ਜੋਅ ਬਾਈਡੇਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ

ਜੋਅ ਬਾਈਡੇਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ
ਅਮਰੀਕੀ ਇਤਿਹਾਸ ਚ’ ਕਮਲਾ ਹੈਰਿਸ ਬਣੀ ਪਹਿਲੀ ਮਹਿਲਾ ਉਪ- ਰਾਸ਼ਟਰਪਤੀ
ਹਰ ਅਮਰੀਕੀ ਨਾਗਰਿਕ ਦੀ ਬਿਹਤਰੀ ਲਈ ਕੰਮ ਕਰਨਾ ਮੇਰੀ ਜ਼ਿੰਮੇਵਾਰੀ : ਜੋਅ ਬਾਇਡੇਨ
ਕਈ ਵੀ.ਆਈ.ਪੀ. ਲੀਡਰ ਰਹੇ ਸਮਾਗਮ ਦੌਰਾਨ ਹਾਜ਼ਰ -ਬਾਇਡੇਨ ਦੇ ਸਹੁੰ ਚੁੱਕ ਸਮਾਗਮ ’ਚ’ਨਹੀਂ ਸ਼ਾਮਲ ਹੋਏ ਟਰੰਪ
ਵਾਸ਼ਿੰਗਟਨ, ਡੀ.ਸੀ , 21 ਜਨਵਰੀ (ਰਾਜ ਗੋਗਨਾ ) – ਜੋਅ ਬਾਈਡੇਨ ਨੇ ਅੱਜ 46ਵੇਂ ਅਮਰੀਕੀ ਰਾਸ਼ਟਰਪਤੀ ਦੇ ਰੂਪ ’ਚ ਸਹੁੰ ਚੁੱਕ ਕੇ ਸੱਤਾ ਸੰਭਾਲ ਲਈ ਹੈ। ਚੀਫ਼ ਜਸਟਿਸ ਜਾਨ ਜੀ. ਰੌਬਰਟਸ ਜੂਨੀਅਰ ਨੇ ਜੋਅ ਬਾਇਡਨ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ। ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਜੋਅ ਬਾਇਡਨ ਨੇ ਕਿਹਾ ਕਿ ਮੈਂ ਪੂਰੇ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਹਾਂ ਤੇ ਹੁਣ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਹਰ ਅਮਰੀਕੀ ਨਾਗਰਿਕ ਦੀ ਬਿਹਤਰੀ ਲਈ ਕੰਮ ਕਰਾਂ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਇਤਿਹਾਸ ਬਹੁਤ ਵਧੀਆ ਹੈ। ਸਾਨੂੰ ਹੁਣ ਵੀ ਇਥੇ ਏਕਤਾ ਤੇ ਭਾਈਚਾਰੇ ਲਈ ਕੰਮ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ, ਜਦੋਂ ਔਰਤਾਂ ਨੂੰ ਇਥੇ ਵੋਟ ਪਾਉਣ ਦਾ ਹੱਕ ਨਹੀਂ ਸੀ ਹੁੰਦਾ ਤੇ ਅੱਜ ਅਮਰੀਕਾ ਦੀ ਉੱਪ ਰਾਸ਼ਟਰਪਤੀ ਇਕ ਔਰਤ ਨੂੰ ਚੁਣਿਆ ਗਿਆ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅਮਰੀਕਾ ਨੂੰ ਅੱਗੇ ਵੱਲ ਲਿਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਨੂੰ ਦੁਨੀਆਂ ਦੇਖ ਰਹੀ ਹੈ। ਅਸੀਂ ਬਹੁਤ ਜਲਦ ਅਮਰੀਕਾ ਵਿਚ ਸਭ ਕੁੱਝ ਚੰਗਾ ਕਰ ਦੇਵਾਂਗੇ। ਅਮਰੀਕਾ ਤਾਂ ਹੀ ਮਹਾਨ ਹੋ ਸਕਦਾ ਹੈ, ਜੇ ਅਸੀਂ ਸਾਰੇ ਰਲ ਕੇ ਇਸ ਵੱਲ ਧਿਆਨ ਦੇਈਏ। ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕਾ ਦੇ ਸੁਰੱਖਿਆ ਦਸਤਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਇਨ੍ਹਾਂ ’ਤੇ ਮਾਣ ਹੈ।ਰਾਸ਼ਟਰਪਤੀ ਜੋਅ ਬਾਇਡਨ ਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਮੌਕੇ ਕੋਵਿਡ-19 ਕਰਕੇ ਆਮ ਜਨਤਾ ਤਾਂ ਭਾਵੇਂ ਬਹੁਤ ਘੱਟ ਰੱਖੀ ਗਈ ਸੀ, ਪਰ ਬਹੁਤ ਸਾਰੇ ਵੀ.ਆਈ.ਪੀ. ਲੀਡਰਾਂ ਨੂੰ ਸੱਦਾ ਦਿੱਤਾ ਗਿਆ ਸੀ।
ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਜੂਨੀਅਰ, ਬਰਾਕ ਓਬਾਮਾ ਅਤੇ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਮਾ, ਜੋਅ ਬਾਇਡਨ ਦੀ ਤਾਜਪੋਸ਼ੀ ਸਮਾਰੋਹ ਲਈ ਯੂ.ਐੱਸ. ਕੈਪੀਟਲ ’ਚ ਪਹੁੰਚੇ ਹੋਏ ਸਨ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ 2016 ’ਚ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਿਲੇਰੀ ਕਲਿੰਟਨ ਵੀ ਇਸ ਸਮਾਰੋਹ ’ਚ ਸ਼ਾਮਲ ਹੋਏ। ਟਰੰਪ ਪ੍ਰਸ਼ਾਸਨ ’ਚ ਉਪ ਰਾਸ਼ਟਰਪਤੀ ਰਹੇ ਮਾਈਕ ਪੈਂਸ ਆਪਣੀ ਪਤਨੀ ਕੈਰਨ ਪੈਂਸ ਨਾਲ ਇਸ ਸਮਾਰੋਹ ’ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਰਿਪਬਲਿਕਨ ਪਾਰਟੀ ਦੇ ਬਹੁਤ ਸਾਰੇ ਸੈਨੇਟਰ ਵੀ ਜੋਅ ਬਾਦੇ ਸਹੁੰ ਚੁੱਕ ਸਮਾਗਮ ਦੌਰਾਨ ਹਾਜ਼ਰ ਰਹੇ। ਅਮਰੀਕਾ ਦੀ ਮਸ਼ਹੂਰ ਗਾਇਕਾ ਲੇਡੀ ਗਾਗਾ, ਜ਼ੈਨੀਫੋਰ ਲੋਪੇਜ਼ ਨੇ ਅਮਰੀਕਾ ਦਾ ਰਾਸ਼ਟਰੀ ਗੀਤ ਗਾਇਆ।
ਜ਼ਿਕਰਯੋਗ ਹੈ ਕਿ ਜੋਅ ਬਾਇਡਨ ਨੇ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਪਾਰਟੀ ਵੱਲੋਂ ਦੂਜੀ ਵਾਰ ਚੋਣ ਲੜੇ ਡੋਨਾਲਡ ਟਰੰਪ ਨੂੰ ਭਾਰੀ ਫਰਕ ਨਾਲ ਹਰਾਇਆ ਸੀ। 1992 ’ਚ ਜਾਰਜ ਐੱਚ. ਡਬਲਿਊ. ਬੁਸ਼ ਤੋਂ ਬਾਅਦ ਦੂਜੇ ਕਾਰਜਕਾਲ ਲਈ ਚੋਣ ਹਾਰਨ ਵਾਲੇ ਟਰੰਪ ਪਹਿਲੇ ਰਾਸ਼ਟਰਪਤੀ ਸਨ। ਇੱਥੇ ਜਿਕਰਯੋਗ ਹੈ ਕਿ 78 ਸਾਲਾ ਜੋਅ ਬਾਈਡੇਨ ਤਕਰੀਬਨ 50 ਸਾਲ ਤੋਂ ਅਮਰੀਕਾ ਦੀ ਰਾਜਨੀਤੀ ’ਚ ਸਰਗਰਮ ਹਨ। ਉਹ ਬਰਾਕ ਓਬਾਮਾ ਦੇ ਕਾਰਜਕਾਲ ’ਚ ਸੰਯੁਕਤ ਰਾਜ ਅਮਰੀਕਾ ਦੇ ਉਪ -ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਉੱਥੇ ਹੀ, ਡੋਨਾਲਡ ਟਰੰਪ, ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਨਹੀਂ ਹੋਏ। 1869 ’ਚ ਅਮਰੀਕਾ ਦੇ 17ਵੇਂ ਰਾਸ਼ਟਰਪਤੀ ਐਂਡ੍ਰਿਊ ਜਾਨਸਨ ਤੋਂ ਬਾਅਦ ਟਰੰਪ ਪਹਿਲੇ ਅਜਿਹੇ ਜਾਂਦੇ ਹੋਏ ਰਾਸ਼ਟਰਪਤੀ ਰਹੇ, ਜੋ ਆਪਣੇ ਉਤਰਾਧਿਕਾਰੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਨਹੀਂ ਹੋਏ। ਸੱਤਾ ਦੇ ਸ਼ਾਂਤੀਪੂਰਵਕ ਤਬਦੀਲੀ ਦੇ ਸਮਰਥਨ ਵਜੋਂ ਹੁਣ ਤੱਕ ਰਾਸ਼ਟਰਪਤੀ-ਉਪ ਰਾਸ਼ਟਰਪਤੀ ਆਪਣੇ ਉਤਰਾਧਿਕਾਰੀਆਂ ਦੇ ਉਦਘਾਟਨ ਸਮਾਗਮ ’ਚ ਰਵਾਇਤੀ ਤੌਰ ’ਤੇ ਸ਼ਿਰਕਤ ਕਰਦੇ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਓਬਾਮਾ ਅਤੇ ਉਸ ਸਮੇਂ ਉਪ ਰਾਸ਼ਟਰਪਤੀ ਵਜੋਂ ਜੋਅ ਬਾਇਡਨ ਟਰੰਪ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਸਨ।