Fri. Aug 23rd, 2019

ਜੈਤੋ ਦੇ ਮੋਰਚੇ ‘ਤੇ ਵਿਸ਼ੇਸ਼: ਰਾਜਸੀ ਤੋਂ ਧਾਰਮਿਕ ਧੱਕੇਸ਼ਾਹੀ ਵਿੱਚ ਹੋਈ ਤਬਦੀਲੀ ਰੋਕਣ ਲਈ ਲਗਾਇਆ ਇਤਿਹਾਸਕ ਜੈਤੋ ਦਾ ਮੋਰਚਾ

ਜੈਤੋ ਦੇ ਮੋਰਚੇ ‘ਤੇ ਵਿਸ਼ੇਸ਼: ਰਾਜਸੀ ਤੋਂ ਧਾਰਮਿਕ ਧੱਕੇਸ਼ਾਹੀ ਵਿੱਚ ਹੋਈ ਤਬਦੀਲੀ ਰੋਕਣ ਲਈ ਲਗਾਇਆ ਇਤਿਹਾਸਕ ਜੈਤੋ ਦਾ ਮੋਰਚਾ

ਅੰਗਰੇਜਾਂ ਨੇ ਆਪਣੀ ਹਕੂਮਤ ਦੇ ਵਿਸਥਾਰ ਦੀ ਮਨਸ਼ਾ ਨਾਲ ਭਾਰਤੀ ਰਾਜਿਆਂ ਦੇ ਕੰਮ ਕਾਜ਼ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ।ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਵੱਲੋਂ ਨਨਕਾਣਾ ਸਾਹਿਬ ਦੇ ਸਾਕੇ ਦੇ ਵਿਰੋਧ ਵਿੱਚ ਸਜਾਈ ਕਾਲੀ ਦਸਤਾਰ ਅਤੇ ਉਸ ਦੇ ਰਾਸ਼ਟਰਵਾਦੀ ਲੋਕਾਂ ਨਾਲ ਸੰਬੰਧਾਂ ਤੋਂ ਅੰਗਰੇਜ ਹਕੂਮਤ ਕਾਫੀ ਖਫਾ ਸੀ।ਅੰਗਰੇਜ ਹਕੂਮਤ ਨੇ ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਜਬਰਦਸਤੀ ਰਾਜਗੱਦੀ ਤੋਂ ਲਾਹ ਕੇ ਰਾਜ ਵਿੱਚੋਂ ਬਾਹਰ ਕਰ ਦਿੱਤਾ।ਅੰਗਰੇਜਾਂ ਨੇ ਪ੍ਰਚਾਰ ਕੀਤਾ ਕਿ ਰਾਜਾ ਆਪਣੀ ਮਰਜੀ ਨਾਲ ਗੱਦੀ ਤੋਂ ਲਾਂਭੇ ਹੋਏ ਹਨ।ਪਰ ਅਕਾਲੀਆਂ ਅਤੇ ਰਾਸ਼ਟਰਵਾਦੀ ਲੋਕਾਂ ਨੇ ਅੰਗਰੇਜ ਹਕੂਮਤ ਦੀ ਰਾਜੇ ਨਾਲ ਇਸ ਜਬਰਦਸਤੀ ਦਾ ਸਖਤ ਵਿਰੋਧ ਕੀਤਾ। ੨ ਅਗਸਤ ੧੯੨੩ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਕੂਮਤ ਦੀ ਧੱਕੇਸ਼ਾਹੀ ਖਿਲਾਫ ਵਾਇਸਰਾਏ ਨੂੰ ਟੈਲੀਗ੍ਰਾਮ ਭੇਜਦਿਆਂ ਰਾਜੇ ਵੱਲੋਂ ਸਵੈ ਇੱਛਾ ਨਾਲ ਗੱਦੀ ਤਿਆਗਣ ਦੇ ਸਰਕਾਰੀ ਦਾਅਵੇ ਨੂੰ ਚੁਣੌਤੀ ਵੀ ਦਿੱਤੀ।ਰਾਜੇ ਨੂੰ ਮੁੜ ਗੱਦੀ ‘ਤੇ ਬਿਰਾਜਮਾਨ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਕਰਦਿਆਂ ਰਾਜੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਗਿਆ।
ਰਾਜੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਜਿੱਥੇ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਸਮਾਗਮ ਕੀਤੇ ਗਏ ਉੱਥੇ ਹੀ ਜੈਤੋ ਵਿਖੇ ਦੀਵਾਨ ਸਜਾਉਣ ਦਾ ਫੈਸਲਾ ਕੀਤਾ ਗਿਆ।ਨਾਭਾ ਰਿਆਸਤ ਵਿੱਚ ਰਾਜੇ ਦੇ ਹੱਕ ਵਿੱਚ ਅੰਦੋਲਨ ਚਲਾਉਂਦਿਆਂ ਉਸ ਨੂੰ ਮੁੜ ਗੱਦੀ ‘ਤੇ ਬਿਠਾਉਣ ਦੇ ਹੱਕ ਵਿੱਚ ਮਤੇ ਪਾਸ ਕੀਤੇ ਗਏ।ਉਧਰ ਹਕੂਮਤ ਵੱਲੋਂ ਰਾਜੇ ਦੇ ਹੱਕ ਵਿੱਚ ਕੋਈ ਵੀ ਪ੍ਰਦਰਸ਼ਨ ਕਰਨ ਜਾ ਹੋਰ ਸਮਾਗਮ ਰਚਾਉਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਸਨ।ਜੈਤੋ ਵਿਖੇ ਦੀਵਾਨ ਸਜਾਉਣ ਅਤੇ ਰਾਜੇ ਦੇ ਹੱਕ ਵਿੱਚ ਗੱਲ ਕਹਿਣ ਨੂੰ ਪ੍ਰਸ਼ਾਸਨਕੀ ਹੁਕਮਾਂ ਦੀ ਅਦੂਲੀ ਮੰਨਦਿਆਂ ਨਾਭਾ ਰਾਜ ਦੀ ਪੁਲਿਸ ਨੇ ਜੈਤੋ ਵਿਖੇ ਦੀਵਾਨ ਸਜਾਉਣ ਵਾਲੇ ਮੋਢੀਆਂ ਨੂੰ ਹਿਰਾਸਤ ਵਿੱਚ ਲੈ ਲਿਆ।ਇਹਨਾਂ ਆਗੂਆਂ ਦੀਆਂ ਗ੍ਰਿਫਤਾਰੀਆਂ ਨਾਲ ਵਿਦਰੋਹ ਦੀ ਅੱਗ ਹੋਰ ਭੜਕ ਗਈ ਅਤੇ ਸਿੱਖ ਸੰਗਤਾਂ ਨੇ ਦੀਵਾਨ ਵਾਲੀ ਜਗਾਂ ‘ਤੇ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਕਰ ਦਿੱਤੀ।ਨਾਭਾ ਰਾਜ ਦੀ ਪੁਲਿਸ ਨੇ ਗ੍ਰਿਫਤਾਰੀਆਂ ਤੇਜ਼ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਬੈਠੇ ਪਾਠੀ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤੇ।
ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨੂੰ ਖੰਡਿਤ ਕਰਨ ਨਾਲ ਰਾਜੇ ਦੀ ਮੁੜ ਸੱਤਾ ਬਹਾਲੀ ਦਾ ਮਾਮਲਾ ਰਾਜਸੀ ਤੋਂ ਧਾਰਮਿਕ ਬਣ ਗਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌੰਮ ਵੱਲੋਂ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖਲ ਅੰਦਾਜ਼ੀ ਨੂੰ ਅਸਹਿਣਯੋਗ ਦੱਸਦਿਆਂ ਹਰ ਹੀਲੇ ਸ਼੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰਨ ਲਈ ਪ੍ਰਣ ਕਰ ਲਿਆ ਗਿਆ।ਇੱਕ ਰਿਆਸਤ ਦਾ ਮਾਮਲਾ ਸਮੁੱਚੇ ਸੂਬੇ ਅਤੇ ਸਿੱਖ ਕੌੰਮ ਦਾ ਧਾਰਮਿਕ ਮੁੱਦਾ ਬਣ ਗਿਆ।ਅੰਗਰੇਜ ਹਕੂਮਤ ਨੇ ਸਿੱਖਾਂ ਨੂੰ ਦਬਾਉਣ ਲਈ ਗ੍ਰਿਫਤਾਰੀਆਂ ਹੋਰ ਤੇਜ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਨਾ ਹੋਣ ਦੇਣ ਦੇ ਹੁਕਮ ਕਰਦਿਆਂ ਸ਼੍ਰੋਮਣੀ ਗੁਰੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਪਾਰਟੀ ਨੂੰ ਕਾਨੂੰਨ ਦੇ ਖਿਲਾਫ ਕੰਮ ਕਰਨ ਵਾਲੇ ਸੰਗਠਨ ਐਲਾਨ ਦਿੱਤਾ।ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੇ ਸਾਰੇ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਅਕਾਲੀ ਜਥਿਆਂ ਦੇ ਨਾਭਾ ਰਾਜ ਵਿੱਚ ਦਾਖਲੇ ‘ਤੇ ਪਾਬੰਦੀ ਲਗਾਉਂਦਿਆਂ ਅਕਾਲੀ ਜਥੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।ਪਰ ਅਕਾਲੀਆਂ ਵੱਲੋਂ ਸਿੱਖਾਂ ਦੇ ਜੱਥੇ ਭੇਜਣ ਦਾ ਕੰਮ ਜਾਰੀ ਰਿਹਾ ਅਤੇ ਪੁਲਿਸ ਹਰ ਜੱਥੇ ਨੂੰ ਗ੍ਰਿਫਤਾਰ ਕਰਕੇ ਦੂਰ ਜੰਗਲਾਂ ਵਿੱਚ ਛੱਡ ਆਉਂਦੀ।ਜਥਿਆਂ ਦੀ ਗ੍ਰਿਫਤਾਰੀ ਦਾ ਸਿਲਸਿਲਾ ਕਈ ਦਿਨਾਂ ਤੱਕ ਜਾਰੀ ਰਿਹਾ।ਅਖੀਰ ੯ ਫਰਵਰੀ ੧੯੨੪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਕਰੀਬਨ ਪੰਜ ਸੌ ਸਿੰਘਾਂ ਦਾ ਜੱਥਾ ਜੈਤੋ ਵੱਲ• ਭੇਜਿਆ ਗਿਆ ਅਤੇ ਵੱਖ ਵੱਖ ਪਿੰਡਾਂ,ਕਸਬਿਆਂ ਅਤੇ ਸ਼ਹਿਰਾਂ ਵਿੱਚੋਂ ਜੱਥੇ ਵਿੱਚ ਹੋਰ ਸਿੰਘ ਸ਼ਾਮਿਲ ਹੁੰਦੇ ਗਏ।ਜੱਥੇ ਦੇ ਨਾਲ ਚੱਲਦੇ ਨਿਊਯਾਰਕ ਟਾਈਮਜ਼ ਦੇ ਇੱਕ ਪੱਤਰਕਾਰ ਨੇ ਲਿਖਿਆ ਕਿ ਜੱਥੇ ਵਿੱਚ ਕੁੱਝ ਵੀ ਹਿੰਸਾਤਾਮਕ ਜਾਂ ਪ੍ਰਸ਼ਾਸਨ ਖਿਲਾਫ ਨਹੀਂ ਸੀ ਸਗੋਂ ਜੱਥਾ ਸ਼ਾਤਮਈ ਤਰੀਕੇ ਨਾਲ ਆਪਣੀ ਧਾਰਮਿਕ ਆਜ਼ਾਦੀ ਲਈ ਅੱਗੇ ਵਧ ਰਿਹਾ ਸੀ।ਪੰਜ ਨਿਸ਼ਾਨ ਸਾਹਿਬਾਂ ਵਿਚਕਾਰ ਸ਼ਸੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੀ ਅਗਵਾਈ ਹੇਠ ਚੱਲ ਰਿਹਾ ਜੱਥਾ ੨੦ ਫਰਵਰੀ ੧੯੨੪ ਨੂੰ ਜੈਤੋ ਨਜਦੀਕ ਬਰਗਾੜੀ ਵਿਖੇ ਪੁੱਜਿਆ।ਜੈਤੋ ਦੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਤਕਰੀਬਨ ੧੫੦ ਮੀਟਰ ਦੂਰ ਖੜੇ ਨਾਭਾ ਦੇ ਪ੍ਰਸ਼ਾਸਕ ਨੇ ਭਾਰੀ ਪੁਲਿਸ ਸਮੇਤ ਜੱਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।ਪਰ ਜੱਥਾ ਸਾਰੀਆਂ ਰੋਕਾਂ ਤੋੜਦਾ ਅੱਗੇ ਵਧਦਾ ਰਿਹਾ ਅਤੇ ਪ੍ਰਸ਼ਾਸਕ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ।ਇਸ ਗੋਲੀ ਬਾਰੀ ‘ਚ ਬਹੁਤ ਸਾਰੇ ਸਿੰਘ ਸ਼ਹੀਦ ਅਤੇ ਜਖਮੀ ਹੋ ਗਏ।ਗੋਲੀ ਬਾਰੀ ਦੀ ਘਟਨਾ ਨਾਲ ਵਿਦਰੋਹ ਦੀ ਅੱਗ ਜਵਾਲਾ ਬਣ ਗਈ ਅਤੇ ਸਿੱਖ ਹੋਰ ਵਧੇਰੇ ਗਿਣਤੀ ਵਿੱਚ ਜੈਤੋ ਪੁੱਜਣ ਲਈ ਉਤਾਵਲੇ ਹੋ ਗਏ।ਸ੍ਰੀ ਅਕਾਲ ਤਖਤ ਸਾਹਿਬ ਤੋਂ ੨੮ ਫਰਵਰੀ ੧੯੨੪ ਨੂੰ ਪੰਜ ਸੌ ਸਿੰਘਾਂ ਦਾ ਹੋਰ ਸ਼ਹੀਦੀ ਜੱਥਾ ਜੈਤੋ ਵੱਲ ਤੁਰਿਆ।ਇਸ ਜੱਥੇ ਦੀ ਗ੍ਰਿਫਤਾਰੀ ਉਪਰੰਤ ਪੰਜ ਸੌ ਸਿੰਘਾਂ ਦਾ ਇੱਕ ਸ਼ਹੀਦੀ ਜੱਥਾ ਜੈਤੋ ਵੱਲ ਭੇਜਿਆ ਗਿਆ।ਇਹਨਾਂ ਜਥਿਆਂ ਵਿੱਚ ਪੰਜਾਬ ਦੇ ਨਾਲ ਹੋਰਨਾਂ ਸੂਬਿਆਂ ਅਤੇ ਇੱਥੋ ਤੱਕ ਕਿ ਹੋਰਨਾਂ ਮੁਲਕਾਂ ਵਿੱਚੋਂ ਵੀ ਸਿੰਘਾਂ ਦੀ ਸ਼ਮੂਲੀਅਤ ਹੋਣ ਲੱਗੀ।ਅੰਗਰੇਜ ਹਕੂਮਤ ਵੱਲੋਂ ਆਪਣੇ ਕੁੱਝ ਪਿੱਠੂਆਂ ਦੀ ਸਹਾਇਤਾ ਨਾਲ ਸਰਕਾਰੀ ਯੋਜਨਾ ਤਹਿਤ ਸਿੱਖ ਸੁਧਾਰ ਕਮੇਟੀ ਦੀ ਸਥਾਪਨਾ ਕਰਕੇ ਇੱਕ ਸੌ ਇੱਕ ਸਿੰਘਾਂ ਦਾ ਜੱਥਾ ਜੈਤੋ ਭੇਜਣ ਦੀ ਇਜ਼ਾਜਤ ਦੇ ਦਿੱਤੀ।ਪਰ ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਇੱਕਜੁੱਟ ਸਿੰਘਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ।ਹਕੂਮਤ ਨੇ ਸਿੰਘਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ।ਇਸੇ ਦਰਮਿਆਨ ਸੂਬਾ ਸਰਕਾਰ ਨੇ ਸਿੱਖ ਗੁਰਦੁਆਰਾ ਕਾਨੂੰਨ ਪਾਸ ਕਰਦਿਆਂ ਸਿੱਖ ਸੰਗਤਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰਨ ਦੀ ਇਜ਼ਾਜਤ ਦੇ ਦਿੱਤੀ।ਸਿੱਖ ਸੰਗਤਾਂ ਨੇ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਮੋਰਚਾ ਸਫਲਤਾ ਦੇ ਮੁਕਾਮ ‘ਤੇ ਪਹੁੰਚਾਇਆ।ਮੋਰਚੇ ਦੀ ਸਫਲਤਾ ਅਤੇ ਸ਼ਹੀਦ ਸਿੰਘਾਂ ਨੂੰ ਸ਼ਰਧਾਜਲੀ ਅਰਪਿਤ ਕਰਨ ਲਈ ਜੈਤੋ ਦੇ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿਖੇ ਹਰ ਵਰੇ ਜੋੜ ਮੇਲ ਸਜਾਇਆ ਜਾਂਦਾ ਹੈ।

 

ਬਿੰਦਰ ਸਿੰਘ ਖੁੱਡੀ ਕਲਾਂ
ਮੋਬ-੯੮੭੮੬-੦੫੯੬੫
ਗਲੀ ਨੰਬਰ ੧, ਸ਼ਕਤੀ ਨਗਰ, ਬਰਨਾਲਾ

Leave a Reply

Your email address will not be published. Required fields are marked *

%d bloggers like this: