Sun. Jun 16th, 2019

ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਸਭ ਲਈ ਮੁਸੀਬਤ ਹੈ

ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਸਭ ਲਈ ਮੁਸੀਬਤ ਹੈ

ਪੁਲਵਾਮਾ ਅੱਤਵਾਦੀ ਹਮਲੇ ਨੇ ਭਾਰਤ ਦੇ ਹਰ ਇਨਸਾਨ ਦਾ ਹਿਰਦਾ ਵਲੂੰਧਰ ਕੇ ਰੱਖ ਤਾ, ਸਿੱਟੇ ਵਜੋਂ ਹਰੇਕ ਦੇ ਦਿਲ ਵਿੱਚ ਦੁਸ਼ਮਣਾਂ ਪ੍ਰਤੀ ਨਫਰਤ ਦੀ ਭਾਵਨਾ ਪ੍ਰਗਟ ਹੋਣੀ ਸਭਾਵਕ ਹੈ। ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੀ ਆਰ ਪੀ ਐਫ ਦੇ 40 ਭਾਰਤੀ ਜਵਾਨਾਂ ਦਾ ਰੋਸ ਸਮੁੱਚੇ ਭਾਰਤੀਆਂ ਨੂੰ ਹੈ । ਸਿੱਟੇ ਵਜੋਂ ਬਦਲੇ ਦੀ ਭਾਵਨਾ ਨਾਲ ਭਾਰਤੀ ਫੌਜ ਦੀ ਏਅਰ ਫੋਰਸ ਵੱਲੋਂ 26 ਫਰਵਰੀ 2019 ਨੂੰ ਸਵੇਰੇ 3.30 ਵਜੇ ਸਰਜੀਕਲ ਸਟਰਾਈਕ ਕਰਕੇ ਐਲ ਓ ਸੀ ਤੋਂ ਪਾਕਿਸਤਾਨ ਦੀ 80 ਕਿਲੋਮੀਟਰ ਹੱਦ ਪਾਰ ਕਰਕੇ ਬਾਲਾਕੋਟ ਅਤੇ ਮਜੱਫਰਾਬਾਦ ਤੱਕ ਪਹੁੰਚ ਕੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਭਾਰਤੀ ਫੌਜ ਨੇ ਮਿਰਾਜ 2000 ਲੜਾਕੂ ਜਹਾਜ਼ ਦਾ ਇਸਤੇਮਾਲ ਕਰਕੇ 1000 ਕਿੱਲੋ ਬੰਬਾਂ ਨਾਲ ਹਵਾਈ ਹਮਲਾ ਕੀਤਾ, ਸਿੱਟੇ ਵਜੋਂ 200-300 ਦੇ ਕਰੀਬ ਅੱਤਵਾਦੀ ਮਾਰੇ ਜਾਣ ਦੀ ਖਬਰ ਆ ਰਹੀ ਹੈ। ਜਿਸ ਦੀ ਭਾਰਤੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਪਰ ਇਹ ਭਾਰਤ ਲਈ ਯੁੱਧ ਦੀ ਪਹਿਲ ਕਦਮੀ ਕਿਤੇ ਸਾਡਾ ਨੁਕਸਾਨ ਦਾ ਕਰ ਦੇਵੇ।
ਹੁਣ ਤੱਕ ਭਾਰਤ ਦੀਆਂ ਪਾਕਿਸਤਾਨ, ਚੀਨ ਆਦਿ ਦੇਸ਼ਾਂ ਨਾਲ ਹੋਈਆਂ ਜੰਗਾਂ ਦੋਰਾਨ ਅਸੀਂ ਆਪਣੇ ਬਹੁਤ ਸਾਰੇ ਫੌਜੀ ਜਵਾਨ, ਯੋਧੇ, ਵੀਰ, ਮਾਂਵਾਂ ਦੇ ਲਾੜਲੇ ਪੁੱਤ, ਪਤਨੀਆਂ ਦੇ ਪਤੀ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਖੋ ਚੁੱਕੇ ਹਾਂ। ਹਜ਼ਾਰਾ ਸੈਨਿਕ ਜਖਮੀ ਹੋ ਚੁੱਕੇ ਹਨ। ਅੱਜ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਤੇ ਸਲਾਮ ਕਰਦੇ ਹਾਂ ਉਹਨਾਂ ਪਰਿਵਾਰਾਂ ਨੂੰ ਜਿੰਨਾਂ ਦੇ ਲਾਡਲਿਆਂ ਨੇ ਦੇਸ਼ ਲਈ ਕੁਰਬਾਨੀ ਦਿੱਤੀ।
ਕਈ ਲੋਕ ਹੁਣ ਪਾਕਿਸਤਾਨ ਨਾਲ ਜੰਗ ਚਾਹੁੰਦੇ ਹਨ। ਮੰਨਿਆ ਭਾਰਤ ਪਾਕਿਸਤਾਨ ਤੋ ਫੌਜੀ ਤਾਕਤ ਵਿੱਚ ਬਹੁਤ ਜਿਆਦਾ ਤਾਕਤਵਰ ਹੈ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਨਿਹੱਥੇ ਨੇ । ਦੁਸ਼ਮਨ ਕਿੰਨਾ ਵੀ ਕਮਜੋਰ ਕਿਉਂ ਨਾਂ ਹੋਵੇ ਵਾਰ ਤਾਂ ਕਰਦਾ ਹੀ ਹੈ ਤੇ ਉਸ ਵਾਰ ਨਾਲ ਜੋ ਨੁਕਸਾਨ ਹੋਣਾ ਉਹ ਤਾਂ ਸਾਨੂੰ ਹੀ ਝੱਲਣਾਂ ਪੈਣਾ। ਸਾਡੇ ਸੈਂਕੜੇ ਸੈਨਿਕ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ ਕਈ ਅਪੰਗ ਹੋ ਚੁੱਕੇ ਹਨ।
ਅਸੀਂ ਬੜੇ ਭਾਵੁਕ ਲੋਕ ਹਾਂ , ਜਦੋਂ ਕਿਸੇ ਤੇ ਦੁੱਖ ਆੳੇਦਾਂ ਹੈ ਓਦੋਂ ਅਸੀ ਸਾਰੇ ਇੱਕ ਜੁਟ ਹੋ ਕੇ ਦੁੱਖ ਨੂੰ ਸਹਿਣ ਵਿੱਚ ਇੱਕ ਦੂਸਰੇ ਦੀ ਮਦਦ ਕਰਦੇ ਹਾਂ ਪਰ ਅਸੀਂ ਆਪਣੀ ਵਿਅਸਤ ਮਾਨਸਿਕਤਾ ਦੇ ਵੀ ਸ਼ਿਕਾਰ ਹਾਂ । ਜੋ ਸਮਾਂ ਪੈ ਜਾਣ ਨਾਲ ਸਭ ਕੁੱਝ ਭੁੱਲਣ ਵਿੱਚ ਵੀ ਸਾਡੀ ਇਨਸਾਨੀ ਜਿੰਦਗੀ ਨੂੰ ਅੱਗੇ ਤੋਰਨ ਵਿੱਚ ਸਹਾਈ ਹੁੰਦੀ ਹੈ । ਸਾਡੀ ਇਸ ਮਨਬਿਰਤੀ ਦਾ ਜੋ ਅੰਜਾਮ ਹੈ ਉਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਨੇ ਕਿਸੇ ਵੀ ਜੰਗ ਲੜਨ ਵਿੱਚ ਉਹਨਾਂ ਦੇ ਪਰਿਵਾਰਾ ਦੀ ਸਾਰ ਸਾਡੇ ‘ਚੋਂ ਕਿੰਨਿਆ ਕੁ ਨੇ ਲਈ ਹੈ । ਜੋ ਰੱਟ ਲਗਾਈ ਬੈਠੇ ਨੇ ਜੰਗ ਦੀ ਪਾਕਿਸਤਾਂਨ ਨੂੰ ਸਬਕ ਸਿੱਖਾਉਣ ਦੀ ਉਹ ਕਦੀ ਉਸ ਬੁੱਢੀ ਮਾਂ ਦੀ ਅੱਖਾਂ ਦੀ ਚਮਕ ਨੂੰ ਵੇਖਕੇ ਆਏ ਨੇ ? ਜੋ ਅੱਜ ਦਰਵਾਜੇ ਦੇ ਜਰਾ ਜਿੰਨੇ ਖੜਕਨ ਤੇ ਉਸ ਦੇ ਜਿਗਰ ਦੇ ਟੁਕੜੇ ਨੂੰ ਤਲਾਸ਼ਦੀ ਹੈ ਤੇ ਅਪਣੇ ਪੁੱਤਰ ਨੂੰ ਨਾਂ ਪਾ ਦਰਵਾਜੇ ਤੇ ਇੱਕ ਕਤਰਾ ਲਹੂ ਦਾ ਬਣ ਅੱਖ ਵਿੱਚੋਂ ਦੀ ਹੁੰਦਾ ਹੋਇਆ ਸਿੱਧਾ ਦਿਲ ਵਿੱਚ ਛੇਕ ਕਰਦੈ । ਕੋਈ ਦੇਖ ਕੇ ਆਇਐ ਉਸ ਬਾਪ ਦੇ ਮੋਢਿਆਂ ਨੂੰ ਜੋ ਕਦੋਂ ਦਾ ਅਪਣਾ ਸਾਰਾ ਬੋਝ ਪੁਤਰ ਦੇ ਮੋਢਿਆਂ ਤੇ ਪਾਉਣ ਨੂੰ ਉਤਾਵਲੇ ਸਨ ਤੇ ਹੁਣ ਪੁੱਤਰ ਦੀ ਅਰਥੀ ਦੇ ਬੋਝ ਨੇ ਤੇ ਘਰ ਦੇ ਬੋਝ ਨੇ ਮੋਢਿਆਂ ਤੇ ਜਿੰਦਗੀ ਨੂੰ ਢੋਣ ਦਾ ਬੋਝਾ ਪਾ ਦਿੱਤਾ ਗਿਆ ? ਕਿਸੇ ਦੀ ਨਜਰ ਉਸ ਭੈਣ ਦੀ ਬਾਂਹ ਤੇ ਪਈ ਹੈ ਜੋ ਆਪਣੇ ਆਪ ਨੂੰ ਮਹਿਫੂਜ ਹੋਣ ਦੀ ਤੱਸਲੀ ਦੇਣ ਲਈ ਉਹ ਰੱਖੜੀ ਜੋ ਅਪਣੇ ਭਰਾ ਲਈ ਲੈਕੇ ਆਈ ਸੀ ਉਸ ਨੂੰ ਆਪਣੇ ਗੁੱਟ ਤੇ ਬੰਨੀ ਫਿਰਦੀ ਹੈ ? ਉਹ ਵਿਹਾਂਦੜ ਜੋ ਸ਼ਗਨਾਂ ਦਾ ਚੂੜਾ ਪਾ ਅਰਮਾਂਨਾਂ ਦੀ ਸੇਜ ਤੇ ਆ ਬੈਠੀ ਸੀ ਸਜਾ ਕੇ ਸੂਹੇ ਕੂਲੇ ਜਿਹੇ ਸੁਪਨੇ ਜਿੰਨਾ ਨੂੰ ਪੂਰਾ ਕਰਵਾਉਣਾ ਚਾਹੁੰਦੀ ਸੀ ਮਾਹੀ ਤੋ , ਤੇ ਉਹਨਾਂ ਅਰਮਾਂਨਾ ਦੀ ਸੇਜ ਦਾ ਬਾਲਣ ਬਣਾ ਕਿਦਾਂ ਪਾਇਆ ਹੋਣਾ ਸੁਰਖ ਕੂਲੇ ਚਾਵਾਂ ਤੇ ? ਕਿਦਾਂ ਅਪਣੇ ਬੱਚੇ ਦੇ ਸੁਆਲਾ ਦਾ ਜੁਆਬ ਲੋਚਦੀ ਹੋਣੀ , ਕਿਦਾਂ ਲੋਕਾਂ ਦੀਆਂ ਗੰਦੀਆਂ ਨਜਰਾਂ ਦਾ ਸਾਹਮਣਾ ਕਰਦੀ ਹੋਣੀ , ਕਿਦਾਂ ਆਪਣੇ ਬੁੱਢੇ ਮਾਂ ਬਾਪ ਨੂੰ ਮਰ ਚੁੱਕੇ ਅਰਮਾਨਾਂ ਦੇ ਬਾਵਜੂਦ ਵੀ ਹੱਸ ਕੇ ਵਿਖਾਉਦੀ ਹੋਣੀ ? ਨਹੀਂ ਕਿਸੇ ਨੇ ਕੁੱਝ ਨਹੀਂ ਤੱਕਿਆ ਅਸੀਂ ਤਾਂ ਸਿਰਫ ਅਪਣੀਆਂ ਭਾਵਨਾਂਵਾ ਨੂੰ ਜਾਣਦੇ ਹਾਂ । ਫੇਸਬੁਕ, ਟਵਿੱਟਰ ਹੋਰ ਵੀ ਸ਼ੋਸ਼ਲ ਮੀਡੀਆ ਤੇ ਅਸੀ ਸ਼ਹੀਦਾਂ ਨੂੰ ਸਲਾਮਾਂ ਠੋਕ ਸਕਦੇ ਹਾਂ । ਸ਼ਹੀਦ ਕਰਵਾਉਣ ਲਈ ਜੰਗ ਲਗਵਾਉਣ ਦਾ ਸਰਕਾਰਾਂ ਤੇ ਦਬਾਅ ਪਾ ਸਕਦੇ ਹਾਂ । ਸ਼ਹੀਦਾਂ ਲਈ ਸਰਕਾਰ ਤੋ ਚੰਗੇ ਸਨਮਾਨਾਂ ਚੰਗੀ ਰਾਸ਼ੀ ਦੀ ਮੰਗ ਕਰ ਸਕਦੇ ਹਾਂ ਪਰ ਜੋ ਸਾਡੇ ਲਈ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਲਈ ਸਮਾਂ ਨਹੀ ਹੈ ਸਾਡੇ ਕੋਲ ਤੇ ਅਸੀਂ ਹੋਰ ਵੀ ਜੰਗ ਚਾਹੁੰਦੇ ਹਾਂ ਹੋਰ ਵੀ ਸ਼ਹਾਦਤਾਂ ਚਾਹੁੰਨੇ ਹਾਂ ।
ਜੰਗ ਕਦੇ ਵੀ ਇਕਤਰਫਾ ਨਹੀਂ ਹੁੰਦੀ ਤੇ ਇਸ ਦਾ ਨੁਕਸਾਨ ਦੋਹਾਂ ਧਿਰਾਂ ਨੂੰ ਹੀ ਹੋਣਾ ਹੈ । ਇਸ ਲਈ ਜੰਗ ਦਾ ਖਿਆਲ ਤਿਆਗ ਕੇ ਅਸੀਂ ਉਹਨਾਂ ਕਮੀਆਂ ਵੱਲ ਸਰਕਾਰ ਦਾ ਧਿਆਨ ਦਵਾਈਏ ਜਿੰਨਾ ਕਰਕੇ ਐਸੇ ਹਮਲੇ ਹੋ ਜਾਂਦੇ ਨੇ । ਜੰਗ ਦੀ ਬਜਾਏ ਅਸੀਂ ਸਰਕਾਰ ਤੇ ਇਹ ਦਬਾਅ ਪਾਈਏ ਕਿ ਜੋ ਜੋ ਕਮੀਆਂ ਰਹਿ ਜਾਂਦੀਆ ਨੇ ਜੋ ਵੀ ਘਾਟਾਂ ਨੇ ਸਰਕਾਰ ਉਹਨਾਂ ਵੱਲ ਧਿਆਨ ਦੇਵੇ ਨਾਂ ਕਿ ਜੰਗ ਲੜਨ ਵੱਲ । ਅੱਜ ਅਸੀਂ ਮੈਟਰੋ ਤੇ ਸਫਰ ਕਰ ਰਹੇ ਹਾਂ । ਬੁਲਟ ਟ੍ਰੇਨ ਵਲ ਵੇਖ ਰਹੇ ਹਾਂ । 4ਜੀ, 5 ਜੀ ਵਰਤ ਰਹੇ ਹਾਂ ਇਹ ਸਭ ਦੇਸ਼ ਚ ਸ਼ਾਂਤੀ ਦੇ ਮਾਹੋਲ ਹੋਣ ਕਰਕੇ ਹੀ ਸੰਭਵ ਹੋਇਆ ਹੈ। ਇੱਸ ਲਈ ਅਸੀਂ ਭਾਵੁਕ ਹੋਕੇ ਆਪਣੇ ਦਿਮਾਗ ਤੋ ਕੰਮ ਲੈਂਦੇ ਹੋਏ ਸਹੀ ਫੈਸਲਾ ਲੈਣਾ ਹੈ ਕਿ ਜੰਗ ਕਿਸੇ ਸਮਸਿਆ ਦਾ ਹੱਲ ਨਹੀ ।
ਅਸੀਂ ਸਿਰਫ ਅਪਣੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਯਤਨ ਕਰੀਏ ਸਭ ਨੂੰ ਸੁਰੱਖਿਅਤ ਮਾਹੋਲ ਦੇਣ ਦਾ ਯਤਨ ਕਰੀਏ ਜੰਗ ਦਾ ਖਿਆਲ ਸਾਡੇ ਖਿਆਲ ਵਿੱਚ ਵੀ ਨਾਂ ਆਵੇ। ਸਾਨੂੰ ਲੋੜ ਹੈ ਆਪਸੀ ਪਿਆਰ,ਭਾਈਚਾਰੇ ਮਿਲਵਰਤ ਦੀ ਅਤੇ ਸ਼ਹੀਦ ਹੋਏ ਅਤੇ ਜਖਮੀ ਹੋਏ ਸਾਡੇ ਫੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਦੇ ਹੋਏ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਨਾਂ ਕਿ ਸਰਜੀਕਲ ਸਟਰਾਈਕ ਵਰਗੇ ਹਮਲਿਆਂ ਦੇ ਜਸ਼ਨ ਮਨਾਉਣ ਦੀ। ਕਿਉਂਕਿ ਇਹਨਾਂ ਹਮਲਿਆਂ ਨਾਲ ਸਾਨੂੰ ਸਭ ਨੂੰ ਆਉਣ ਵਾਲੇ ਸਮੇਂ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਲੋੜ ਹੈ ਬੈਠ ਕੇ ਸਾਥੀ ਮੁਲਕਾਂ ਨਾਲ ਵਿਚਾਰ ਚਰਚਾ ਕਰਕੇ ਸਮੱਸਿਆਵਾਂ ਨੂੰ ਸੁਲਝਾਉਣ ਦੀ ਨਾਂ ਕਿ ਜੰਗ ਕਰਨ ਦੀ ਕਿਉਂਕਿ ਪਹਿਲਾਂ ਹੀ ਅਸੀਂ ਬਹੁਤ ਕੀਮਤੀ ਸੂਰਮੇ ਗਵਾ ਚੁੱਕੇ ਹਾਂ।

ਲੇਖਕ : ਪ੍ਰਮੋਦ ਧੀਰ ਜੈਤੋ

Leave a Reply

Your email address will not be published. Required fields are marked *

%d bloggers like this: