ ਦੋ ਰਾਜਾਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀ ਇਹ ਨਿਵੇਕਲੀ ਕੋਸ਼ਿਸ਼ ਸਿਨਮਾ ਘਰਾਂ ਵਿੱਚ ਕਾਫ਼ੀ ਦਰਸ਼ਕ ਖਿੱਚ ਰਹੀ ਹੈ। ਕਿਤੇ ਨਾ ਕਿਤੇ ਏਸ ਆਈਡੀਏ ਪਿੱਛੇ ਬਾਲੀਵੁੱਡ ਫ਼ਿਲਮ “ਦੰਗਲ” ਦੀ ਪ੍ਰਸਿੱਧੀ ਅਤੇ ਡੇਰਾ ਸਰਸਾ ਦੇ ਮੁਖੀ ਸੰਤ ਰਾਮ ਰਹੀਮ ਵੱਲੋਂ ਬਣਾਈ ਫ਼ਿਲਮ “ਜੱਟੂ ਇੰਜਨੀਅਰ” ਦਾ ਅਸਰ ਹੈ। ਬੇਸ਼ੱਕ ਜੱਟੂ ਇੰਜਨੀਅਰ ਦੀ ਪਾਪੂਲੈਰਿਟੀ ਪਿੱਛੇ ਧਾਰਮਿਕ ਪੱਖ ਭਾਰਾ ਰਿਹਾ ਹੋਵੇ ਪਰ ਏਸ ਦੇ ਵਿਸ਼ੇ ਅਤੇ ਹਰਿਆਣਵੀ ਲੋਕਾਂ ਦੀ ਜੀਵਨ-ਸ਼ੈਲ਼ੀ ਦੀ ਪੇਸ਼ਕਾਰੀ ਕਾਰਨ ਫ਼ਿਲਮ ਮਾਸ ਅਪੀਲ ਕਰਨ ਦੇ ਕਾਬਿਲ ਰਹੀ। ਦਰਅਸਲ ਪੰਜਾਬੀ ਇੰਡਸਟਰੀ ਨੂੰ ਏਸ ਗੱਲ ਦੀ ਲੋੜ ਵੀ ਹੈ ਕਿ ਉਹ ਆਪਣੇ ਦਰਸ਼ਕ ਵਰਗ ਦਾ ਘੇਰਾ ਵਿਸ਼ਾਲ ਕਰੇ। ਮੁਕਾਬਲੇ ਦੀ ਹੋੜ੍ਹ ਵਿੱਚ ਅਜਿਹੀ ਕੋਸ਼ਿਸ਼ ਸੋਨੇ ਤੇ ਸੁਹਾਗੇ ਨਿਆਈਂ ਹੈ। ਅੱਜ ਜਿੱਥੇ ਬਾਲੀਵੁੱਡ ਇੰਡਸਟਰੀ ਪੰਜਾਬੀ ਟੱਚ ਦੀਆਂ ਫ਼ਿਲਮਾਂ ਪੰਜਾਬੀ ਕਲਾਕਾਰਾਂ ਨੂੰ ਹੀ ਲੈ ਕੇ ਬਣਾ ਰਹੀ ਹੈ ਉਸਦੇ ਸਾਹਵੇਂ ਪੰਜਾਬੀ ਨਿਰਦੇਸ਼ਕਾਂ ਨੂੰ ਵੀ ਅਜਿਹੇ ਚੁਨੌਤੀਪੂਰਨ ਕਾਰਜ ਕਰਨੇ ਹੀ ਪੈਣਗੇ। ਖ਼ੈਰ, ਦਰਸ਼ਕਾਂ ਨੇ ਭਰਪੂਰ ਪਿਆਰ ਦੇ ਕੇ ਫ਼ਿਲਮ ਵੇਖ ਬਰਾਤਾਂ ਚੱਲੀਆਂ ਦੇ ਸਿਰ ਸਫ਼ਲਤਾ ਦਾ ਸਿਹਰਾ ਬੰਨ੍ਹਿਆ ਹੈ। ਉਮੀਦ ਹੈ ਅੱਗੋਂ ਵੀ ਅਜਿਹੀਆਂ ਕੋਸ਼ਿਸ਼ਾਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਜਾਰੀ ਰਹਿਣਗੀਆਂ।

ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217

Share Button

Leave a Reply

Your email address will not be published. Required fields are marked *