ਜੇਤੂ ਗੱਤਕਾ ਖਿਡਾਰੀਆਂ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

ss1

ਜੇਤੂ ਗੱਤਕਾ ਖਿਡਾਰੀਆਂ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

10ਆਲ ਇੰਡੀਆ ਗੱਤਕਾ ਫੈਡਰੇਸ਼ਨ ਦੇ ਸਹਿਯੋਗ ਨਾਲ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੀਤੇ ਦਿਨੀਂ ਕਰਵਾਏ ਗਏ ਇੱਕ ਓਂਕਾਰ ਗੱਤਕਾ ਕੱਪ ‘ਚ ਦਿੱਲੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਗੱਤਕਾ ਐਸੋਸੀਏਸ਼ਨ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਸਕੂਲਾਂ ‘ਚ ਗੱਤਕੇ ਦੀ ਸਿੱਖਲਾਈ ਨੂੰ ਜਰੂਰੀ ਕਰਨ ਦਾ ਸੰਕੇਤ ਦਿੱਤਾ। ਇਥੇ ਦੱਸ ਦੇਈਏ ਕਿ ਦਿੱਲੀ ਤੋਂ ਗੱਤਕਾ ਖੇਡਣ ਗਈ 90 ਮੈਂਬਰੀ ਟੀਮ ‘ਚ 45 ਲੜਕੇ ਅਤੇ 45 ਲੜਕੀਆਂ ਸ਼ਾਮਿਲ ਹਨ। ਟੀਮ ਨੇ 16 ਖੇਡ ਮੁਕਾਬਲਿਆਂ ‘ਚ ਭਾਗ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਦਿੱਲੀ ਕਮੇਟੀ ਦੇ ਸਹਿਯੋਗ ਨਾਲ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਲਾਘਾ ਕਰਦੇ ਹੋਏ ਜੀ.ਕੇ. ਨੇ ਗੱਤਕੇ ਦੀ ਲੋੜ ਨੂੰ ਵੀ ਰੇਖਾਂਕਿਤ ਕੀਤਾ। ਜੀ.ਕੇ. ਨੇ ਕਿਹਾ ਕਿ ਗੱਤਕਾ ਸਿਹਤ ਸੰਭਾਲ, ਗੁਰਮਤਿ ਦੀ ਭਾਲ, ਆਪਣੀ ਰੱਖਿਆ, ਜੁਝਾਰੂ ਜਜ਼ਬੇ ਦੀ ਉਪਜ ਅਤੇ ਬਾਣੀ ਤੇ ਬਾਣੇ ਨੂੰ ਸੰਭਾਲਣ ਦੀ ਦਿਸ਼ਾ ‘ਚ ਅੱਜ ਵੱਡੀ ਲੋੜ ਬਣ ਗਿਆ ਹੈ। ਗੱਤਕਾ ਖਿਡਾਰੀਆਂ ਨੂੰ ਕੌਮ ਦਾ ਸਫ਼ੀਰ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਬਾਣੇ ‘ਚ ਖੇਡਣ ਵੇਲੇ ਤੁਸੀਂ ਸਿੱਖ ਸਿਧਾਂਤਾ ਦੀ ਹੱਟੀ ਦੀ ਵਿਖਾਵਾਂ ਖਿੜਕੀ ਦਾ ਹਿੱਸਾ ਹੁੰਦੇ ਹੋ। ਇਸ ਲਈ ਆਪਣੀ ਕਾਬਲੀਅਤ ਅਤੇ ਵਿਲੱਖਣ ਕਿਰਦਾਰ ਸਦਕਾ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਮਾਧਿਅਮ ਬਣੋ। ਜੀ.ਕੇ. ਨੇ ਕਿਹਾ ਕਿ ਅੱਜ ਤੋਂ 50 ਸਾਲ ਪਹਿਲੇ ਕਿਸੇ ਬੱਸ ਦੇ ਖ਼ਤਰਨਾਕ ਇਲਾਕੇ ‘ਚ ਸਫ਼ਰ ਦੌਰਾਨ ਇੱਕ ਸਿੱਖ ਯਾਤਰੀ ਦੀ ਮੌਜੂਦਗੀ ਨਾਲ ਹੀ ਸਮੂਹ ਯਾਤਰੀ ਸੁੱਖ ਦਾ ਸ਼ਾਹ ਲੈਂਦੇ ਸੀ ਕਿ ਬੱਸ ‘ਚ ਤਕਲੀਫ਼ ‘ਚ ਸਭ ਤੋਂ ਪਹਿਲੇ ਅੱਗੇ ਆਉਣ ਵਾਸਤੇ ਸਿੱਖ ਬੈਠਾ ਹੈ। ਸਾਨੂੰ ਆਪਣੇ ਇਸ ਪੁਰਾਣੇ ਕਿਰਦਾਰ ਨੂੰ ਲੋਕਾਂ ‘ਚ ਮਕਬੂਲ ਕਰਾਉਣ ਵਾਸਤੇ ਸੋਸ਼ਲ ਮੀਡੀਆ ਦਾ ਭਰਵਾਂ ਇਸਤੇਮਾਲ ਕਰਨਾ ਚਾਹੀਦਾ ਹੈ।

ਜੀ.ਕੇ. ਨੇ ਪ੍ਰੇਰਣਾ ਕਰਦੇ ਹੋਏ ਕਿਹਾ ਕਿ ਆਪਣੀ ਵਿਰਾਸਤ ਨੂੰ ਕਾਬਲੀਅਤ ਨਾਲ ਲੋਕਾਂ ਤਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਨੂੰ ਹਥਿਆਰ ਬਣਾਓ, ਨਾ ਕਿ ਸੋਸ਼ਲ ਮੀਡੀਆ ਤੇ ਇਸਤੇਮਾਲ ਤੋਂ ਡਰੋ। ਜੀ.ਕੇ. ਨੇ ਸੋਸ਼ਲ ਮੀਡੀਆ ‘ਤੇ ਗੱਤਕਾ ਮੁਕਾਬਲਿਆਂ ਦੀ ਵੀਡੀਓ ਪਾਉਣ ਵੇਲੇ ਕਕਾਰਾਂ ਦੀ ਅਹਿਮੀਅਤ ਬਾਰੇ ਵੀ ਦੱਸਣ ਤੇ ਜੋਰ ਦਿੱਤਾ। ਜੀ.ਕੇ. ਨੇ ਕਿਹਾ ਕਿ ਸੰਸਾਰ ਦੇ ਸਾਰੇ ਦੇਸ਼ਾਂ ਦੇ ਸੰਵਿਧਾਨ ‘ਚ ਜੋ ਬੁਨਿਆਦੀ ਗੱਲਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਅਧਿਕਾਰ ਵੱਜੋਂ ਮਿਲਿਆ ਹਨ, ਉਨ੍ਹਾਂ ਸਾਰੀਆਂ ਗੱਲਾਂ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ। ਸੰਯੁਕਤ ਰਾਸ਼ਟਰ ਸੰਘ ‘ਚ ਦੋ ਮੁਲਕਾਂ ਵਿਚਾਲੇ ਹੋਣ ਵਾਲੀ ਤਕਰਾਰ ਨੂੰ ਹੱਲ ਕਰਨ ਲਈ ਗੱਲਬਾਤ ਦੇ ਸਿਧਾਂਤ ਦੀ ਸੰਘ ਵਾਲੀ ਕੀਤੀ ਜਾਂਦੀ ਵਰਤੋ ਨੂੰ ਜੀ.ਕੇ. ਨੇ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਗਏ ਗੱਲਬਾਤ ਕਰਨ ਦੇ ਸੁਨੇਹੋ ਨੂੰ ਮਾਮਲੇ ਦੇ ਹੱਲ ਲਈ ਰੀੜ੍ਹ ਦੀ ਹੱਡੀ ਵੱਜੋਂ ਦੱਸਿਆ। ਇਸ ਮੌਕੇ ਸਮੂਹ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਜਤਿੰਦਰਪਾਲ ਸਿੰਘ ਗੋਲਡੀ, ਵਿਕਰਮ ਸਿੰਘ ਰੋਹਿਣੀ, ਨਿਸ਼ਾਨ ਸਿੰਘ ਮਾਨ, ਜਸਮੇਨ ਸਿੰਘ ਨੋਨੀ ਅਤੇ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੋਰਾਵਰ ਸਿੰਘ ਇਸ ਮੌਕੇ ਮੌਜੂਦ ਸਨ।

Share Button

Leave a Reply

Your email address will not be published. Required fields are marked *