Tue. Aug 20th, 2019

ਜੀਵਨ ਦੀ ਹੋਂਦ ਲਈ ਜ਼ਰੂਰੀ ਹਨ :ਰੁੱਖ

ਜੀਵਨ ਦੀ ਹੋਂਦ ਲਈ ਜ਼ਰੂਰੀ ਹਨ :ਰੁੱਖ

ਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸ਼ਤਾ ਹੈ।ਸ਼ੁਰੂ ਤੋ ਅੰਤ ਤੱਕ ਰੁੱਖ, ਮਨੁੱਖ ਦਾ ਸਾਥ ਨਿਭਾਉਂਦੇ ਹਨ। ਰੁੱਖ ਉਸ ਪਰਮਾਤਮਾ ਦੁਆਰਾ ਦਿੱਤੇ ਗਏ ਅਨਮੋਲ ਤੋਹਫ਼ੇ ਹਨ।ਇਹ ਇਕ ਅਨਮੋਲ ਖਜ਼ਾਨਾ ਵੀ ਹੈ।ਰੁੱਖ ਕੇਵਲ ਸਾਡੇ ਲਈ ਹੀ ਨਹੀਂ ਸਗੋਂ ਧਰਤੀ ਤੇ ਰਹਿੰਦੇ ਹਰੇਕ ਸੰਜੀਵ ਪ੍ਰਾਣੀ ਲਈ ਬਹੁਤ ਜ਼ਰੂਰੀ ਹਨ।ਇੱਥੋਂ ਤੱਕ ਕਿ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚੱਲਦਾ ਰਹਿ ਸਕਦਾ ਹੈ।ਰੁੱਖ ਮਨੁੱਖ ਦੇ ਤਾਂ ਸੱਚੇ ਮਿੱਤਰ ਹਨ।ਜੋ ਅਜੇ ਤੱਕ ਸਾਇੰਸ ਨਹੀਂ ਕਰ ਸਕੀ ਉਹ ਫਰੀ ਵਿਚ ਸਾਡੇ ਲਈ ਕਰਦੇ ਹਨ ਰੁੱਖ।ਰੁੱਖ ਆਕਸੀਜਨ ਛੱਡਦੇ ਹਨ।ਇਹ ਕਾਰਬਨਡਾਈਆਕਸਾਈਡ ਨੂੰ ਆਕਸੀਜਨ ਵਿਚ ਪਰਿਵਰਤਿਤ ਕਰਦੇ ਹਨ।ਇਸ ਵਿਧੀ ਨੂੰ ਪ੍ਰਕਾਸ਼ ਸੰਸਲੇਸ਼ਣ ਵਿਧੀ ਕਿਹਾ ਜਾਂਦਾ ਹੈ।ਪੌਦੇ ਸਾਡੀ ਧਰਤੀ ਦੇ ਤਾਪਮਾਨ ਨੂੰ ਨਿਯੰਤ੍ਰਿਤ ਰੱਖਦੇ ਹਨ।ਜੇਕਰ ਪ੍ਰਿਥਵੀ ਉੱਤੇ ਪੌਦੇ ਨਾ ਹੋਣ ਤਾਂ ਪ੍ਰਿਥਵੀ ਦਾ ਤਾਪਮਾਨ ਵੱਧਦਾ ਹੀ ਚਲਾ ਜਾਵੇਗਾ ਤੇ ਧਰਤੀ ਇੰਨੀ ਗਰਮ ਹੋ ਜਾਵੇਗੀ ਕਿ ਇਸ ਉਤੇ ਰਹਿਣਾ ਵੀ ਮੁਸ਼ਕਿਲ ਹੋ ਜਾਵੇਗਾ।ਇਕ ਰਿਪੋਰਟ ਦੱਸਦੀ ਹੈ ਕਿ ਲਗਭਗ 25% ਗ੍ਰੀਨ ਹਾਊਸ ਗੈਸਾਂ ਦੇ ਵੱਧਣ ਦਾ ਕਾਰਨ ਜੰਗਲਾਂ ਹੇਠ ਘੱਟਦਾ ਰਕਬਾ ਹੈ। ਜ਼ਿਆਦਾ ਵੱਡੀ ਗੱਲ ਨਹੀਂ, ਇਕ ਸਾਧਾਰਣ ਘਰ ਵਿਚ ਵਿਧੀ ਪੂਰਵਕ ਲਗਾਇਆ ਗਿਆ ਇਕ ਪੌਦਾ ਏ. ਸੀ. ਦਾ ਕੰਮ ਕਰ ਸਕਦਾ ਹੈ।ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ।ਜਿਸ ਕਾਰਨ ਅਤਿ ਭਿਆਨਕ ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ।ਘਰ ਦੇ ਬਾਹਰ ਹੀ ਨਹੀਂ ਸਗੋਂ ਘਰ ਦੇ ਅੰਦਰ ਵੀ ਬਹੁਤ ਪ੍ਰਦੂਸ਼ਣ ਪੈਦਾ ਹੁੰਦਾ ਹੈ।ਜਿਸ ਦਾ ਇਕ ਕਾਰਨ ਘਰਾਂ ਦੀ ਬਣਤਰ ਵੀ ਹੈ।ਅੱਜ ਕੱਲ੍ਹ ਕਈ ਘਰਾਂ ਦੀ ਬਣਤਰ ਇਹੋ ਜਿਹੀ ਹੈ ਕਿ ਉਨ੍ਹਾਂ ਵਿਚੋਂ ਤਾਜ਼ੀ ਹਵਾ ਦਾ ਪੂਰਨ ਤੌਰ ਤੇ ਅਦਾਨ ਪ੍ਰਦਾਨ ਨਹੀਂ ਹੁੰਦਾ।ਜਿਸ ਕਾਰਨ ਦਮਾ, ਅਲਰਜੀ ਆਦਿ ਵਰਗੇ ਭਿਆਨਕ ਰੋਗ ਪੈਰ ਪਸਾਰ ਰਹੇ ਹਨ।ਨਾਸਾ ਨੇ ਕੁਝ ਛੋਟੇ ਪੌਦਿਆਂ ਦੀ ਖੋਜ ਕੀਤੀ ਹੈ ਜੋ ਕਿ ਘਰ ਦੀ ਸਜਾਵਟ ਲਈ ਵੀ ਵਰਤੇ ਜਾ ਸਕਦੇ ਹਨ ਤੇ ਇਹ ਸਾਡੇ ਘਰ ਵਿਚਲੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।ਇਹ ਪੌਦੇ ਉਹਨਾਂ ਘਰਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹਨ ਜਿੱਥੇ ਤਾਜ਼ੀ ਹਵਾ ਦਾ ਬਹੁਤ ਘੱਟ ਅਦਾਨ ਪ੍ਰਦਾਨ ਹੁੰਦਾ ਹੈ।ਗਰਬੈਰਾ ਡੇਜੀ (ਘੲਰਬੲਰੳ ਧੳਸਿੇ) ਇਕ ਬਹੁਤ ਹੀ ਮਹੱਤਵਪੂਰਨ ਪੌਦਾ ਹੈ ਜੋ ਕਿ ਕਈ ਜ਼ਹਿਰੀਲੀਆਂ ਗੈਸਾਂ ਨੂੰ ਬੜੀ ਹੀ ਅਸਾਨੀ ਨਾਲ ਸੋਖ ਕੇ ਖ਼ਤਮ ਕਰ ਦਿੰਦਾ ਹੈ।ਕਵਾਰ ਦਾ ਪੌਦਾ ਜਿੱਥੇ ਦੇਖਣ ਨੂੰ ਬਹੁਤ ਸੋਹਣਾ ਲਗਦਾ ਹੈ ਉੱਥੇ ਹੀ ਇਸ ਦੇ ਪੱਤੇੇ ਬਹੁਤ ਹੀ ਗੁਣਕਾਰੀ ਹੰੁਦੇ ਹਨ।ਇਹ ਕੀਟਾਣੂਨਾਸ਼ਕ ਵਜੋਂ ਕੰਮ ਕਰਦੇ ਹਨ।ਇਸਦੇ ਪੱਤੇ ਚਮੜੀ ਲਈ ਬਹੁਤ ਹੀ ਵਧੀਆ ਹੰੁਦੇ ਹਨ।ਇਸ ਤੋ ਇਲਾਵਾ ਵੀ ਬਹੁਤ ਸਾਰੇ ਛੋਟੇ ਪੌਦੇ ਹਨ ਜਿਵੇ : ਮਨੀ ਪਲਾਂਟ, ਅਰੇਕਾ ਪਾਮ, ਚਾਈਨੀਸ ਸਦਾਬਹਾਰ ਆਦਿ।
ਮਨੁੱਖ ਦੇ ਲਾਲਚ ਸਦਕਾ ਜੰਗਲ ਹੇਠ ਰਕਬਾ ਘੱਟਦਾ ਜਾ ਰਿਹਾ।ਜੇਕਰ ਵਰਖਾ ਵਣ ਦੀ ਗੱਲ ਕਰੀਏ ਤਾਂ 78 ਮਿਲੀਅਨ ਏਕੜ ਵਰਖਾ ਵਣ ਹਰ ਸਾਲ ਖ਼ਤਮ ਹੋ ਰਹੇ ਹਨ।ਜਾਣਕਾਰ ਮੰਨਦੇ ਹਨ ਕਿ 2020 ਤੱਕ 80 ਤੋ 90% ਵਰਖਾ ਵਣ ਖ਼ਤਮ ਹੋ ਜਾਣਗੇ।ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।ਮਨੁੱਖ ਲਾਲਚ ਦੀ ਤਲਵਾਰ ਨਾਲ ਆਪਣੀਆਂ ਹੀ ਜੜ੍ਹਾਂ ਵੱਢਦਾ ਜਾ ਰਿਹਾ ਹੈ।ਜੰਗਲ ਘੱਟਣ ਨਾਲ ਜੈਵ ਵਿਭਿੰਨਤਾ ਦੇ ਬਹੁਤ ਬੁਰਾ ਅਸਰ ਪੈ ਰਿਹਾ ਹੈ।ਬਹੁਤ ਸਾਰੇ ਅਨਮੋਲ ਪੌਦੇ ਲੁਪਤ ਹੋ ਚੁੱਕੇ ਹਨ ਤੇ ਕਈ ਲੁਪਤ ਹੋਣ ਦੀ ਕਗਾਰ ਤੇ ਖੜੇ੍ਹ ਹਨ।ਕੇਵਲ ਪੌਦੇ ਹੀ ਨਹੀਂ ਸਗੋਂ ਬੇਅੰਤ ਪੰਛੀ, ਜਾਨਵਰ, ਛੋਟੇ ਜੀਵ ਜੰਗਲਾਂ ਦੇ ਖਾਤਮੇ ਨਾਲ ਖ਼ਤਮ ਹੋ ਰਹੇ ਹਨ।ਜੰਗਲ ਹੀ ਤਾਂ ਪੰਛੀਆਂ ਅਤੇ ਹੋਰ ਜੀਵਾਂ ਦਾ ਰਹਿਣ ਬਸੇਰਾ ਹਨ।ਸੋਹਣੇ ਸੋਹਣੇ ਰੁੱਖ, ਸੋਹਣੇ- ਸੋਹਣੇ ਪੰਛੀਆਂ ਦੀ ਮਧੁਰ ਅਵਾਜ਼, ਕੁਦਰਤੀ ਸੰਗੀਤ ਦਿਲ ਅਤੇ ਦਿਮਾਗ ਨੂੰ ਤਰੋ- ਤਾਜ਼ਾ ਕਰ ਦਿੰਦਾ ਹੈ।ਪਰ ਜ਼ਰਾ ਸੋਚੋ ਜੇਕਰ ਇਸੀ ਦਰ ਨਾਲ ਜੰਗਲ ਨਸ਼ਟ ਹੁੰਦੇ ਰਹੇ ਤਾਂ ਕਿ ਆਉਣ ਵਾਲੇ ਸਮਂੇ ਵਿਚ ਕਿ ਇਹ ਕੁਦਰਤੀ ਨਜ਼ਾਰਾ ਦੇਖਣ ਨੂੰ ਮਿਲੇਗਾ?? ਸ਼ਾਇਦ ਨਹੀਂ।
ਇਕ ਰਿਪੋਰਟ ਮੁਤਾਬਿਕ ਦੁਨੀਆਂ ਵਿਚ ਲਗਭਗ ਸੱਤ ਮਿਲੀਅਨ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਕਾਰਨ ਹੋ ਜਾਦੀ ਹੈ।ਭਾਰਤ ਦੇ ਕਾਨਪੁਰ, ਫਰੀਦਾਬਾਦ, ਗਾਯਾ, ਵਰਾਨਸੀ, ਪਟਨਾ, ਦਿੱਲੀ, ਲਖਨਾਊ ਆਦਿ ਸਭ ਤੋਂ ਵੱਧ ਪ੍ਰਦੂਸ਼ਿਤ ਸਹਿਰਾਂ ਵਿਚ ਸ਼ਾਮਿਲ ਹਨ।ਪ੍ਰਦੂਸ਼ਣ ਕਾਰਨ ਲੋਕਾਂ ਦੇ ਨਾਲ਼ ਨਾਲ਼ ਇੱਥੇ ਪਾਏ ਜਾਣ ਵਾਲੇ ਪਸ਼ੂ ਪੰਛੀਆਂ ਦੀ ਹਾਲਤ ਵੀ ਬਦ ਤੋ ਬਦਤਰ ਹੈ। ਇਕ ਰਿਪੋਰਟ ਨੇ ਦੱਸਦੀ ਹੈ ਕਿ ਦਿੱਲੀ ਵਿਚ ਤਿੰਨ ਵਿਚੋਂ ਇਕ ਟ੍ਰੈਫਿਕ ਪੁੁਲਿਸ ਮੁਲਾਜ਼ਮ ਫੇਫੜਿਆਂ ਨਾਲ ਸੰਬੰਧਿਤ ਬਿਮਾਰੀ ਤੋਂ ਪੀੜਿਤ ਹੈ। ਰੁੱਖ ਮੁਫ਼ਤ ਵਿਚ ਹਵਾ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀਂ ਰੁੱਖਾਂ ਦੇ ਯੋਗਦਾਨ ਨੂੰ ਅਣਗੌਲਿਆਂ ਕਰ ਦਿੰਦੇ ਹਾਂ।ਲੱਖਾਂ ਰੁਪਏ ਦੀ ਆਕਸੀਜਨ ਤੋ ਇਲਾਵਾ ਰੁੱਖ ਆਰਥਿਕ ਤੌਰ ਤੇ ਵੀ ਬਹੁਤ ਮਦਦ ਕਰਦੇ ਹਨ।ਰੁੱਖਾਂ ਦੀ ਕਮੀ ਕਾਰਨ ਵਰਖਾ ਦੀ ਮਾਤਰਾ ਵੀ ਸਥਿਰ ਨਹੀਂ ਰਹੀ।ਹੁਣ ਕਿਤੇ ਬਹੁਤ ਜਿਆਦਾ ਵਰਖਾ ਹੋ ਜਾਂਦੀ ਹੈ ਜਦੋਂਕਿ ਕਿਤੇ ਸੌਕੇ ਵਰਗੇ ਹਲਾਤ ਬਣ ਜਾਂਦੇ ਹਨ।
ਸਾਡਾ ਭਾਰਤ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ।ਵੱਖ ਵੱਖ ਪ੍ਰਕਾਰ ਦੀਆਂ ਫ਼ਸਲਾਂ ਇੱਥੇ ਪੈਦਾ ਕੀਤੀਆਂ ਜਾਂਦੀਆਂ ਹਨ।ਪਰ ਪਿਛਲੇ ਕੁਝ ਦਹਾਕਿਆਂ ਤੋਂ ਭੂਮੀ ਦੀ ਉਪਜਾਊ ਸ਼ਕਤੀ ਵਿਚ ਕਮੀ ਦਰਜ ਕੀਤੀ ਗਈ ਹੈ।ਰਸਾਇਣਿਕ ਖਾਦਾਂ ਤੋਂ ਇਲਾਵਾ ਇਸ ਦਾ ਇਕ ਹੋਰ ਪ੍ਰਮੁੱਖ ਕਾਰਨ ਰੁੱਖਾਂ ਦੀ ਕਟਾਈ ਵੀ ਹੈ।ਰੁੱਖਾਂ ਦੀਆਂ ਜੜਾਂ੍ਹ ਉਪਜਾਊ ਮਿੱਟੀ ਦੀ ਪਰਤ ਨੂੰ ਜਕੜ੍ਹ ਕੇ ਰੱਖਦੀਆਂ ਹਨ।ਇਕ ਰਿਪੋਰਟ ਦੱਸਦੀ ਹੈ ਕਿ ਧਰਤੀ ਦੀ ਅੱਧੀ ਉਪਜਾਊ ਪਰਤ ਪਿਛਲੇ 150 ਸਾਲਾਂ ਦੌਰਾਨ ਨਸ਼ਟ ਹੋ ਚੁੱਕੀ ਹੈ।ਦੱਸਣਯੋਗ ਹੈ ਕਿ ਜਿੱਥੇ ਰੁੱਖ ਮਿੱਟੀ ਨੂੰ ਜਕੜ ਕੇ ਰੱਖਦੇ ਹਨ ਉੱਥੇ ਹੀ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੇ ਹਨ।ਇਨ੍ਹਾਂ ਦੇ ਪੱਤਿਆਂ ਤੋ ਖਾਦ ਤਿਆਰ ਹੁੰਦੀ ਹੈ।
ਰੁੱਖਾਂ ਦੀ ਦੇਣ ਨੂੰ ਦੇਖਦੇ ਹੋਏ ਹੀ ਸ੍ਰੀ ਕੇ. ਐਮ ਮੁਨਸੀ ਜੀ ਦੁਆਰਾ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ ਤਾ ਜੋ ਲੋਕ ਰੁੱਖਾਂ ਦੀ ਮਹਾਨਤਾ ਨੂੰ ਸਮਝ ਸਕਣ ਤੇ ਰੁੱਖਾਂ ਨੂੰ ਬਚਾਉਣ ਤੇ ਨਵੇਂ ਰੁੱਖ ਲਗਾਉਣ ਦੀ ਮੁਹਿੰਮ ਵਿਚ ਭਾਗ ਲੈ ਸਕਣ।ਇਕ ਜੁਲਾਈ ਤੋ ਸੱਤ ਜੁਲਾਈ ਤੱਕ ਵਣ ਮਹਾਂਉਤਸਵ ਮਨਾਇਆ ਜਾਂਦਾ ਹੈ ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇਹ ਉਤਸਵ ਕੇਵਲ ਸੋਸ਼ਲ ਮੀਡੀਆ, ਅਖ਼ਬਾਰਾਂ ਜਾ ਕੇਵਲ ਦਿਖਾਵੇ ਤੱਕ ਹੀ ਰਹਿ ਗਿਆ ਹੈ।ਲੋਕ ਬੜੇ ਉਤਸ਼ਾਹ ਨਾਲ ਰੁੱਖ ਤਾਂ ਲਗਾ ਦਿੰਦੇ ਹਨ ਪਰ ਬਾਅਦ ਵਿਚ ਉਨ੍ਹਾ ਦੀ ਕੋਈ ਸਾਰ ਨਹੀਂ ਲੈਂਦੇ। ਰੁੱਖ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਦੇਖ ਰੇਖ ਵੀ ਅਤਿ ਜ਼ਰੂਰੀ ਹੈ।ਜਿੱਥੇ ਨਵੇਂ ਰੁੱਖ ਲਗਾਉਣੇ ਅਤੇ ਉਹਨਾਂ ਦੀ ਦੇਖ ਰੇਖ ਬਹੁਤ ਜਰੂਰੀ ਹੈ ਉੱਥੇ ਹੀ ਬਚੇ ਹੋਏ ਜੰਗਲਾਂ ਦੀ ਸਾਂਭ ਸੰਭਾਲ ਵੀ ਅਤਿ ਜ਼ਰੂਰੀ ਹੈ।ਸਰਕਾਰ ਵਲੋਂ ਬਿਜਲਈ ਵਾਹਨਾਂ ਦੀ ਵਰਤੋਂ ਵਧਾਉਣ ਲਈ ਚੁੱਕੇ ਗਏ ਕਦਮ ਬਹੁਤ ਹੀ ਪ੍ਰਸ਼ੰਸਾਯੋਗ ਹਨ।
ਸੋ ਅੱਜ ਲੋੜ ਹੈ ਇਕ ਇਕ ਰੁੱਖ ਬਚਾਉਣ ਦੀ ਤੇ ਨਵੇਂ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦੀ ।ਅੱਜ ਜ਼ਰੂਰੀ ਹੈ ਕਿ ਹਰ ਵਿਅਕਤੀ ਰੁੱਖਾਂ ਦੀ ਮਹੱਤਤਾ ਨੂੰ ਸਮਝੇ ਤੇ ਕੁਦਰਤ ਨੂੰ ਪਿਆਰ ਕਰੇ।

ਇਕ ਸ਼ਿਅਰ :
ਸ਼ੁੱਧ ਹਵਾ ਵੀ ਹੁਣ ਮਿਲਣੀ ਕਿੱਥੋਂ ਹੈ?
ਰੁੱਖ ਕੋਈ ਨਾ ਬਚਿਆ ਤੇਰੇ ਸ਼ਹਿਰ ਵਿੱਚ।

ਫੈਸਲ ਖਾਨ
ਜਿਲਾ : ਰੋਪੜ
ਮੋਬ: 99149-65937

Leave a Reply

Your email address will not be published. Required fields are marked *

%d bloggers like this: