Sat. Jul 13th, 2019

ਜਿੱਥੇ ਫਿਰਕਾਪ੍ਰਸਤ ਲੋਕਾਂ ਦੇ ਹੱਥ ਹਕੂਮਤ ਹੋਵੇ ਓਥੇ ਹੱਕ ਸੱਚ,ਇਨਸਾਫ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਹੀ ਸਮਝਿਆ ਜਾਵੇਗਾ

ਜਿੱਥੇ ਫਿਰਕਾਪ੍ਰਸਤ ਲੋਕਾਂ ਦੇ ਹੱਥ ਹਕੂਮਤ ਹੋਵੇ ਓਥੇ ਹੱਕ ਸੱਚ,ਇਨਸਾਫ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਹੀ ਸਮਝਿਆ ਜਾਵੇਗਾ

ਅਸਲ ਵਿੱਚ ਦੇਸ਼ ਧਰੋਹੀ ਉਹ ਨਹੀ ਹੁੰਦੇ ਜਿੰਨਾਂ ਨੂੰ ਹਕੂਮਤਾਂ ਦੇਸ਼ ਧਰੋਹੀ ਹੋਣ ਦਾ ਖਿਤਾਬ ਦਿੰਦੀਆਂ ਹਨ, ਬਲਕਿ ਦੇਸ਼ ਧਰੋਹੀ ਤਾਂ ਉਹ ਹਾਕਮ ਖੁਦ ਆਪ ਹਨ, ਜਿਹੜੇ ਫਿਰਕਾਪ੍ਰਸਤੀ ਦੀ ਗੰਦੀ ਖੇਡ ਖੇਡ ਕੇ ਥੋੜਿਆਂ ਨੂੰ ਬਹੁਤਿਆਂ ਹੱਥੋ ਬੇਇਜਤ ਕਰਵਾ ਕੇ ਇਹ ਮਹਿਸੂਸ ਕਰਵਾਉਣ ਦੇ ਕੋਝੇ ਯਤਨ ਕਰਦੇ ਹਨ, ਕਿ ਹੁਣ ਇਹ ਮੁਲਕ ਅੰਦਰ ਘੱਟ ਗਿਣਤੀਆਂ ਦਾ ਵਸੇਵਾ ਨਹੀ ਹੋ ਸਕਦਾ।ਕੀ ਅਜਿਹੇ ਫਿਰਕਾਪ੍ਰਸਤ ਨਿਜਾਮ ਨੂੰ ਲੋਕਤੰਤਰ ਕਿਹਾ ਜਾ ਸਕਦਾ ਹੈ ਜਿੱਥੇ ਦੇਸ਼ ਦੀ ਅਜਾਦੀ ਲਈ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਕੌਂਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਸ਼ਹੀਦਾਂ ਦੇ ਵਾਰਸ ਲੋਕਾਂ ਨੂੰ ਅਪਣੇ ਦੇਸ਼ ਦੀ ਸਰਕਾਰ ਦੇ ਖਿਲਾਫ ਹੀ ਮਰਨ ਵਰਤ ਤੇ ਬੈਠਣ ਲਈ ਮਜਬੂਰ ਹੋਣਾ ਪਵੇ। ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ, ਕਿ ਜਿਹੜੇ ਸ਼ਹੀਦਾਂ ਨੇ ਅਪਣੀਆਂ ਜਾਨਾਂ ਕੁਰਬਾਨ ਕਰਕੇ ਮੁਲਕ ਨੂੰ ਅੰਗਰੇਜਾਂ ਤੋਂ ਅਜਾਦੀ ਦਿਵਾਈ ਹੋਵੇ,ਉਹਨਾਂ ਨੂੰ ਸਾਡੇ ਮੁਲਕ ਦੀਆਂ ਹਕੂਮਤਾਂ ਅਪਣੇ ਸ਼ਹੀਦ ਮੰਨਣ ਲਈ ਤਿਆਰ ਨਹੀ ਹਨ। ਦੇਸ਼ ਅਜਾਦ ਹੋਏ ਨੂੰ 70 ਸਾਲ ਦਾ ਲੰਮਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਅਜਿਹੀਆਂ ਕੁਰਬਾਨੀਆਂ ਯਾਦ ਰੱਖਣ ਲਈ ਮਰਨ ਵਰਤ ਰੱਖ ਕੇ ਮੰਗ ਪੱਤਰ ਦੇਣੇ ਪੈ ਜਾਣ ਤਾ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਤੇ ਰਾਜ ਕਰਨ ਵਾਲੀਆਂ ਹਕੂਮਤਾਂ ਨੇ ਅੰਗਰੇਜਾਂ ਤੋਂ ਰਾਜ ਕਿਸਤਰਾਂ ਦੇ ਸਮਝੌਤਿਆਂ ਤਹਿਤ ਹਾਸਲ ਕੀਤਾ ਹੋਵੇਗਾ, ਤੇ ਉਹ ਰਾਜ ਆਮ ਲੋਕਾਂ ਲਈ ਕਿਹੋ ਜਿਹੀ ਪਹੁੰਚ ਰੱਖਦਾ ਹੋਵੇਗਾ।ਜਿਹੜੇ ਕਰਾਂਤੀਕਾਰੀ ਅੰਗਰੇਜ ਹਕੂਮਤ ਲਈ ਖਤਰਾ ਬਣੇ ਹੋਏ ਸਨ ਉਹ ਹੀ ਸ਼ਹੀਦ ਜਾਂ ਉਹਨਾਂ ਦੇ ਵਾਰਸ ਅੱਜ ਦੀਆਂ ਹਕੂਮਤਾਂ ਨੂੰ ਅਪਣੇ ਲਈ ਵੱਡਾ ਖਤਰਾ ਦਿਖਾਈ ਦਿੰਦੇ ਹਨ।

ਇਹ ਦਾ ਕਾਰਨ ਹੈ ਕਿ ਹਕੂਮਤ ਤੇ ਬੜੀ ਚਲਾਕੀ ਨਾਲ ਉਹ ਲੋਕ ਕਾਬਜ ਹੋਣ ਵਿੱਚ ਕਾਮਯਾਬ ਹੋ ਗਏ ਹਨ, ਜਿੰਨਾਂ ਨੇ ਦੇਸ਼ ਦੀ ਅਜਾਦੀ ਤੋਂ ਪਹਿਲਾਂ ਅਜਾਦੀ ਲਈ ਲੜਾਈਆਂ ਲੜਨ ਵਾਲਿਆਂ ਦਾ ਨਹੀ ਬਲਕਿ ਫਿਰੰਗੀ ਹਕੂਮਤ ਦਾ ਸਾਥ ਦਿੱਤਾ। ਜਿਹੜੇ ਲੋਕ ਵੱਡੇ ਵੱਡੇ ਦੇਸ਼ ਭਗਤ ਬਣਾ ਕੇ ਪੇਸ਼ ਕੀਤੇ ਗਏ ਅਸਲ ਵਿੱਚ ਉਹ ਦੇਸ਼ ਭਗਤ ਹੈ ਨਹੀ ਸਨ, ਬਲਕਿ ਉਹ ਦੇਸ ਧਰੋਹੀ ਲੋਕ ਸਨ, ਜਿਹੜੇ ਲੋਕਰੋਹ ਨੂੰ ਠੰਡਾ ਕਰਨ ਲਈ ਅਪਣੇ ਢੰਗ ਨਾਲ ਅੰਦੋਲਨਾਂ ਦੀ ਵਾਂਗਡੋਰ ਸਾਂਭ ਕੇ ਹਕੂਮਤ ਦੇ ਪੱਖ ਵਿੱਚ ਭੁਗਤਦੇ ਸਨ ਤੇ ਉਹਨਾਂ ਅੰਦੋਲਨਾਂ ਚੋ ਸੱਚੇ ਸੁੱਚੇ ਦੇਸ਼ ਭਗਤਾਂ ਦੀ ਸਨਾਖਤ ਕਰ ਲੈਂਦੇ ਤੇ ਸਮਾ ਮਿਲਣ ਤੇ ਹਕੂਮਤ ਨਾਲ ਮਿਲਕੇ ਉਹਨਾਂ ਦਾ ਸ਼ਿਕਾਰ ਖੇਡਦੇ। ਇਹ ਲੋਕ ਪਰਦੇ ਪਿੱਛੇ ਰਹਿ ਕੇ ਅਜਿਹੇ ਘਿਨਾਉਣੇ ਕਾਰਿਆਂ ਨੂੰ ਅੰਜਾਮ ਦਿੰਦੇ ਰਹੇ ਤੇ ਦੇਸ਼ ਭਗਤੀ ਦਾ ਮਖੌਟਾ ਪਾਕੇ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਬੇਵਕੂਫ ਬਣਾਉਦੇ ਰਹੇ।ਇਹਨਾਂ ਦੀ ਦੇਸ਼ ਭਗਤੀ ਸਿਰਫ ਤੇ ਸਿਰਫ ਸੱਚੇ ਸੁੱਚੇ ਦੇਸ਼ ਭਗਤਾਂ ਨੂੰ ਚੁਣ ਚੁਣ ਕੇ ਖਤਮ ਕਰਵਾਉਣ ਵਾਲੀ ਸੀ ਤਾਂ ਕਿ ਸਮਝੌਤੇ ਤਹਿਤ ਸਾਂਭੀ ਜਾਣ ਵਾਲੀ ਦੇਸ਼ ਦੀ ਵਾਗਡੋਰ ਉਹਨਾਂ ਕੋਲ ਮਹਿਫੂਜ਼ ਰਹਿ ਸਕੇ। ਦੇਸ਼ ਦੀ ਅਜਾਦੀ ਵਿੱਚ ਵੱਡਾ ਹਿਸਾ ਪਾਉਣ ਵਾਲੇ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਨਜਰਅੰਦਾਜ਼ ਕਰਨਾ ਉਹਨਾਂ ਦੀ ਉਸ ਖੋਟੀ ਨੀਅਤ ਨੂੰ ਸਪੱਸਟ ਕਰਦਾ ਹੈ, ਜਿਹੜੀ ਦੇਸ਼ ਦੀ ਅਜਾਦੀ ਲਈ ਜਾਨ ਤਲੀ ਤੇ ਧਰਕੇ ਲੜਨ ਵਾਲੇ ਗਦਰੀ ਬਾਿਬਆਂ ਸਮੇਤ ਕਰਾਂਤੀਕਾਰੀਆਂ ਨੂੰ ਅੰਦਰੋ ਬੇਹੱਦ ਨਫਰਤ ਕਰਦੀ ਸੀ।ਚੰਦਰ ਸੇਖਰ ਅਜਾਦ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਰਿਹਾ ਕਰਵਾਉਣ ਸਬੰਧੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਮਿਲਣ ਗਏ,ਪਰ ਵਾਪਸ ਆਉਦਿਆਂ ਨਹਿਰੂ ਦੇ ਘਰ ਤੋ ਮਹਿਜ ਥੋੜੀ ਦੂਰੀ ਤੇ ਪਾਰਕ ਵਿੱਚ ਪੁਲਿਸ ਦਾ ਘੇਰਾ ਪਾਉਣਾ ਸਾਫ ਦੱਸਦਾ ਹੈ ਕਿ ਪੁਲਿਸ ਨੂੰ ਇਤਲਾਹ ਕਿਸੇ ਹੋਰ ਨੇ ਨਹੀ ਬਲਕਿ ਪੰਡਤ ਜਵਾਹਰ ਲਾਲ ਨਹਿਰੂ ਨੇ ਦਿੱਤੀ ਸੀ, ਤਾਂ ਕਿ ਹਕੂਮਤ ਸਾਂਭਣ ਦੇ ਰਾਹ ਦੇ ਰੋੜਿਆਂ ਨੂੰ ਚੁਣ ਚੁਣ ਕੇ ਪਹਿਲਾਂ ਹੀ ਖਤਮ ਕਰਵਾਇਆ ਜਾ ਸਕੇ। ਜਾਹਰ ਹੈ ਕਿ ਸੱਚੇ ਦੇਸ਼ ਭਗਤ ਕਦੇ ਵੀ ਅਜਿਹੀ ਸਰਮਾਏਦਾਰ ਜਮਾਤ ਦੇ ਹੱਥ ਦੇਸ ਨੂੰ ਨਹੀ ਸੀ ਜਾਣ ਦੇਣਾ ਚਾਹੁੰਦੇ ਜਿਹੜੇ ਕਦੇ ਵੀ ਲੋਕ ਪੱਖੀ ਹੋ ਹੀ ਨਹੀ ਸਕਦੇ। ਸੱਚੇ ਦੇਸ਼ ਭਗਤਾਂ ਅਤੇ ਲੋਟੂ ਟੋਲੇ ਦਾ ਨਿਖੇੜਾ ਕਰਨਾ ਹੋਵੇ ਤਾਂ ਬਹੁਤ ਸੁਖਾਲਾ ਤਰੀਕਾ ਹੈ, ਕਿ ਜਿਹੜੇ ਲੋਕ ਸੱਚੇ ਦੇਸ਼ ਭਗਤ ਸਨ ਉਹਨਾਂ ਦੇ ਹਿੱਸੇ ਜਾਂ ਤਾਂ ਸ਼ਹਾਦਤਾਂ ਆਈਆਂ, ਜਾਂ ਕਾਲੇ ਪਾਣੀਆਂ ਵਰਗੀਆਂ ਸਖਤ ਸਜਾਵਾਂ ਆਈਆਂ, ਜਾ ਫਿਰ ਜਿਹੜੇ ਜੇਲਾਂ, ਜਾਂ ਭਗੌੜਿਆਂ ਚੋ ਬਚ ਕੇ ਜਿਉਂਦੇ ਰਹਿ ਵੀ ਗਏ ਉਹਨਾਂ ਦੇ ਹਿੱਸੇ ਪਹਿਲਾਂ ਤੋ ਵੀ ਭੈੜੀ ਗੁਲਾਮੀ ਆਈ, ਅਜਾਦ ਦੇਸ਼ ਦੀਆਂ ਜੇਲ੍ਹਾਂ ਵਿੱਚ ਸੜਨਾ ਆਇਆ। ਉਹਨਾਂ ਦੇ ਵਾਰਸਾਂ ਦੇ ਹਿੱਸੇ,ਜਿਹੜੇ ਉਹਨਾਂ ਦੇ ਪੁਰਖਿਆਂ ਨੇ ਲੜੇ ਸਨ, ਫਿਰ ਉਹ ਹੀ ਸੰਘਰਸ਼ ਆਏ, ਝੂਠੇ ਪੁਲਿਸ ਮੁਕਾਬਲੇ ਆਏ ਤੇ ਬਾਕੀ ਬਚਦਿਆਂ ਦੇ ਹਿੱਸੇ ਅਜਾਦ ਮੁਲਕ ਦੇ ਫਿਰਕਾਪ੍ਰਸਤ ਹਾਕਮਾਂ ਦੀ ਗੁਲਾਮੀ ਆਈ।ਮਹਕੂਮਤਾਂ ਕਰਨ ਵਾਲੇ ਲੋਕ ਅਸਲ ਵਿੱਚ ਦੇਸ਼ ਧਰੋਹੀ ਹਨ ਤੇ ਉਹਨਾਂ ਦਾ ਰਾਜ ਕਰਨ ਦਾ ਢੰਗ ਤਰੀਕਾ ਵੀ ਕੋਈ ਅੰਗਰੇਜਾਂ ਤੋ ਵੱਖਰਾ ਨਹੀ ਹੈ। ਪਾੜੋ ਤੇ ਰਾਜ ਕਰੋ ਦੇ ਫਾਰਮੂਲੇ ਨੂੰ ਅਧਾਰ ਬਣਾ ਕੇ ਸਿਸਟਮ ਚਲਾ ਰਹੇ ਲੋਕਾਂ ਨੇ ਦੇਸ਼ ਦੇ ਲੋਕਾਂ ਨੂੰ ਬੁਰੀ ਤਰਾਂ ਵੰਡ ਦਿੱਤਾ ਹੈ।ਫਿਕਾਪ੍ਰਸਤੀ ਦੀ ਗੰਦੀ ਸਿਆਸਤ ਨੇ ਨਸਲੀ ਵਿਤਕਰੇਵਾਜੀ ਨੂੰ ਬੁਰੀ ਤਰਾਂ ਹਵਾ ਦਿੱਤੀ ਹੈ,ਨਤੀਜੇ ਵਜੋਂ ਅੱਜ ਹਕੂਮਤ ਤੇ ਉਹ ਲੋਕ ਕਾਬਜ ਹੁੰਦੇ ਹਨ ਜਿਹੜੇ ਕੱਟੜਵਾਦੀ ਕਾਰਵਾਈਆਂ ਨਾਲ ਵਿਰੋਧੀਆਂ ਦੇ ਖੂੰਨ ਨਾਲ ਅਪਣੇ ਹੱਥ ਰੰਗਣ ਵਿੱਚ ਮੁਹਾਰਤ ਰੱਖਦੇ ਹਨ। ਅੱਜ ਦੇਸ ਵਿੱਚ ਘੱਟ ਗਿਣਤੀਆਂ ਸੁਰਖਿਅਤ ਨਹੀ ਹਨ। ਸਪਸਟ ਕਿਹਾ ਜਾ ਸਕਦਾ ਹੈ ਕਿ ਇਸ ਦੇਸ਼ ਅੰਦਰ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਕੋਈ ਅਜਾਦੀ ਹੀ ਨਹੀ ਹੈ। ਸੱਤਰ ਸਾਲ ਤੋ ਪਸੂਆਂ ਤੋ ਵੀ ਵਦਤਰ ਜਿੰਦਗੀ ਜਿਉਂ ਰਹੇ ਦੇਸ਼ ਦੇ 85 ਫੀਸਦੀ ਗਰੀਬ ਲੋਕਾਂ ਨੂੰ 15 ਫੀਸਦੀ ਲੋਕਾਂ ਵੱਲੋਂ ਗੁਲਾਮ ਬਣਾ ਕੇ ਰੱਖਣ ਦਾ ਫਾਰਮੂਲਾ ਹੀ ਪਾੜੋ ਤੇ ਰਾਜ ਕਰੋ ਦਾ ਹੈ। ਅੱਜ ਦੇਸ਼ ਦੇ ਮੁਸਲਮਾਨ ਨੂੰ ਹਿੰਦੂਆਂ ਨਾਲ ਲੜਾਇਆ ਜਾ ਰਿਹਾ ਹੈ, ਸਿੱਖਾਂ ਤੇ ਹਿੰਦੂਆਂ ਨੂੰ ਲੜਾਇਆ ਜਾ ਰਿਹਾ ਹੈ, ਇਸਾਈਆਂ ਨੂੰ ਹਿੰਦੂਆਂ ਤੋ ਮਰਵਾਇਆ ਜਾ ਰਿਹਾ ਹੈ, ਦਲਿਤਾਂ ਨੂੰ ਉੱਚ ਜਾਤੀਏ ਹਿੰਦੂਆਂ ਤੋ ਪਰੇਸਾਨ ਕਰਵਾਇਆ ਤੇ ਮਰਵਾਇਆ ਜਾ ਰਿਹਾ ਹੈ,ਕੋਈ ਕਨੂੰਨ ਇਸ ਨਸਲੀ ਬੁਰਸ਼ਾਗਰਦੀ ਨੂੰ ਰੋਕਣ ਸਕਣ ਦੇ ਸਮਰੱਥ ਨਹੀ।ਇਸ ਗੱਲ ਦੀ ਗਵਾਹੀ ਦਿੱਲੀ ਦਾ ਸਿੱਖ ਕਤਲਿਆਮ ਭਰਦਾ ਹੈ, ਜਿੱਥੇ ਹਫਤਾ ਭਰ ਦੇਸ਼ ਦਾ ਕਨੂੰਨ ਇਸ ਸਰਕਾਰੀ ਅੱਤਵਾਦ ਸਾਹਮਣੇ ਅੰਨ੍ਹਾ ਬੋਲ਼ਾ ਬਣਿਆ ਰਿਹਾ ਸੀ।ਪਹਿਲਾਂ ਰਿਜਰਵੇਸਨ ਦੇ ਕੇ ਲੜਾਇਆ ਗਿਆ, ਹੁਣ ਰਿਜਰਵੇਸਨ ਵਿੱਚ ਕਟਾਉਤੀ ਕਰਕੇ ਫੇਰ ਜਨਰਲ ਤੇ ਰਿਜਰਵ ਸ੍ਰੇਣੀ ਨੂਂ ਲੜਾਉਣ ਦੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ,ਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਫਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਇੱਕ ਵਾਰ ਫਿਰ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ। ਸੋ ਜਿਸ ਦੇਸ਼ ਦੇ ਰਾਜਨੀਤਕ ਲੋਕਾਂ ਦੀ ਰਗ ਰਗ ਵਿੱਚ ਫਿਰਕਾਪ੍ਰਸਤੀ ਅਤੇ ਦੇਸ਼ ਧਰੋਹੀ ਪਿਛੋਕੜ ਵਾਲਾ ਖੂੰਨ ਦੌੜ ਰਿਹਾ ਹੋਵੇ, ਉਹਨਾਂ ਲੋਕਾਂ ਤੋਂ ਅਜਾਦੀ ਦੀ ਅਤੇ ਸ਼ਹੀਦਾਂ ਪ੍ਰਤੀ ਸਤਿਕਾਰ ਦੀ ਆਸ ਰੱਖਣੀ ਸਮਝਦਾਰੀ ਨਹੀ। ਇਹੋ ਕਾਰਨ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਬਣੇ ਉਸ ਸ਼ਹੀਦੀ ਪਾਰਕ ਵਿੱਚ ਅੱਜ ਵੀ ਕੁੱਝ ਲੋਕ ਅਪਣੇ ਉਹਨਾਂ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਮਰਨ ਵਰਤ ਤੇ ਬੈਠੇ ਹਨ ਜਿੰਨਾਂ ਦੀ ਯਾਦ ਵਿੱਚ ਹਕੂਮਤਾਂ ਵੱਲੋਂ ਉਸ ਪਾਰਕ ਦਾ ਨਾਮ ਸ਼ਹੀਦੀ ਪਾਰਕ ਰੱਖਿਆ ਗਿਆ ਹੈ। ਸੋ ਅਖੀਰ ਵਿੱਚ ਇਹ ਕਹਿਣਾ ਹੀ ਵਾਜਵ ਹੋਵੇਗਾ ਕਿ ਅਜਿਹੀਆਂ ਕੱਟੜਵਾਦੀ ਹਕੂਮਤਾਂ ਤੋ ਓਨੀ ਦੇਰ ਲੋਕ ਭਲੇ ਦੀ ਆਸ ਸੰਭਵ ਨਹੀ ਜਿੰਨੀ ਦੇਰ ਸਮੂਹ ਲੋਕ ਲਾਮਬੰਦੀ ਦਾ ਰਾਹ ਅਖਤਿਆਰ ਕਰਕੇ ਇਸ ਫਿਰਕੂ ਤੇ ਲੁਟੇਰੇ ਨਿਜਾਮ ਦੀਆਂ ਜੜਾਂ ਉਖਾੜਨ ਦਾ ਤਹੱਈਆ ਨਹੀ ਕਰ ਲੈਂਦੇ,ਨਹੀ ਤਾਂ ਦੇਸ਼ ਦੁਸ਼ਮਣਾਂ ਦੀਆਂ ਹਕੂਮਤਾਂ ਵੱਲੋਂ ਹੱਕ ਸੱਚ,ਇਨਸਾਫ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਦਾ ਨਾਮ ਦੇਕੇ ਕੁਚਲਿਆ ਜਾਂਦਾ ਰਹੇਗਾ।

ਬਘੇਲ ਸਿੰਘ ਧਾਲੀਵਾਲ
99142-58142

Leave a Reply

Your email address will not be published. Required fields are marked *

%d bloggers like this: