ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਜੈਤੋ ਵਿਖੇ ਹਰਦਮ ਸਿੰਘ ਮਾਨ ਦੇ ਸਨਮਾਨ ਹਿਤ ਰੂਬਰੂ ਸਮਾਰੋਹ

ਜੈਤੋ ਵਿਖੇ ਹਰਦਮ ਸਿੰਘ ਮਾਨ ਦੇ ਸਨਮਾਨ ਹਿਤ ਰੂਬਰੂ ਸਮਾਰੋਹ

ਨਿਰਪੱਖ ਆਵਾਜ਼ ਬਿਓਰੋ

ਜੈਤੋ, 23 ਫਰਵਰੀ 2021-ਜੈਤੋ ਦੀ ਪ੍ਰਸਿੱਧ ਸਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ.) ਵੱਲੋਂ ਕੈਨੇਡਾ ਤੋਂ ਆਏ ਸ਼ਾਇਰ ਹਰਦਮ ਸਿੰਘ ਮਾਨ ਦੇ ਸਨਮਾਨ ਹਿਤ ਰੂਬਰੂ ਸਮਾਰੋਹ ਕਰਵਾਇਆ ਗਿਆ। ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਹਰਦਮ ਸਿੰਘ ਮਾਨ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਪ੍ਰੋ. ਤਰਸੇਮ ਨਰੂਲਾ, ਸਾਧੂ ਰਾਮ ਸ਼ਰਮਾ, ਦਰਸ਼ਨ ਸਿੰਘ ਬਰਾੜ ਅਤੇ ਮੰਗਤ ਸ਼ਰਮਾ ਨੇ ਕੀਤੀ।

ਸਟੇਜ ਦਾ ਸੰਚਾਲਨ ਕਰਦਿਆਂ ਪ੍ਰਸਿੱਧ ਸ਼ਾਇਰ ਅਤੇ ਰੇਡੀਓ ਹੋਸਟ ਹਰਮੇਲ ਪਰੀਤ ਨੇ ਹਰਦਮ ਸਿੰਘ ਮਾਨ ਦੇ ਕੁਝ ਚੋਣਵੇਂ ਸ਼ਿਅਰਾਂ ਨਾਲ ਉਨ੍ਹਾਂ ਦੀ ਸ਼ਾਇਰੀ ਬਾਰੇ ਦੱਸਿਆ ਅਤੇ ਉਨ੍ਹਾਂ ਵੱਲੋਂ ਜੈਤੋ ਵਿਖੇ ਸਾਹਿਤਕ, ਸੱਭਿਆਚਾਰਕ ਅਤੇ ਪੱਤਰਕਾਰੀ ਦੇ ਖੇਤਰ ਕੀਤੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੰਦਿਆਂ ਹਰਦਮ ਸਿੰਘ ਮਾਨ ਨੂੰ ਸਰੋਤਿਆਂ ਦੇ ਰੂਬਰੂ ਕੀਤਾ।

ਹਰਦਮ ਸਿੰਘ ਮਾਨ ਨੇ ਜੈਤੋ ਨਾਲ ਆਪਣੀ 42 ਸਾਲਾਂ ਤੋਂ ਵਡੇਰੀ ਸਾਂਝ ਨਾਲ ਗੱਲਬਾਤ ਸ਼ੁਰੂ ਕਰਦਿਆਂ ਜੈਤੋ ਵਿਖੇ 28 ਸਾਲ ਨਿਭਾਈ ਬੈਂਕ ਸੇਵਾ ਦਾ ਜ਼ਿਕਰ ਕੀਤਾ, ਪੰਜਾਬੀ ਸਾਹਿਤ ਸਭਾ ਜੈਤੋ ਅਤੇ ਪੱਤਰਕਾਰੀ ਦੇ ਸਫਰ ਬਾਰੇ ਦੱਸਿਆ। ਉਨ੍ਹਾਂ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਸਦਕਾ ਹੀ ਉਹ ਗ਼ਜ਼ਲ ਦੇ ਖੇਤਰ ਵਿਚ ਕੁਝ ਕਰਨ ਦੇ ਯੋਗ ਹੋਏ ਹਨ। ਉਨ੍ਹਾਂ ਮੰਚ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਕਿ ਉਹ ਉਸ ਮਹਾਨ ਤੇ ਫੱਕਰ ਸ਼ਾਇਰ, ਦਰਵੇਸ਼ ਇਨਸਾਨ ਨੂੰ ਜਿਉਂਦਾ ਰੱਖ ਰਹੇ ਹਨ। ਉਨ੍ਹਾਂ ਜੈਤੋਈ ਸਾਹਿਬ ਦੇ ਨਾਂ ਤੇ ਹਰ ਸਾਲ ਇਕ ਪੰਜਾਬੀ ਸ਼ਾਇਰ ਨੂੰ ਐਵਾਰਡ ਦੇਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਉਹ ਆਪਣੇ ਵੱਲੋਂ ਇਸ ਐਵਾਰਡ ਲਈ 5100 ਰੁਪਏ ਦਾ ਯੋਗਦਾਨ ਪਾਇਆ ਕਰਨਗੇ। ਉਨ੍ਹਾਂ ਆਪਣੀ ਕੈਨੇਡਾ ਵਿਚਲੀ ਜ਼ਿੰਦਗੀ ਬਾਰੇ ਦੱਸਿਆ ਅਤੇ ਉਥੋਂ ਦੇ ਸਾਹਿਤਕ ਅਤੇ ਪੱਤਰਕਾਰੀ ਖੇਤਰ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਆਪਣੀਆਂ ਕੁਝ ਗ਼ਜ਼ਲਾਂ ਸਾਂਝੀਆਂ ਕੀਤੀਆਂ ਅਤੇ ਮੰਚ ਵੱਲੋਂ ਮਾਣ ਸਨਮਾਨ ਦੇਣ ਲਈ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।

ਪ੍ਰੋ. ਤਰਸੇਮ ਨਰੂਲਾ ਨੇ ਹਰਦਮ ਸਿੰਘ ਮਾਨ ਦੀ ਸੰਘਰਸ਼ਮਈ ਅਤੇ ਸਫਲ ਜ਼ਿੰਦਗੀ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਦਹਾਕੇ ਜੈਤੋ ਵਿਖੇ ਕਰਵਾਏ ਜਾਣ ਵਾਲੇ ਸਾਹਿਤਕ ਅਤੇ ਸੱਭਿਆਚਾਰ ਪ੍ਰੋਗਰਾਮਾਂ ਵਿਚ ਹਰਦਮ ਸਿੰਘ ਮਾਨ ਮੁੱਖ ਧੁਰਾ ਹੁੰਦੇ ਸਨ ਅਤੇ ਇਨ੍ਹਾਂ ਦੇ ਕੈਨੇਡਾ ਚਲੇ ਜਾਣ ਨਾਲ ਅਜਿਹੀਆਂ ਸਰਗਰਮੀਆਂ ਬਹੁਤ ਘਟ ਗਈਆਂ ਹਨ।

ਇਸ ਮੌਕੇ ਮੰਚ ਵੱਲੋਂ ਹਰਦਮ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੰਚ ਵੱਲੋਂ ਸੰਪਾਦਿਤ ਪੁਸਤਕ “ਦੀਪਕ ਤੋਂ ਬਾਅਦ” ਭੇਟ ਕੀਤੀ ਗਈ। ਹਰਦਮ ਸਿੰਘ ਮਾਨ ਨੇ ਆਪਣੀਆਂ ਦੋ ਪੁਸਤਕਾਂ ਮੰਚ ਲਈ ਦਿੱਤੀਆਂ ਅਤੇ ਪ੍ਰੋ. ਤਰਸੇਮ ਨਰੂਲਾ ਨੇ ਆਪਣੀਆਂ ਦੋ ਨਵੀਆਂ ਪੁਸਤਕਾਂ ਹਰਦਮ ਸਿੰਘ ਮਾਨ ਨੂੰ ਦਿੱਤੀਆਂ।

ਅਖੀਰ ਵਿਚ ਚੱਲੇ ਕਾਵਿਕ ਦੌਰ ਵਿਚ ਹਰਭਗਵਾਨ ਕਰੀਰਵਾਲੀ, ਨੈਣਪਾਲ ਸਿੰਘ ਮਾਨ, ਮਲਕੀਤ ਕਿੱਟੀ, ਹਰਨੇਕ ਰੁਪਾਣਾ, ਗੁਰਵਿੰਦਰ ਦਬੜ੍ਹੀਖਾਨਾ, ਧਰਮ ਪਰਵਾਨਾਂ, ਮਨਜਿੰਦਰ ਗੋਹਲੀ, ਈਸ਼ਰ ਸਿੰਘ ਲੰਬਵਾਲੀ, ਹਰਮੇਲ ਪਰੀਤ, ਗੁਰਦੀਪ ਸ਼ਰਮਾ, ਗੁਰਨਾਮ ਗੋਂਦਾਰਾ, ਗੁਰਵਿੰਦਰ ਸਰਾਵਾਂ, ਸ਼ਿਵਨਾਥ ਦਰਦੀ, ਦੌਲਤ ਸਿੰਘ ਅਨਪੜ੍ਹ, ਤਰਸੇਮ ਨਰੂਲਾ, ਤਿਰਲੋਕ ਵਰਮਾ,ਮਾਸਟਰ ਦਰਸ਼ਨ ਸਿੰਘ ਬਰਾੜ, ਜਨਕ ਲਹਿਰੀ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਮਹੇਸ਼ਵਰੀ, ਸੁਰਿੰਦਰਪਾਲ ਸ਼ਰਮਾ ਵੀ ਹਾਜ਼ਰ ਸਨ। ਅੰਤ ਵਿਚ ਤ੍ਰਿਲੋਕ ਵਰਮਾ ਨੇ ਹਰਦਮ ਸਿੰਘ ਮਾਨ ਦੀ ਗ਼ਜ਼ਲ “ਦਰਦ ਵਧਦਾ ਜਾ ਰਿਹਾ ਹੈ ਪਰ ਦਵਾ ਕੋਈ ਨਹੀਂ…“ ਆਪਣੀ ਸੁਰੀਲੀ ਅਤੇ ਪੁਖਤਾ ਆਵਾਜ਼ ਵਿਚ ਪੇਸ਼ ਕਰ ਕੇ ਸਭਨਾਂ ਦਾ ਧੰਨਵਾਦ ਕੀਤਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: