Sun. Sep 15th, 2019

ਜੰਡਿਆਲਾ ਗੁਰੂ ਸ਼ਹਿਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ, ਕਾਂਗਰਸੀ ਕੌਂਸਲਰ ਦੇ ਪਤੀ ਦਾ ਬੇ-ਰਹਿਮੀ ਨਾਲ ਕਤਲ

ਜੰਡਿਆਲਾ ਗੁਰੂ ਸ਼ਹਿਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ, ਕਾਂਗਰਸੀ ਕੌਂਸਲਰ ਦੇ ਪਤੀ ਦਾ ਬੇ-ਰਹਿਮੀ ਨਾਲ ਕਤਲ

ਜੰਡਿਆਲਾ ਗੁਰੂ, 25 ਅਗਸਤ ਵਰਿੰਦਰ ਸਿੰਘ :- ਬੀਤੀ ਰਾਤ ਸ਼ਹਿਰ ਦੇ ਮੁੱਖ ਵਾਲਮੀਕੀ ਚੌਂਕ ਵਿੱਚ ਦੋ ਕਾਂਗਰਸੀ ਧੜਿਆਂ ਦਰਮਿਆਨ ਮਾਮੂਲੀ ਝਗੜੇ ਤੋਂ ਬਾਅਦ ਪੁਲੀਸ ਦੀ ਮੌਜੂਦਗੀ ਵਿੱਚ ਵਾਰਡ ਨੰਬਰ ਛੇ ਦੀ ਕਾਂਗਰਸੀ ਕੌਂਸਲਰ ਕੰਵਲਜੀਤ ਕੌਰ ਦੇ ਪਤੀ ਕੁਲਵਿੰਦਰ ਸਿੰਘ ਕਿੰਦਾ ਦਾ ਦੂਸਰੇ ਧੜੇ ਦੇ ਲੋਕਾਂ ਵਲੋਂ ਬਹੁਤ ਬੇ-ਰਹਿਮੀ ਨਾਲ ਤੇਜ਼ਧਾਰ ਹੱਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਵਿਜੇ ਕੁਮਾਰ ਮਲਹੋਤਰਾ ਵਲੋਂ ਪੁਲੀਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਰਾਤ ਕਰੀਬ 9.30 ਵਜੇ ਸਥਾਨਕ ਵਾਲਮੀਕੀ ਚੌਂਕ ਵਿੱਚ ਸਥਿਤ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਦੇ ਘਰ ਦੇ ਬਾਹਰ ਉਨ੍ਹਾਂ ਦੇ ਭਤੀਜੇ ਹਨੀ ਮਲਹੋਤਰਾ ਅਤੇ ਰਿਸ਼ਲ ਸੈਨੀ ਦੇ ਦਰਮਿਆਨ ਮਾਮੂਲੀ ਤਕਰਾਰ ਹੋਈ। ਉਥੇ ਮੌਜੂਦ ਲੋਕਾਂ ਵਲੋਂ ਇਨ੍ਹਾਂ ਦੋਹਾਂ ਨੂੰ ਸਮਝਾਕੇ ਆਪਣੇ-ਆਪਣੇ ਘਰ ਭੇਜ ਦਿੱਤਾ। ਵਿਜੇ ਮਲਹੋਤਰਾ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਸਾਡੇ ਨਾਲ ਸਿਆਸੀ ਰੰਜਸ਼ ਰੱਖਣ ਵਾਲੇ ਸੰਜੀਵ ਕੁਮਾਰ ਲਵਲੀ, ਸੰਜੀਵ ਕੁਮਾਰ ਹੈਪੀ, ਰਿਸ਼ਲ ਸੈਨੀ, ਰਾਜਦੀਪ ਸੈਨੀ, ਕਿਰਨ ਕੁਮਾਰ, ਪਰਗਟ ਸਿੰਘ, ਕ੍ਰਿਸ਼ਨਾ ਅਰੋੜਾ, ਹਨੀ ਸਿੰਘ, ਰਜਿੰਦਰ ਸਿੰਘ ਰਿੰਕੂ, ਰਕੇਸ਼ ਕੁਮਾਰ ਰਿੰਪਾ ਅਤੇ ਸੱਤ ਅੱਠ ਅਣਪਛਾਤੇ ਵਿਅਕਤੀ ਸਾਡੇ ਘਰ ਦੇ ਬਾਹਰ ਲਲਕਾਰੇ ਮਾਰਦੇ ਹੋਏ ਆਏ ਅਤੇ ਗਾਲਾਂ ਕੱਢਣ ਲੱਗੇ। ਵਿਜੇ ਕੁਮਾਰ ਨੇ ਕਿਹਾ ਕਿ ਸਾਡੇ ਘਰ ਉਸ ਸਮੇਂ ਇੱਕ ਘਰੇਲੂ ਪਾਰਟੀ ਵਿੱਚ ਸ਼ਾਮਲ ਹੋਣ ਪਹੁੰਚੇ ਰਣਧੀਰ ਸਿੰਘ ਕੌਂਸਲਰ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਪ੍ਰਭਜੋਤ ਸਿੰਘ ਸਾਡੇ ਘਰ ਦੇ ਬਾਹਰ ਆਪਣੀ ਕਾਰ ਵਿਚੋਂ ਨਿਕਲੇ ਤਾਂ ਉਪਰੋਕਤ ਹਮਲਾਵਰਾਂ ਨੇ ਇਨ੍ਹਾਂ ਉਪਰ ਤੇਜਧਾਰ ਹੱਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇਹ ਹਮਲਾਵਰ ਕੁਲਵਿੰਦਰ ਸਿੰਘ ਕਿੰਦਾ ਨੂੰ ਇੱਕ ਪਾਸੇ ਖਿੱਚਕੇ ਲੈ ਗਏ ਅਤੇ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜਖਮੀ ਕਰ ਦਿੱਤਾ। ਜਦੋਂ ਉਸ ਨੂੰ ਇਲਾਜ ਵਾਸਤੇ ਅੰਮ੍ਰਿਤਸਰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਕੁਲਵਿੰਦਰ ਸਿੰਘ ਕਿੰਦਾ ਦੇ ਮੌਤ ਦੀ ਖੱਬਰ ਨਾਲ ਸ਼ਹਿਰ ਵਿੱਚ ਸ਼ੋਗ ਦੀ ਲਹਿਰ ਦੌੜ ਗਈ। ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰ ਅਤੇ ਵਿਧਵਾ ਕੋਂਸਲਰ ਪਤਨੀ ਛੱਡ ਗਿਆ ਹੈ।
ਵਰਨਣਯੋਗ ਹੈ ਕਿ ਇਹ ਸਾਰੀ ਘਟਨਾ ਉੱਥੇ ਮੌਜੂਦ ਪੁਲੀਸ ਅਫਸਰਾਂ ਦੀ ਹਾਜਰੀ ਵਿੱਚ ਵਾਪਰੀ। ਮੌਕੇ ‘ਤੇ ਕਵਰੇਜ ਕਰਨ ਲਈ ਪਹੁੰਚੇ ਪੱਤਰਕਾਰਾਂ ਨਾਲ ਵੀ ਉੱਥੇ ਮੌਜੂਦ ਥਾਣਾ ਜੰਡਿਆਲਾ ਗੁਰੁ ਦੀ ਪੁਲੀਸ ਵਲੋਂ ਮਾੜਾ ਵਿਹਾਰ ਕੀਤਾ ਗਿਆ। ਘਟਨਾ ਉਪਰੰਤ ਜੰਡਿਆਲਾ ਗੁਰੁ ਸ਼ਹਿਰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਮੌਕੇ ਉਪਰ ਐਸਐਸਪੀ ਪਰਮਪਾਲ ਸਿੰਘ, ਐਸਪੀ ਹਰਪਾਲ ਸਿੰਘ, ਡੀਐਸਪੀ ਜੰਡਿਆਲਾ ਗੁਰੂ ਗੁਰਮੀਤ ਸਿੰਘ ਚੀਮਾਂ, ਡੀਐਸਪੀ ਗੁਰਪ੍ਰਤਾਪ ਸਿੰਘ, ਡੀਐਸਪੀ ਅਮਨਦੀਪ ਕੌਰ, ਡੀਐਸਪੀ ਦਿਨੇਸ਼ ਸਿੰਘ, ਡੀਐਸਪੀ ਹਰਪ੍ਰੀਤ ਸਿੰਘ ਇਲਾਕੇ ਦੇ 15-20 ਐਸ ਐਚ ਉ ਆਪਣੀ ਭਾਰੀ ਪੁਲੀਸ ਫੋਰਸ ਨਾਲ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ। ਅੱਜ ਸਵੇਰ ਤੋਂ ਹੀ ਸਥਾਨਕ ਸਾਰਾ ਸ਼ਹਿਰ ਕਿੰਦਾ ਕਤਲ ਦੇ ਰੋਸ ਵਜੋਂ ਬੰਦ ਰਿਹਾ। ਥਾਣਾ ਜੰਡਿਆਲਾ ਗੁਰੂ ਦੀ ਪੁਲੀਸ ਵਲੋਂ ਕਾਰਵਾਈ ਕਰਦਿਆਂ ਦੋਸ਼ੀਆਂ ਖਿਲਾਫ ਪਰਚਾ ਨੰਬਰ 182 ਧਾਰਾ 302, 506, 148, 149 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਫੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: