ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਜੋੜ-ਬੇਜੋੜ

ਜੋੜ-ਬੇਜੋੜ

” ਤੂੰ ਤੋਤੇ ਵਾਂਗੂ ਇਕੋ ਗੱਲ ਈ ਕਿਉਂ ਕਰੀ ਜਾਣੀ ਆ | ਕੀ ਗੋਲੀ ਵੱਜੀ ਆ ਦੱਸ ਮੁੰਡੇ ਨੂੰ | ਮੁੰਡੇ ਤੇ ਆਮ ਈ ਵਡੇ ਹੁੰਦੇ ਕੁੜੀਆਂ ਨਾਲੋਂ , ਪੰਜ-ਸੱਤ ਸਾਲ ਦਾ ਫਰਕ ਤੇ ਕੋਈ ਫਰਕ ਨਹੀਂ | ਇਹਦਾ ਚਲ ਤੂੰ 2 ਸਾਲ ਹੋਰ ਵੱਧ ਲਾ ਲਾ |” ਬੇਅੰਤ ਸਿਓਂ ਕਚੀਚੀ ਜਿਹੀ ਲੈਕੇ ਆਪਣੀ ਘਰਵਾਲੀ ਕੁਲਦੀਪ ਨੂੰ ਪਿਆ |

” ਲੈ ! ਕੀ ਗੱਲਾਂ ਕਰਦੇ ਜੇ ਤੁਸੀਂ | ਆਪਣੀ ਸਿੰਮੀ ਨੇ ਅਜੇ ਆਉਂਦੇ ਵਿਸਾਖ ਨੂੰ ਤੇਈਆਂ (23) ਦੀ ਹੋਣਾ ਤੇ ਵਿਚੋਲਣ ਨੇ ਆਪਣੇ ਮੂੰਹੋ ਮੁੰਡੇ ਦੀ ਉਮਰ ਬੱਤੀ ਸਾਲ ਦਸੀ ਆ | ਪਰ ਮੈਨੂੰ ਤਾਂ ਪੈਂਤੀਆਂ(35) ਤੋਂ ਘੱਟ ਨਹੀਂ ਲਗਦਾ | ਦਸ ਭਲਾ ਇਹ ਕੀ ਜੋੜ ਬਣਿਆ | ਤੁਹਾਡੇ ਤੋਂ ਪੰਜ-ਸੱਤ ਸਾਲ ਈ ਛੋਟਾ ਹੋਣਾ ਮਸਾਂ |” ਕੁਲਦੀਪ ਤਾਂ ਪੂਰੀ ਰੋਣਹਾਕੀ ਹੋਈ ਪਈ ਸੀ |

” ਇਹ ਕਹਾਵਤ ਨਾ ਸੱਚ ਈ ਆਖੀ ਕਿਸੇ ਕਿ ਬੁੜੀਆਂ ਦੀ ਗੁੱਤ ਪਿੱਛੇ ਮਤ ਹੁੰਦੀ | ਅਗਲਾ ‘ਮਰੀਕਾ (ਅਮਰੀਕਾ) ਰਹਿੰਦਾ | ਦੋ ਟਰਾਲੇ ਓਹਦੇ ਆਪਦੇ ਤੇ ਆਪਣਾ ਘਰ ਆ | ਸਿੰਮੀ ਆਪਣੀ ਨੂੰ ਪਟਰਾਣੀ ਬਣਾਕੇ ਰੱਖੂ | ਜੇ ਉਮਰ ‘ਚ ਦੋ-ਚਾਰ ਸਾਲ ਦਾ ਵਾਧਾ ਘਾਟਾ ਵੀ ਹੋਊ ਤਾਂ ਕੋਈ ਫਰਕ ਨਹੀਂ ਪੈਣ ਲਗਾ | ਤੂੰ ਇਹੋ ਜਿਹੀਆਂ ਪੁਠੀਆਂ ਸਿਧੀਆਂ ਗੱਲਾਂ ਕਰ ਕਰ ਹੋਰ ਕੁੜੀ ਦਾ ਮਨ ਨਾ ਚੁਕਦੀ | ” ਬੇਅੰਤ ਸਿਓ ਦੇ ਮੱਥੇ ਤੇ ਪਈ ਤਿਉੜੀ ਸਾਫ ਦਿਸ ਰਹੀ ਸੀ |

” ਸਿੰਮੀ ਦੇ ਡੈਡੀ! ਮੈਂ ਮਾਂ ਆ ਓਹਦੀ | ਓਹਦੇ ਬਿਨਾ ਆਖੇ ਓਹਦੇ ਮਨ ਦੀ ਗੱਲ ਬੁਝ ਲੈਂਦੀ ਆ | ਉਹ ਨਹੀਂ ਖੁਸ਼ ਇਸ ਰਿਸ਼ਤੇ ਤੋਂ | ਨਾਲੇ ਸਾਡੀ ਕੁੜੀ ਕਿਹੜੀ ਅੰਨੀ ਕਾਣੀ ਆ ਜਾਂ ਕੋਈ ਕਜ ਆ ਓਹਦੇ ਚ | ਸੁਖ ਨਾਲ ਪੜੀ ਲਿਖੀ ਆ , ਸੋਹਣੀ-ਸੁਨੱਖੀ ਆ | ਵਾਧੂ ਰਿਸ਼ਤੇ ਮੇਰੀ ਧੀ ਨੂੰ | ਆਹ ਜਿਹੜਾ ਭੈਣਜੀ ਕੁਲਵੰਤ ਨੇ ਦਸਿਆ ਸੀ ਪਿਛਲੇ ਮਹੀਨੇ , ਉਹ ਕਿਹੜਾ ਮਾੜਾ ਸੀ | ਮੁੰਡਾ ਸੋਹਣਾ ਵੀ ਸੀ ,ਸਿਫਤ ਪੂਰੀ ਸੁਣੀ ਸੀ ਮੁੰਡੇ ਦੀ ਤੇ ਨਾਲੇ ਹਾਣ -ਪਰਵਾਣ ਆ | ਆਪਣੀ ਸਿੰਮੀ ਨੂੰ ਵੀ ਚੰਗਾ ਲਗਾ ਸੀ ਉਹ | ਤੁਸੀਂ ਇਕ ਵਾਰ…… “

” ਬੱਲੇ ਤੇਰੇ ! ਏਡੇ ਤੂੰ ਦਿਮਾਗ ਵਾਲੀ |” ਬੇਅੰਤ ਸਿਓਂ ਕੁਲਦੀਪ ਨੂੰ ਵਿਚੋਂ ਹੀ ਟੋਕਦਾ ਬੋਲਿਆ ” ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ | ਓਏ ਉਹ ‘ਮਰੀਕਾ ਰਹਿੰਦਾ ‘ਮਰੀਕਾ ਤੇ ਹਾਅ ਜੀਹਦੀ ਗੱਲ ਤੂੰ ਕਰਦੀ ਇਹਦੇ ਪੱਲੇ ਕੀ ਆ | ਪੰਜ ਕਿਲੇ ਪੈਲੀ ਤੇ ਦੋ ਭਰਾ | ਮੁੰਡਾ ਸਰਕਾਰੀ ਨੌਕਰੀ ਕਰਦਾ ਬਸ | ਜਿੰਨੇ ਓਹਨੇ ਸਾਰੀ ਉਮਰ ਚ ਕਮਾਉਣੇ ਆ ਨਾ , ਇਹਨੇ ‘ਮਰੀਕਾ ਵਾਲੇ ਨੇ ਮਹੀਨੇ ਚ ਕਮਾ ਲੈਣੇ | ਤੇਰਾ ਖਾਨਾ ਈ ਹੈਨੀ ਦਿਮਾਗ ਦਾ | ” ਬੇਅੰਤ ਸਿਓਂ ਹੁਣ ਪੂਰਾ ਪੂਰਾ ਖਿਝਿਆ ਪਿਆ ਸੀ |

” ਲੈ ! ਫੇਰ ਕੀ ਹੋਇਆ ਜੇ ਚਾਰ ਸ਼ਿਲੜ ਘਟ ਨੇ ਤਾਂ | ‘ਮਰੀਕਾ ਵਾਲਾ ਕਿਹੜਾ ਸੋਨੇ ਦੀਆਂ ਰੋਟੀਆਂ ਖਾਂਦਾ ਹੋਣਾ | ਉਹ ਘਟੋ-ਘਟ ਸਾਡੀ ਸਿੰਮੀ ਨਾਲ ਫੱਬੂ ਤਾਂ ਸਹੀ |” ਪਰ ਕੁਲਦੀਪ ਕੌਰ ਵੀ ਇਹ ਰਿਸ਼ਤਾ ਨਾ ਹੋਣ ਤੇ ਬਾਜਿਦ ਲਗ ਰਹੀ ਸੀ |

” ਉਹ ਤੂੰ ਜਾ ਜਾਕੇ ਨਾ ਅੰਨ-ਪਾਣੀ ਕਰ | ਜਿਹੜਾ ਕੰਮ ਆ ਤੇਰਾ | ਇਹ ਬੰਦਿਆਂ ਦੇ ਕੰਮ ਆ ਬੰਦਿਆਂ ਨੂੰ ਕਰਨ ਦੇ | ਐਵੇਂ ਨਾ ਟੈਂ-ਟੈਂ ਕਰੀ ਜਾ |” ਬੇਅੰਤ ਸਿਓ ਨੇ ਆਪਣੇ ਵਲੋਂ ਜਿਵੇਂ ਸਾਰੀ ਗੱਲ ਮੁਕਾ ਛਡੀ ਸੀ |

” ਕੁੜੇ ਕੁਲਦੀਪ! ਵੇ ਬੇਅੰਤ! ਤੁਸਾਂ ਦੋਵਾਂ ਨੇ ਕੀ ਰੌਲਾ ਪਾਇਆ ਭਾਈ | ਕੋਈ ਸੁਣੂ ਤਾਂ ਕੀ ਆਖੂ | ” ਬੇਅੰਤ ਸਿਓਂ ਦੀ ਮਾਂ ਭਜਨ ਕੌਰ ਜਿਹੜੀ ਬਾਹਰ ਵਰਾਂਡੇ ‘ਚ ਬੈਠੀ ਉਹਨਾਂ ਦੀ ਰਿਸ਼ਤਾ ਕਰਨ ਨਾ ਕਰਨ ਤੇ ਹੋ ਰਹੀ ਬਹਿਸ ਨੂੰ ਸੁਣ ਰਹੀ ਸੀ , ਉਠਕੇ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਸੀ |

” ਆ ਬੀਬੀ! ਤੂੰ ਹੀ ਸਮਝਾ ਕੇ ਵੇਖਲਾ ਇਹਨੂੰ | ਖੌਰੇ ਤੇਰੀ ਗੱਲ ਇਹਦੇ ਖਾਨੇ ‘ਚ ਪੈਜੇ |” ਏਨੀ ਗੱਲ ਕਹਿਕੇ ਉਹ ਕੁਲਦੀਪ ਵੱਲ ਕੌੜਾ ਜਿਹਾ ਝਾਕਿਆ |

” ਮੈਂ ਬੁਢੜੀ ਨੇ ਭਲਾ ਕਿਸੇ ਨੂੰ ਕੀ ਸਮਝਾ ਲੈਣਾ | ਆਹੋ ਪਰ ਇਕ ਗੱਲ ਮੈਂ ਜਰੂਰ ਸੁਣਾਊ | ਵੇ ਬੇਅੰਤ ! ਤੈਨੂੰ ਤੇ ਪਤਾ ਹੋਣਾ | ਮੇਰੀ ਸਹੇਲੀ ਸੀ ਭਾਗੋ | ਜਿਹੜੀ ਚਾਰ ਪੰਜ ਵਰੇ ਹੋਏ ਪੂਰੀ ਹੋਗੀ | ਤੇਰੇ ਮਾਮੇ ਨੇ ਦਸਿਆ ਸੀ ਮੈਨੂੰ |” ਭਜਨ ਕੌਰ ਮੰਜੇ ਤੇ ਬੈਠ ਗਈ ਸੀ ਤੇ ਹੱਥ ਵਿੱਚਲੀ ਖੂੰਡੀ ਓਹਨੇ ਮੰਜੇ ਦੀ ਬਾਹੀ ਨਾਲ ਟਿਕਾ ਦਿਤੀ |

” ਆਹੋ ਦਸਦੀ ਤਾਂ ਹੁੰਦੀ ਸਾਂ ਕਈ ਵਾਰ ਕਿ ਤੂੰ ਤੇ ਮਾਸੀ ਭਾਗੋ ਬੜੀਆਂ ਪੱਕੀਆਂ ਸਹੇਲੀਆਂ ਹੁੰਦੀਆਂ ਸੀ | ਪਰ ਓਹਦਾ ਵਿੱਚ ਕਿੱਸਾ ਲੈਕੇ ਕਿਉਂ ਬਹਿ ਗਈ ਆ | ਅਸੀਂ ਕੋਈ ਗੱਲ ਕਰੀ ਜਾਣੇ ਆ ਤੂੰ ਕੋਈ ਕਰੀ ਜਾ |” ਬੇਅੰਤ ਸਿਓਂ ਪਹਿਲਾਂ ਈ ਖਿਝਿਆ ਬੈਠਾ ਸੀ ਤੇ ਹੁਣ ਆਪਣੀ ਮਾਂ ਦੀਆਂ ਗੱਲਾਂ ਤੋਂ ਥੋੜਾ ਹੋਰ ਖਿਝ ਗਿਆ ਸੀ |

” ਜੇਰਾ ਰੱਖ ਕਾਕਾ ! ਤੇਰੀ ਗੱਲ ਤੇ ਈ ਆਉਣ ਲਗੀ ਆ | ਭਾਗ ਕੌਰ ਦਾ ਵਿਆਹ ਮੇਰੇ ਤੋਂ ਸਾਲ ਕੁ ਹਟਕੇ ਹੋਇਆ ਸੀ | ਜਦੋ ਓਹਦਾ ਵਿਆਹ ਸੀ , ਤੂੰ ਮਸੀਂ ਇਕੀਆਂ ਦਿਨਾਂ ਦਾ ਸੀ | ਤੇਰੀ ਦਾਦੀ ਨੇ ਮੈਨੂੰ ਜਾਣ ਨਾ ਦਿੱਤਾ ਸ਼ਿਲੇ ਕਰਕੇ | ਮੈਂ ਵੀ ਨਿਆਣ ਉਮਰ ਦੀ ਸੀ | ਇਸ ਗੱਲ ਤੇ ਤੇਰੇ ਬਾਪੂ ਜੀ ਨਾਲ ਬੜਾ ਲੜੀ ਕਿ ਮੇਰੀ ਏਨੀ ਪਕੀ ਸਹੇਲੀ ਦਾ ਵਿਆਹ ਆ ਤੇ ਮੈਨੂੰ ਜਾਣ ਨਹੀਂ ਦਿੱਤਾ |” ਭਜਨ ਕੌਰ ਨੇ ਇੱਕ ਡੂੰਘਾ ਸਾਹ ਲਿਆ ਤੇ ਫੇਰ ਗੱਲ ਅੱਗੇ ਤੋਰੀ |

” ਓਹਦੇ ਵਿਆਹ ਨੂੰ ਛੇ ਕੁ ਮਹੀਨੇ ਹੋਏ ਸੀ | ਮੈਂ ਵੀ ਪਿੰਡ ਗਈ ਹੋਈ ਸਾਂ ਤੇ ਉਹ ਵੀ ਆਈ ਹੋਈ ਸੀ | ਮੈਨੂੰ ਬੜਾ ਚਾਅ ਸੀ ਕਿ ਵਿਆਹ ਤੋਂ ਬਾਅਦ ਪਹਿਲੀ ਵਾਰ ਉਸਨੂੰ ਮਿਲਣਾ ਆ | ਕਿੰਨਾ ਕੁਝ ਹੋਊ ਉਸ ਕੋਲ ਦਸਣ ਲਈ | ਹਾਰ ਸ਼ਿੰਗਾਰ ‘ਚ ਕਿੰਨੀ ਸੋਹਣੀ ਲਗਦੀ ਹੋਊ | ਪਰ ਜਦੋ ਮੈਂ ਓਹਨੂੰ ਮਿਲਣ ਓਹਨਾ ਦੇ ਘਰ ਪਹੁੰਚੀ ਤਾਂ ਵੇਖਕੇ ਹੈਰਾਨ ਜਿਹੀ ਰਹਿ ਗਈ | ਓਹਦੇ ਉੱਤੇ ਤਾਂ ਸੱਜਰ ਵਿਆਹੀ ਵਾਲਾ ਕੋਈ ਰੂਪ ਈ ਨਹੀਂ ਸੀ , ਕੋਈ ਰੌਣਕ ਨਹੀਂ ਸੀ | ਚਾਹ ਪਾਣੀ ਪੀਕੇ ਅਸੀਂ ਅੰਦਰ ਚਲੀਆਂ ਗਈਆਂ ਗੱਲਾਂ ਬਾਤਾਂ ਮਾਰਨ | ਮੈਂ ਪੈਂਦੀ ਸਟੇ ਉਸ ਤੇ ਪਹਿਲਾ ਸਵਾਲ ਇਹੋ ਕੀਤਾ ” ਹੈਂ ਨੀ ਭਾਗੋ! ਕੁੜੇ ਤੈਨੂੰ ਤੇ ਸਹੁਰਿਆਂ ਦਾ ਕੋਈ ਪਾਣੀ ਨਹੀਂ ਲਗਾ ਲਗਦਾ | ਤੂੰ ਤੇ ਕੀ ਬਿਮਾਰ ਜਿਹੀ ਬਣੀ ਆ | ਖਾਣ ਪੀਣ ਨੂੰ ਨਹੀਂ ਮਿਲਦਾ ਕਿ ਸੱਸ ਚੰਦਰੀ ਟੱਕਰ ਗਈ |” ਮੇਰੇ ਕੁਝ ਕਹਿਣ ਦੀ ਦੇਰ ਸੀ ਉਹ ਨਾਲ ਈ ਫਿੱਸ ਗਈ ਤੇ ਮੇਰੇ ਗੱਲ ਨਾਲ ਚਿੰਬੜ ਗਈ ਜਿਵੇਂ ਦੋ ਵਰ੍ਹਿਆਂ ਦੀ ਜਵਾਕੜੀ ਹੋਵੇ |” ਏਨਾ ਕਹਿ ਭਜਨ ਕੌਰ ਪਤਾ ਨਹੀਂ ਸਾਹ ਲੈਣ ਲਈ ਰੁਕ ਗਈ ਸੀ ਕਿ ਮੋਈ ਸਹੇਲੀ ਦੇ ਕਿਸੇ ਗ਼ਮ ਨੂੰ ਯਾਦ ਕਰ ਭਰ ਆਈਆਂ ਅੱਖਾਂ ਨੂੰ ਪੂੰਝਣ ਲਈ |

” ਮਾਸੀ ਭਾਗੋ ਕਿਉਂ ਰੋਂਦੀ ਸੀ ਬੀਬੀ ਜੀ |” ਕੁਲਦੀਪ ਅੱਗੇ ਜਾਨਣ ਨੂੰ ਕਾਹਲੀ ਸੀ |

” ਇਸੇ ਜੋੜ-ਬੇਜੋਡ਼ ਕਰਕੇ , ਜਿਹੜਾ ਹੁਣ ਸਿੰਮੀ ਦਾ ਕਰਨ ਨੂੰ ਫਿਰਦਾ ਬੇਅੰਤ ਸਿਓਂ |” ਤੇ ਭਜਨ ਕੌਰ ਏਨੀ ਗੱਲ ਕਰਕੇ ਫੇਰ ਨਾ ਕੁਝ ਬੋਲੀ |

” ਜੋੜ-ਬੇਜੋਡ਼ ਕਿਦਾਂ ਬੀਬੀ ਜੀ ?” ਕੁਲਦੀਪ ਨੇ ਕਾਹਲੀ ਜਿਹੀ ਪੈਂਦੀ ਨੇ ਪੁੱਛਿਆ |

” ਭਾਗੋ ਪਹਿਲਾਂ ਕਿਤੇ ਹੋਰ ਮੰਗੀ ਸੀ | ਛੇ ਕੁ ਮਹੀਨੇ ਮੰਗੀ ਰਹੀ ਹੋਣੀ | ਫੇਰ ਓਹਦੀ ਮਾਮੀ ਨੇ ਇੱਕ ਨਵੀ ਦਸ ਪਾ ਦਿਤੀ ਜਿਥੇ ਬਾਅਦਾ ਉਹ ਵਿਆਹੀ ਗਈ ਸੀ | ਜਿਥੇ ਪਹਿਲਾਂ ਮੰਗੀ ਸੀ ਓਥੇ ਮੁੰਡੇ ਨੂੰ ਪੰਜ ਕਿਲੇ ਆਉਂਦੇ ਸੀ ਬਸ ਪੈਲੀ ਦੇ ਤੇ ਇਹ ਮੁੰਡਾ ਉਹਨਾਂ ਦੀ ਸ਼ਰੀਕੇ ਵਿੱਚੋਂ ਹੀ ਲਗਦੀ ਚਾਚੀ ਦਾ ਭਣੇਵਾਂ ਸੀ | ਮੁੰਡਾ ਬੜਾ ਸੋਹਣਾ ਤੇ ਸ਼ਰੀਫ ਸੁਣਿਆ ਸੀ | ਫੇਰ ਓਹਦੀ ਮਾਮੀ ਨੇ ‘ਗਾਂਹ ਪਤਾ ਨਹੀਂ ਕੀ ਰਿਸ਼ਤੇਦਾਰੀ ਸੀ ਓਹਦੀ ਓਥੋਂ ਦਸ ਪਾ ਦਿਤੀ , ਬੜੇ ਸਰਦੇ ਪੁੱਜਦੇ ਘਰ ਦੀ | ਮੁੰਡੇ ਦੇ ਹਿੱਸੇ ਤੀਹ ਕਿਲੇ ਆਉਂਦੇ ਸੀ | ਹਰ ਇਕ ਸੰਦ ਘਰ ਦਾ ਸੀ , ਪੱਕੀ ਇੱਟ ਦਾ ਘਰ ਬਣਿਆ ਸੀ | ਬਸ ਭਾਗੋ ਦੇ ਮਾਂ-ਪਿਓ ਨੂੰ ਵੀ ਇਹੀ ਲਾਲਚ ਮਾਰ ਗਿਆ ਸੀ ਕਿ ਸਾਡੀ ਧੀ ਏਸੇ ਵੱਡੇ ਘਰ ਵਿੱਚ ਰਾਜ ਕਰੂਗੀ | ਪਰ ਉਹਨਾਂ ਮੁੰਡੇ ਦੀ ਵੱਡੀ ਉਮਰ ਵਲ ਨਾ ਵੇਖਿਆ | ਉਹ ਬੱਤੀ-ਤੇਤੀ ਸਾਲ ਦਾ ਹੋਣਾ ਤੇ ਭਾਗੋ ਮਸੀਂ ਉਨੀਵਾਂ ਟੱਪੀ ਸੀ | ਉਤੋਂ ਹੈ ਦਵਾਜੂ ਸੀ , ਪਹਿਲੀ ਵਹੁਟੀ ਖੌਰੇ ਆਂਹਦੇ ਸੀ ਤਾਪ ਈ ਚੜ੍ਹਿਆ ਤੇ ਪੂਰੀ ਹੋਗੀ | ਵਿਆਹ ਨੂੰ ਤਾਂ ਸੱਤ-ਅੱਠ ਸਾਲ ਹੋ ਗਏ ਸੀ ਪਰ ਬੱਚਾ ਕੋਈ ਨਹੀਂ ਸੀ ਹੋਇਆ |”

ਮਾੜਾ ਜਿਹਾ ਸਾਹ ਲੈ ਭਜਨ ਕੌਰ ਨੇ ਅੱਗੇ ਲੜੀ ਜੋੜੀ ” ਮੈਂ ਭਾਗੋ ਨੂੰ ਮਸੀਂ ਚੁੱਪ ਕਰਾ , ਮੰਜੇ ਤੇ ਬਿਠਾਇਆ ਤੇ ਬੱਚਿਆਂ ਵਾਂਗ ਪੁਚਕਾਰ ਕੇ ਉਸਨੂੰ ਪੁੱਛਣ ਲਗੀ ਕਿ ਪਤਾ ਤੇ ਲਗੇ ਗੱਲ ਕੀ ਹੋਈ ਆ | ਉਹ ਬੜੀ ਨਿਮਾਣੀਆ ਜਿਹੀਆਂ ਵਾਂਗ ਮੇਰੇ ਵੱਲ ਤੱਕੀ ਜਾ ਰਹੀ ਸੀ ਤੇ ਫੇਰ ਹੌਕੇ ਜਿਹੇ ਲੈਕੇ ਆਖਣ ਲਗੀ ” ਨੀ ਭਜਨੋ! ਤੈਨੂੰ ਚੇਤਾ ਆਪਾਂ ‘ਕਠੀਆਂ ਸਵੈਟਰ ਉਣੇ ਸੀ | ਤੂੰ ਭਾਈਆ ਜੀ ਲਈ ਤੇ ਮੈਂ ਓਹਦੇ ਲਈ ਜੀਹਦੇ ਨਾਲ ਪਹਿਲਾਂ ਮੰਗੀ ਸਾਂ |” ਮੈਂ ਬਸ ਹਾਂ ਵਿੱਚ ਸਿਰ ਹਿਲਾਇਆ | ਉਹ ਫੇਰ ਅੱਗੇ ਆਖਣ ਲਗੀ ” ਚਾਚੀ ਕਰਤਾਰੋ ਨੇ ਦਸਿਆ ਸੀ ਉਸਦਾ ਕੱਦ-ਕਾਠ , ਬੜਾ ਪਤਲਾ ਜਿਹਾ ਸੀ ਕਹਿੰਦੀ ਸ਼ਮਕ ਵਰਗਾ | ਉਹ ਪਤਾ ਨਹੀਂ ਇਹ ਕਹਾਣੀਆਂ ਕਿਉਂ ਪਾਉਣ ਲਗ ਗਈ ਸੀ | ਮੈਂ ਚੁੰਨੀ ਦੇ ਲੜ ਨਾਲ ਓਹਦਾ ਮੂੰਹ ਪੂੰਝਿਆ ਤੇ ਓਹਨੂੰ ਚੁੱਪ ਕਰਾਉਂਦੀ ਕਹਿਣ ਲਗੀ ” ਆਹੋ ਮੇਰੀਏ ਭੈਣੇ ਚੇਤਾ ਆ ਮੈਨੂੰ ਪਰ ਹੁਣ ਇਹ ਸਬ ਕੁਝ ਮੈਨੂੰ ਕਿਉਂ ਦਸ ਰਹੀ ਆ | ਤੂੰ ਹੁਣ ਦੀ ਗੱਲ ਦਸ ਨਾ ਕੀ ਹੋਈ ਆ ? ਸਹੁਰੇ ਨਹੀਂ ਚੰਗੇ ਕਿ ਭਾਈਆ ਜੀ ਕੁਝ ਕਹਿੰਦਾ ? ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ | ਉਹ ਹੌਕਾ ਜਿਹਾ ਭਰਦੀ ਆਖਣ ਲੱਗੀ ” ਨੀ! ਓਹੋ ਸਵੈਟਰ ਮੈਂ ਨਾਲ ਲੈ ਗਈ ਸੀ ਸਹੁਰੇ | ਬੀਬੀ ਆਖਦੀ ਸੀ ਇਹ ਪਾ ਲੈਣਗੇ ਪਰ ਓਹਨੂੰ ਤਾਂ ਅੜਿਆ ਵੀ ਨਾ | ਕਿਥੇ ਉਹ ਪਤਲਾ ਪਤੰਗ ਜਿਹਾ ਸੀ ਤੇ ਕਿਥੇ ਇਹ ਕੱਦ-ਕਾਠ ਦਾ ਭਾਰਾ | ਇਹ ਗੱਲ ਸੁਣਕੇ ਮੇਰਾ ਮਾੜਾ ਜਿਹਾ ਹਾਸਾ ਨਿਕਲ ਗਿਆ ਪਰ ਮੈਂ ਸਹਿਜ ਜਿਹੀ ਹੋਕੇ ਓਹਨੂੰ ਆਖਣ ਲਗੀ ਨੀ ਭਾਗੋ ਤੂੰ ਜਵਾਕੜੀ ਆ ਦਸ | ਫੇਰ ਕੀ ਹੋਇਆ ਜੇ ਸਵੈਟਰ ਨਹੀਂ ਅੜਿਆ ਤਾਂ , ਤੂੰ ਹੋਰ ਉਣ ਲਈ ਦਸ | ਨਾ ਨਾ ਭਜਨੋ ! ਗੱਲ ਸਵੈਟਰ ਦੀ ਨਹੀਂ | ਪਰ ਨੀ ਅੜੀਏ! ਕੀ ਜੋੜ ਆ ਸਾਡਾ ਭਲਾ, ਦਸ ਖਾਂ | ਇੱਕ ਤੇ ਸਾਡੀ ਉਮਰ ‘ਚ ਏਡਾ ਫਰਕ ਤੇ ਦੂਜਾ ਇਹ ਕਿ ਓਹਦੀ ਤੇ ਕੋਈ ਰੀਝ ਵੀ ਕੰਵਾਰੀ ਨਹੀਂ | ਮੇਰੀਆਂ ਤੇ ਸਾਰੀਆਂ ਰੀਝਾਂ ਈ ਕੰਵਾਰੀਆਂ ਸੀ ਨਾ | ਤੇ ਉਹ ਫਿਰ ਡੁਸਕਣ ਲਗ ਪਈ | ਮੈਂ ਦਸ ਕੀ ਕਰਨੇ ਸੀ ਤੀਹ ਕਿਲੇ | ਪੰਜਾਂ ਕਿਲਿਆਂ ਵਾਲਾ ਕਿਤੇ ਮੈਨੂੰ ਭੁੱਖੀ ਤਾਂ ਨਹੀਂ ਮਾਰ ਦੇਣ ਲਗਾ ਸੀ | ਮੈਂ ਕੋਈ ਕਿਲੇ ਬੱਝੀ ਮੱਝ-ਗਾਂ ਸੀ ਜਿਨੂੰ ਇੱਕ ਕਿਲੇ ਤੋਂ ਖੋਲ , ਦੂਜੇ ਤੇ ਬੰਨ੍ਹਣ ਲਗਿਆਂ ਪੁੱਛਿਆ ਵੀ ਨਾ | ਮੈਂ ਓਹਦੇ ਨਾਲ ਰਹਿਣ ਦੇ ਕਿੰਨੇ ਸੁਪਨੇ ਦੇਖ ਲਏ ਸੀ | ਜਿਦਾਂ ਜਿਦਾਂ ਵੀ ਚਾਚੀ ਕਰਤਾਰੋ ਨੇ ਦਸਿਆ ਸੀ ਮੈਂ ਓਦਾਂ ਦੇ ਹੀ ਨੈਣ-ਨਕਸ਼ ਸੋਚ ਓਹਦਾ ਮੁਹਾਂਦਰਾ ਘੜ ਲਿਆ ਸੀ | ਉਹ ਕਿੰਝ ਉਠਦਾ-ਬਹਿੰਦਾ ਹੋਊ , ਕਿੰਝ ਤੁਰਦਾ-ਫਿਰਦਾ ਹੋਊ , ਖਾਂਦਾ-ਪੀਂਦਾ ਹੋਊ , ਮੈਂ ਬਸ ਉਸ ਬਾਰੇ ਸੋਚਦੀ ਸਾਂ | ਮੈਂ ਚਾਹੇ ਸੋਚਾਂ ਦੀ ਤੰਦ ਰਾਹੀਂ ਹੀ ਪਰ ਉਸ ਨਾਲ ਜੁੜ ਗਈ ਸਾਂ ਭੈਣੇ | ਤੇ ਉਹ ਫੇਰ ਫਿਸ ਗਈ | ਮੈਂ ਓਹਦੀ ਗੱਲ ਨੂੰ ਸਮਝ ਤਾਂ ਰਹੀ ਸਾਂ ਪਰ ਓਹਦੀ ਪੀੜ ਨੂੰ ਖੌਰੇ ਮਹਿਸੂਸ ਨਹੀਂ ਸੀ ਕਰ ਸਕੀ | ਮੈਂ ਆਪਣੇ ਵਲੋਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲਗੀ ਕਿ ਓਹਦੇ ਸੰਜੋਗ ਨਹੀਂ ਸੀ ਉਸ ਨਾਲ , ਜਿਸ ਨਾਲ ਸੀ ਓਹਦੇ ਨਾਲ ਹੀ ਵਿਆਹ ਹੋਣਾ ਸੀ | ਪਰ ਓਹਦਾ ਦਿਲ ਜਿਹੜੀ ਪੀੜਾ ਹੰਢਾ ਰਿਹਾ ਸੀ , ਓਹਦੇ ਤੇ ਇਨ੍ਹਾਂ ਧਰਵਾਸਿਆਂ ਦਾ ਕੋਈ ਖਾਸਾ ਅਸਰ ਨਹੀਂ ਸੀ ਹੋਇਆ | ਉਹ ਫੇਰ ਆਪਣੇ ਮਨ ਦੀ ਵੇਦਨਾ ਦਸਣ ਲਗੀ | ਨਹੀਂ ਨੀ ਭਜਨੋ! ਇਹ ਸੰਜੋਗ ਨਹੀਂ ਸੀ , ਇਹ ਤੇ ਮੇਰੇ ਮਾਪਿਆਂ ਦਾ ਲਾਲਚ ਹੀ ਸੀ ਜਿਨ੍ਹਾਂ ਇਸ ਸਾਕ ਵਿੱਚ ਮੈਨੂੰ ਨਰੜ ਦਿੱਤਾ | ਮੈਨੂੰ ਇੱਕ ਵਾਰ ਈ ਪੁੱਛ ਲੈਂਦੇ ਕਿ ਭਾਗੋ ਤੇਰੀ ਕੀ ਮਰਜੀ ਆ | ਮੈਂ ਨਹੀਂ ਜਾਣਾ ਸਹੁਰੇ ਭਜਨੋ! ਤੂੰ ਬੀਬੀ ਨੂੰ ਕਹਿਕੇ ਵੇਖ ਖਾਂ ਅੜੀਏ | ਤੇ ਉਹ ਦੁਬਾਰਾ ਮੈਨੂੰ ਚਿੰਬੜ ਗਈ | “

ਏਨੀ ਗੱਲ ਸੁਣਾ ਭਜਨ ਕੌਰ ਜਿਵੇਂ ਅਤੀਤ ਵਿੱਚ ਗਵਾਚ ਗਈ ਸੀ |

ਉਸਨੂੰ ਇੰਝ ਚੁੱਪ ਵੇਖਕੇ ਇਸ ਵਾਰ ਸਵਾਲ ਬੇਅੰਤ ਸਿਓਂ ਵਲੋਂ ਆਇਆ ਸੀ

” ਫੇਰ ਕੀ ਬਣਿਆ ?”

” ਬਣਨਾ ਕੀ ਸੀ | ” ਭਜਨ ਕੌਰ ਨੇ ਠੰਡਾ ਜਿਹਾ ਹੌਕਾ ਭਰਿਆ ” ਨਾ ਪਹਿਲਾਂ ਕਿਸੇ ਨੇ ਓਹਦੀ ਮਰਜੀ ਪੁੱਛੀ ਸੀ ਤੇ ਨਾ ਫੇਰ ਕਿਸੇ ਨੇ ਪੁੱਛੀ | ਪਰ ਅਸੀਂ ਜਦੋਂ ਵੀ ਕਿਤੇ ‘ਕਠੀਆਂ ਹੋਈਆਂ ਮੈਂ ਹਮੇਸ਼ਾ ਓਹਦੀਆਂ ਅੱਖਾਂ ਵਿੱਚ ਇੱਕ ਅਧੂਰਾਪਣ ਜਿਹਾ ਈ ਵੇਖਿਆ | ਸੁਖ ਨਾਲ ਤਿੰਨ ਪੁੱਤਾਂ ਤੇ ਇੱਕ ਧੀ ਦੀ ਮਾਂ ਬਣ ਗਈ ਸੀ | ਪਰ ਫੇਰ ਵੀ ਜਿਵੇਂ ਕੁਝ ਖਾਲੀਪਣ ਸੀ | ਖੌਰੇ ਹਾਣ ਨਾ ਮਿਲਣ ਕਰਕੇ , ਖੌਰੇ ਮਾਪਿਆਂ ਨੇ ਜਿਆਦਤੀ ਜਿਹੀ ਕਰਤੀ ਸੀ ਤਾਂ ਕਰਕੇ ਪਰ ਸੀ ਕੁਝ ਜਿਨੂੰ ਸਾਰੀ ਉਮਰ ਉਹ ਤਰਸਦੀ ਰਹੀ |”

” ਵੇ ਬੇਅੰਤ ! ਦੇਖੀਂ ਕਿਤੇ ਆਪਣੀ ਸਿੰਮੀ ਵੀ ਦੂਜੀ ਭਾਗੋ ਨਾ ਬਣਜੇ | ਇੱਕ ਵਾਰ ਕੁੜੀ ਦੀ ਮਰਜੀ ਜਰੂਰ ਪੁੱਛ ਲਿਓ | ਫੇਰ ਭਾਈ ਜੋ ਮਰਜੀ ਕਰਿਓ |” ਏਨਾ ਆਖ ਉਹ ਆਪਣੀ ਖੂੰਢੀ ਫੜ ਬਾਹਰ ਨੂੰ ਤੁਰ ਪਈ ਸੀ , ਜਿਵੇਂ ਇਸ ਤੋਂ ਵੱਧ ਉਸ ਕੋਲ ਸਮਝਾਉਣ ਲਈ ਕੁਝ ਨਹੀਂ ਸੀ | ਤੇ ਬੇਅੰਤ ਸਿਓਂ ਹੁਣ ਕਿਸੇ ਡੂੰਘੀ ਸੋਚ ਵਿੱਚ ਡੁਬਿਆ ਲਗਦਾ ਸੀ |(ਸਮਾਪਤ)

ਗੁਰਮੀਨ ਕੌਰ
94637-61800
ਈ-ਮੇਲ-gurmeensran21@gmail.com

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: