ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਜੂਨ ਚੁਰਾਸੀ : ਉਹ ਖ਼ੌਫ਼ਨਾਕ ਦਿਨ

ਜੂਨ ਚੁਰਾਸੀ : ਉਹ ਖ਼ੌਫ਼ਨਾਕ ਦਿਨ

ਅੱਜ ਤੋਂ ਛੱਤੀ ਵਰ੍ਹੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਮਹਿਜ਼ ਸਤਾਈ ਵਰ੍ਹਿਆਂ ਦਾ ਸਾਂ। ਉਨ੍ਹੀਂ ਦਿਨੀਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੈਲੀਗ੍ਰਾਫਿਸਟ ਵਜੋਂ ਤਾਇਨਾਤ ਸਾਂ ਤੇ ਉੱਥੇ ਹੀ ਈ-27 ਫਲੈਟ ਵਿੱਚ ਰਹਿ ਰਿਹਾ ਸਾਂ। ਮੇਰੇ ਪਿਤਾ ਅਤੇ ਮੇਰੀ ਛੋਟੀ ਭੈਣ ਵੀ ਮੇਰੇ ਨਾਲ ਉੱਥੇ ਹੀ ਸਨ। ਸਾਡਾ ਫਲੈਟ ਪਹਿਲੀ ਮੰਜ਼ਿਲ ਤੇ ਸੀ। ਫਲੈਟ ਦੀ ਬਾਲਕੋਨੀ ਵਿੱਚ ਖੜ੍ਹਿਆਂ ਐੱਫ- ਟਾਈਪ ਤੇ ਈ- ਟਾਈਪ ਨੂੰ ਜੋੜਨ ਵਾਲੀ ਸੜਕ ਨਜ਼ਰ ਆਉਂਦੀ ਸੀ। 3 ਜੂਨ 1984 ਨੂੰ ਐਤਵਾਰ ਦਾ ਦਿਨ ਸੀ। ਮੈਂ ਸੁੱਤਾ ਉੱਠਣ ਪਿੱਛੋਂ ਆਮ ਤੌਰ ਤੇ ਬਾਲਕੋਨੀ ਵਿੱਚ ਆਉਂਦਾ ਸਾਂ, ਸੜਕ ਤੇ ਤੁਰਦੇ ਫਿਰਦੇ ਲੋਕਾਂ ਨੂੰ ਵੇਖਣ ਲਈ। ਉਸ ਦਿਨ ਵੀ ਮੈਂ ਰੋਜ਼ ਵਾਂਗ ਬਾਲਕੋਨੀ ਵਿੱਚ ਆਇਆ ਸਾਂ, ਤਾਂ ਸੜਕ ਵੱਲ ਵਿੰਹਦੇ ਸਾਰ ਠਠੰਬਰ ਗਿਆ। ਇੱਕ ਫੌਜੀ ਮੇਰੇ ਫਲੈਟ ਵੱਲ ਬੰਦੂਕ ਤਾਣੀ ਖੜ੍ਹਾ ਸੀ। ਮੈਂ ਝੱਟ ਕਮਰੇ ਦੇ ਅੰਦਰ ਦੌੜ ਗਿਆ ਅਤੇ ਓਹਲੇ ਹੋ ਕੇ ਉਹਨੂੰ ਵੇਖਣ ਲੱਗਿਆ। ਉਹ ਅਜੇ ਵੀ ਬੰਦੂਕ ਤਾਣੀ ਖੜ੍ਹਾ ਸੀ।

ਮੈਂ ਕਮਰੇ ਵਿੱਚ ਆ ਕੇ ਪਿਤਾ ਜੀ ਨੂੰ ਦੱਸਿਆ ਤੇ ਸਮਝਾਇਆ ਕਿ ਉਹ ਵੀ ਬਾਹਰ ਨਾ ਜਾਣ, ਪਤਾ ਨਹੀਂ ਕੀ ਗੱਲ ਹੈ- ਕੋਈ ਫੌਜੀ ਬੰਦੂਕ ਚੁੱਕੀ ਏਧਰ ਨੂੰ ਵੇਖ ਰਿਹਾ ਹੈ। ਛੋਟੀ ਭੈਣ ਸਮੇਤ ਅਸੀਂ ਤਿੰਨੇ ਪਰਦੇ ਤੇ ਓਹਲਿਓਂ ਸਡ਼ਕ ਵੱਲ ਵੇਖਣ ਲੱਗੇ। ਮਨ ਵਿੱਚ ਇਕਦਮ ਸਹਿਮ ਛਾ ਗਿਆ। ਸੁਖ ਹੋਵੇ ਸਹੀ, ਫੌਜੀ ਕਿਉਂ ਖੜ੍ਹਾ ਹੈ? ਪੰਦਰਾਂ- ਵੀਹ ਮਿੰਟਾਂ ਬਾਅਦ ਉਹ ਫੌਜੀ ਹੌਲੀ- ਹੌਲੀ ਚੱਲਦਾ ਅੱਗੇ ਵਧ ਗਿਆ। ਮੈਂ ਡਰਦਾ-ਡਰਦਾ ਉਹਨੂੰ ਜਾਂਦਿਆਂ ਵੇਖ ਰਿਹਾ ਸਾਂ। ਫਿਰ ਇਕ ਹੋਰ ਫੌਜੀ ਓਧਰ ਆ ਗਿਆ। ਉਹਦੇ ਮੋਢੇ ਤੇ ਵੀ ਉਵੇਂ ਹੀ ਬੰਦੂਕ ਤਾਣੀ ਹੋਈ ਸੀ। ਤੇ ਮੈਂ ਦੂਰ ਤੱਕ ਵੇਖ ਕੇ ਹੈਰਾਨ ਰਹਿ ਗਿਆ, ਉੱਥੇ ਬਹੁਤ ਸਾਰੇ ਫ਼ੌਜੀ ਸਨ, ਪੈਟਰੋਲਿੰਗ (ਗਸ਼ਤ) ਕਰਦੇ ਹੋਏ।

ਆਂਢ-ਗੁਆਂਢ ਦੀ ਘੁਸਰਮੁਸਰ ਤੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਰਤੀ ਫੌਜ ਨੇ ਹਮਲਾ ਕਰ ਦਿੱਤਾ ਹੈ। ਮੈਂ ਕਮਰੇ ਵਿੱਚ ਆ ਕੇ ਆਪਣਾ ਟੂ- ਇਨ- ਵੰਨ ਚਲਾਇਆ ਤੇ ਬੀ. ਬੀ.ਸੀ.ਦੀਆਂ ਖਬਰਾਂ ਸੁਣਨ ਲੱਗਾ। ਉਦੋਂ ਬੀ.ਬੀ.ਸੀ. ਦੀਆਂ ਖ਼ਬਰਾਂ ਨੂੰ ਹੀ ਸੱਚ ਮੰਨਿਆ ਜਾਂਦਾ ਸੀ, ਕਿਉਂਕਿ ਭਾਰਤੀ ਮੀਡੀਆ ਉੱਤੇ ਸਰਕਾਰੀ ਅਧਿਕਾਰ ਹੋਣ ਕਰਕੇ ਉਹ ਸਹੀ ਖ਼ਬਰਾਂ ਨਸ਼ਰ ਨਹੀਂ ਸੀ ਕਰ ਰਿਹਾ। ਅਖ਼ਬਾਰ, ਟੀ ਵੀ ਸਭ ਉੱਤੇ ਸੈਂਸਰਸ਼ਿਪ ਲੱਗੀ ਹੋਈ ਸੀ। ਉਦੋਂ ਮੇਰੇ ਕੋਲ ਟੀ ਵੀ ਨਹੀਂ ਸੀ, ਨਾ ਹੀ ਫਰਿੱਜ ਤੇ ਨਾ ਹੀ ਗੈਸ। ਰੇਡੀਓ ਰਾਹੀਂ ਹੀ ਮਨੋਰੰਜਨ ਕਰਦੇ ਸਾਂ, ਠੰਢੇ ਪਾਣੀ ਦੀ ਥਾਂ ਟੂਟੀ ਦਾ ਪਾਣੀ ਪੀਂਦੇ ਸਾਂ ਤੇ ਸਟੋਵ ਉੱਤੇ ਹੀ ਖਾਣ- ਪੀਣ ਦੀਆਂ ਚੀਜ਼ਾਂ ਬਣਦੀਆਂ ਸਨ।

ਬੀ.ਬੀ.ਸੀ. ਦੀਆਂ ਖ਼ਬਰਾਂ ਤੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ (ਸਰਕਾਰੀ ਭਾਸ਼ਾ ਅਨੁਸਾਰ) ਦਹਿਸ਼ਤਗਰਦਾਂ ਨੂੰ ਬਾਹਰ ਕੱਢਣ ਲਈ ਫੌਜ ਨੇ ਉੱਥੇ ਤੋਪਾਂ ਤੇ ਟੈਂਕਾਂ ਰਾਹੀਂ ਜ਼ਬਰਦਸਤ ਗੋਲੀਬਾਰੀ ਕੀਤੀ ਸੀ। ਦਹਿਸ਼ਤਗਰਦਾਂ ਨਾਲ ਬਹੁਤ ਸਾਰੇ ਆਮ ਲੋਕ ਵੀ ਮਾਰੇ ਗਏ ਸਨ। ਉਸ ਦਿਨ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਤੇ ਸਰਕਾਰ ਨੇ ਜਾਣ- ਬੁੱਝ ਕੇ ਇਹ ਦਿਨ ਚੁਣਿਆ ਸੀ ਤਾਂਕਿ ਦਹਿਸ਼ਤਗਰਦਾਂ ਦੀ ਆੜ ਵਿੱਚ ਆਮ ਸਿੱਖ ਸ਼ਰਧਾਲੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕੇ। ਭਾਰਤੀ ਫ਼ੌਜ ਨੇ ਅਕਾਲ ਤਖ਼ਤ, ਸਰਾਵਾਂ ਅਤੇ ਪਾਣੀ ਦੀ ਟੈਂਕੀ ਸਮੇਤ ਹੋਰ ਕਈ ਥਾਂਵਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਮਾਸੂਮ ਦੁੱਧ- ਚੁੰਘਦੇ ਬੱਚੇ, ਬਜ਼ੁਰਗ, ਔਰਤਾਂ- ਸਾਰੇ ਹੀ ਪ੍ਰੇਸ਼ਾਨ, ਬੇਹਾਲ ਅਤੇ ਚਿੰਤਾਤੁਰ ਸਨ। ਨੌਜਵਾਨਾਂ ਨੂੰ ਖਾਸ-ਤੌਰ ਤੇ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਸੀ।

ਸਿੱਖ ਲੀਡਰਸ਼ਿਪ ਹੱਥ ਖੜ੍ਹੇ ਕਰਕੇ ਫੌਜ ਦੇ ਮੂਹਰੇ ਲੱਗ ਤੁਰੀ ਸੀ ਤੇ ਉਨ੍ਹਾਂ ਨੂੰ ਜੇਲਾਂ ਵਿੱਚ ਸੁੱਟ ਦਿੱਤਾ ਗਿਆ ਸੀ। ਜਿਨ੍ਹਾਂ ਯਾਤਰੀਆਂ, ਸ਼ਰਧਾਲੂਆਂ ਨੇ ਫੌਜ ਦੀ ਗੱਲ ਨਹੀਂ ਸੀ ਮੰਨੀ, ਉਹ ਅਣਿਆਈ ਮੌਤ ਮਾਰੇ ਗਏ ਸਨ। ਖ਼ਬਰਾਂ ਰਾਹੀਂ ਹੋਰ ਵੀ ਪਤਾ ਲੱਗਿਆ ਕਿ ਸਿਰਫ ਹਰਿਮੰਦਰ ਸਾਹਿਬ ਜਾਂ ਅਕਾਲ ਤਖ਼ਤ ਉੱਤੇ ਹੀ ਹਮਲਾ ਨਹੀਂ ਸੀ ਹੋਇਆ, ਇੱਕੋ ਵੇਲੇ ਪੰਜਾਬ ਦੇ 42 ਗੁਰਦੁਆਰਿਆਂ ਉੱਤੇ ਫ਼ੌਜੀ ਕਾਰਵਾਈ ਕੀਤੀ ਗਈ ਸੀ। ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਸ਼ਰਧਾਲੂਆਂ ਤੇ ਆਮ ਲੋਕਾਂ ਨੂੰ ਚਿਤ- ਚੇਤਾ ਵੀ ਨਹੀਂ ਸੀ ਕਿ ਅਜਿਹਾ ਹੋ ਜਾਵੇਗਾ। ਪਰ ਘਟਨਾ ਵਾਪਰ ਚੁੱਕੀ ਸੀ ਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਜਾਂ ਤਾਂ ਮਾਰ ਦਿੱਤੇ ਗਏ ਸਨ ਜਾਂ ਫੜ ਲਏ ਗਏ ਸਨ।

ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਸੰਸਥਾਵਾਂ ਵਿੱਚ ਅਣ- ਐਲਾਨੀ ਛੁੱਟੀ ਸੀ। ਪੰਜਾਬ ਵਿੱਚ ਕਰਫਿਊ ਲੱਗ ਚੁੱਕਾ ਸੀ।ਐਮਰਜੈਂਸੀ ਜਿਹੇ ਹਾਲਾਤ ਸਨ। ਧਾਰਾ 144 ਅਧੀਨ ਪੰਜ ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ਤੇ ਰੋਕ ਸੀ। ਪਰਮਾਤਮਾ ਦਾ ਸ਼ੁਕਰ ਹੈ ਕਿ ਸਾਡੇ ਪਰਿਵਾਰ ਦੇ ਸਾਰੇ ਜੀਅ ਆਪੋ- ਆਪਣੀ ਥਾਂ ਸੁਰੱਖਿਅਤ ਸਨ। ਉਸ ਦਿਨ ਤੋਂ ਅਗਲੇਰੇ ਕਈ ਦਿਨ ਅਸੀਂ ਅਖ਼ਬਾਰ ਤੋਂ ਬਿਨਾਂ ਬਿਤਾਏ। ਨਾ ਹੀ ਦੁੱਧ, ਸਬਜ਼ੀ ਵਾਲਾ ਯੂਨੀਵਰਸਿਟੀ ਅੰਦਰ ਆਏ। ਯੂਨੀਵਰਸਿਟੀ ਦੇ ਗੇਟ ‘ਤੇ ਫੌਜ ਦਾ ਸਖਤ ਪਹਿਰਾ ਸੀ। ਬਾਹਰੋਂ ਅੰਦਰ ਆਉਣ ਤੇ ਅੰਦਰੋਂ ਬਾਹਰ ਜਾਣ ਉੱਤੇ ਪੂਰੀ ਪਾਬੰਦੀ ਸੀ। ਅਸੀਂ ਉਸ ਦਿਨ ਚਾਹ ਨਹੀਂ ਸੀ ਪੀਤੀ। ਹਾਂ, ਭੁੱਖ ਮਿਟਾਉਣ ਲਈ ਥੋੜ੍ਹੀ- ਬਹੁਤ ਰੋਟੀ ਜ਼ਰੂਰ ਖਾਧੀ ਸੀ।

ਇੱਕ- ਦੋ ਦਿਨਾਂ ਬਾਅਦ ਕਰਫਿਊ ਵਿੱਚ ਕੁਝ ਸਮਾਂ ਢਿੱਲ ਦਿੱਤੀ ਗਈ ਤਾਂ ਕੈਂਪਸ ਵਿੱਚ ਰਹਿੰਦੇ ਲੋਕ ਜ਼ਰੂਰੀ ਸਾਮਾਨ ਖਰੀਦਣ ਲਈ ਯੂਨੀਵਰਸਿਟੀ ਦੀ ਗੋਲ ਮਾਰਕੀਟ ਨੂੰ ਦੌੜੇ। ਉਦੋਂ ਉੱਥੇ ਕਰਿਆਨੇ ਦੀਆਂ ਸਿਰਫ ਦੋ ਦੁਕਾਨਾਂ ਸਨ। ਸ਼ੁਕਰ ਸੀ, ਕਿ ਇੱਕ ਦੁਕਾਨ ਖੁੱਲ੍ਹੀ ਸੀ। ਹਰ ਕੋਈ ਛੇਤੀ ਤੋਂ ਛੇਤੀ ਲੋੜੀਂਦੀਆਂ ਚੀਜ਼ਾਂ ਲੈਣ ਨੂੰ ਕਾਹਲਾ ਸੀ। ਮੈਂ ਵੀ ਕਾਹਲੀ- ਕਾਹਲੀ ਇੱਕ ਡੱਬਾ ਦੁੱਧ ਪਾਊਡਰ, ਸਟੋਵ ਲਈ ਕੈਰੋਸੀਨ ਤੇਲ, ਇੱਕ- ਅੱਧ ਦਾਲ਼ ਖਰੀਦੀ ਤੇ ਤੇਜ਼ੀ ਨਾਲ ਫਲੈਟ ਨੂੰ ਦੌੜਿਆ।

6 ਜੂਨ ਦੀਆਂ ਖਬਰਾਂ ਵਿੱਚ ਦੱਸਿਆ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਕੁਝ ਹੋਰ ਮਹੱਤਵਪੂਰਨ ਸਿੰਘ ਫੌਜ ਨੇ ਸ਼ਹੀਦ ਕਰ ਦਿੱਤੇ ਹਨ, ਜਿਨ੍ਹਾਂ ਨੂੰ ਸਰਕਾਰੀ ਭਾਸ਼ਾ ਵਿੱਚ ਅੱਤਵਾਦੀ, ਆਤੰਕਵਾਦੀ ਤੇ ਦਹਿਸ਼ਤਵਾਦੀ ਆਦਿ ਵਜੋਂ ਪ੍ਰਚਾਰਿਆ ਜਾ ਰਿਹਾ ਸੀ। ਅਜਿਹੇ ਮਰਜੀਵੜਿਆਂ ਨਾਲ ਦੋ ਹੱਥ ਕਰਨ ਲਈ ਭਾਰਤੀ ਫੌਜ ਨੂੰ ਬਹੁਤ ਮੁਸ਼ੱਕਤ ਕਰਨੀ ਪਈ ਸੀ। ਇੱਕ ਵਾਰ ਤਾਂ ਫੌਜ ਵੀ ਹੌਸਲਾ ਹਾਰ ਬੈਠੀ ਸੀ, ਕਿਉਂਕਿ ਬੰਕਰਾਂ ਵਿੱਚ ਛੁਪੇ ਜਾਂਬਾਜ਼ਾਂ ਨੇ ਫੌਜ ਨੂੰ ਮੂੰਹਤੋੜ ਜਵਾਬ ਦਿੱਤਾ ਸੀ। ਸਰੋਵਰ ਵਿੱਚ ਲਾਸ਼ਾਂ ਤੈਰ ਰਹੀਆਂ ਸਨ। ਅੰਮ੍ਰਿਤ-ਸਰ ਦਾ ਨਿਰਮਲ ਜਲ ਖ਼ੂਨ ਨਾਲ ਲਾਲ ਹੋ ਗਿਆ ਸੀ। ਅਕਾਲ ਤਖਤ ਦੇ ਖੂਹ ਵਿੱਚੋਂ ਵੀ ਲਾਸ਼ਾਂ ਕੱਢੀਆਂ ਜਾ ਰਹੀਆਂ ਸਨ। ਸਰਕਾਰ ਵੱਲੋਂ ਮਰਜੀਵੜਿਆਂ ਖਿਲਾਫ ਕੂੜ- ਪ੍ਰਚਾਰ ਕੀਤਾ ਗਿਆ ਸੀ ਕਿ ਉਹ ਚਰਿੱਤਰਹੀਣ ਹਨ, ਲੁਟੇਰੇ ਹਨ, ਇਜ਼ਤਾਂ ਲੁੱਟਦੇ ਹਨ.. ਪਰ ਅਗਲੇਰੇ ਦਿਨਾਂ ਵਿੱਚ ਸਭ ਕੁਝ ਸਪਸ਼ਟ ਹੋ ਗਿਆ ਸੀ ਕਿ ਇਹ ਸਭ ਸਰਕਾਰੀ ਚਾਲਾਂ ਸਨ।

ਦਸ- ਪੰਦਰਾਂ ਦਿਨਾਂ ਬਾਅਦ ਯੂਨੀਵਰਸਿਟੀ ਦੁਬਾਰਾ ਖੁੱਲ੍ਹੀ। ਪਰ ਕਰਮਚਾਰੀਆਂ ਤੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਸਿੱਖ ਅਤੇ ਹਿੰਦੂ ਇਕ ਦੂਜੇ ਵੱਲ ਸ਼ੱਕੀ ਨਜ਼ਰਾਂ ਨਾਲ ਵੇਖ ਰਹੇ ਸਨ। ਅੰਦਰੋਂ ਸਭ ਨੂੰ ਸਹੀ ਹਾਲਾਤ ਬਾਰੇ ਪਤਾ ਸੀ, ਪਰ ਮੂੰਹੋਂ ਕੋਈ ਕੁਝ ਨਹੀਂ ਸੀ ਬੋਲ ਰਿਹਾ। ਫੌਜ ਵਿਚਲੇ ਕਈ ਸਿੱਖ ਫੌਜੀਆਂ ਨੇ ਬਗਾਵਤ ਕਰ ਦਿੱਤੀ ਸੀ ਤੇ ਉਹ ਦਰਬਾਰ ਸਾਹਿਬ ਵੱਲ ਕੂਚ ਕਰ ਰਹੇ ਸਨ ਪਰ ਉਨ੍ਹਾਂ ਨੂੰ ਗੈਰ-ਸਿੱਖ ਫੌਜੀਆਂ ਨੇ ਰਾਹ ਵਿੱਚ ਹੀ ਰੋਕ ਲਿਆ ਸੀ/ ਗ੍ਰਿਫਤਾਰ ਕਰ ਲਿਆ ਸੀ। ਮਹੱਤਵਪੂਰਨ ਅਤੇ ਚਰਚਿਤ ਸਿੱਖ ਸ਼ਖ਼ਸੀਅਤਾਂ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ ਰੋਸ ਵਜੋਂ ਆਪੋ- ਆਪਣੇ ‘ਪਦਮ’ ਸਨਮਾਨ ਵਾਪਸ ਕਰ ਦਿੱਤੇ, ਜਿਨ੍ਹਾਂ ਵਿੱਚ ਭਗਤ ਪੂਰਨ ਸਿੰਘ ਪਿੰਗਲਵਾੜਾ, ਲੇਖਕ- ਪੱਤਰਕਾਰ ਖੁਸ਼ਵੰਤ ਸਿੰਘ ਅਤੇ ਅਜੀਤ ਪ੍ਰਕਾਸ਼ਨ ਦੇ ਬਾਨੀ ਸਾਧੂ ਸਿੰਘ ਹਮਦਰਦ ਆਦਿ ਦੇ ਨਾਂ ਪ੍ਰਮੁੱਖ ਸਨ।

ਯੂਨੀਵਰਸਿਟੀ ਕੈਂਪਸ ਵਿੱਚ ਰਹਿੰਦੇ ਸਿੱਖ ਕਰਮੀਆਂ ਨੇ 10 ਜੂਨ ਨੂੰ ਯੂਨੀਵਰਸਿਟੀ ਦੇ ਗੁਰਦੁਆਰੇ ਵਿੱਚ ਇਕੱਤਰ ਹੋ ਕੇ ਇੱਕ ਰੋਸ- ਮਤਾ ਪਾਸ ਕੀਤਾ, ਜਿਨ੍ਹਾਂ ਵਿੱਚ (ਮਰਹੂਮ) ਗਿਆਨੀ ਗੁਰਚਰਨ ਸਿੰਘ ਮੁਕਤਸਰੀ ਨੇ ਮਹੱਤਵਪੂਰਣ ਭੂਮਿਕਾ ਨਿਭਾਈ। ਹਰ ਸਿੱਖ ਮਰਦ/ ਔਰਤ ਨੇ ਕਾਲੀ ਦਸਤਾਰ/ ਚੁੰਨੀ ਲਈ ਹੋਈ ਸੀ ਤੇ ਜਾਂ ਫਿਰ ਰੋਸ ਵਜੋਂ ਕਾਲੀ ਪੱਟੀ/ ਕਾਲ਼ਾ ਰਿਬਨ ਬੰਨਿਆ ਹੋਇਆ ਸੀ। ਗੁਰਦੁਆਰੇ ਵਿੱਚ ਸਭ ਨੇ ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ, ‘ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ ਅਤੇ ਤਤਕਾਲੀ ਪਰਿਸਥਿਤੀਆਂ ਦੇ ਮੱਦੇ-ਨਜ਼ਰ ਸਭ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ।

ਹਰ ਸਿੱਖ ਦਾ ਹਿਰਦਾ ਆਪਣੇ ਪਾਕਿ/ ਮੁਕੱਦਸ ਅਸਥਾਨ (ਸ੍ਰੀ ਦਰਬਾਰ ਸਾਹਿਬ) ਦੀ ਬੇਅਦਬੀ ਕਾਰਨ ਵਲੂੰਧਰਿਆ ਹੋਇਆ ਸੀ। ਉਨ੍ਹਾਂ ਦੇ ਮਨਾਂ ਵਿੱਚ ਗੁੱਸਾ ਸੀ, ਰੋਹ ਸੀ, ਆਕ੍ਰੋਸ਼ ਸੀ- ਦੇਸ਼ ਦੇ ਚੋਟੀ ਦੇ ਲੀਡਰਾਂ ਪ੍ਰਤੀ, ਜਿਨ੍ਹਾਂ ਨੇ ਇਸ ਕਾਰੇ ਨੂੰ ਸਰੰਜਾਮ ਦੇਣ ਲਈ ਫ਼ੌਜ ਦੀ ਦੁਰਵਰਤੋਂ ਕੀਤੀ ਸੀ, ਆਪਣੇ ਹੀ ਦੇਸ਼ ਦੇ ਸ਼ਾਂਤੀ- ਪਸੰਦ ਨਾਗਰਿਕਾਂ ਉੱਤੇ ਬੇ-ਰਹਿਮ ਫੌਜੀ ਤਸ਼ੱਦਦ।

ਅੱਜ ਛੱਤੀ ਵਰ੍ਹਿਆਂ ਬਾਅਦ ਵੀ ਜੂਨ ਚੁਰਾਸੀ ਦੇ ਜ਼ਖਮ ਅੱਲ੍ਹੇ ਹਨ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਦੁਰਲੱਭ ਖਜਾ਼ਨਾ ਅਤੇ ਤੋਸ਼ੇਖਾਨੇ ਦੀਆਂ ਬਹੁਮੁੱਲੀਆਂ ਵਸਤਾਂ ਅਜੇ ਤੱਕ ਗ਼ਾਇਬ ਹਨ। ਇਸ ਖ਼ੌਫ਼ਨਾਕ ਵਰਤਾਰੇ ਕਰਕੇ ਪੰਜਾਬ ਇੱਕ ਲੰਮਾ ਸਮਾਂ ਆਪਣੇ ਸੱਭਿਆਚਾਰ, ਅਰਥਚਾਰੇ ਅਤੇ ਰਾਜਸੀ- ਵਰਤਾਰੇ ਵਿੱਚ ਬਹੁਤ ਪਛੜ ਗਿਆ ਹੈ। ਸਰਕਾਰ ਨੇ ਇਸ ਕਾਰਵਾਈ ਨੂੰ ‘ਆਪ੍ਰੇਸ਼ਨ ਬਲੂ ਸਟਾਰ'(ਆਪ੍ਰੇਸ਼ਨ ਨੀਲਾ ਤਾਰਾ) ਦਾ ਨਾਂ ਦਿੱਤਾ ਸੀ, ਜਿਸ ਬਾਰੇ ਬਹੁਤ ਸਾਰੀਆਂ ਪੁਸਤਕਾਂ, ਲੇਖ ਅਤੇ ਹੱਡਬੀਤੀਆਂ ਲਿਖੀਆਂ ਜਾ ਚੁੱਕੀਆਂ ਹਨ। ਮਾਰਕ ਟੱਲੀ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਹਿੰਦੁਸਤਾਨ ਦੀ ਆਜ਼ਾਦੀ ਲਈ ਘੱਟ ਗਿਣਤੀ ਹੁੰਦਿਆਂ ਵੀ ਸਿੱਖਾਂ ਵੱਲੋਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਦੂਜੇ ਪਾਸੇ ਸਿੱਖਾਂ ਨੂੰ ਆਪਣੇ ਹੀ ਦੇਸ਼ ਵਿੱਚ ਦੂਜੇ ਦਰਜੇ ਦੇ ਨਾਗਰਿਕ ਗਰਦਾਨਿਆ ਗਿਆ। ਪੰਜ ਸੌ ਵਰ੍ਹੇ ਪਹਿਲਾਂ ਕਲਯੁਗ ਦੇ ਮਹਾਨ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ (1469-1539) ਦੇ ਇਹ ਮਹਾਂਬੋਲ ਸਿੱਖ- ਚੇਤਨਾ ਨੂੰ ਅੱਜ ਵੀ ਕੁਰੇਦ ਰਹੇ ਹਨ:

ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ
ਤਲਵੰਡੀ ਸਾਬੋ ਬਠਿੰਡਾ
9417692015

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: