Sun. Sep 15th, 2019

ਜਿੱਤ ਦੀਆਂ ਬਰੂਹਾਂ ਤੋ ਮੁੜੇ ਬਰਗਾੜੀ ਮੋਰਚੇ ਤੇ ਇੱਕ ਨਜਰ

ਜਿੱਤ ਦੀਆਂ ਬਰੂਹਾਂ ਤੋ ਮੁੜੇ ਬਰਗਾੜੀ ਮੋਰਚੇ ਤੇ ਇੱਕ ਨਜਰ

ਜਦੋਂ ਕਦੇ ਮੌਜੂਦਾ ਸਮੇ ਦੇ ਖੇਰੂੰ ਖੇਰੂੰ ਹੋਏ ਖਾਲਸਾ ਪੰਥ ਦੇ ਨਿੱਜੀ ਲਾਲਸਾਵਾਂ ਵਿੱਚ ਗਲ਼ ਤੱਕ ਖੁੱਭੇ ਆਗੂਆਂ ਦੀ ਗੱਲ ਚਲਦੀ ਹੈ,ਜਦੋਂ ਕਿਤੇ ਸਿੱਖ ਕੌਂਮ ਦੀ ਬਿਗੜੀ ਸੰਵਾਰਨ ਲਈ ਸਾਡੇ ਤਖਤ ਸਹਿਬਾਨਾਂ ਦੇ ਜਥੇਦਾਰਾਂ ਤੇ ਨਜ਼ਰ ਜਾ ਟਿਕਦੀ ਹੈ,ਤਾਂ ਆਪ ਮੁਹਾਰੇ ਮੂੰਹ ਚੋ ਇੱਕ ਅਵਾਜ਼ ਨਿਕਲਦੀ ਹੈ,ਇੱਕ ਜੋਦੜੀ ਕਰਨ ਲਈ ਉਸ ਅਕਾਲ ਪੁਰਖ ਅੱਗੇ ਆਪਣੇ ਹੱਥ ਜੁੱੜ ਜਾਂਦੇ ਹਨ,ਕਿ ਹੇ ਪਰਮਾਤਮਾ ਕੌਂਮ ਨੂੰ ਕੋਈ ਅਜਿਹੇ ਜਥੇਦਾਰ ਦੀ ਬਖਸ਼ਿਸ ਕਰ ਦਿਓ,ਜਿਹੜਾ ਬਲਹੀਣ ਹੋਈ ਕੌਂਮ ਵਿੱਚ ਨਵੀਂ ਰੂਹ ਫੂਕ ਸਕਣ ਦੇ ਸਮਰੱਥ ਹੋਵੇ,ਜਿਹੜਾ ਖੇਰੂੰ ਖੇਰੂੰ ਹੋਈ ਕੌਂਮ ਨੂੰ ਇੱਕ ਕੇਸਰੀ ਨਿਸ਼ਾਂਨ ਹੇਠਾਂ ਇਕੱਤਰ ਕਰਨ ਦੇ ਸਮਰੱਥ ਹੋਵੇ। ਅਜਿਹੀ ਅਧੋਗਤੀ ਵਿੱਚ ਹਰ ਸੱਚੇ ਸਿੱਖ ਦੀ ਸੋਚ ਅਠਾਰਵੀਂ ਉੱਨੀਵੀਂ ਸਦੀ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਤੇ ਜਾਕੇ ਟਿਕ ਜਾਂਦੀ ਹੈ,ਜਿਸਨੇ ਜੰਗ ਨੂੰ ਜਾਣ ਸਮੇ ਅਰਦਾਸ ਕਰਕੇ ਚਾਲੇ ਪਾ ਦੇਣ ਤੋ ਬਾਅਦ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁੱਝ ਸਮੇ ਲਈ ਰੁਕਣ ਦੀ ਕੀਤੀ ਬੇਨਤੀ ਨੂੰ ਇਹ ਕਹਿਕੇ ਠੁਕਰਾ ਦਿੱਤਾ ਸੀ ਅਰਦਾਸ ਤੋਂ ਭੱਜਣ ਵਾਲੇ ਨੂੰ ਤਾਂ ਨਰਕਾਂ ਵਿੱਚ ਵੀ ਢੋਈ ਨਹੀ ਮਿਲਦੀ,ਇਸ ਲਈ ਅਸੀ ਅਰਦਾਸਾ ਸੋਧ ਕੇ ਹੁਣ ਆਪਣੇ ਗੁਰੂ ਤੋਂ ਝੂਠੇ ਨਹੀ ਪੈ ਸਕਦੇ।ਅਰਦਾਸ ਤੋ ਭੱਜਣਾ ਖਾਲਸੇ ਦਾ ਕੰਮ ਨਹੀ ਹੈ।ਮਹਾਰਾਜੇ ਵੱਲੋਂ ਉਹਨਾਂ ਨੂੰ ਕੁੱਝ ਸਮੇ ਲਈ ਤੋਪਖਾਨੇ ਨੂੰ ਊਡੀਕਣ ਦੀ ਹੀ ਬੇਨਤੀ ਕੀਤੀ ਗਈ ਸੀ ਤਾਂ ਕਿ ਸਾਹਮਣੇ ਤਾਕਤਬਰ ਦੁਸ਼ਮਣ ਨਾਲ ਹੋਣ ਵਾਲੀ ਲੜਾਈ ਵਿੱਚ ਖਾਲਸਾ ਫੌਜ ਦਾ ਘੱਟੋ ਘੱਟ ਨੁਕਸਾਨ ਹੋਵੇ,ਪ੍ਰੰਤੂ ਉਸ ਗੁਰੂ ਦੇ ਪੂਰੇ ਸਿੱਖ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਸਮੱਰਪਿਤ ਜਥੇਦਾਰ ਬਾਬਾ ਫੂਲਾ ਸਿੰਘ ਨੇ ਅਰਦਾਸ ਤੋ ਭੱਜਣ ਨਾਲੋਂ ਸ਼ਹਾਦਤ ਪਾਉਣ ਨੂੰ ਜਿਆਦਾ ਤਰਜੀਹ ਦਿੱਤੀ।ਇਥੇ ਇਹ ਗੱਲ ਬਹੁਤ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ 1849 ਤੋਂ ਬਾਅਦ ਸਿੱਖ ਕੌਂਮ ਨੂੰ ਕੋਈ ਵੀ ਅਜਿਹਾ ਜਥੇਦਾਰ ਨਹੀ ਮਿਲਿਆ ਜਿਹੜਾ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ।ਅੰਗਰੇਜ ਹਕੂਮਤ ਨੇ ਬੜੀ ਚਲਾਕੀ ਨਾਲ ਗੁਰਦੁਆਰਾ ਪ੍ਰਬੰਧ ਤੇ ਮਹੰਤਾਂ ਨੂੰ ਕਾਬਜ ਕਰਵਾ ਦਿੱਤਾ।ਭਾਂਵੇਂ ਸਿੱਖਾਂ ਨੇ ਅੰਗਰੇਜਾਂ ਤੋਂ ਗੁਰਦੁਆਰੇ ਅਜਾਦ ਕਰਵਾ ਲਏ ਪ੍ਰੰਤੂ ਦੇਸ਼ ਅਜਾਦ ਹੁੰਦਿਆਂ ਹੀ ਦੇਸ਼ ਦੀ ਕੱਟੜਵਾਦੀ ਜਮਾਤ ਆਰ ਐਸ ਐਸ ਨੇ ਅੰਗਰੇਜਾਂ ਦੀ ਤਰਜ ਤੇ ਗੁਰਦੁਆਰਾ ਪ੍ਰਬੰਧ ਨੂੰ ਮੁੜ ਆਪਣੇ ਅਧੀਨ ਕਰ ਲਿਆ।ਫਰਕ ਸਿਰਫ ਐਨਾ ਹੀ ਰਿਹਾ ਕੀ ਅੰਗਰੇਜਾਂ ਨੇ ਸਿੱਧੇ ਤੌਰ ਤੇ ਮਹੰਤ ਕਾਬਜ ਕਰਵਾ ਦਿੱਤੇ ਸਨ ਤੇ ਆਰ ਐਸ ਐਸ ਨੇ ਟੇਢੇ ਢੰਗ ਨਾਲ ਸਿੱਖਾਂ ਦੇ ਰੂਪ ਵਿੱਚ ਮਹੰਤ ਕਾਬਜ ਕਰਵਾ ਦਿੱਤੇ ਜਿੰਨਾਂ ਨੇ ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਤਾਂ ਨੂੰ ਹਿੰਦੂ ਕਰਮਕਾਡਾਂ ਵਿੱਚ ਰਲਗੱਡ ਕਰ ਦਿੱਤਾ।ਮੌਜੂਦਾ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਦੋਨੋ ਹੀ ਆਪਣੇ ਅਸਲੀ ਮਕਸਦ ਤੋ ਬੁਰੀ ਤਰਾਂ ਥਿੜਕ ਚੁੱਕੇ ਹਨ,ਨਤੀਜੇ ਵਜੋਂ ਅੱਜ ਜਿੱਥੇ ਸਾਡੇ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਤਹਿਸ ਨਹਿਸ ਹੋ ਗਈ ਹੈ,ਓਥੇ ਸਿੱਖ ਆਗੂਆਂ ਦੀ ਚੌਧਰ ਭੁੱਖ ਅਤੇ ਨਿੱਜੀ ਲੋਭ ਲਾਲਸਾ ਦੇ ਕਾਰਨ ਸਿੱਖ ਪੰਥ ਬੁਰੀ ਤਰਾਂ ਵੱਖ ਵੱਖ ਦਲਾਂ ਦੀ ਦਲਦਲ ਵਿੱਚ ਧਸ ਚੁੱਕਾ ਹੈ,ਜਿਸ ਦਾ ਕੋਈ ਭਵਿੱਖ ਨਹੀ ਜਾਪਦਾ। ਬੀਤੇ ਤੋ ਸਬਕ ਲੈਣਾ ਤਾਂ ਸਾਇਦ ਸਿੱਖਾਂ ਨੇ ਸਿੱਖਿਆ ਹੀ ਨਹੀ ਹੈ,ਜਿਸ ਦਾ ਖਮਿਆਜਾ ਸਿੱਖਲੰਮੇ ਸਮੇ ਤੋ ਭੁਗਤਦੇ ਆ ਰਹੇ ਹਨ।ਹਾਲਾਤ ਇਹ ਬਣ ਗਏ ਹਨ ਕਿ ਸਿੱਖਾਂ ਨੂੰ ਕਿਸੇ ਵੀ ਧੱਕੇਸ਼ਾਹੀ ਦਾ ਇਨਸਾਫ ਮਿਲਣ ਦੀ ਕੋਈ ਸੰਭਾਵਨਾ ਨਹੀ ਹੈ।ਜੇਕਰ ਗੱਲ ਸਿੱਖ ਸੰਘਰਸ਼ਾਂ ਦੀ ਕੀਤੀ ਜਾਵੇ ਤਾਂ 1947 ਤੋ ਬਾਅਦ ਕੋਈ ਵੀ ਸੰਘਰਸ਼ ਅਜਿਹਾ ਨਹੀ ਜਿਸ ਵਿੱਚ ਸਿੱਖਾਂ ਨੂੰ ਸਫਲਤਾ ਮਿਲੀ ਹੋਵੇ।ਹਾਂ ਇਹ ਜਰੂਰ ਹੈ ਕਿ ਇਨਸਾਫ ਲੈਣ ਲਈ ਲੱਗੇ ਮੋਰਚਿਆਂ ਵਿੱਚ ਸਿੱਖ ਕੌਂਮ ਨੇ ਸਹਿਯੋਗ ਦੀ ਕਦੇ ਵੀ ਕੋਈ ਕਸਰ ਨਹੀ ਛੱਡੀ।ਸਿੱਖ ਮੋਰਚੇ ਜਿੱਤ ਦੇ ਨਜਦੀਕ ਪਹੁੰਚ ਕੇ ਅਕਸਰ ਹੀ ਫੇਲ ਹੁੰਦੇ ਰਹੇ ਹਨ,ਜਾਂ ਕਹਿ ਸਕਦੇ ਹਾਂ ਕਿ ਸਿੱਖ ਵਿਰੋਧੀ ਕੇਂਦਰੀ ਤਾਕਤਾਂ ਦੀ ਸਹਿ ਪਰਾਪਤ ਸੂਬਾ ਸਰਕਾਰਾਂ ਅਤੇ ਏਜੰਸੀਆਂ ਸਿੱਖਾਂ ਦੇ ਆਗੂਆਂ ਨੂੰ ਥੜਕਿਉਣ ਵਿੱਚ ਸਫਲ ਹੁੰਦੀਅਆ ਰਹੀਆਂ ਹਨ।ਮੋਰਚੇ ਖਤਮ ਕਰਵਾਉਣ ਲਈ ਸਰਕਾਰਾਂ ਹਮੇਸਾਂ ਝੂਠੇ ਵਾਅਦੇ ਕਰਦੀਆਂ ਰਹੀਆਂ ਪਰ ਕਦੇ ਵੀ ਸਰਕਾਰਾਂ ਦੇ ਸਿੱਖਾਂ ਨਾਲ ਕੀਤੇ ਵਾਅਦੇ ਵਫਾ ਨਹੀ ਹੋਏ।ਜੇ ਕੋਈ ਸਿੱਖ ਆਪਣੇ ਸਿਦਕ ਤੇ ਕਾਇਮ ਰਿਹਾ ਵੀ ਹੈ,ਉਹ ਇੱਕੋ ਇੱਕ ਕੌਂਮ ਦਾ ਮਹਾਂਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਹੈ,ਜਿਸ ਨੇ ਆਪਣੇ ਕੀਤੇ ਕੌਲ ਆਪਣੀ ਜਾਨ ਦੀ ਅਹੂਤੀ ਦੇ ਕੇ ਨਿਭਾਏ ਹਨ,ਪਰੰਤੂ ਉਸ ਧਰਮ ਯੁੱਧ ਮੋਰਚੇ ਤੋ ਬਾਅਦ ਵੀ ਕੇਂਦਰ ਸਰਕਾਰ ਨੇ ਅਕਾਲੀ ਦਲ ਦੇ ਉਸ ਮੌਕੇ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਲਿਖਤੀ ਸਮਝੌਤਾ ਕਰਕੇ ਵੀ ਉਸ ਨੂੰ ਲਾਗੂ ਨਹੀ ਕੀਤਾ,ਇਸ ਦਾ ਕਾਰਨ ਸਾਫ ਤੇ ਸਪੱਸਟ ਹੈ ਕਿ ਸਾਡੀ ਕੌਂਮ ਦੇ ਆਗੂ ਕੇਂਦਰ ਕੋਲ ਪੰਥ ਨੂੰ ਵੇਚਦੇ ਰਹੇ ਹਨ ਅਤੇ ਪੰਜਾਬ ਅਤੇ ਪੰਥ ਦੇ ਹਿਤਾਂ ਬਦਲੇ ਰਾਜਭਾਗ ਦਾ ਸਮਝੌਤਾ ਕਰਦੇ ਰਹੇ ਹਨ। ਇਸ ਸਦੀ ਦਾ ਬਰਗਾੜੀ ਮੋਰਚਾ ਵੀ ਕੁੱਝ ਅਜਿਹੇ ਸੌਦਿਆਂ ਦੀ ਭੇਂਟ ਚੜਕੇ ਇੱਕ ਵਾਰ ਫਿਰ ਸਿੱਖ ਕੌਂਮ ਦੀਆਂ ਭਾਵਨਾਵਾਂ ਨੂੰ ਚਕਨਾਚੂਰ ਕਰਦਾ ਹੋਇਆਂ ਜਿੱਤ ਦੀਆਂ ਬਰੂਹਾਂ ਤੋਂ ਹਾਰ ਝੋਲੀ ਪਵਾ ਕੇ ਵਾਪਸ ਪਰਤ ਆਇਆ ਹੈ।ਬਰਗਾੜੀ ਮੋਰਚੇ ਨਾਲ ਪਹਿਲੇ ਦਿਨ ਤੋ ਜੁੜੇ ਹੋਣ ਕਰਕੇ, ਇਹਦੀਆਂ ਸਾਰੀਆਂ ਗਤੀਵਿਧਆਂ ਮੇਰੀਆਂ ਨਜਰਾਂ ਦੇ ਸਾਹਮਣੇ ਤੋ ਹੋਕੇ ਗੁਜਰਦੀਆਂ ਰਹੀਆਂ ਹਨ।ਵੱਖ ਵੱਖ ਧੜਿਆਂ,ਸੰਸਥਾਵਾਂ, ਟਕਸਾਲਾਂ,ਸੰਪਰਦਾਵਾਂ ਅਤੇ ਸੰਤ ਬਾਬਿਆਂ ਦੇ ਯੋਗਦਾਨ ਵਾਰੇ ਵੀ ਗਹਿਰੀ ਜਾਣਕਾਰੀ ਹੈ।ਕੌਣ,ਕਿਹੜੇ ਢੰਗ ਨਾਲ ਮੋਰਚੇ ਤੋ ਲਾਭ ਲੈਣ ਲਈ ਯਤਨਸ਼ੀਲ ਰਿਹਾ ਹੈ,ਕੋਣ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰਦਾ ਰਿਹਾ ਹੈ,ਕੌਣ ਮੋਰਚੇ ਦੀ ਸਫਲਤਾ ਲਈ ਇਮਾਨਦਾਰੀ ਨਾਲ ਮਿਹਨਤ ਕਰਦਾ ਰਿਹਾ ਹੈ,ਕੌਣ ਸਫਲਤਾ ਨੂੰ ਅਸਫਲਤਾ ਵਿੱਚ ਬਦਲਣ ਦੇ ਮਾਰੂ ਯਤਨ ਬਹੁਤ ਚਲਾਕੀ ਨਾਲ ਕਰਦਾ ਰਿਹਾ ਹੈ,ਇਹ ਸਭ ਨੂੰ ਮੈ ਹਮੇਸ਼ਾਂ ਬੜਾ ਨੇੜਿਉਂ ਦੇਖਦਾ ਰਿਹਾ ਹਾਂ।ਮੈ ਬਰਗਾੜੀ ਵਿੱਚ ਉਹਨਾਂ ਚੇਹਰਿਆਂ ਨੂੰ ਵੀ ਪੜਨ ਦੇ ਯਤਨ ਵਿੱਚ ਰਿਹਾ ਹਾਂ ਜਿਹੜੇ ਬੜੇ ਬੀਬੇ,ਸਾਊ ਅਤੇ ਸਮੱਰਪਿਤ ਭਾਵਨਾ ਵਾਲੇ ਦਿਖਾਈ ਦਿੰਦੇ,ਪ੍ਰੰਤੂ ਅਸਲ ਵਿੱਚ ਉਹ ਪੰਥ ਦਾ ਦਰਦ ਨਹੀ ਸਿਰਫ ਸਿਆਸਤ ਦੀ ਪਾਰੀ ਖੇਡਦੇ ਹੀ ਦੇਖੇ ਗਏ।ਮੈਂ ਉਹਨਾਂ ਲੋਕਾਂ ਨੂੰ ਵੀ ਬੜੀ ਗੌਰ ਨਾਲ ਦੇਖਦਾ ਰਿਹਾ ਹਾਂ ਜਿਹੜੇ ਕੈਮਰੇ ਦੇ ਸਾਹਮਣੇ ਕੁੱਝ ਹੋਰ ਅਤੇ ਕੈਮਰੇ ਤੋ ਪਾਸੇ ਹੋਕੇ ਕੁੱਝ ਹੋਰ ਤਰਾਂ ਦਾ ਬਿਹਾਰ ਕਰਦੇ ਸਨ।ਬਰਗਾੜੀ ਮੋਰਚੇ ਨੇ ਮੈਨੂੰ ਉਹਨਾਂ ਲੋਕਾਂ ਦੀ ਅਸਲੀਅਤ ਜਾਨਣ ਵਿੱਚ ਵੀ ਵੱਡਾ ਯੋਗਦਾਨ ਪਾਇਆ,ਜਿਹੜੇ ਪਿਛਲੇ ਲੰਮੇ ਅਰਸੇ ਤੋਂ ਭਾਂਵੇਂ ਸਿਆਸੀ ਪਿੜ ਵਿੱਚ ਮਾਤ ਖਾਂਦੇ ਆ ਰਹੇ ਹਨ,ਪਰ ਕਿਤੇ ਨਾ ਕਿਤੇ ਪੰਥਕ ਹਲਕਿਆਂ ਵਿੱਚ ਉਹਨਾਂ ਨੂੰ ਬੜੇ ਸਤਿਕਾਰ ਨਾਲ ਦੇਖਿਆ ਜਾਂਦਾ ਰਿਹਾ ਹੈ।ਮੈ ਉਹ ਲੋਕ ਇਸ ਮੋਰਚੇ ਵਿੱਚ ਕਾਮਯਾਬੀ ਨਾਲ ਸਿਆਸਤ ਖੇਡਦੇ ਦੇਖੇ ਹਨ,ਜਿੰਨਾਂ ਨੂੰ ਅਕਸਰ ਲੋਕ ਸਿਆਸਤ ਤੋ ਅਨਾੜੀ ਸਮਝਦੇ ਆ ਰਹੇ ਹਨ।ਬਰਗਾੜੀ ਦੇ ਇਨਸਾਫ ਮੋਰਚੇ ਦਾ ਦੁਖਦਾਈ ਪਹਿਲੂ ਵੀ ਇਹ ਹੀ ਹੈ ਕਿ ਇਸ ਦੇ ਸੰਚਾਲਕ ਅਤੇ ਪ੍ਰਬੰਧਕ ਕੌਮੀ ਭਾਵਨਾਵਾਂ ਨੂੰ ਤਿਲਾਂਜਲੀ ਦੇ ਕੇ ਉਸ ਰਸਤੇ ਤੇ ਕਾਹਲ ਨਾਲ ਤੁਰ ਪਏ ਜਿਹੜੇ ਰਸਤੇ ਤੇ ਚੱਲਕੇ ਹੁਣ ਤੱਕ ਰਵਾਇਤੀ ਅਕਾਲੀ ਆਗੂ ਕੌਂਮੀ ਹਿਤਾਂ ਨੂੰ ਕੁਰਬਾਂਨ ਕਰਦੇ ਆਏ ਹਨ।ਸਰਕਾਰ ਨਾਲ ਲਗਾਤਾਰ ਹੁੰਦੀ ਗੱਲਬਾਤ ਵਿੱਚ ਮੋਰਚਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ,ਜਥੇਦਾਰ ਬਲਜੀਤ ਸਿੰਘ ਦਾਦਵਾਲ ਅਤੇ ਸੰਤ ਸਮਾਜ ਦੇ ਆਗੂ ਸ਼ਾਮਲ ਹੁੰਦੇ ਰਹੇ,ਪ੍ਰੰਤੂ ਮੋਰਚਾ ਸਮਾਪਤੀ ਲਈ ਕੀਤੇ ਗਏ ਸਮਝੌਤੇ ਵਿੱਚ ਭਾਗੀਦਾਰ ਸ੍ਰ ਗੁਰਦੀਪ ਸਿੰਘ ਬਠਿੰਡਾ, ਸ੍ਰ ਸਿਮਰਨਜੀਤ ਸਿੰਘ ਮਾਨ,ਪਰਮਜੀਤ ਸਿੰਘ ਸਹੌਲੀ,ਜਸਕਰਨ ਸਿੰਘ ਸਿੰਘ ਕਾਹਨ ਸਿੰਘ ਵਾਲਾ,ਅਤੇ ਖੁਦ ਜਥੇਦਾਰ ਧਿਆਨ ਸਿੰਘ ਮੰਡ ਦੇ ਨਾਮ ਦੇ ਨਾਮ ਸਾਹਮਣੇ ਆ ਰਹੇ ਹਨ। ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਗੁਰੂ ਦੇ ਸਨਮੁਖ ਅਰਦਾਸ ਕਰਕੇ ਕੀਤੇ ਆਪਣੇ ਹੀ ਫੈਸਲੇ ਦੇ ਉਲਟ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਖਿਲਾਫ ਜਾਕੇ ਕੀਤੇ ਇਸ ਸਮਝੌਤੇ ਨੂੰ ਮੂਕ ਸਹਿਮਤੀ ਦੇਣ ਵਾਲਿਆਂ ਵਿੱਚ ਦਲ ਖਾਲਸਾ,ਸਾਬਕਾ ਫੈਡਰੇਸਨ ਆਗੂ ਅਤੇ ਮੋਰਚੇ ਦੀਆਂ ਸਹਿਯੋਗੀ ਜਥੇਬੰਦੀਆਂ ਸ਼ਾਮਿਲ ਹਨ,ਪ੍ਰੰਤੂ ਮੋਰਚਾ ਪ੍ਰਬੰਧਕਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਅਤੇ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਇਸ ਕੌਂਮ ਵਿਰੋਧੀ ਸਮਝੌਤੇ ਦੀ ਖੁੱਲੇ ਰੂਪ ਵਿੱਚ ਵਿਰੋਧਤਾ ਕੀਤੀ,ਜਦੋਂ ਕਿ ਬਲਜੀਤ ਸਿੰਘ ਦਾਦੂਵਾਲ ਬਾਅਦ ਵਿੱਚ ਭਾਂਵੇਂ ਜਥੇਦਾਰ ਮੰਡ ਦੇ ਮੋਰਚਾ ਸਮਾਪਤ ਕਰਨ ਵਾਲੇ ਫੈਸਲੇ ਤੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,ਪ੍ਰੰਤੂ ਸਚਾਈ ਇਹ ਹੈ ਕਿ ਭਾਈ ਦਾਦੂਵਾਲ ਨੇ ਮੋਰਚਾ ਸਮਾਪਤੀ ਵਾਲੇ ਦਿਨ 9 ਦਸੰਬਰ ਨੂੰ ਸਟੇਜ ਦੀ ਜੁੰਮੇਵਾਰੀ ਨਿਭਾਉਂਦਿਆ ਜਿੱਥੇ ਸਿੱਖ ਸੰਗਤਾਂ ਦੇ ਰੋਹ ਨੂੰ ਭੜਕਣ ਤੋ ਰੋਕਣ ਵਿੱਚ ਮੁੱਖ ਭੂਮਿਕਾ ਨਿਭਾਈ,ਓਥੇ ਜਥੇਦਾਰ ਧਿਆਨ ਸਿੰਘ ਮੰਡ ਦੇ ਸਮਾਪਤੀ ਭਾਸ਼ਨ ਤੋ ਪਹਿਲਾਂ ਮੋਰਚੇ ਨੂੰ ਸਮੇਟਣ ਲਈ ਜਮੀਨ ਤਿਆਰ ਕਰਨ ਵਿੱਚ ਵੀ ਉਹਨਾਂ ਨੇ ਮੁੱਖ ਭੂਮਿਕਾ ਅਦਾ ਕੀਤੀ।ਉਹ ਜਥੇਦਾਰ ਦਾਦੂਵਾਲ ਹੀ ਸਨ ਜਿੰਨਾਂ ਨੇ ਸੰਗਤਾਂ ਨੂੰ ਇਹ ਕਹਿ ਕੇ ਦੋਚਿੱਤੀ ਵਿੱਚ ਪਾਇਆ ਸੀ ਕਿ “ਮੋਰਚਾ ਲਗਾਤਾਰ ਜਾਰੀ ਹੈ,ਜਥੇਦਾਰ ਮੰਡ ਜੇ ਚਾਹੁਣ ਮੋਰਚਾ ਏਥੇ ਹੀ ਰੱਖਣਾ ਹੈ ਤਾਂ ਵੀ ਅਸੀ ਉਹਨਾਂ ਦੇ ਨਾਲ ਹਾਂ ਅਤੇ ਜੇਕਰ ਉਹ ਮੋਰਚੇ ਨੂੰ ਇੱਥੋਂ ਚੁੱਕ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਲਿਜਾਣਾ ਚਾਹੁੰਦੇ ਹਨ,ਤਾਂ ਵੀ ਅਸੀ ਉਹਨਾਂ ਦੇ ਨਾਲ ਹਾਂ”। (ਜਥੇਦਾਰ ਮੰਡ ਨੇ ਸੰਗਤਾਂ ਨੂੰ ਸਾਂਤ ਕਰਨ ਲਈ ਮੋਰਚਾ ਚੁੱਕਣ ਵੇਲੇ ਇਹੋ ਬਹਾਨਾ ਬਣਾਇਆ ਸੀ)ਜਿੱਥੇ ਮੋਰਚੇ ਦੇ ਸਾਢੇ ਛੇ ਮਹੀਨਿਆਂ ਦੇ ਸਮੇ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਆਪਣੇ ਤੇ ਲੱਗਾ ਗਰਮ ਖਿਆਲੀ ਹੋਣ ਦਾ ਠੱਪਾ ਲਾਹੁਣ ਲਈ ਮੋਰਚੇ ਵਿੱਚ ਕੌਂਮੀ ਅਜਾਦੀ ਦੀ ਗੱਲ ਕਰਨ ਅਤੇ ਖਾਲਿਸਤਾਨ ਦੇ ਨਾਹਿਰਿਆਂ ਤੇ ਪੂਰਨ ਪਬੰਦੀ ਲਾ ਕੇ ਮੋਰਚੇ ਨੂੰ ਸਾਂਤਮਈ ਰੱਖਣ ਵਿੱਚ ਸਫਲਤਾ ਹਾਸਲ ਕੀਤੀ,ਓਥੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਭਾਂਵੇਂ ਜਥੇਦਾਰ ਮੰਡ ਦੇ ਰੋਕਣ ਦੇ ਬਾਵਜੂਦ ਵੀ ਗਾਹੇ ਬ ਗਾਹੇ ਸਿੱਖ ਕੌਂਮ ਦੀ ਅਜਾਦੀ ਦੀ ਗੱਲ ਕੀਤੀ,ਪ੍ਰੰਤੂ ਮੋਰਚਾ ਸਮਾਪਤੀ ਵਾਲੇ ਦਿਨ ਉਹਨਾਂ ਦੇ ਭਾਸ਼ਨ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਦੀ ਤਰਫਦਾਰੀ ਕਰਨ ਦੀ ਝਲਕ ਸਪਸਟ ਰੂਪ ਵਿੱਚ ਸੁਣੀ ਗਈ।

ਜੇ ਹੁਣ ਮੋਰਚਾ ਸਮਾਪਤੀ ਦੀ ਗੱਲ ਕਰੀਏ ਤਾਂ ਇਹ ਸਪੱਸਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਮੋਰਚਾ ਵੀ ਆਗੂਆਂ ਦੀ ਨਿੱਜੀ ਲੋਭ ਲਾਲਸਾ ਦੀ ਭੇਂਟ ਚੜਿਆ ਹੈ,ਕਿਉਕਿ ਜਿਹੜੀ ਮੰਗਾਂ ਮੰਨਣ ਦੀ ਦੁਹਾਈ ਮੋਰਚਾ ਚੁੱਕਣ ਤੋ ਕੁੱਝ ਦਿਨ ਪਹਿਲਾਂ ਪਾਉਣੀ ਸੁਰੂ ਹੋ ਗਈ ਸੀ,ਉਹ ਮੰਗਾਂ ਤਾਂ ਸਰਕਾਰ ਦੇ ਮੋਰਚੇ ਨੂੰ ਡੀਲ ਕਰ ਰਹੇ ਉਪਰੋਕਤ ਮੰਤਰੀ ਆਪਣੀਆਂ ਮੁਢਲੀਆਂ ਫੇਰੀਆਂ ਵਿੱਚ ਹੀ ਪੂਰਾ ਕਰਨ ਦਾ ਵਾਅਦਾ ਕਰ ਚੁੱਕੇ ਸਨ। ਇਹ ਗੱਲ ਤਾਂ ਮੈਨੂੰ ਉਸ ਮੌਕੇ ਹੀ ਭਾਵ ਮੋਰਚੇ ਤੋ ਤਕਰੀਬਨ ਡੇਢ ਕੁ ਮਹੀਨਾ ਬਾਅਦ ਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਹੋਈ ਬੈਠਕ ਤੋਂ ਬਾਅਦ ਮੋਰਚੇ ਦੇ ਦੋ ਜੁੰਮੇਵਾਰ ਪ੍ਰਬੰਧਕੀ ਮੈਂਬਰਾਂ ਨੇ ਖੁਦ ਦੱਸੀ ਸੀ ਕਿ ਮੰਤਰੀ ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਬੇਅਦਬੀ ਦੇ ਦੋਸ਼ੀ ਕੁੱਝ ਫੜੇ ਜਾ ਚੁੱਕੇ ਹਨ ਅਤੇ ਰਹਿੰਦੇ ਜਲਦੀ ਫੜ ਲਏ ਜਾਣਗੇ,ਬੰਦੀ ਸਿੱਖਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਲਿਖਤੀ ਚਾਰਾਜੋਈ ਸ਼ੁਰੂ ਕਰ ਦਿੰਦੀ ਹੈ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਅਤੇ ਮੁਲਾਜਮ ਨਾਮਜਦ ਹੋਏ ਹਨ,ਉਹਨਾਂ ਨੂੰ ਵੀ ਸਰਕਾਰ ਗਿਰਫਤਾਰ ਕਰ ਲੈਂਦੀ ਹੈ।ਉਹਨਾਂ ਨੇ ਇਹ ਗੱਲ ਬੜੇ ਫਖਰ ਨਾਲ ਉਸ ਮੌਕੇ ਦੱਸੀ ਸੀ ਕਿ ਸਰਕਾਰ ਨੇ ਸਾਡੀ ਜਿਹੜੀ ਇੱਕ ਵਾਧੂ ਮੰਗ ਵੀ ਪੂਰੀ ਕਰ ਦਿੱਤੀ ਹੈ,ਉਹ ਬਰਗਾੜੀ ਨੂੰ ਬਰਗਾੜੀ ਸਾਹਿਬ ਸ਼ਾਮਲ ਹੈ।ਫਿਰ ਸੁਆਲ ਉਠਦਾ ਹੈ ਕਿ ਹੁਣ ਨਵਾਂ ਕੀ ਕੀਤਾ ਗਿਆ ਹੈ,ਬਲਕਿ ਉਸ ਸਮੇ ਸਰਕਾਰ ਦੋਸ਼ੀ ਪੁਲਿਸ ਵਾਲਿਆਂ ਨੂੰ ਫੜਨ ਦਾ ਵਾਅਦਾ ਵੀ ਕਰ ਰਹੀ ਸੀ,ਜਦੋਂਕਿ ਹੁਣ ਸਰਕਾਰ ਹਾਈਕੋਰਟ ਦਾ ਬਹਾਨਾ ਲਾਕੇ ਕਾਤਲਾਂ ਨੂੰ ਫੜਨ ਤੋ ਪਿੱਛੇ ਹਟ ਗਈ ਹੈ।ਉਸ ਮੌਕੇ ਉਕਤ ਆਗੂਆਂ ਦੇ ਦੱਸਣ ਅਨੁਸਾਰ ਮੰਤਰੀ ਸਾਹਿਬ ਨੇ ਇੱਥੋਂ ਤੱਕ ਵੀ ਕਿਹਾ ਸੀ ਕਿ ਜੇਕਰ ਫੜੇ ਗਏ ਪੁਲਿਸ ਅਧਿਕਾਰੀ ਕਿਸੇ ਹੋਰ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਦਾ ਨਾਮ ਲੈਣਗੇ,ਫਿਰ ਸਰਕਾਰ ਉਹਨਾਂ ਨੂੰ ਵੀ ਗਿਰਫਤਾਰ ਕਰਨ ਵਿੱਚ ਢਿੱਲ ਨਹੀ ਕਰੇਗੀ,ਜਦੋ ਕਿ ਹਿਣ ਅਜਿਹਾ ਕੁੱਝ ਵੀ ਨਹੀ ਹੋ ਸਕਿਆ।ਉਹਨਾਂ ਜੁੰਮੇਵਾਰ ਆਗੂਆਂ ਨੇ ਜਥੇਦਾਰ ਮੰਡ ਦੇ ਨਾ ਮੰਨਣ ਤੇ ਇਤਰਾਜ ਵੀ ਜਿਤਾਇਆ ਸੀ,ਉਹਨਾਂ ਨੇ ਹੀ ਨਹੀ ਸਗੋਂ ਮੋਰਚੇ ਨਾਲ ਸਬੰਧਤ ਸਾਰੀਆਂ ਹੀ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਮੰਡ ਨੂੰ ਸਰਕਾਰ ਦੀ ਗੱਲ ਮੰਨ ਕੇ ਮੋਰਚਾ ਸਮਾਪਤ ਕਰਨ ਦਾ ਦਬਾਅ ਵੀ ਪਾਇਆ ਸੀ,ਪ੍ਰੰਤੂ ਉਸ ਮੌਕੇ ਜਥੇਦਾਰ ਮੰਡ ਆਪਣੀ ਕੀਤੀ ਅਰਦਾਸ ਤੋ ਪਿੱਛੇ ਹਟਣ ਲਈ ਤਿਆਰ ਨਹੀ ਸੀ ਹੋਇਆ,ਹੁਣ ਜਦੋ ਮੋਰਚਾ ਚੁੱਕਿਆ ਗਿਆ ਹੈ,ਤਾਂ ਸਾਰਾ ਕੁੱਝ ਉਲਟ ਹੋਇਆ ਹੈ।ਮੋਰਚਾ ਸਮਾਪਤੀ ਸਮੇ ਮੋਰਚੇ ਵਿੱਚ ਸ਼ਾਮਲ ਬਹੁਤ ਸਾਰੇ ਆਗੂ ਅਤੇ ਸਮੁੱਚਾ ਖਾਲਸਾ ਪੰਥ ਸਰਕਾਰ ਦੇ ਲਾਰੇ ਵਾਲੇ ਵਾਅਦੇ ਤੇ ਵਿਸਵਾਸ਼ ਕਰਕੇ ਮੋਰਚਾ ਸਮਾਪਤੀ ਤੇ ਹੱਕ ਵਿੱਚ ਨਹੀ ਸੀ,ਪ੍ਰੰਤੂ ਹੁਣ ਜਥੇਦਾਰ ਮੰਡ ਨੇ ਆਪਣੇ ਹੀ ਕੀਤੇ ਵਾਅਦੇ ਤੋ ਬਿਲਕੁਲ ਹੀ ਵਿਪਰੀਤ ਜਾ ਕੇ ਸਰਕਾਰ ਦੇ ਕਹਿਣ ਤੇ ਮੋਰਚਾ ਸਮਾਪਤ ਕਰ ਦਿੱਤਾ।ਜਦੋ ਕੁੱਝ ਦਿਨ ਪਹਿਲਾਂ ਮੋਰਚੇ ਵਿੱਚ ਸਮਾਪਤੀ ਦੀ ਚਰਚਾ ਸ਼ੁਰੂ ਹੋਈ ਸੀ ਉਸ ਮੌਕੇ ਇਹ ਗੱਲ ਕਿਸੇ ਵੀ ਪੰਥ ਦਰਦੀ ਦੇ ਗਲੇ ਤੋਂ ਹੇਠਾਂ ਨਹੀ ਸੀ ਉੱਤਰ ਰਹੀ ਕਿ ਜਥੇਦਾਰ ਮੰਡ ਨੇ ਮੋਰਚਾ ਸਮਾਪਤ ਕਰਨ ਵਿੱਚ ਆਖਰ ਆਪਣੀ ਸਹਿਮਤੀ ਕਿਵੇਂ ਦੇ ਦਿੱਤੀ ਹੈ।ਜਥੇਦਾਰ ਮੰਡ ਵੱਲੋਂ ਲਏ ਗਏ ਪੰਥਕ ਭਾਵਨਾਵਾਂ ਦੇ ਖਿਲਾਫ ਫੈਸਲੇ ਤੋਂ ਬਾਅਦ ਜਿਸਤਰਾਂ ਪੰਥਕ ਜਥੇਬੰਦੀਆਂ ਵਿੱਚ ਆਪਸੀ ਦੂਸ਼ਣਵਾਜੀ ਸ਼ੁਰੂ ਹੋ ਗਈ ਹੈ,ਉਸ ਤੇ ਆਪਣਾ ਸਖਤ,ਪਰ ਸਿਆਣਪ ਭਰਿਆ ਪ੍ਰਤੀਕਰਮ ਦਿੰਦਿਆਂ ਕੌਂਮ ਦੇ ਤਿਹਾੜ ਜੇਲ੍ਹ ਵਿੱਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਦੂਸ਼ਣਵਾਜੀ ਨੂੰ ਤੁਰੰਤ ਬੰਦ ਕਰਨ ਦੇ ਅਦੇਸ਼ ਦਿੱਤੇ ਹਨ, ਉਸ ਤੋਂ ਜਿੱਥੇ ਉਹਨਾਂ ਦੇ ਮਨ ਦੀ ਕੌਂਮੀ ਭਾਵਨਾ ਪਰਗਟ ਹੁੰਦੀ ਹੈ,ਓਥੇ ਇੱਕ ਸੁਲਝੇ ਹੋਏ ਲੋਹਪੁਰਸ਼ ਕੌਮੀ ਆਗੂ ਅਤੇ ਨਿਪੁੰਨ ਨੀਤੀਵਾਨ ਦੀ ਝਲਕ ਵੀ ਪੈਂਦੀ ਹੈ,ਜਿਸਨੇ ਉਹਨਾਂ ਦੀ ਹਰਮਨ ਪਿਆਰਤਾ ਵਿੱਚ ਅਥਾਹ ਵਾਧਾ ਕਰ ਦਿੱਤਾ ਹੈ।ਜੇਕਰ ਜਥੇਦਾਰ ਮੰਡ ਦੀ ਸਖਸੀਅਤ ਦੀ ਗੱਲ ਕੀਤੀ ਜਾਵੇ ਤਾਂ ਬਿਨਾ ਸ਼ੱਕ ਉਹਨਾਂ ਦੇ ਪਰਿਵਾਰ ਨੇ ਕੌਂਮੀ ਸੰਘਰਸ਼ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਸਮੇਤ ਜਥੇਦਾਰ ਮੰਡ ਦੇ ਪੂਰੇ ਪਰਿਵਾਰ ਨੇ ਪੁਲਿਸ਼ ਜਬਰ ਨੂੰ ਵੀ ਆਪਣੇ ਪਿੰਡੇ ਤੇ ਝੱਲਿਆ ਹੈ।ਉਸ ਤੋਂ ਬਾਅਦ ਭਾਂਵੇਂ ਜਥੇਦਾਰ ਮੰਡ 1989 ਵਿੱਚ ਸ੍ਰ ਸਿਮਰਨਜੀਤ ਸਿੰਘ ਮਾਨ ਨਾਲ ਮੈਂਬਰ ਪਾਰਲੀਮੈਂਟ ਵੀ ਬਣੇ ਅਤੇ ਲਗਾਤਾਰ ਸ੍ਰ ਮਾਨ ਦੇ ਨਾਲ ਖੜੇ ਵੀ ਰਹੇ,ਪ੍ਰਤੂ ਉਹ ਮੁੜਕੇ ਕਦੇ ਵੀ ਕੌਂਮ ਦਾ ਭਰੋਸਾ ਜਿੱਤਣ ਵਿੱਚ ਸਫਲ ਨਾ ਹੋ ਸਕੇ।ਇੱਥੋਂ ਤੱਕ ਕਿ 2015 ਵਿੱਚ ਹੋਏ ਸਰਬੱਤ ਖਾਲਸਾ ਮੌਕੇ ਵੀ ਖਾਲਸਾ ਪੰਥ ਨੇ ਸਿਰਫ ਤੇ ਸਿਰਫ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਹੀ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਨਾਉਣ ਤੇ ਜੈਕਾਰਿਆਂ ਦੀ ਗੂੰਜ ਨਾਲ ਸਹਿਮਤੀ ਦਿੱਤੀ ਸੀ।ਬਾਅਦ ਵਿੱਚ ਥਾਪੇ ਗਏ ਜਥੇਦਾਰਾਂ ਤੇ ਭਾਂਵੇਂ ਉਸ ਮੌਕੇ ਕੌਂਮ ਨੇ ਬਹੁਤੀ ਸਹਿਮਤੀ ਨਹੀ ਸੀ ਦਿੱਤੀ ਅਤੇ ਨਾ ਹੀ ਉਹ ਬਾਅਦ ਵਿੱਚ ਤਕਰੀਬਨ ਤਿੰਨ ਸਾਲ ਤੱਕ ਕੌਂਮ ਦਾ ਭਰੋਸਾ ਜਿੱਤਣ ਵਿੱਚ ਸਫਲ ਹੀ ਹੋ ਸਕੇ,ਪ੍ਰੰਤੂ ਤਿੰਨ ਸਾਲ ਦੇ ਲੰਮੇ ਅਰਸੇ ਬਾਅਦ (ਇੱਥੇ ਤਿੰਨ ਸਾਲ ਨੂੰ ਲੰਮਾ ਅਰਸ਼ਾ ਲਿਖਣ ਦਾ ਭਾਵ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਲੈਣ ਲਈ ਇਹ ਸਮਾ ਸਿੱਖ ਕੌਂਮ ਲਈ ਬਹੁਤ ਲੰਮਾ ਹੈ)ਇੱਕ ਜੂਨ 2018 ਦੇ ਇਨਸਾਫ ਮੋਰਚਾ ਲਾਉਣ ਸਮੇ ਜਥੇਦਾਰ ਮੰਡ ਵੱਲੋਂ ਮੰਗਾਂ ਮਨਾਏ ਜਾਣ ਤੱਕ ਮੋਰਚਾ ਜਾਰੀ ਰੱਖਣ ਅਤੇ ਨਾ ਮੰਨਣ ਦੀ ਸੂਰਤ ਵਿੱਚ ਸ਼ਹਾਦਤ ਦੇਣ ਦੇ ਐਲਾਨ ਤੋਂ ਬਾਅਦ ਕੌਂਮ ਨੇ ਜਥੇਦਾਰ ਮੰਡ ਤੇ ਕੁੱਝ ਭਰੋਸਾ ਕੀਤਾ। ਜਿਉਂ ਜਿਉਂ ਮੋਰਚਾ ਚਲਦਾ ਗਿਆ,ਲੋਕ ਜਥੇਦਾਰ ਦੀ ਦ੍ਰਿੜਤਾ ਦੇ ਕਾਇਲ ਹੁੰਦੇ ਗਏ ਤੇ ਇੱਕ ਸਮਾ ਉਹ ਵੀ ਆਇਆ ਜਦੋ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਛੱਡ ਕੇ ਸਮੁੱਚਾ ਪੰਥ ਜਥੇਦਾਰ ਮੰਡ ਦੀ ਅਗਵਾਈ ਕਬੂਲਣ ਲਈ ਮਜਬੂਰ ਹੋ ਗਿਆ। ਇਸ ਵਰਤਾਰੇ ਦੇ ਦਰਮਿਆਨ ਜਥੇਦਾਰ ਮੰਡ ਦੇ ਸੁਭਾਅ ਵਿੱਚ ਬਹੁਤ ਬਦਲਾਅ ਦੇਖਿਆ ਗਿਆ।ਜਿਹੜਾ ਜਥੇਦਾਰ ਮੋਰਚੇ ਦੇ ਲੰਗਰ ਵਿੱਚ ਪੰਗਤਾਂ ਵਿੱਚ ਸੰਗਤਾਂ ਨਾਲ ਬੈਠਕੇ ਲੰਗਰ ਛਕਿਆ ਕਰਦਾ ਸਿ,ਉਹ ਆਪਣੇ ਨਿੱਜੀ ਤੰਬੂ ਵਿੱਚ ਸਪੈਸਿਲ ਤਿਆਰ ਹੋਕੇ ਆਉਦਾ ਲੰਗਰ ਛਕਣ ਵਿੱਚ ਆਪਣੀ ਸ਼ਾਨ ਸਮਝਣ ਲੱਗ ਪਿਆ,ਜਿਸਨੂੰ ਸੰਗਤਾਂ ਨੇ ਸਿੱਖ ਮਰਿਯਾਦਾ ਦੇ ਖਿਲਾਫ ਹੋਣ ਦੇ ਬਾਵਜੂਦ ਵੀ ਬੁਰਾ ਨਾ ਮਨਾਇਆ,ਲਿਹਾਜਾ ਸੰਗਤਾਂ ਦੀ ਇਸ ਅਥਾਹ ਅੰਨ੍ਹੀ ਸ਼ਰਧਾ ਨੇ ਜਥੇਦਾਰ ਨੂੰ ਮਨਮਾਨੀਆਂ ਕਰਨ ਦੇ ਰਾਹ ਤੋਰ ਦਿੱਤਾ।ਜਿੱਥੇ ਮੋਰਚੇ ਦੇ ਬਹੁਤ ਸਾਰੇ ਜੁੰਮੇਵਾਰ ਵਿਅਕਤੀਆਂ ਦੀਆਂ ਸਰਕਾਰ ਦੇ ਵੱਖ ਵੱਖ ਮੰਤਰੀਆਂ ਨਾਲ ਗੁਪਤ ਬੈਠਿਕਾਂ ਲਗਾਤਾਰ ਹੁੰਦੀਆਂ ਰਹੀਆਂ,ਓਥੇ ਕਿਸੇ ਸਮੇ ਪ੍ਰਬੰਧਕਾਂ ਨੂੰ ਸਰਕਾਰ ਨਾਲ ਬਰਗਾੜੀ ਤੋ ਬਾਹਰ ਜਾਕੇ ਗੱਲਬਾਤ ਕਰਨ ਦੀ ਸਖਤੀ ਨਾਲ ਮਨਾਹੀ ਕਰਨ ਵਾਲਾ ਜਥੇਦਾਰ ਖੁਦ ਸਰਕਾਰ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਰਾਤਾਂ ਦੇ ਹਨੇਰਿਆਂ ਵਿੱਚ ਮੋਰਚਾ ਸਥਾਨ ਤੋ ਦੂਰ ਬੈਠਿਕਾਂ ਕਰਨ ਲੱਗ ਪਿਆ।ਉਹਨਾਂ ਦੀਆਂ ਸਿੱਧੀਆਂ ਤਾਰਾਂ ਜੁੜਨ ਨਾਲ ਮੋਰਚੇ ਨੂੰ ਬਹੁਤ ਵੱਡੀ ਢਾਹ ਲੱਗੀ।ਅਖਿਰ। ਵਿਚ ਕਹਿ ਸਕਦੇ ਹਾਂ ਕਿ ਜਥੇਦਾਰ ਨੂੰ ਸਰਕਾਰੀ ਏਜੰਸੀਆਂ ਆਪਣੇ ਅਕੀਦੇ ਤੋਂ ਡੁਲਾਉਣ ਵਿੱਚ ਸਫਲ ਹੋ ਗਈਆਂ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮੋਰਚਾ ਜਿੱਤ ਦੀਆਂ ਬਰੂਹਾਂ ਤੋਂ ਹਾਰ ਝੋਲੀ ਪਵਾ ਕੇ ਵਾਪਸ ਮੁੜ ਆਇਆ।ਜਥੇਦਾਰ ਮੰਡ ਨੇ ਮੋਰਚਾ ਸਮਾਪਤੀ ਲਈ ਸਰਕਾਰ ਨਾਲ ਅਧੂਰਾ ਸਮਝੌਤਾ ਕਰਕੇ ਕੌਂਮ ਦਾ ਭਰੋਸਾ ਹੀ ਨਹੀ ਗੁਆਇਆ ਸਗੋਂ ਉਹਨਾਂ ਵੱਲੋਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀਤੀ ਅਰਦਾਸ ਤੋ ਪਿੱਛੇ ਹਟਣ ਨਾਲ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੌਹੀਨ ਹੋਈ ਹੈ,ਓਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਦੀ ਵੀ ਤੌਹੀਨ ਹੋਈ ਹੈ,ਜਿਸ ਬਦਲੇ ਉਹਨਾਂ ਨੂੰ ਇੱਕ ਦਿਨ ਆਪਣੀ ਗਲਤੀ ਦਾ ਅਹਿਸਾਸ ਜਰੂਰ ਹੋਵੇਗਾ ਤੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਕੇ ਇਸ ਗਲਤੀ ਦੀ ਖਿਮਾ ਯਾਚਨਾ ਕਰਨੀ ਹੀ ਪਵੇਗੀ।ਬੀਤੇ ਦਿਨੀਂ ਜਥੇਦਾਰ ਮੰਡ ਨੇ ਬੇਸ਼ੱਕ ਇਸ ਸਮੱਸਿਆਂ ਚੋ ਨਿਕਲਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਵੀ ਕੀਤੀ ਹੈ,ਪ੍ਰੰਤੂ ਹੁਣ ਹਲਾਤ ਇਹ ਦੱਸਦੇ ਹਨ ਕਿ ਜਥੇਦਾਰ ਮੰਡ ਤੇ ਕੌਂਮ ਦਾ ਵਿਸ਼ਵਾਸ ਬੱਝਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਗਈਆਂ ਹਨ।ਕੁੱਝ ਵੀ ਹੋਵੇ ਇਹ ਕੌੜਾ ਸੱਚ ਹੈ ਕਿ ਕੌਂਮ ਦੀ ਇਹ ਜਿੱਤ ਕੇ ਹਾਰੀ ਬਾਜੀ ਨੇ ਇੱਕ ਵਾਰ ਫਿਰ ਦੁਸ਼ਮਣ ਤਾਕਤਾਂ ਦੇ ਹੌਸਲੇ ਵਧਾ ਦਿੱਤੇ ਹਨ ਤੇ ਸਿੱਖ ਕੌਂਮ ਨੂੰ ਘੋਰ ਨਿਰਾਸ ਕੀਤਾ ਹੈ।

ਬਘੇਲ ਸਿੰਘ ਧਾਲੀਵਾਲ
99142-58142

Leave a Reply

Your email address will not be published. Required fields are marked *

%d bloggers like this: