ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਮਹਿੰਗੀਆਂ ਖਾਦਾਂ, ਦਵਾਈਆਂ ਵੇਚਣ ਦੇ ਲਾਲਚ ਵਿੱਚ ਕੰਪਨੀਆਂ ਨੇ ਸਮਾਨ ਵੇਚਣਾ ਬੰਦ ਕੀਤਾ

ss1

ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਮਹਿੰਗੀਆਂ ਖਾਦਾਂ, ਦਵਾਈਆਂ ਵੇਚਣ ਦੇ ਲਾਲਚ ਵਿੱਚ ਕੰਪਨੀਆਂ ਨੇ ਸਮਾਨ ਵੇਚਣਾ ਬੰਦ ਕੀਤਾ

ਭਾਰਤ ਵਿੱਚ ਪਹਿਲੀ ਜੁਲਾਈ ਤੋਂ ਟੈਕਸ ਢਾਂਚੇ ਵਿੱਚ ਤਬਦੀਲੀ ਲਈ ਲਾਗੂ ਹੋ ਰਹੇ ਜੀ.ਐੱਸ.ਟੀ. ਦੌਰਾਨ ਖੇਤੀ ਖੇਤਰ ਵਿੱਚ ਵਰਤੀਆਂ ਜਾਣ ਵਾਲੀਆਂ ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਹੋਰ ਖੇਤੀ ਵਿੱਚ ਵਰਤੇ ਜਾਣ ਵਾਲੇ ਸਮਾਨ ਦੀਆਂ ਕੀਮਤਾਂ ਵੱਧ ਰਹੀਆਂ ਹਨ। ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਵਧੇਰੇ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਇਹ ਖੇਤੀ ਸਮਾਨ ਵੇਚਣ ਵਾਲੀਆਂ ਕੰਪਨੀਆਂ ਨੇ ਆਪਣਾ ਸਾਰਾ ਸਮਾਨ ਸਟਾਕ ਕਰ ਲਿਆ ਹੈ। ਖਾਦਾਂ, ਕੀੜੇ ਮਾਰ ਦਵਾਈਆਂ, ਬੀਜਾਂ ਆਦਿ ਦੀ ਕੰਪਨੀਆਂ ਵੱਲੋਂ ਵਿਕਰੀ ਬੰਦ ਕੀਤੇ ਜਾਣ ਨਾਲ ਝੋਨੇ ਅਤੇ ਹੋਰ ਫਸਲਾਂ ਦੀ ਬਿਜਾਈ ਵਿੱਚ ਰੁਝੇ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ। ਵਧੀਆ ਮੌਨਸੂਨ ਦੇ ਚੱਲਦਿਆਂ ਝੋਨੇ ਅਤੇ ਹੋਰ ਫਸਲਾਂ ਦੀ ੇਬਿਜਾਈ ਵਿੱਚ ਕਿਸਾਨਾਂ ਵੱਲੋਂ ਜਿੰਨੀ ਤੇਜੀ ਕੀਤੀ ਜਾ ਰਹੀ ਹੈ, ਕੰਪਨੀਆਂ ਵੱਲੋਂ ਖਾਦਾਂ, ਕੀੜੇ ਮਾਰ ਦਵਾਈਆਂ, ਖੇਤੀ ਮਸ਼ੀਨਰੀ ਅਤੇ ਸਿੰਚਾਈ ਲਈ ਵਰਤੇ ਜਾਂਦੇ ਪਾਈਪਾਂ ਆਦਿ ਨੂੰ ਦੁਕਾਨਾਂ ਤੋਂ ਗਾਇਬ ਕਰ ਦਿੱਤਾ ਗਿਆ ਹੈ। ਸਮਾਨ ਨਾ ਮਿਲਣ ਕਾਰਨ ਕਿਸਾਨਾਂ ਨੂੰ ਫਸਲਾਂ ਬੀਜਣ ਵਿੱਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਕੰਪਨੀਆਂ ਇਹ ਸਸਤਾ ਸਟਾਕ ਕੀਤਾ ਗਿਆ ਸਮਾਨ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਮਹਿੰਗੇ ਭਾਅ ਵੇਚ ਕੇ ਮੁਨਾਫਾ ਕਮਾਉਣਗੀਆਂ। ਦੂਸਰੇ ਪਾਸੇ ਕਈ ਕੰਪਨੀਆਂ ਦੇ ਡੀਲਰਾਂ ਦਾ ਕਹਿਣਾ ਹੈ ਕਿ ਸਾਡਾ ਇਸ ਵਿੱਚ ਕੋਈ ਕਸੂਰ ਨਹੀਂ ਹੈ। ਉੱਪਰੋਂ ਕੰਪਨੀਆਂ ਨੇ ਹੀ ਨਵੇਂ ਸਮਾਨ ਦੇ ਆਰਡਰ ਲੈਣੇ ਬੰਦ ਕਰ ਦਿੱਤੇ ਹਨ। ਕੰਪਨੀਆਂ ਦਾ ਦਬਾਅ ਹੈ ਕਿ ਪਹਿਲਾਂ ਜਮ੍ਹਾਂ ਸਟਾਕ ਨੂੰ ਖਤਮ ਕੀਤਾ ਜਾਵੇ। ਬਿਜਲਈ ਸਾਜੋ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਵੀ ਇਹੋ ਹੀ ਵਰਤਾਰਾ ਕੀਤਾ ਜਾ ਰਿਹਾ ਹੈ। ਕਈ ਖੇਤੀ ਮਾਹਿਰਾਂ ਅਤੇ ਕਿਸਾਨ ਆਗੂਆਂ ਦੀ ਮੰਗ ਹੈ ਕਿ ਸਰਕਾਰ ਖਾਦਾਂ ਉੱਪਰ ਸਬਸਿਡੀ ਵਧਾਏ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਡੀ.ਏ.ਪੀ. ਖਾਦ, ਕੀਟਨਾਸ਼ਕ ਦਵਾਈਆਂ, ਪਲਾਸਟਕ ਪਾਈਪ ਆਦਿ ਪਹਿਲਾਂ ਨਾਲੋਂ ਵਧੇਰੇ ਮਹਿੰਗੇ ਹੋ ਜਾਣਗੇ।
ਟਰੈਕਟਰਾਂ ਅਤੇ ਹੋਰ ਖੇਤੀ ਮਸ਼ੀਨਰੀ ਨੂੰ ਵੀ ਜੀ.ਐੱਸ.ਟੀ. ਦੇ ਦਾਇਰੇ ਵਿੱਚ ਰੱਖਿਆ ਗਿਆ ਹੈ। ਇਸ ਲਈ ਇਹ ਖੇਤੀ ਮਸ਼ੀਨਰੀ ਵੇਚਣ ਤੋਂ ਵੀ ਕੰਪਨੀਆਂ ਵੱਲੋਂ ਹੱਥ ਘੁਟੇ ਜਾ ਰਹੇ ਹਨ। ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਕੀੜੇ ਮਾਰ ਦਵਾਈਆਂ ਖਾਦਾਂ ਤੋਂ ਇਲਾਵਾ ਟਾਇਰ ਆਦਿ ਵੀ ਮਹਿੰਗੇ ਹੋ ਜਾਣਗੇ। ਇਸ ਨਾਲ ਖੇਤੀ ਕਰਨਾ ਹੋਰ ਮਹਿੰਗਾ ਹੋ ਜਾਵੇਗਾ। ਸਰਕਾਰ ਨੇ ਇਸ ਮਾਮਲੇ ਵਿੱਚ ਤੁਰੰਤ ਕੋਈ ਉਪਰਾਲਾ ਨਾ ਕੀਤਾ ਤਾਂ ਕਿਸਾਨਾਂ ਦੀ ਸਥਿਤੀ ਹੋਰ ਵੀ ਖਰਾਬ ਹੋ ਜਾਵੇਗੀ। ਜੀ.ਐੱਸ.ਟੀ. ਲਾਗੂ ਹੋਣ ਵਿੱਚ ਹਾਲੇ 10 ਦਿਨ ਬਾਕੀ ਹਨ। ਕਿਸਾਨਾਂ ਨੂੰ ਝੋਨੇ ਅਤੇ ਹੋਰ ਫਸਲਾਂ ਦੀ ਬਿਜਾਈ ਲਈ ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਹੋਰ ਲੋੜੀਂਦਾ ਸਮਾਨ ਨਾ ਮਿਲਿਆ ਤਾਂ ਬਿਜਾਈ ਪੱਛੜਨ ਦੇ ਨਾਲ ਨਾਲ ਕਿਸਾਨਾਂ ਦੇ ਖਰਚੇ ਵੱਧਣ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਡਾਵਾਂਡੋਲ ਹੋ ਜਾਵੇਗੀ।

Share Button

Leave a Reply

Your email address will not be published. Required fields are marked *