Sun. May 26th, 2019

‘ਜਿੰਦ ਜਾਨ’ ਨਾਲ ਹੀਰੋ ਵਜੋਂ ਪਹਿਲੀ ਵਾਰ ਫਿਲਮ ਸਕਰੀਨ ‘ਤੇ ਨਜ਼ਰ ਆਵੇਗਾ – ਰਾਜਵੀਰ ਜਵੰਦਾ

‘ਜਿੰਦ ਜਾਨ’ ਨਾਲ ਹੀਰੋ ਵਜੋਂ ਪਹਿਲੀ ਵਾਰ ਫਿਲਮ ਸਕਰੀਨ ‘ਤੇ ਨਜ਼ਰ ਆਵੇਗਾ – ਰਾਜਵੀਰ ਜਵੰਦਾ

ਆਪਣੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਬਣਾਉਣ ਵਾਲਾ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਅੱਜ ਲੱਖਾਂ, ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਸਦਾ ਹੈ। ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਸੰਗੀਤ ਦੀ ਫੁਲਵਾੜੀ ਦਾ ਮਹਿਕਦਾ ਫੁੱਲ ਬਣਿਆ ਰਾਜਵੀਰ ਜਵੰਦਾ ਇਸ ਸਾਲ ਆਪਣੀ ਅਦਾਕਾਰੀ ਨਾਲ ਵੀ ਹਰ ਪਾਸੇ ਮਹਿਕਾ ਬਿਖੇਰਨ ਲਈ ਤਿਆਰ ਹੈ।

ਜ਼ਿਲਾ ਲੁਧਿਆਣਾ ਦੇ ਪਿੰਡ ਪੁਣੀਆ ਦਾ ਜੰਮਪਲ ਅਤੇ ਪਿਤਾ ਕਰਨ ਸਿੰਘ ਜਵੰਦਾ ਤੇ ਪਰਮਜੀਤ ਕੌਰ ਦਾ ਲਾਡਲਾ ਪੁੱਤ ਰਾਜਵੀਰ ਜਵੰਦਾ ਬਚਪਨ ਤੋਂ ਹੀ ਮਨੋਰੰਜਨ ਜਗਤ ਵਿੱਚ ਆਉਣਾ ਚਾਹੁੰਦਾ ਸੀ। ਇਸ ਲਈ ਹੀ ਉਸ ਨੇ ਲੁਧਿਆਣਾ ਦੇ ਡੀ ਏ ਵੀ ਕਾਲਜ ਤੋਂ ਗ੍ਰਰੈਜੂਏਸ਼ਨ ਕਰਨ ਤੋਂ ਬਾਅਦ ਐਮ ਏ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਕੀਤੀ। ਉਸ ਦਾ ਸਾਰਾ ਪਰਿਵਾਰ ਪੁਲਿਸ ਵਿਭਾਗ ਵਿੱਚ ਨੌਕਰੀ ਕਰਦਾ ਹੈ ਇਸ ਲਈ ਉਹ ਵੀ ਪੁਲਿਸ ਵਿੱਚ ਭਰਤੀ ਹੋ ਗਿਆ, ਪਰ ਉਸ ਅੰਦਰਲੇ ਕਲਾਕਾਰ ਨੇ ਉਸ ਨੂੰ ਟਿਕ ਕੇ ਨਹੀਂ ਬੈਠਣ ਦਿੱਤਾ। ਉਹ ਇਕ ਸਾਲ ਬਾਅਦ ਹੀ ਪੁਲਿਸ ਦੀ ਨੌਕਰੀ ਛੱਡਕੇ ਸਾਲ 2011 ਵਿੱਚ ਗਾਇਕੀ ਦੇ ਖੇਤਰ ਵਿੱਚ ਆ ਗਿਆ। ਉਸ ਦਾ ਪਹਿਲਾ ਗੀਤ ‘ਕਲੀ ਜਵੰਦੇ ਦੀ’ ਸੀ।

ਕਾਲਜ ਅਤੇ ਯੂਨੀਵਰਸਿਟੀ ਵਕਤ ਯੂਥ ਫੈਸਟੀਵਾਲਾਂ ਦਾ ਸ਼ਿੰਗਾਰ ਰਹੇ ਜਵੰਦੇ ਨੇ ਗਾਇਕੀ ਦੇ ਖ਼ੇਤਰ ਵਿੱਚ ਆਉਣ ਤੋਂ ਪਹਿਲਾਂ ਬਕਾਇਦਾ ਲਾਲੀ ਖਾਨ ਨੂੰ ਉਸਤਾਦ ਧਾਰ ਕੇ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ। ਪੰਜਾਬੀ ਗੀਤ ‘ਮੁੰਡਿਆਂ ਦੇ ਚਰਚੇ’ ਨਾਲ ਉਹ ਨੌਜਵਾਨਾਂ ਵਿੱਚ ਚਰਚਿਤ ਹੋਇਆ। ਆਪਣੇ ਗੀਤ ‘ਕੰਗਣੀ’ ਅਤੇ ‘ਸਰਦਾਰੀ’ ਨਾਲ ਹਰ ਪਾਸੇ ਮਸ਼ਹੂਰ ਹੋਇਆ ਜਵੰਦਾ, ਹੁਣ ਪੰਜਾਬੀ ਦੇ ਨਾਮੀਂ ਗਾਇਕਾਂ ਵਿੱਚ ਸ਼ਾਮਲ ਹੋ ਚੁੱਕਾ ਹੈ। ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਜ਼ਰੀਏ ਆਪਣਾ ਅਦਾਕਾਰੀ ਦਾ ਨਮੂਨਾ ਪੇਸ਼ ਕਰਨ ਵਾਲਾ ਜਵੰਦਾ, ਹੁਣ ਪੰਜਾਬੀ ਫਿਲਮਾਂ ਵਿੱਚ ਵੀ ਸਰਗਰਮ ਹੋ ਗਿਆ ਹੈ। ਇਸ ਸਾਲ ਉਸ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ।

ਇਨਾਂ ਵਿੱਚੋਂ ਉਸ ਦੀ ਸਭ ਤੋਂ ਵੱਧ ਚਰਚਾ ਪੰਜਾਬੀ ਫਿਲਮ ‘ਜਿੰਦ ਜਾਨ’ ਨੂੰ ਲੈ ਕੇ ਹੋ ਰਹੀ ਹੈ। ਇਸ ਫਿਲਮ ਦੇ ਨਾਲ ਉਹ ਪਹਿਲੀ ਵਾਰ ਬਤੌਰ ਹੀਰੋ ਸਿਨੇਮੇ ਵਿੱਚ ਐਂਟਰੀ ਕਰਨ ਜਾ ਰਿਹਾ ਹੈ। 14 ਜੂਨ ਨੂੰ ਕੌਮਾਂਤਰੀ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ, ਉਸ ਦੀ ਇਸ ਫ਼ਿਲਮ ਨੂੰ ਦਰਸ਼ਨ ਬੱਗਾ ਨੇ ਡਾਇਰੈਕਟ ਕੀਤਾ ਹੈ। ਉਨਾਂ ਦੀ ਲਿਖੀ ਇਸ ਫ਼ਿਲਮ ਵਿੱਚ ਰਾਜਵੀਰ ਜਵੰਦਾ ਨਾਲ ਅਦਾਕਾਰਾ ਸਾਰਾ ਸ਼ਰਮਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ, ਹਾਰਬੀ ਸੰਘਾ, ਗੌਰਵ ਕੱਕੜ, ਮੋਨਿਕਾ ਰਾਠੌੜ, ਜੈਸਮੀਨ ਸਿੰਘ ਤੇ ਸੁਤੰਤਰ ਨੇ ਅਹਿਮ ਭੂਮਿਕਾ ਨਿਭਾਈ ਹੈ। ਰਾਜਵੀਰ ਜਵੰਦਾ ਦੱਸਦਾ ਹੈ ਕਿ ਨਿਰਮਾਤਾ ਪਵਨ ਅਗਰਵਾਲ ਤੇ ਕਰਨ ਅਗਰਵਾਲ ਦੀ ਇਸ ਫਿਲਮ ਦਾ ਸਕਰੀਨਪਲੇ ਨਾਮਵਰ ਲੇਖਕ ਰਾਜੀਵ ਕੌਲ ਨੇ ਲਿਖਿਆ ਹੈ।

ਇਹ ਫਿਲਮ ਰੁਮਾਂਟਿਕ ਡਰਾਮਾ ਫਿਲਮ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਫਿਲਮ ਵਿੱਚ ਉਸ ਨੇ ਇਕ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾਈ ਹੈ ਜੋ ਵਧੀਆ ਗਾਉਂਦਾ ਹੈ। ਪਿੰਡ ਤੋਂ ਵਿਦੇਸ਼ ਗਏ ਇਸ ਨੌਜਵਾਨ ਨੂੰ ਉਥੇ ਇਕ ਕੁੜੀ, ਜੋ ਫਿਲਮ ਦੀ ਹੀਰੋਇਨ ਹੈ ਨੂੰ ਗਾਇਕੀ ਸਿਖਾਉਣ ਦੀ ਨੌਕਰੀ ਮਿਲਦੀ ਹੈ, ਜਿਸ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ। ਬੇਹੱਦ ਜ਼ਿਆਦਾ ਆਮੀਰ ਇਹ ਕੁੜੀ ਪਹਿਲਾਂ ਇਸ ਨੌਜਵਾਨ ਨੂੰ ਬੇਹੱਦ ਪ੍ਰੇਸ਼ਾਨ ਕਰਦੀ ਹੈ ਪਰ ਬਾਅਦ ਵਿੱਚ ਉਸ ਦੀ ਸ਼ਰੀਫੀ ਅਤੇ ਹੁਨਰ ਅੱਗੇ ਫਿੱਕੀ ਪੈ ਜਾਂਦੀ ਹੈ।

ਇਸ ਫਿਲਮ ਵਿੱਚ ਜਸਵਿੰਦਰ ਭੱਲਾ, ਰਾਜਵੀਰ ਜਵੰਦੇ ਦਾ ਮਾਮਾ ਬਣਿਆ ਹੈ। ਇਹ ਮਾਮੇ ਭਾਣਜੇ ਦੀ ਜੋੜੀ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਰਾਜਵੀਰ ਜਵੰਦੇ ਮੁਤਾਬਕ ਉਸ ਨੂੰ ਅਦਾਕਾਰੀ ਦਾ ਬਚਪਨ ਤੋਂ ਹੀ ਸ਼ੌਕ ਸੀ। ਇਸੇ ਲਈ ਹੀ ਉਸ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵੀ ਸਿੱਖੀ। ਉਸ ਨੇ ਬਕਾਇਦਾ ਥੀਏਟਰ ਅਤੇ ਟੈਲੀਵਿਜ਼ਨ ਦੀ ਪੜਾਈ ਕੀਤੀ। ਉਸ ਨੂੰ ਉਮੀਦ ਹੈ ਕਿ ਉਸ ਦੀ ਗਾਇਕੀ ਵਾਂਗ ਉਸ ਦੀ ਅਦਾਕਾਰੀ ਵੀ ਦਰਸ਼ਕਾਂ ਦੀ ਨਜ਼ਰ ਵਿੱਚ ਪ੍ਰਵਾਨ ਹੋਵੇਗੀ। ਉਸ ਦੀ ਇਸ ਫਿਲਮ ਦੀ ਕਹਾਣੀ ਹਰ ਦਰਸ਼ਕ ਨੂੰ ਪਸੰਦ ਆਵੇਗੀ। ਇਹ ਫਿਲਮ ਪੂਰੀਆਂ ਰੀਝਾਂ ਨਾਲ ਬਣਾਈ ਗਈ ਹੈ। ਫਿਲਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ ਗਿਆ। ਦਰਸ਼ਕ ਉਸ ਨੂੰ ਇਸ ਫਿਲਮ ਵਿੱਚ ਇਕ ਹਟਵੇਂ ਕਿਰਦਾਰ ਵਿੱਚ ਪਸੰਦ ਕਰਨਗੇ। ਹੀਰੋ ਵਜੋਂ ਉਸ ਦੀ ਇਹ ਪਹਿਲੀ ਫਿਲਮ ਹੈ ਇਸ ਲਈ ਉਹ ਖੁਸ਼ ਵੀ ਹੈ ਤੇ ਥੋੜਾ ਚਿੰਤਤ ਵੀ, ਪਰ ਉਹ ਜਾਣਦਾ ਹੈ ਕਿ ਉਸ ਦੀ ਸੱਚੇ ਦਿਲੋਂ ਕੀਤੀ ਗਈ ਮਿਹਨਤ ਅਜਾਈ ਨਹੀਂ ਜਾਵੇਗੀ।
ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ ਮਿਹਨਤ ਤੇ ਲਗਨ ਨੂੰ ਪਰਮ-ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ

ਗੁਰਬਾਜ ਗਿੱਲ
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ
ਬਠਿੰਡਾ (ਪੰਜਾਬ)
98723-62507

Leave a Reply

Your email address will not be published. Required fields are marked *

%d bloggers like this: