Fri. May 24th, 2019

ਜੇ ਘਰੇ ਬਜ਼ੁਰਗ ਹਨ ਤਾਂ ਰੱਬ ਕਿਤੋਂ ਹੋਰ ਕਿਉਂ ਲੱਭਣਾ ?

ਜੇ ਘਰੇ ਬਜ਼ੁਰਗ ਹਨ ਤਾਂ ਰੱਬ ਕਿਤੋਂ ਹੋਰ ਕਿਉਂ ਲੱਭਣਾ ?

ਪੰਜਾਬ ਦੇ ਲੋਕਾਂ ਨੂੰ ਅਮੀਰ ਪੰਜਾਬੀ ਵਿਰਸੇ ਦੇ ਭਾਗਸ਼ਾਲੀ ਵਾਰਿਸ ਹੋਣ ਦਾ ਮਾਣ ਹਾਸਿਲ ਹੈ। ਸੰਯੁਕਤ ਪਰਿਵਾਰ ਤਾਂ ਮੁੱਢ ਤੋਂ ਹੀ ਪੰਜਾਬੀ ਸਭਿਆਚਾਰ ਦਾ ਹਿੱਸਾ ਰਹੇ ਹਨ। ਵਿਕਾਸ ਦੀ ਅੰਨ੍ਹੀ ਦੌੜ ਵਿੱਚ ਲਗੇ ਅਜੋਕੇ ਸਮਾਜ ਦੀ ਸਮੇਂ ਦੇ ਨਾਲ ਨਾਲ ਸਭਿਆਚਾਰ ਦੇ ਇਸ ਮੁੱਲਵਾਨ ਅੰਗ ਪ੍ਰਤੀ ਵੀ ਸੋਚ ਬਦਲਦੀ ਜਾ ਰਹੀ ਹੈ। ਬਜ਼ੁਰਗ ਜੋ ਕਿ ਕਿਸੇ ਵੀ ਸੰਯੁਕਤ ਪਰਿਵਾਰ ਦਾ ਮੁੱਖ ਸਰਮਾਇਆ ਹੁੰਦੇ ਹਨ, ਉਹ ਵੀ ਨਿਊਕਲੀਅਰ ਪਰਿਵਾਰ ਰੂਪੀ ਸੋਚ ਦੇ ਝੱਖੜ ਵਿੱਚ ਰੁਲ਼ਦੇ ਜਾ ਰਹੇ ਹਨ। ਜਿਹਨਾਂ ਮਾਪਿਆਂ ਨੇ ਇੱਕਲੇ ਹੀ ਚਾਰ ਚਾਰ ਪੁੱਤਾਂ ਨੂੰ ਪਾਲਿਆ ਹੋਵੇ, ਬੁਢਾਪੇ ਵਿੱਚ ਉਹ ਚਾਰ ਮਿਲ ਕੇ ਵੀ ਉਹਨਾਂ ਦੀ ਦੇਖਭਾਲ ਦੀ ਜਿੰਮੇਵਾਰੀ ਤੋਂ ਲਾਂਭੇ ਹੋ ਜਾਂਦੇ ਹਨ। ਜਿਨ੍ਹਾਂ ਨੇ ਔਲਾਦ ਨੂੰ ਉਂਗਲ ਫੜ੍ਹ ਕੇ ਚੱਲਣਾ ਸਿਖਾਇਆ ਹੋਵੇ ਬੁਢਾਪੇ ਵਿੱਚ ਉਹ ਹੀ ਮਾਪਿਆਂ ਦਾ ਹੱਥ ਝਟਕ ਦਿੰਦੇ ਹਨ।
ਕਹਿੰਦੇ ਹਨ ਜਿਸ ਘਰ ਵਿੱਚ ਬਜ਼ੁਰਗ ਮਾਪੇ ਹੋਣ, ਉਸ ਘਰ ਦੇ ਜੀਆਂ ਨੂੰ ਧਾਰਮਿਕ ਸਥਾਨਾਂ ਤੇ ਜਾ ਕੇ ਮੱਥੇ ਰਗੜ ਕੇ ਰੱਬ ਲੱਭਣ ਦੀ ਲੋੜ ਨਹੀਂ। ਮਾਂ ਨੂੰ ਤਾਂ ਰੱਬ ਦਾ ਹੀ ਰੂਪ ਮੰਨਿਆ ਜਾਂਦਾ ਹੈ। ਮਾਂ ਦੀ ਕੁਰਬਾਨੀ ਦਾ ਮੁੱਲ ਤਾਂ ਸਾਰੀ ਧਰਤੀ ਦਾ ਮਾਲਕ ਵੀ ਨਹੀਂ ਤਾਰ ਸਕਦਾ ਪਰ ਜਿਨ੍ਹਾਂ ਮਾਪਿਆਂ ਨੇ ਬੱਚਪਨ ਵਿੱਚ ਆਪਣੇ ਮੂੰਹੋਂ ਰੋਟੀ ਕੱਢ ਕੇ ਔਲਾਦ ਨੂੰ ਪਾਲਿਆ ਹੋਵੇ, ਉਹਨਾਂ ਨੂੰ ਹੀ ਬੁਢਾਪੇ ਵਿੱਚ ਰੋਟੀ ਦੀ ਇੱਕ ਇੱਕ ਬੁਰਕੀ ਲਈ ਤਰਸਾ ਦਿੱਤਾ ਜਾਂਦਾ ਹੈ। ਜਿਹਨਾਂ ਪੁੱਤਾਂ ਨੂੰ ਮਾਪੇ ਦੁੱਧ ਘਿਓ ਨਾਲ ਪਾਲਦੇ ਪੋਸਦੇ ਰਹੇ, ਉਹ ਹੀ ਉਹਨਾਂ ਨੂੰ ਬੁਢਾਪੇ ਵਿੱਚ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸਾ ਦੇਂਦੇ ਹਨ। ਬੱਚਪਨ ਵਿੱਚ ਬੱਚੇ ਨੂੰ ਬੋਲਣਾ ਸਿਖਾਉਣ ਵਾਲੇ ਮਾਪਿਆਂ ਦਾ ਮੂੰਹ ਬੁਢਾਪੇ ਵਿੱਚ ਘਟਿਆ ਤੋਹਮਤਾਂ ਲਗਾ ਕੇ ਬੰਦ ਕਰ ਦਿੱਤਾ ਜਾਂਦਾ ਹੈ। ਕਹਿੰਦੇ ਹਨ ਮਾਪਿਆਂ ਨੂੰ ਦੁਰਕਾਰਣ ਨਾਲ ਤਾਂ ਰੱਬ ਵੀ ਰੁੱਸ ਜਾਂਦਾ ਹੈ। ਅਜਿਹੇ ਰੱਬ ਰੂਪੀ ਮਾਪਿਆਂ ਨਾਲ ਮਾੜਾ ਸਲੂਕ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਸੌ ਵਾਰ ਸੋਚ ਲੈਣਾ ਚਾਹੀਦਾ ਹੈ ਕਿ ਅੱਜ ਅਸੀਂ ਜਵਾਨ ਹਾਂ ਪਰ ਸਮੇਂ ਦੇ ਪਹਿਏ ਨੇ ਕਦੇ ਉਹਨਾਂ ਨੂੰ ਵੀ ਇਸੇ ਸਟੇਜ਼ ਤੇ ਲੈ ਆਉਣਾ ਹੈ।
ਘਰਾਂ ਵਿੱਚ ਬਜ਼ੁਰਗ ਤਾਂ ਉਹ ਘਣੇ ਛਾਂਦਾਰ, ਫਲਦਾਰ ਰੁੱਖਾਂ ਵਾਂਗ ਹੁੰਦੇ ਹਨ, ਜੋ ਸਾਰੀ ਉਮਰ ਬੱਚਿਆਂ ਨੂੰ ਆਪਣੀ ਹਿੱਕ ਨਾਲ ਲਾ ਕੇ, ਸੁਰੱਖਿਅਤ ਰੱਖ ਕੇ ਸਹੀ ਪਾਲਣ ਪੋਸ਼ਣ ਦਾ ਫਲ ਦੇਂਦੇ ਹਨ ਅਤੇ ਉਮਰ ਦੇ ਆਖਰੀ ਪੜਾਅ ਵਿੱਚ ਵੀ ਉਹਨਾਂ ਨੂੰ ਆਪਣੇ ਗਿਆਨ ਅਤੇ ਤਜ਼ਰਬੇ ਰੂਪੀ ਛਾਂ ਦੇ ਕੇ ਤੱਤੀ ‘ਵਾ ਨਹੀਂ ਲੱਗਣ ਦੇਂਦੇ। ਕਿਸੇ ਗੀਤਕਾਰ ਨੇ ਠੀਕ ਹੀ ਕਿਹਾ ਹੈ “ਤਿੰਨ ਰੰਗ ਨਈਂ ਲੱਭਣੇ ਬੀਬਾ, ਹੁਸਨ, ਜਵਾਨੀ ਤੇ ਮਾਪੇ”। ਘਰ ਦੇ ਬਜ਼ੁਰਗ ਤਾਂ ਪਿਆਰ ਦੇ ਭੁੱਖੇ ਹੁੰਦੇ ਹਨ, ਜੋ ਆਪਣੇ ਕਮਜ਼ੋਰ, ਝੁਰੜੀਦਾਰ ਹੱਥਾਂ ਨੂੰ ਔਲਾਦ ਦੇ ਸਿਰ ਤੇ ਰੱਖ ਕੇ ਉਹਨਾਂ ਨੂੰ ਜ਼ਮਾਨੇ ਦੀਆਂ ਸਾਰੀਆਂ ਖੁਸ਼ੀਆਂ ਆਪਣੇ ਅਸ਼ੀਰਵਾਦਾਂ ਦੀ ਪੋਟਲੀ ਵਿੱਚ ਬੰਨ ਕੇ ਦੇ ਦੇਂਦੇਂ ਹਨ।
ਸੰਯੁਕਤ ਪਰਿਵਾਰਾਂ ਵਿੱਚ ਜਦੋਂ ਬਜ਼ੁਰਗਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲਦਾ ਤਾਂ ਮਜ਼ਬੂਰੀ ਵਸ਼ ਉਹਨਾਂ ਨੂੰ ਬਿਰਧ ਆਸ਼ਰਮਾਂ ਵਿੱਚ ਇੱਕਲਾਪੇ ਵਿੱਚ ਨਿਵਾਸ ਕਰਨਾ ਪੈਂਦਾ ਹੈ। ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਰੁਲਣ ਲਈ ਮਜ਼ਬੂਰ ਕਰਨ ਲਈ ਪੁੱਤਾਂ ਨੂੰ ਜਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਵਿਆਹ ਤੋਂ ਬਾਅਦ ਹੀ ਅਜਿਹਾ ਕਿਉਂ ਹੁੰਦਾ ਹੈ ? ਜੇ ਅਕਸਰ ਵਿਆਹ ਤੋਂ ਬਾਅਦ ਹੀ ਅਜਿਹਾ ਹੁੰਦਾ ਹੈ ਤਾਂ ਨੂੰਹਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਜਿਹੀ ਸੋਚ ਵਾਲੀ ਭਾਬੀ ਜੇਕਰ ਉਸਦੇ ਪੇਕੇ ਵੀ ਆ ਗਈ ਤਾਂ ਕਿ ਉਹ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਦੀ ਜਿੰਮੇਵਾਰੀ ਨਿਭਾ ਪਾਵੇਗੀ ਜਾਂ ਨਹੀਂ ? ਸਰਕਾਰ ਨੂੰ ਵੀ ਚਾਹਿਦਾ ਹੈ ਕਿ ਸਮੇਂ ਸਮੇਂ ਤੇ ਬਿਰਧ ਆਸ਼ਰਮਾਂ ਵਿੱਚ ਰੁਲ਼ਦੇ ਬਜ਼ੁਰਗਾਂ ਦੀ ਇਸ ਹਾਲਤ ਦੇ ਜਿੰਮੇਵਾਰ ਉਹਨਾਂ ਦੀ ਔਲਾਦਾਂ ਨੂੰ ਸਵਾਲਾਂ ਦੀ ਕਟਹਿਰੀ ਵਿੱਚ ਲਿਆ ਕੇ ਬਜ਼ੁਰਗਾਂ ਦੀ ਤਰਸਯੋਗ ਹਾਲਤ ਸੁਧਾਰਨ ਲਈ ਹੰਬਲੇ ਮਾਰੇ।
ਬੱਚਿਆਂ ਨੂੰ ਵੀ ਮੁੱਢ ਤੋਂ ਹੀ ਘਰ ਦੇ ਬਜ਼ੁਰਗਾਂ ਦੀ ਇਜ਼ੱਤ ਕਰਨਾ ਸਿਖਾਉਣਾ ਚਾਹੀਦਾ ਹੈ। ਇਸ ਬਾਰੇ ਜਿੱਥੇ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ, ਉੱਥੇ ਹੀ ਸਕੂਲਾਂ ਵਿੱਚ ਵੀ ਉਹਨਾਂ ਨੂੰ ਬਜ਼ੁਰਗਾਂ ਦੇ ਮਾਨ ਸਨਮਾਨ ਅਤੇ ਮਹੱਤਤਾ ਲਈ ਪ੍ਰੇਰਨ ਲਈ ਸਵੇਰ ਦੀ ਅਸੇੰਬਲੀ ਵਿੱਚ ਦੱਸਿਆ ਜਾ ਸਕਦਾ ਹੈ। ਸਕੂਲਾਂ ਵਿੱਚ ਪੀ ਟੀ ਐਮ ਦੀ ਤਰਜ਼ ਤੇ ਗ੍ਰੈੰਡ ਪਰੈਂਟਸ ਟੀਚਰ ਮੀਟਿੰਗ ਵੀ ਹੋਣੀ ਚਾਹੀਦੀ ਹੈ। ਜਦੋਂ ਬੱਚੇ ਸਕੂਲ ਵਿੱਚ ਆਪਣੇ ਦਾਦਾ ਦਾਦੀ ਨਾਲ ਆਉਣਗੇ ਤਾਂ ਉਹਨਾਂ ਦੀਆਂ ਮੋਹ ਪਿਆਰ ਨਾਲ ਭਿੱਜੀਆਂ ਤੰਦਾਂ ਹੋਰ ਵੀ ਮਜ਼ਬੂਤ ਹੋਣਗੀਆਂ। ਬਜ਼ੁਰਗ ਤਾਂ ਕਿਸੇ ਚਲਦੀ ਫਿਰਦੀ ਲਾਇਬ੍ਰੇਰੀ ਵਾਂਗ ਹੁੰਦੇ ਹਨ ਇਸ ਲਈ ਸਵੇਰ ਦੀ ਅਸੇੰਬਲੀ ਵਿੱਚ ਹਫਤੇ ਵਿੱਚ ਇੱਕ ਵਾਰ ਕਿਸੇ ਬਜ਼ੁਰਗ ਵਲੋਂ ਗੈਸਟ ਲੈਕਚਰ ਦਵਾ ਕੇ ਬੱਚਿਆਂ ਨੂੰ ਬਜ਼ੁਰਗਾਂ ਤੋਂ ਗਿਆਨ ਦੇ ਮੋਤੀ ਬਟੋਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ। ਬਜ਼ੁਰਗਾਂ ਦੀਆਂ ਪ੍ਰੇਮ ਪਿਆਰ, ਝਿੱੜਕਾਂ ਵਿੱਚ ਛੁੱਪੇ ਗਿਆਨ ਦੀਆਂ ਗੱਲਾਂ ਨੂੰ ਸਾਰੇ ਸਮਾਜ਼ ਨਾਲ ਸਾਂਝਾ ਕਰਨ ਲਈ ਅਖਬਾਰਾਂ ਵਿੱਚ ਵੀ ਕੋਈ ਇੱਕ ਦਿਨ ਸਿਰਫ਼ ਉਹਨਾਂ ਦੇ ਤਜ਼ਰਬੇ ਸਾਂਝੇ ਕਰਨ ਲਈ ਰੱਖਿਆ ਜਾ ਸਕਦਾ ਹੈ।
ਕਾਨੂੰਨ ਦਵਾਰਾ 2005 ਦੇ ਐਕਟ ਅਨੁਸਾਰ ਧੀਆਂ ਨੂੰ ਵੀ ਮਾਂ ਬਾਪ ਦੀ ਪ੍ਰਾਪਰਟੀ ਵਿੱਚ ਬਰਾਬਰ ਦਾ ਹਿੱਸੇਦਾਰ ਮੰਨਿਆ ਜਾਂਦਾ ਹੈ। ਹੁਣ ਧੀਆਂ ਦਾ ਵੀ ਫਰਜ਼ ਬਣਦਾ ਹੈ ਕਿ ਸਿਰਫ ਭਾਵਨਾਤਮਕ ਹੀ ਨਹੀਂ ਸਗੋਂ ਲੋੜ ਪੈਣ ਤੇ ਮਾਂ ਬਾਪ ਦੀ ਆਰਥਿਕ ਮਦਦ ਤੋਂ ਵੀ ਗੁਰੇਜ਼ ਨਾਂ ਕਰਨ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਜ਼ੁਰਗ ਮਾਂ ਬਾਪ ਜਦੋਂ ਆਪਣੀ ਸੰਪਤੀ ਦਾ ਬਟਵਾਰਾ ਕਰ ਕੇ ਧੀ ਪੁੱਤਾਂ ਵਿੱਚ ਵੰਡਦੇ ਹਨ, ਉਸ ਤੋਂ ਬਾਅਦ ਹੀ ਉਹਨਾਂ ਦੀ ਦੁਰਦਸ਼ਾ ਦਾ ਦੌਰ ਸ਼ੁਰੂ ਹੁੰਦਾ ਹੈ। ਇੱਕ ਵਾਰ ਜਾਇਦਾਦ ਮਿਲ ਜਾਵੇ ਤਾਂ ਔਲਾਦ ਉਹਨਾਂ ਨਾਲ ਅੱਖਾਂ ਨਹੀਂ ਰਲਾਉਂਦੀ। ਜੇਕਰ ਹਰ ਸਾਲ-ਛੇ ਮਹੀਨੇ ਬਾਅਦ ਦੁਬਾਰਾ ਬਜ਼ੁਰਗਾਂ ਦੀ ਜਾਇਦਾਦ ਬਟਵਾਰੇ ਸਬੰਧੀ ਸਹਿਮਤੀ ਲੈਣ ਦੀ ਹੀ ਕਾਨੂੰਨੀ ਧਾਰਾ ਜੁੜ ਜਾਵੇ ਤਾਂ ਇਹ ਉਹਨਾਂ ਦੀ ਦਸ਼ਾ ਸੁਧਾਰਨ ਵਿੱਚ ਵੱਡਾ ਕਦਮ ਸਾਬਤ ਹੋ ਸਕਦਾ ਹੈ।
ਭਾਵੇਂ ਬੁਢਾਪਾ ਖ਼ੁਦ ਇੱਕ ਬਿਮਾਰੀ ਹੈ ਪਰ ਫਿਰ ਵੀ ਸਰਕਾਰ ਦਾ ਫਰਜ਼ ਹੈ ਕਿ ਬੁਢਾਪੇ ਵਿੱਚ ਹੋਣ ਵਾਲੀਆਂ ਆਮ ਬਿਮਾਰੀਆਂ ਦੇ ਮੁਫ਼ਤ ਇਲਾਜ਼ ਦਾ ਪ੍ਰਬੰਧ ਕਰ ਕੇ ਬਜ਼ੁਰਗਾਂ ਨੂੰ ਬੁਢਾਪੇ ਦੀਆਂ ਤਕਲੀਫ਼ਾਂ ਤੋਂ ਬਚਾ ਕੇ ਉਹਨਾਂ ਦੇ ਉਮਰ ਦੇ ਆਖਰੀ ਪੜਾਅ ਨੂੰ ਖ਼ੁਸ਼ਨੁਮਾ ਬਨਾਉਣ ਦੇ ਉਪਰਾਲੇ ਕਰੇ। ਹਰ ਸਾਲ-ਛੇ ਮਹੀਨੇ ਬਾਅਦ ਉਹਨਾਂ ਦਾ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੋਵੇ। ਜੇ ਉਹਨਾਂ ਦੀ ਸਿਹਤ ਗੈਰ ਦੇਖਭਾਲ ਜਾਂ ਕੁਪੋਸ਼ਣ ਨਾਲ ਵਿਗੜਦੀ ਹੈ ਤਾਂ ਵਾਲੀ ਵਾਰਸਾਂ ਤੋਂ ਪੁੱਛ ਪੜਤਾਲ ਹੋਵੇ। ਸਰਕਾਰ ਨੂੰ ਵੀ ਚਾਹਿਦਾ ਹੈ ਕਿ ਸੀਨੀਅਰ ਸਿਟੀਜ਼ਨਸ ਦੀਆਂ ਮੁੱਲਵਾਨ ਸੇਵਾਵਾਂ ਕਿਸੇ ਨਾਂ ਕਿਸੇ ਸਮਾਜ ਭਲਾਈ ਦੇ ਕੰਮਾਂ ਵਿੱਚ ਲੈਂਦੀ ਰਹੇ ਤਾਂ ਜੋ ਉਹ ਆਪਣੇ ਆਪ ਨੂੰ ਆਖਰੀ ਦਮ ਤੱਕ ਊਰਜਾਵਾਨ ਮਹਿਸੂਸ ਕਰਦੇ ਰਹਿਣ।
ਮੁਲੱਕ ਦੇ ਮਤਲਬਪ੍ਰਸਤ ਨੇਤਾਵਾਂ ਦਵਾਰਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਜੋ ਸਬਜ਼ ਬਾਗ ਦਿਖਾਏ ਜਾਂਦੇ ਹਨ, ਚੁਨਾਵ ਜਿੱਤਣ ਤੋਂ ਬਾਅਦ ਉਹ ਸਿਰਫ ਜੁਮਲੇ ਬਣ ਕੇ ਰਹਿ ਜਾਂਦੇ ਹਨ। ਜੇਕਰ ਸੀਨੀਅਰ ਸਿਟੀਜ਼ਨ ਦੇ ਵੋਟ ਨੂੰ ਚੋਣਾਂ ਵਿੱਚ ਜਿਆਦਾ ਵੇਟੇਜ਼ ਦੇ ਦਿਤੀ ਜਾਵੇ ਤਾਂ ਹਰ ਰਾਜਨੀਤਿਕ ਪਾਰਟੀ ਸੱਤਾ ਦੇ ਲਾਲਚ ਵਿੱਚ ਹੀ ਸਹੀ ਉਹਨਾਂ ਦੀ ਬੇਹਤਰੀ ਲਈ ਪਾਲਸੀਆਂ ਬਣਾਉਣ ਲਈ ਆਪ ਹੀ ਮਜ਼ਬੂਰ ਹੋ ਜਾਣਗੀਆਂ। ਭਾਵੇਂ ਇਹ ਦੂਰ ਦੀ ਕੌਡੀ ਹੈ ਪਰ ਇਸ ਬਾਰੇ ਗੰਭੀਰ ਚਰਚਾ ਦੀ ਲੋੜ ਹੈ। ਜੇਕਰ ਸਰਕਾਰ ਮਾਮੂਲੀ ਜਿਹੀ ਪੈਨਸ਼ਨ ਲਈ ਬੈਂਕਾਂ ਅਗੇ ਧੁੱਪੇ ਲਾਈਨਾਂ ਵਿੱਚ ਝੁਲਸਦੇ ਬਜ਼ੁਰਗਾਂ ਨੂੰ ਘਰ ਬੈਠੇ ਪੈਨਸ਼ਨ ਦਵਾਉਣ ਦੀ ਹੀ ਖੇਚਲ ਕਰ ਲਵੇ ਤਾਂ ਵੀ ਬਿਰਧ ਅਵਸਥਾ ਦਾ ਆਖਰੀ ਸਫ਼ਰ ਸੁਹਾਵਣਾ ਸਫ਼ਰ ਬਣ ਸਕਦਾ ਹੈ। ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਵੀਂ ਪੀੜੀ ਦੀ ਭਾਵਨਾਵਾਂ ਨੂੰ ਸਮਝੇ ਅਤੇ ਪਰਿਵਾਰ ਵਿੱਚ ਬੇਲੋੜੀ ਨੁਕਤਾਚੀਨੀ ਨਾਂ ਕਰਨ ਜਿਸ ਨਾਲ ਪਰਿਵਾਰਕ ਮਾਹੌਲ ਦੀ ਮਿਠਾਸ ਬਣੀ ਰਹੇ। ਬਜ਼ੁਰਗ ਬੁਢਾਪੇ ਵਿੱਚ ਬੱਚਿਆਂ ਵਾਂਗ ਹੀ ਹੋ ਜਾਂਦੇ ਹਨ। ਜਿਵੇਂ ਉਹਨਾਂ ਨੇ ਆਪਣੀ ਜਵਾਨੀ ਵਿੱਚ ਸਾਡੇ ਲਾਡ ਚਾ ਕੀਤੇ, ਸਾਨੂੰ ਵੀ ਚਾਹਿਦਾ ਹੈ ਕਿ ਉਹਨਾਂ ਦੀ ਦੇਖਭਾਲ ਵਿੱਚ ਕੋਈ ਕਸਰ ਨਾਂ ਛੱਡੀਏ ਅਤੇ ਉਹਨਾਂ ਦੇ ਪਿਆਰ ਨਾਲ ਭਿੱਜੇ ਆਸ਼ੀਰਵਾਦਾਂ ਨਾਲ ਖੁੱਦ ਨੂੰ ਮਾਲਾਮਾਲ ਕਰਦੇ ਰਹਿਏ।
ਜੈ ਹਿੰਦ

ਲੇਫ਼ਟੀਨੇਂਟ ਕੁਲਦੀਪ ਸ਼ਰਮਾ

ਜਲੰਧਰ

8146546260

Leave a Reply

Your email address will not be published. Required fields are marked *

%d bloggers like this: