Wed. Jun 19th, 2019

ਜੀ.ਕੇ. ਹੋਏ ਸਰਦਾਰੇ-ਏ-ਆਜ਼ਮ ਐਵਾਰਡ ਨਾਲ ਸਨਮਾਨਿਤ

ਜੀ.ਕੇ. ਹੋਏ ਸਰਦਾਰੇ-ਏ-ਆਜ਼ਮ ਐਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ 14 ਮਈ 2018:  ਪੰਥ ਪ੍ਰਤੀ ਕੀਤੀਆਂ ਜਾ ਰਹੀਆਂ ਨੂੰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਪਟਿਆਲਾ ਵਿਖੇ ਸਰਦਾਰੇ-ਏ-ਆਜ਼ਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੋਤੀ ਬਾਗ ਸਾਹਿਬ, ਪਟਿਆਲਾ ਵਿਖੇ ਕਰਵਾਏ ਗਏ ਕੀਰਤਨ ਦਰਬਾਰ ’ਚ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਵੀ ਮੌਜੂਦ ਸਨ।

    ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ. ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੇ ਕਾਰਜਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਿਤਾ ਦੇ ਨਕਸ਼ੇ-ਕਦਮਾਂ ’ਤੇ ਚਲਦੇ ਹੋਏ ਜੀ.ਕੇ. ਲਗਾਤਾਰ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰ ਰਹੇ ਹਨ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜੀ.ਕੇ. ਦੀ ਅਗਵਾਈ ’ਚ ਕਾਰਜ ਕਰ ਰਹੀ ਦਿੱਲੀ ਕਮੇਟੀ ਨੇ ਦਿੱਲੀ ਦੇ ਇਤਿਹਾਸ ’ਚ ਸਿੱਖਾਂ ਦੇ ਯੋਗਦਾਨ ਨੂੰ ਉਭਾਰਣ ਦਾ ਬੇਮਿਸਾਲ ਕਾਰਜ ਕੀਤਾ ਹੈ। ਦਿੱਲੀ ਫਤਹਿ ਦਿਹਾੜੇ ਨੂੰ ਖਾਲਸਾਹੀ ਜਾਹੋ-ਜਲਾਲ ਨਾਲ ਮਨਾਉਣ ਦੀ ਗੱਲ ਹੋਵੇ ਯਾ 1984 ਦੀ ਯਾਦਗਾਰ  ਬਣਾਉਣ ਦੀ ਹਮੇਸ਼ਾ ਸਿੱਖ ਕੌਮ ਦੇ ਇਤਿਹਾਸ ਨੂੰ ਉਭਾਰਣ ਵਾਸਤੇ ਕਮੇਟੀ ਯਤਨਸ਼ੀਲ ਰਹੀ ਹੈ। ਉਨ੍ਹਾਂ ਨੇ ਜਥੇਦਾਰ ਸੰਤੋਖ ਸਿੰਘ ਨਿਹੰਗ ਜਥੇਬੰਦੀਆਂ ਨਾਲ ਨੇੜ੍ਹਤਾ ਦਾ ਵੀ ਜ਼ਿਕਰ ਕੀਤਾ।

ਜੀ.ਕੇ. ਨੇ ਕਿਹਾ ਕਿ ਉਨ੍ਹਾਂ ਨੂੰ ਸਰਦਾਰ-ਏ-ਆਜ਼ਮ ਐਵਾਰਡ ਮਿਲਣਾ ਬੜੀ ਜਿੰਮੇਦਾਰੀ ਮਿਲਣ ਵਰਗਾ ਹੈ। ਕੌਮ ਵੱਲੋਂ ਇਸਤੋਂ ਪਹਿਲਾਂ ਇਹ ਐਵਾਰਡ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰੰਘ ਅਤੇ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਨੂੰ ਦਿੱਤਾ ਗਿਆ ਸੀ। ਜਥੇਦਾਰ ਜੀ ਨੂੰ ਐਵਾਰਡ ਲੁਧਿਆਣਾ ਦੀ ਸੰਗਤ ਨੇ ਦਿੱਤਾ ਸੀ ਜਦਕਿ ਮੈਂਨੂੰ ਪਟਿਆਲਾ ਦੀ ਸੰਗਤ ਵੱਲੋਂ ਮਾਨ ਬਖਸ਼ਿਆ ਗਿਆ ਹੈ। ਮੈਂ ਇਸ ਐਵਾਰਡ ਦੇ ਲਾਇਕ ਹਾਂ, ਇਸ ਗੱਲ ਦੀ ਤਸੱਲੀ ਮੈਨੂੰ ਵੀ ਨਹੀਂ ਹੈ। ਪਰ ਪਟਿਆਲਾ ਦੀ ਸੰਗਤ ਨੇ ਖੁਦ ਇਸ ਮਾਮਲੇ ’ਚ ਪਹਿਲਕਦਮੀ ਕਰਕੇ ਮੇਰੀ ਜਿੰਮੇਵਾਰੀ ’ਚ ਵਾਧਾ ਕਰ ਦਿੱਤਾ ਹੈ।

ਜੀ.ਕੇ. ਨੇ ਕਿਹਾ ਕਿ ਰੋਜ਼ਾਨਾ ਅਸੀਂ ਅਰਦਾਸ ਉਪਰੰਤ ‘‘ਰਾਜ ਕਰੇਗਾ ਖਾਲਸਾ’’ ਦੋਹਰਾ ਪੜ੍ਹੀ ਜਾਂਦੇ ਹਾਂ ਪਰ ਇਸ ਸੱਦੀ ’ਚ ਖਾਲਸੇ ਦਾ ਰਾਜ ਕਲਮ ਦੇ ਨਾਲ ਹੀ ਸਥਾਪਿਤ ਹੋ ਸਕਦਾ ਹੈ। ਡਾ. ਮਨਮੋਹਨ ਸਿੰਘ ਅਤੇ ਡਾ. ਅਬੁੱਲ ਕਲਾਮ ਆਜ਼ਾਦ ਨੇ ਦੇਸ਼ ਦੀ ਅਗਵਾਈ ਸਿੱਖਿਆ ਕਰਕੇ ਹੀ ਕੀਤੀ ਸੀ। ਇਸ ਲਈ ਨੌਜਵਾਨਾਂ ਨੂੰ ਸਿੱਖਿਆ ਦੇ ਖੇਤਰ ’ਚ ਦੇਸ਼ ਦੀ ਅਗਵਾਈ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਜੀ.ਕੇ. ਨੇ ਸਿੱਖ ਇਤਿਹਾਸ ਨੂੰ ਝੂੱਠਲਾਉਣ ਵਾਸਤੇ ਕੁਝ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਜਿਸ਼ਾ ਨੂੰ ਗੱਠੜੀ ਪਿੱਛੇ ਚੋਰ ਲੱਗੇ ਹੋਣ ਵੱਜੌਂ ਪਰਿਭਾਸ਼ਿਤ ਕੀਤਾ।

ਜੀ.ਕੇ. ਨੇ ਕਿਹਾ ਕਿ ਅੱਜ ਕੁਝ ਸਾਜ਼ਿਸ਼ਕਰਤਾ ਭਾਈ ਮਤੀ ਦਾਸ, ਬਾਬਾ ਬੰਦਾ ਸਿੰਘ ਬਹਾਦਰ ਅਤੇ ਭਗਤ ਸਿੰਘ ਨੂੰ ਸਿੱਖ ਮਨਣ ਤੋਂ ਇਨਕਾਰੀ ਹੋਏ ਫਿਰਦੇ ਹਨ। ਜੇ ਸਿੱਖ ਨਾ ਜਾਗੇ ਤਾਂ ਚੋਰਾਂ ਨੇ ਗੱਠੜੀ ਸਾਫ਼ ਕਰ ਦੇਣੀ ਹੈ। ਇਹ ਤਾਂ ਕੱਲ ਨੂੰ ਗੁਰੂ ਸਾਹਿਬਾਨਾਂ ਨੂੰ ਹੀ ਸਿੱਖ ਮੰਨਣ ਤੋਂ ਇਨਕਾਰੀ ਹੋ ਸਕਦੇ ਹਨ। ਜੀ.ਕੇ. ਨੇ ਦਿੱਲੀ ਕਮੇਟੀ ਦੇ ਜਨਰਲ ਹਾਊਸ ’ਚ ਪਾਸ ਕੀਤੇ ਗਏ ਅਹਿਮ ਮੱਤਿਆਂ ਬਾਰੇ ਵੀ ਸੰਗਤ ਨੂੰ ਜਾਣਕਾਰੀ ਦਿੱਤੀ। ਜੀ.ਕੇ. ਨੇ ਨੌਜਵਾਨਾਂ ਨੂੰ ਸ਼ੋਸ਼ਲ ਮੀਡੀਆ ਤੋਂ ਨਾ ਡਰਣ ਦੀ ਸਲਾਹ ਦਿੰਦੇ ਹੋਏ ਉਸਾਰੂ ਪ੍ਰਚਾਰ ਨੂੰ ਆਪਣੇ ਏਜੰਡੇ ’ਚ ਸ਼ਾਮਿਲ ਕਰਨ ਦੀ ਨਸੀਹਤ ਦਿੱਤੀ। ਇਸ ਮੌਕੇ ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਸਣੇ ਕਈ ਕਮੇਟੀ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: