ਜੱਗਾ ਜੱਟ ਨੀ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਮਾਪੇ: ਭੈਣ ਗੁਲਾਬ ਕੌਰ

ss1

ਜੱਗਾ ਜੱਟ ਨੀ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਮਾਪੇ: ਭੈਣ ਗੁਲਾਬ ਕੌਰ
ਮੇਰੇ ਵੀਰ ਦੇ ਨਾਮ ਨਾਲੋਂ ਡਾਕੂ ਹਟਾ ਦਿਓ ਬੱਸ…..
ਨਹੀਂ ਰਹੀ ਲੋਕ ਨਾਇਕ ਜੱਗਾ ਜੱਟ ਉਰਫ਼ ਜੱਗਾ ਡਾਕੂ ਦੀ ਧੀ ਰੇਸ਼ਮ ਕੌਰ

ਸੰਨ 1892 ‘ਚ ਮੌਜੂਦਾ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਵਿਖੇ ਜਨਮੇ ਜਗਤ ਸਿੰਘ ਜੱਗਾ ਉਰਫ਼ ਜੱਗਾ ਡਾਕੂ ਦੀ ਇਕਲੌਤੀ ਧੀ ਬੀਬੀ ਰੇਸ਼ਮ ਕੌਰ ਕਰੀਬ 106 ਵਰ੍ਹੇ ਦੀ ਉਮਰ ਭੋਗ ਕੇ ਬੀਤੀ ਰਾਤ ਅਕਾਲ ਚਲਾਣਾ ਕਰ ਗਈ | ਅੱਜ ਸਵੇਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਬਨਵਾਲਾ ਅਣੂ ਦੇ ਸ਼ਮਸ਼ਾਨਘਾਟ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ | ਦੱਸਣਯੋਗ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਜੱਗੇ ਦੀ ਪਤਨੀ ਬੀਬੀ ਇੰਦਰ ਕੌਰ ਨੂੰ ਜ਼ਿਲ੍ਹਾ ਮਾਨਸਾ ‘ਚ ਜ਼ਮੀਨ ਅਲਾਟ ਕੀਤੀ ਗਈ ਸੀ ਅਤੇ ਬਾਅਦ ਵਿਚ ਉਸ ਨੇ ਆਪਣੀ ਧੀ ਗੁਲਾਬ ਕੌਰ (ਸੋਹਰਿਆਂ ਨਾਂਅ ਰੇਸ਼ਮ ਕੌਰ) ਨਾਲ ਪਿੰਡ ਬਨਵਾਲਾ ਅਣੂ ਕੇ ਰਹਿਣਾ ਸ਼ੁਰੂ ਕਰ ਦਿੱਤਾ | ਬੀਬੀ ਰੇਸ਼ਮ ਕੌਰ ਆਪਣੀ ਜ਼ਿੰਦਗੀ ਦੇ ਅੰਤ ਤੱਕ ਪੰਜਾਬੀਆਂ ਦੇ ਲੋਕ-ਨਾਇਕਾਂ ਨਾਲ ਇਨਸਾਫ਼ ਕਰਦਿਆਂ ਉਸ ਦੇ ਪਿਤਾ ਦੇ ਨਾਂਅ ਨਾਲੋਂ ਡਾਕੂ ਸ਼ਬਦ ਹਟਾਏ ਜਾਣ ਦੀ ਮੰਗ ਕਰਦੀ ਰਹੀ | ਉਸ ਦਾ ਦਾਅਵਾ ਸੀ ਕਿ ਉਸ ਦਾ ਪਿਤਾ ਜਗਤ ਸਿੰਘ ਡਾਕੂ ਨਹੀਂ ਸਗੋਂ ਇਕ ਕ੍ਰਾਂਤੀਕਾਰੀ ਸੀ | ਉਸ ਦਾ ਸਾਫ਼ ਤੌਰ ‘ਤੇ ਕਹਿਣਾ ਸੀ ਕਿ ਅੰਗਰੇਜ਼ ਹਕੂਮਤ ਲਈ ਜੱਗਾ ਜੱਟ ਅਤੇ ਮੁਗ਼ਲ ਹਕੂਮਤ ਲਈ ਦੁੱਲਾ ਭੱਟੀ ਸਿਰਫ਼ ਡਾਕੂ ਹੀ ਸਨ, ਕਿਉਂਕਿ ਹਰ ਹਕੂਮਤ ਆਪਣੀਆਂ ਗ਼ਲਤ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਬਾਗ਼ੀ, ਲੁਟੇਰਾ, ਡਾਕੂ ਜਾਂ ਅੱਤਵਾਦੀ ਆਦਿ ਨਾਵਾਂ ਨਾਲ ਹੀ ਸੰਬੋਧਿਤ ਕਰਦੀ ਆਈ ਹੈ ਪਰ ਇਹ ਜ਼ਰੂਰੀ ਨਹੀਂ ਕਿ ਜੋ ਕ੍ਰਾਂਤੀਕਾਰੀ ਜਾਂ ਸਮਾਜ ਸੁਧਾਰਕ ਹਕੂਮਤ ਦੀਆਂ ਨਜ਼ਰਾਂ ‘ਚ ਡਾਕੂ ਜਾਂ ਦਹਿਸ਼ਤਗਰਦ ਹੋਣ, ਉਨ੍ਹਾਂ ਨੂੰ ਸਮਾਜ ਵੀ ਇਕ ਡਾਕੂ, ਲੁਟੇਰੇ ਜਾਂ ਅਪਰਾਧੀ ਦੀ ਹੈਸੀਅਤ ਨਾਲ ਹੀ ਯਾਦ ਰੱਖਿਆ ਜਾਵੇ | ਜਗਤ ਸਿੰਘ ਜੱਗਾ ਦੀ ਜ਼ਿੰਦਗੀ ਦੇ ਹਰ ਪਲ ਦੀ ਰਾਜ਼ਦਾਰ ਉਸ ਦੀ ਧੀ ਗੁਲਾਬ ਕੌਰ, ਜਿਸ ਨੂੰ ਉਹ ਲਾਡ ਨਾਲ ਗੇਬੋ ਕਹਿੰਦਾ ਸੀ, ਜੱਗੇ ਜੱਟ ਨੂੰ ‘ਡਾਕੂ’ ਦੇ ਰੂਪ ‘ਚ ਪੇਸ਼ ਕਰਨ ਵਾਲੇ ਕਿੱਸਾਕਾਰਾਂ ਅਤੇ ਕਹਾਣੀਕਾਰਾਂ ਨਾਲ ਵੀ ਨਾਲ ਡਾਢੀ ਨਾਰਾਜ਼ ਰਹੀ | ਦੱਸਿਆ ਜਾਂਦਾ ਹੈ ਕਿ ਮਜ਼ਲੂਮ ਔਰਤਾਂ ਦੇ ਮਾਣ-ਸਨਮਾਨ ਦੀ ਰਾਖੀ ਕਰਦਿਆਂ ਜੱਗੇ ਦੀ ਪਿੰਡ ਕਲਮੋਕਲ ਦੇ ਜ਼ੈਲਦਾਰ ਅਤੇ ਸ਼ੇਖੁਪੁਰਾ ਦੇ ਪੁਲਿਸ ਅਧਿਕਾਰੀ ਨਾਲ ਝੜਪ ਹੋਣ ‘ਤੇ ਉਨ੍ਹਾਂ ਨੇ ਬਦਲਾ ਲੈਣ ਲਈ ਜੱਗੇ ਦੇ ਸਾਰੇ ਡੰਗਰ-ਪਸ਼ੂ ਆਪਣੇ ਕਬਜ਼ੇ ‘ਚ ਲੈ ਲਏ, ਉਸ ਦੇ ਪਿੰਡ ਸਿੱਧੂਪੁਰ, ਅਟਾਰੀ ਅਤੇ ਤਲਵੰਡੀ ਵਿਚਲੇ ਤਿੰਨਾਂ ਖੂਹਾਂ ਦੇ ਬੰਨ੍ਹੇ ਢਾਹ ਕੇ ਉਨ੍ਹਾਂ ਨੂੰ ਮਿੱਟੀ ਅਤੇ ਗੰਦ ਨਾਲ ਭਰ ਦਿੱਤਾ ਅਤੇ ਖੇਤਾਂ ‘ਚ ਖੜੀ ਫ਼ਸਲ ‘ਤੇ ਸੁਹਾਗਾ ਫ਼ੇਰ ਦਿੱਤਾ ਤੇ ਅੱਗ ਲਗਵਾ ਦਿੱਤੀ | ਜ਼ੈਲਦਾਰ ਦੀ ਝੂਠੀ ਸ਼ਿਕਾਇਤ ‘ਤੇ ਜੱਗੇ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਪਰ ਉਹ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਭੱਜ ਨਿਕਲਿਆ ਅਤੇ ਭਗੌੜਾ ਹੋ ਗਿਆ | ਇਸ ਤੋਂ ਬਾਅਦ ਉਸ ਨੇ ਆਪਣੀ ਇਕ ਟੋਲੀ ਤਿਆਰ ਕਰ ਕੇ ਆਪਣੇ ਬਚਪਨ ਦੇ ਮਿੱਤਰਾਂ ਨੂੰ ਉਸ ‘ਚ ਸ਼ਾਮਿਲ ਕਰਕੇ ਬੰਦੂਕਾਂ ਅਤੇ ਗੋਲੀ-ਸਿੱਕਾ ਇਕੱਠਾ ਕੀਤਾ, ਕਿਉਂਕਿ ਤਾਨਾਸ਼ਾਹ ਅਤੇ ਗ਼ਰੀਬਾਂ ਦਾ ਲਹੂ ਚੂਸਣ ਵਾਲੇ ਜ਼ਾਲਮ ਸ਼ਾਹੂਕਾਰਾਂ ਦਾ ਮੁਕਾਬਲਾ ਕਰਨ ਲਈ ਉਸ ਨੂੰ ਬੰਦੂਕਾਂ ਦੀ ਲੋੜ ਸੀ | ਉਸ ਤੋਂ ਬਾਅਦ ਜੱਗੇ ਦੇ ਸਾਥੀਆਂ ਨੇ ਆਸ-ਪਾਸ ਦੇ ਪਿੰਡਾਂ ਕਾਲੂਖਾਰਾ, ਰਾਮ ਥੰਮ੍ਹਣ, ਘਮਿਆਰੀ, ਮੰਡਿਆਲੀ, ਕਲਮੋਕਲ, ਭਾਈ ਫੇਰੂ ਆਦਿ ਪਿੰਡਾਂ ‘ਚ ਰਹਿੰਦੇ ਗ਼ਰੀਬਾਂ ਦਾ ਲਹੂ ਚੂਸਣ ਵਾਲੇ ਸ਼ਾਹੂਕਾਰਾਂ ਦੀਆਂ ਹਵੇਲੀਆਂ ‘ਚ ਕਈ ਡਾਕੇ ਮਾਰੇ ਅਤੇ ਧਨ-ਦੌਲਤ ਲੁੱਟਣ ਦੇ ਨਾਲ-ਨਾਲ ਉਨ੍ਹਾਂ ਦੀਆਂ ਵਹੀਆਂ ਨੂੰ ਵੀ ਅੱਗ ਲਗਾ ਦਿੱਤੀ | ਇਸ ਦੌਰਾਨ ਉਸ ਦੁਆਰਾ ਮਾਰੇ ਵੱਡੇ ਡਾਕਿਆਂ ‘ਚੋਂ ਸੈਦਪੁਰ, ਲਾਇਲਪੁਰ, ਸਾਹੀਵਾਲ ਤੇ ਡਸਕਾ ਦੇ ਡਾਕੇ ਵਧੇਰੇ ਪ੍ਰਸਿੱਧ ਰਹੇ ਅਤੇ ਲੋਕ ਗੀਤਾਂ ਦਾ ਹਿੱਸਾ ਬਣ ਗਏ | ਇਨ੍ਹਾਂ ਡਾਕਿਆਂ ਨੇ ਆਸ-ਪਾਸ ਦੇ ਇਲਾਕਿਆਂ ਦੇ ਸ਼ਾਹੂਕਾਰਾਂ, ਪੁਲਿਸ ਅਤੇ ਅੰਗਰੇਜ਼ ਸਰਕਾਰ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ | ਰੇਸ਼ਮ ਕੌਰ ਦਾ ਦਾਅਵਾ ਸੀ ਕਿ ਜੱਗਾ ਹਰ ਵਾਰ ਡਾਕਾ ਮਾਰਨ ਤੋਂ ਬਾਅਦ ਲੁੱਟਿਆ ਧਨ ਜ਼ਰੂਰਤਮੰਦਾਂ ‘ਚ ਵੰਡ ਦਿੰਦਾ ਜਾਂ ਗ਼ਰੀਬ ਮਾਪਿਆਂ ਦੀਆਂ ਧੀਆਂ ਦੇ ਵਿਆਹ ਕਰਵਾ ਦਿੰਦਾ ਅਤੇ ਇਸ ਤੋਂ ਇਲਾਵਾ ਉਸ ਨੇ ਉਸ ਸਮੇਂ ਦੀਆਂ ਕਈ ਸਮਾਜਿਕ ਕੁਰੀਤੀਆਂ ਨੂੰ ਵੀ ਖ਼ਤਮ ਕੀਤਾ | ਅੰਤ ਕਸੂਰ ਸ਼ਹਿਰ ਦੇ ਪਿੰਡ ਸਿੱਧੂਪੁਰ ‘ਚ ਦੇਸ਼ ਦੀ ਵੰਡ ਤੋਂ 31 ਵਰ੍ਹੇ ਪਹਿਲਾਂ ਸੰਨ 1916 ‘ਚ ਇਕ ਫ਼ਕੀਰ ਦੇ ਡੇਰੇ ‘ਤੇ ਉਸ ਦੀ ਗੋਲੀਆਂ ਦਾਗ਼ ਕੇ ਹੱਤਿਆ ਕਰ ਦਿੱਤੀ ਗਈ |

ਸੁਖਮੰਦਰ ਸੁੱਖੀ ਬਠਿੰਡਾ / ਹਰਜੀਤ ਕਾਤਿਲ ਸ਼ੇਰਪੁਰ।

Share Button

Leave a Reply

Your email address will not be published. Required fields are marked *