Sun. Jul 21st, 2019

ਜਿਲੇ ਵਿੱਚ ਧੜੱਲੇ ਨਾਲ ਚੱਲ ਰਿਹਾ ਕੰਡਮ ਗੱਡੀਆਂ ਨੂੰ ਵੱਢ ਕੇ ਵੇਚਣ ਦਾ ਗੋਰਖ ਧੰਦਾ ਜੋਰਾਂ ‘ਤੇ

ਜਿਲੇ ਵਿੱਚ ਧੜੱਲੇ ਨਾਲ ਚੱਲ ਰਿਹਾ ਕੰਡਮ ਗੱਡੀਆਂ ਨੂੰ ਵੱਢ ਕੇ ਵੇਚਣ ਦਾ ਗੋਰਖ ਧੰਦਾ ਜੋਰਾਂ ‘ਤੇ
ਪ੍ਰਸ਼ਾਸ਼ਨ ਖਾਮੋਸ਼, ਕਬਾੜੀਏ ਕਮਾ ਰਹੇ ਨੇ ਲੱਖਾਂ
ਠੋਸ ਨੀਤੀ ਨਾ ਹੋਣ ਕਰਕੇ ਪੰਜਾਬ ਭਰ ਵਿੱਚ ਕਬਾੜੀਏ ਦੇਖੋ ਦੇਖ ਹੀ ਕਰ ਰਹੇ ਇਹ ਕੰਮ : ਟਰਾਂਸ਼ਪੋਰਟ ਕਮਿਸ਼ਨਰ

ਮਹਿਲ ਕਲਾਂ, ਗੁਰਭਿੰਦਰ ਗੁਰੀ : ਪੁਰਾਣੀਆਂ ਗੱਡੀਆਂ ਮੋਟਰਾਂ ਨੂੰ ਕਬਾੜੀਆਂ ਵੱਲੋਂ ਖਰੀਦੇ ਜਾਣ ਦਾ ਗੋਰਖਧੰਦਾ ਸਾਰੇ ਪੰਜਾਬ ਵਿੱਚ ਧੜਲੇ ਨਾਲ ਚੱਲ ਰਿਹਾ ਹੈ। ਪਰ ਪੰਜਾਬ ਸਰਕਾਰ ਵੱਲੋਂ ਸਮੇਂ ਦੇ ਹਾਣ ਦੇ ਦਿਸ਼ਾ ਨਿਰਦੇਸ਼ਾਂ ਦੀ ਅਣ-ਹੋਂਦ ਕਾਰਨ ਇਹ ਕੇਵਲ ਅਮਨ-ਕਾਨੂੰਨ ਲਈ ਹੀ ਨਹੀਂ ਸਗੋਂ ਵਾਤਾਵਰਣ ਲਈ ਵੀ ਗੰਭੀਰ ਖਤਰੇ ਦੀ ਘੰਟੀ ਬਣ ਚੁੱਕਾ ਹੈ। ਸਰਕਾਰੀ ਗੱਡੀਆਂ ਨੂੰ ‘ਕੰਡਮ’ ਕਰਨ ਲਈ ਵੈਟ ਲਾਗੂ ਹੋਣ ਤੋਂ ਬਾਅਦ ਅਗਸਤ 1996 ਵਿੱਚ ਆਖਰੀ ਵਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿੰਨਾਂ ਦੀ ਵਰਤੋਂ ਕੇਵਲ ਸਰਕਾਰੀ ਗੱਡੀਆਂ ਨੂੰ ਆਪਣੀ ਉਮਰ ਭੋਗਣ ਤੋਂ ਬਾਅਦ ਕੰਡਮ ਕਰਨ ਲਈ ਕੀਤੀ ਜਾਂਦੀ ਹੈ। ਪਰ ਹਰ ਸਾਲ ਦੋ-ਪਹੀਆ ਅਤੇ ਹੋਰ ਗੱਡੀਆਂ ਮੋਟਰਾਂ ਆਪਣੀ ਉਮਰ ਹੰਡਾਕੇ ਕਬਾੜੀਆਂ ਦੇ ਰਹਿਮੋ-ਕਰਮ ਮੁਤਾਬਕ ਹੀ ਦਮ ਤੋੜ ਜਾਂਦੀਆਂ ਹਨ। ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਾਈਕਲਾਂ, ਰੇੜੀਆਂ, ਟੈਂਪੂਆਂ, ਟਰਾਲੀਆਂ ਜਾਂ ਹੋਰ ਵੀ ਵੱਡੀਆਂ ਗੱਡੀਆਂ ਲੈ ਕੇ ਘੁੰਮਦੇ ਕਬਾੜੀਏ ਆਮ ਹੀ ਘਰਾਂ ਤੋਂ ਸਕੂਟਰਾਂ, ਮੋਟਰਸਾਈਕਲਾਂ, ਮੋਪਡਾਂ ਆਦਿ ਦੀ ਖਰੀਦੋ-ਫਰੋਖਤ ਕਰਦੇ ਹਨ। ਹੋਰ ਤਾਂ ਹੋਰ ਕਾਰਾਂ, ਬੱਸਾਂ ਅਤੇ ਪੁਰਾਣੇ ਟਰੱਕਾਂ ਦੀ ਹੋਣੀ ਵੀ ਕੋਈ ਵੱਖਰੀ ਨਹੀਂ ਹੈ।
ਪੰਜਾਬ ਦੇ ਹੋਰ ਸ਼ਹਿਰਾਂ, ਕਸਬਿਆਂ ਜਾਂ ਸੂਬੇ ਦੇ ਮੁੱਖ ਮਾਰਗਾਂ ‘ਤੇ ਵੱਡੇ-ਵੱਡੇ ਕਬਾੜੀਏ ਆਮ ਹੀ ਦੁਕਾਨਾਂ ਖੋਲਕੇ ਬੈਠੇ ਹਨ ਅਤੇ ਧੜੱਲੇ ਨਾਲ ਪੁਰਾਣੀਆਂ ਗੱਡੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਖਰੀਦੋ-ਫਰੋਖਤ ਕਰ ਰਹੇ ਹਨ ਅਤੇ ਬਹੁਤੀ ਵਾਰ ਉਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮੋਟੇ ਮੁਨਾਫੇ ਕਮਾਕੇ ਅੱਗੇ ਵੇਚਦੇ ਵੀ ਹਨ। ਵੱਖਵਾਦੀ ਜਾਂ ਦੇਸ਼ ਵਿਰੋਧੀ ਸ਼ਕਤੀਆਂ ਵੱਲੋਂ ਕਬਾੜੀਆਂ ਤੋਂ ਹੀ ਖਰੀਦੀਆਂ ਗੱਡੀਆਂ ਵਿੱਚ ਅਕਸਰ ਵਿਸਫੋਟਕ ਪਦਾਰਥ ਰੱਖ ਕੇ ਕੀਤੇ ਧਮਾਕਿਆਂ ਵਿੱਚ ਕੀਮਤੀ ਮਨੁੱਖੀ ਜਾਨਾਂ ਤੋਂ ਇਲਾਵਾ ਭਾਰੀ ਮਾਲੀ ਨੁਕਸਾਨ ਵੀ ਕੀਤਾ ਜਾਂਦਾ ਹੈ। ਅਜਿਹੇ ਮੌਕਿਆਂ ‘ਤੇ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਵਾਲੇ ਬਹੁਤੇ ਕਬਾੜੀਏ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਅਣਹੋਂਦ ਕਾਰਨ ਮੋਟੇ ਚੜਾਵੇ” ਚੜਾਕੇ ਆਪਣੀ ਬੰਦ-ਖਲਾਸੀ ਕਰਵਾਉਂਦੇ ਆਮ ਦੇਖੇ ਜਾ ਸਕਦੇ ਹਨ।
ਅੱਜ ਕੱਲ ਬਰਨਾਲਾ, ਭਦੌੜ, ਧਨੌਲਾ, ਮਹਿਲ ਕਲਾਂ, ਤਪਾ ਤੋਂ ਇਲਾਵਾ ਹੋਰਨਾਂ ਕਸ਼ਬਿਆਂ ਵਿੱਚ ਵੀ ਇਹ ਗੋਰਖ ਧੰਦਾ ਅਮਰ ਵੇਲ ਵਾਂਗ ਵੱਧ ਰਿਹਾ ਹੈ। ਇਸ ਗੈਰ-ਕਾਨੂੰਨੀ ਧੰਦੇ ਵਿੱਚ ਪੈਸੇ ਦੀ ਬਹੁਤਾਤ ਕਾਰਨ ਕਈ ਕਬਾੜੀਏ ਤਾਂ ਅੱਜ-ਕੱਲ ਰਾਜਨੀਤੀ ਵਿੱਚ ਵੀ ਹੱਥ ਅਜਮਾ ਰਹੇ ਹਨ ਅਤੇ ਪਿਛਲੇ ਸਮੇਂ ਵਿੱਚ ਰਾਜਨੀਤਿਕ ਚਰਚਾ ਦਾ ਕੇਂਦਰ ਵੀ ਬਣੇ ਰਹੇ ਹਨ। ਕੇਵਲ ਗੱਡੀਆਂ ਮੋਟਰਾਂ ਖਰੀਦਣ ਵਾਲੇ ਕਰੀਬ ਅੱਧੀ ਦਰਜਨ ਕਬਾੜੀਏ ਰਾਏਕੋਟ ਵਿੱਚ ਹੀ ਹਰ ਸਾਲ ਪੰਜ ਸੌ ਤੋਂ ਜਿਆਦਾ ਗੱਡੀਆਂ ਦੇ ਟੋਟੇ ਕਰਕੇ ਗੱਡੀਆਂ ਨੂੰ ਸੜਕਾਂ ਦੀ ਭੀੜ ਤੋਂ ਬਾਹਰ ਕਰ ਦਿੰਦੇ ਹਨ।
ਹਾਦਸਿਆਂ ਵਿੱਚ ਬੁਰੀ ਤਰਾਂ ਤਬਾਹ ਹੋਈਆਂ ਗੱਡੀਆਂ ਨੂੰ ਸਦਾ ਲਈ ਖਤਮ ਕਰਨ ਦੇ ਮਾਮਲੇ ਵਿੱਚ ਗੱਡੀ ਦੇ ਅਸਲ ਮਾਲਕ ਦਾ ਹਲਫੀਆ ਬਿਆਨ ਹਾਸਲ ਕਰਕੇ, ਗੱਡੀ ਦੇ ਚਾਸੀ ਅਤੇ ਇੰਜਣ ਦੀਆ ਨੰਬਰ ਪਲੇਟਾਂ ਨੂੰ ਅਸਲ ਮਾਲਕ ਹਵਾਲੇ ਕਰਨਾ ਹੁੰਦਾ ਹੈ ਅਤੇ ਗੱਡੀ ਦਾ ਅਸਲ ਮਾਲਕ ਇੰਨਾਂ ਪਲੇਟਾਂ ਅਤੇ ਗੱਡੀ ਦੇ ਰਜਿਸ਼ਟ੍ਰੇਸ਼ਨ ਸਰਟੀਫਿਕੇਟ ਨੂੰ ਟਰਾਂਸਪੋਰਟ ਵਿਭਾਗ ਕੋਲ ਜਮਾਂ ਕਰਵਾ ਕੇ ਇਸ ਨੂੰ ਰਿਕਾਰਡ ਵਿੱਚੋਂ ਸਦਾ ਲਈ ਹਟਾ ਦੇਣ ਦੀ ਬੇਨਤੀ ਕਰਨ ਲਈ ਪਾਬੰਦ ਹੁੰਦੇ ਹਨ। ਕਬਾੜੀਆਂ ਵੱਲੋਂ ਗੱਡੀਆਂ ਦੇ ਗੈਸਾਂ ਜਾਂ ਹਵਾ ਵਾਲੇ ਸਿਲੰਡਰਾਂ ਅਤੇ ਬਾਲਣ ਵਾਲੇ ਟੈਂਕਾਂ ਨੂੰ ਵੀ ਬਿਨਾਂ ਕਿਸੇ ਇਤਿਹਾਦ ਦੇ ਤੋੜਨਾ ਅਤੇ ਕਈ ਕਲ-ਪੁਰਜਿਆਂ ਨੂੰ ਅੱਗ ਲਾ ਕੇ ਸਾੜਨ ਨਾਲ ਜਿਥੇ ਕੀਮਤੀ ਜਿੰਦਗੀਆਂ ਦਾਅ ‘ਤੇ ਲੱਗ ਜਾਂਦੀਆਂ ਹਨ, ਉਥੇ ਵਾਤਾਵਰਣ ਲਈ ਵੀ ਘਾਤਕ ਸਾਬਤ ਹੋ ਰਹੀਆਂ ਹਨ। ਇਸੇ ਗੰਭੀਰ ਸਮਸਿਆ ਨੂੰ ਦੇਖਦਿਆਂ ਦਿੱਲੀ ਅਤੇ ਦੇਸ਼ ਦੀ ਰਾਜਧਾਨੀ ਖੇਤਰ ਵਿੱਚ ਗੱਡੀਆਂ ਨੂੰ ਕੰਡਮ ਕਰਨ ਤੋਂ ਬਾਅਦ ਟੋਟੇ ਕਰਨ ਦੇ ਮਾਮਲੇ ਵਿੱਚ ਦਿਸ਼ਾ-ਨਿਰਦੇਸ਼ ਹਾਲੀਆ 24 ਅਗਸਤ 2018 ਨੂੰ ਜਾਰੀ ਕੀਤੇ ਗਏ ਹਨ। ਜਿਸ ਦੇ ਤਹਿਤ ਹੁਣ ਕੇਵਲ ਰਜਿਸਟਰਡ ਕਵਾੜੀਏ ਹੀ ਭਵਿੱਖ ਵਿੱਚ ਇਹ ਕੰਮ ਕਰ ਸਕਣਗੇ। ਉਹ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਇਹ ਸਾਰਾ ਕਾਰੋਬਾਰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੀ ਕਰਨਗੇ ਅਤੇ ਕੰਡਮ ਗੱਡੀਆਂ ਦੀ ਰਜਿਸਟ੍ਰੇਸ਼ਨ ਸਰਕਾਰੀ ਰਿਕਾਰਡ ਵਿੱਚੋਂ ਵੀ ਸਦਾ ਲਈ ਖਤਮ ਕਰ ਦਿੱਤੀ ਜਾਵੇਗੀ।

ਜਦੋਂ ਇਸ ਸਬੰਧੀ ਕੁੱਝ ਕਬਾੜੀਆਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਉਨਾਂ ਨੂੰ ਮੋਟਰ ਵਹੀਕਲ ਕਾਨੂੰਨ ਬਾਰੇ ਕੁਝ ਵੀ ਨਹੀਂ ਜਾਣਦੇ। ਉਹ ਤਾਂ ਕੇਵਲ ਗੱਡੀ ਦੇ ਮਾਲਕ ਤੋਂ ਇੱਕ ਹਲਫੀਆ ਬਿਆਨ, ਸ਼ਨਾਖਤੀ ਦਸਤਾਵੇਜ ਅਤੇ ਗੱਡੀ ਦੀ ਕਾਪੀ ਲੈ ਕੇ ਮਾਲਕ ਹੱਥ ਪੈਸੇ ਫੜਾਕੇ ਗੱਡੀ ਦੇ ਮਾਲਕ ਬਣ ਜਾਂਦੇ ਹਨ ਅਤੇ ਗੱਡੀ ਦੇ ਟੋਟੇ ਕਰਕੇ ਵੇਚ ਦਿੰਦੇ ਹਨ।

ਜਦੋਂ ਇਸ ਸਬੰਧੀ ਸਟੇਟ ਟਰਾਂਸਪੋਰਟ ਅਫਸਰ ਰਵਿੰਦਰ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਕੰਡਮ ਵਹੀਕਲਾਂ ਦੀ ਕੋਈ ਠੋਸ ਨੀਤੀ ਨਾ ਹੋਣ ਕਰਕੇ ਪੰਜਾਬ ਭਰ ਵਿੱਚ ਕਬਾੜੀਏ ਦੇਖੋ ਦੇਖ ਹੀ ਇਹ ਕੰਮ ਕਰ ਰਹੇ ਹਨ, ਉਨਾਂ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਨੂੰ ਪਾਲਿਸੀ ਭੇਜੀ ਜਾ ਚੁੱਕੀ ਹੈ, ਜਦੋਂ ਵੀ ਉਕਤ ਪਾਲਿਸੀ ਲਾਗੂ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਮਨਜੂਰਸ਼ੁਦਾ ਕਬਾੜੀਏ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਇਹ ਕੰਮ ਕਰ ਸਕਣਗੇ।

Leave a Reply

Your email address will not be published. Required fields are marked *

%d bloggers like this: