Fri. Jul 19th, 2019

ਜਾਨਦਾਰ ਕੰਸੈਪਟ ਅਤੇ ਔਸਤਨ ਪੇਸ਼ਕਾਰੀ : ਫ਼ਿਲਮ ਕਿਰਦਾਰ-ਏ-ਸਰਦਾਰ

ਜਾਨਦਾਰ ਕੰਸੈਪਟ ਅਤੇ ਔਸਤਨ ਪੇਸ਼ਕਾਰੀ : ਫ਼ਿਲਮ ਕਿਰਦਾਰ-ਏ-ਸਰਦਾਰ

ਮਿਤੀ 29 ਸਤੰਬਰ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਦੀ ਫ਼ਿਲਮ ਕਿਰਦਾਰ-ਏ-ਸਰਦਾਰ ਐਕਸ਼ਨ ਵਿਧਾ ਵਿੱਚ ਸਮਾਜਿਕ ਵਿਸ਼ੇ ਦੀ ਫ਼ਿਲਮ ਹੈ। ਇਸਦਾ ਮੁੱਖ ਥੀਮ ਬਾਕਸਿੰਗ ਖੇਡ ਅਤੇ ਖਿਡਾਰੀਆਂ ਰਾਹੀਂ ਉੇਠਾਏ (ਸਾਬਤ ਸੂਰਤ ਹੋ ਕੇ ਨਾ ਖੇਡ ਸਕਣ ਦੇ) ਮੁੱਦੇ ਤੇ ਅਧਾਰਿਤ ਹੈ। ਫ਼ਿਲਮ ਵਿੱਚ ਲੀਡ ਕਿਰਦਾਰ ਨਵ ਬਾਜਵਾ, ਨੇਹਾ ਪਵਾਰ, ਗੁਰਪ੍ਰੀਤ ਕੌਰ ਚੱਢਾ, ਰਾਣਾ ਜੰਗ ਬਹਾਦਰ, ਮਹਾਂਵੀਰ ਭੁੱਲਰ ਅਤੇ ਰਜ਼ਾ ਮੁਰਾਦ ਨੇ ਨਿਭਾਏ ਨੇ।ਫ਼ਿਲਮ ਦੀ ਕਹਾਣੀ ਫ਼ਲੈਸ਼ ਬੈਕ ਰਾਹੀਂ ਸ਼ੁਰੂ ਹੁੰਦੀ ਹੈ ਜਿੱਥੇ ਫ਼ਤਹਿ(ਨਵ ਬਾਜਵਾ) ਕਾਲਜੀਏਟ ਹੈ ਅਤੇ ਬਾਕਸਿੰਗ ਖੇਡ ਦਾ ਕਾਲਜ ਚੈਂਪੀਅਨ ਵੀ।ਘਰ ਵਿੱਚ ਉਸਦੀ ਮਾਂ ਦਲਬੀਰ (ਗੁਰਪ੍ਰੀਤ ਕੌਰ ਚੱਢਾ) ਅਤੇ ਦਾਦਾ(ਰਾਣਾ ਜੰਗ ਬਹਾਦਰ) ਰਹਿੰਦੇ ਨੇ।ਉਸਦੇ ਬਾਪ ਕੁਲਵੰਤ ਸਿੰਘ ਖਾਲਸਾ(ਕੇ.ਐੱਸ.ਮੱਖਣ) ਦੀ ਮੌਤ ਦੇ ਗਮ ‘ਚ ਉਸਦੇ ਦਾਦੇ ਨੂੰ ਪੈਰਾਲਾਇਜ਼ ਹੋਇਆ ਦਿਖਾਇਆ ਹੈ।ਕੁਲਵੰਤ ਆਪਣੀ ਬਾਕਸਿੰਗ ਦੇ ਜ਼ਰੀਏ ਪੁਲਿਸ ਵਿੱਚ ਇੰਸਪੈਕਟਰ ਭਰਤੀ ਹੋਇਆ ਹੁੰਦਾ ਹੈ ਪਰ ਸਮਾਜ ਵਿਰੋਧੀ ਅਨਸਰਾਂ ਦੇ ਅਚਾਨਕ ਕੀਤੇ ਕਾਤਲਾਨਾ ਹਮਲੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਬਿਨਾਂ ਬਾਪ ਤੋਂ ਪਲਿਆ ਫ਼ਤੇਹ ਕਾਫ਼ੀ ਗ਼ਲਤ ਆਦਤਾਂ ਪਾਲ ਲੈਂਦਾ ਹੈ।

ਕਾਲਜ ਵਿੱਚ ਸਰਕਾਰੀਆ ਦੇ ਬੰਦਿਆਂ ਵੱਲੋਂ ਆਪਣੇ ਦੋਸਤ ਅਤੇ ਕੋਚ ਤਾਰੇ (ਦੀਦਾਰ ਗਿੱਲ) ਨਾਲ ਕੀਤੇ ਧੱਕੇ ਖ਼ਿਲਾਫ਼ ਲੜਨ ਦਾ ਮਾਰਾ ਫ਼ਤੇਹ ਬਾਕਸਿੰਗ ਨੂੰ ਪ੍ਰੋਫ਼ੈਸ਼ਨਲੀ ਜੁਆਇਨ ਕਰਦਾ ਹੈ।ਏਥੇ ਹੀ ਉਸਨੂੰ ਪਤਾ ਲੱਗਦੈ ਕਿ ਉਸਦਾ ਬਾਪ ਨਾਮੀ ਮੁੱਕੇਬਾਜ ਸੀ। ਉਹ ਆਪਣੇ ਬਾਪ ਦੀਆਂ ਤਾਰੀਫ਼ਾਂ ਅਤੇ ਖੱਟੇ ਹੋਏ ਨਾਮਣੇ ਤੋਂ ਮੁਤਾਸਿਰ ਹੋਇਆ ਸਰਦਾਰ ਬਣ ਜਾਂਦਾ ਹੈ।ਪਹਿਲਾਂ ਉਸਦੀ ਮਾਂ ਜੋ ਕਿੱਟੀ ਪਾਰਟੀਆਂ ਅਤੇ ਬਿਊਟੀਸ਼ਨਾਂ ਦੇ ਜਾਣ ਨੂੰ ਤਵੱਜੋ ਦੇਂਦੀ ਸੀ ਵੀ ਆਪਣੇ ਵਿੱਚ ਸੁਧਾਰ ਕਰ ਲੈਂਦੀ ਹੈ।ਕੁਲਵੰਤ ਸਿੰਘ ਸਟੇਟ ਪੱਧਰ ਤੱਕ ਇਨਾਮ ਜਿੱਤ ਕੇ ਜਦੋਂ ਰਾਸ਼ਟਰੀ ਪੱਧਰ ਲਈ ਲੜਨ ਦੀ ਗੱਲ ਕਰਦੈ ਤਾਂ ਨਿਯਮ ਉਸਨੂੰ ਸਾਬਤ-ਸੂਰਤ ਖੇਡਣ ਦੀ ਆਗਿਆ ਨਹੀਂ ਦੇਂਦੇ।ਸਿੱਟੇ ਵਜੋਂ ਉਹ ਸਿੱਖੀ ਕਾਇਮ ਰੱਖਦੈ ਅਤੇ ਬਾਕਸਿੰਗ ਨੂੰ ਛੱਡ ਦਿੰਦੈ। ਏਸ ਦੇ ਉਲਟ ਉਸਦਾ ਪੁੱਤਰ ਵਾਲ ਕੱਟੇ ਹੋਣ ਦੇ ਬਾਵਯੂਦ ਦਸਤਾਰ ਸਜਾਉਂਦਾ ਹੈ।

ਏਸੇ ਦੌਰਾਨ ਕਹਾਣੀ ਕਈ ਦਿਲਚਸਪ ਮੋੜ ਲੈਂਦੀ ਹੈ। ਜਿਸ ਵਿੱਚ ਉਸਦੀ ਗਰਲ ਫ਼ਰੈਂਡ ਰਿਚਾ ਵੱਲੋਂ ਸਰਦਾਰ ਦੇ ਰੂਪ ‘ਚ ਉਸਨੂੰ ਪਸੰਦ ਨਾ ਕਰਨਾ, ਰਿਚਾ ਦੇ ਮਾਪਿਆਂ ਵੱਲੋਂ ਫ਼ਤੇਹ ਨੂੰ ਪਸੰਦ ਕਰ ਲੈਣਾ, ਰਾਸ਼ਟਰ ਪੱਧਰ ਤੇ ਸਾਬਤ ਸੂਰਤ ਨਾ ਖੇਡ ਸਕਣ ਦੀ ਸੂਰਤ ‘ਚ ਡੈਨੀ ਡਿਸੂਜ਼ਾ ਨੂੰ ਓਪਨ ਲੀਗ ‘ਚ ਹਰਾਉਣਾ ਅਤੇ ਸਰਕਾਰੀਆ ਨੂੰ ਪੁਲਿਸ ਗ੍ਰਿਫ਼ਤ ਚ ਲਿਆਉਣਾ ਆਦਿ ਕਹਾਣੀ ਨੂੰ ਸਮਾਪਤੀ ਵੱਲ ਲਿਜਾਂਦੇ ਨੇ।ਕਹਾਣੀ ਦਾ ਮੁੱਖ ਮਕਸਦ ਸਿੱਖ ਧਰਮ ਖ਼ਾਸ ਤੌਰ ਤੇ ਸਰਦਾਰ ਬਣਨ ਲਈ ਪ੍ਰੇਰਿਤ ਕਰਨਾ ਰਿਹੈ। ਯਾਦ ਰਹੇ ਕਿ ਫ਼ਿਲਮ ਵੀ ਸਿੱਖੀ ਦੇ ਮਤਲਬ ਸਿਰਫ਼ ਪੱਗ ਬੰਨ੍ਹਣ ਤੱਕ ਸੀਮਿਤ ਕਰਦੀ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਕੰਟਰੋਵਰਸ਼ੀਅਲ ਇਸ਼ੂ ਬਣ ਕੇ ਉੱਭਰ ਸਕਦੈ। ਖ਼ੈਰ, ਨਿਰਦੇਸ਼ਕ ਨੇ ਕੰਸੈਪਟ ਭਾਂਵੇਂ ਜਾਨਦਾਰ ਲਿਆ ਹੈ ਪਰ ਏਸ ਨੂੰ ਧਾਰਮਿਕ ਪੱਧਰ ਤੇ ਰੰਗਤ ਦੇਣਾ ਅਤੇ ਨਿਭਾਉਣਾ ਓਨਾ ਆਸਾਨ ਨਹੀਂ। ਉਮੀਦ ਹੈ ਸਿੱਖ ਦੀ ਪਹਿਚਾਣ ਕਰਵਾਉਣ ਵਾਲੇ ਮਸਲੇ ਨਾਲ ਅੱਗੋਂ ਤੋਂ ਨਿਰਦੇਸ਼ਕ ਵਰਗ ਸੋਚ ਸਮਝ ਕੇ ਕਦਮ ਉਠਾਏਗਾ।

ਫ਼ਿਲਮ ਦਾ ਪਹਿਲਾ ਹਾਫ਼ ਕਾਫ਼ੀ ਪਕਾਊ ਜਿਹਾ ਹੈ ਜਦਕਿ ਇੰਟਰਵਲ ਤੋਂ ਬਾਅਦ ਦਰਸ਼ਕ ਦੀ ਰੌਚਿਕਤਾ ਵਧਣ ਦੀ ਸੰਭਾਵਨਾ ਬਣਦੀ ਹੈ।ਗੀਤ-ਸੰਗੀਤ ਕਹਾਣੀ ਦੇ ਅਨੁਸਾਰ ਹੀ ਹੈ ਪਰ ਅਦਾਕਾਰਾਂ ਪੱਖੋਂ ਕਿਸੇ ਵੀ ਸਹਿ ਅਦਾਕਾਰ ਦਾ ਉਚਾਰਨ ਪੰਜਾਬੀ ਵਿੱਚ ਸਹੀ ਨਹੀਂ ਸੀ। ਮਸਲਨ ਰਜ਼ਾ ਮੁਰਾਦ ਅਤੇ ਗੁਰਪ੍ਰੀਤ ਚੱਢਾ ਤਾਂ ਅੱਧਕ ਵਾਲੇ ਅੱਖਰ ਬੋਲ ਹੀ ਨਹੀਂ ਪਾ ਰਹੇ ਸੀ।ਉਮੀਦ ਹੈ ਕਿਸੇ ਵੱਡੇ ਬਜਟ ਦੀ ਫ਼ਿਲਮ ‘ਚ ਅੱਗੋਂ ਤੋਂ ਸਟਾਰ ਕਾਸਟ ਚੁਣਨ ਵੇਲੇ ਏਹ ਗਲਤੀਆਂ ਨਹੀਂ ਹੋਣਗੀਆਂ।ਮੇਕ-ਅੱਪ ਆਰਟਿਸਟ ਨੂੰ ਵੀ ਏਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਅਧਖੜ ਉਮਰ ਦੇ ਬੰਦੇ ਨੂੰ ਨੌਜਵਾਨ ਦਿਖਾਉਣ ਵੇਲੇ ਕੁਝ ਨੁਕਤੇ ਅਤੇ ਉਸ ਤੋਂ ਵੀ ਖਾਸ ਉਸਦੇ ਬਾਪ ਦਾ ਰੋਲ ਬਰਾਬਰ ਦੇਣ ਵੇਲੇ ਏਹ ਧਿਆਨ ‘ਚ ਹੀ ਨਹੀਂ ਰੱਖਿਆ ਗਿਆ ਕਿ ਉਸਦੇ ਪਿਓ ਦੀ ਦਾਹੜੀ ਵੀ ਕੋਰੀ ਕਾਲੀ ਦਿਖਾਈ ਹੈ ਜਿਸਤੋਂ ਕਿਰਦਾਰ ਵਿੱਚੋਂ ਮੌਲਿਕਤਾ ਸਾਫ਼ ਖਤਮ ਹੁੰਦੀ ਦਿਖਦੀ ਹੈ।

ਇੱਕ ਹੋਰ ਗੰਭੀਰ ਸਮੱਸਿਆ ਜੋ ਫ਼ਿਲਮ ਦੇਖਦੇ ਸਮੇਂ ਸਟਰੱਕ ਕਰਦੀ ਹੈ ਕਿ ਨਿਰਦੇਸ਼ਕ ਅਕਸਰ ਫ਼ਿਲਮ ਦੇ ਕਈ ਹਿੱਸੇ ਅਲੱਗ ਅਲੱਗ ਸਮੇਂ ਸ਼ੂਟ ਕਰਦੇ ਨੇ ਅਤੇ ਐਡੀਟਿੰਗ ਦੌਰਾਨ ਏਹ ਚੀਜ਼ਾਂ ਵੱਡੀ ਗਲਤੀ ਬਣ ਕੇ ਉੱਭਰਦੀਆਂ ਨੇ। ਉਦਾਹਰਨ ਵਜੋਂ ਫ਼ਿਲਮ ਦੇ ਸ਼ੁਰੂ ‘ਚ ਹੀ ਇੱਕ ਦ੍ਰਿਸ਼ ਆਉਂਦੈ ਕਿ ਸਬੀਨਾ ਆਂਟੀ (ਡੌਲੀ ਬਿੰਦਰਾ) ਜਿਸਨੂੰ ਕਿਸੇ ਵੇਲੇ ਕੁਲਵੰਤ ਸਿੰਘ ਨੇ ਦੰਗਿਆਂ ਤੋਂ ਬਚਾਇਆ ਸੀ ਆਪਣੀ ਬੇਟੀ ਜ਼ੋਇਆ ਦੇ ਵਿਆਹ ਲਈ ਉਹ ਕਾਰਡ ਦੇਣ ਆਉਂਦੀ ਹੈ ਅਤੇ ਫ਼ਤੇਹ ਦੀ ਮਾਂ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ “ਉਹ ਜ਼ੋਇਆ ਨੂੰ ਤੁਹਾਡੇ ਘਰ ਦੀ ਨੂੰਹ ਬਣਾਉਣਾ ਚਾਹੁੰਦੀ ਸੀ ਪਰ ਤੁਸੀਂ ਕਿੱਟੀ ਪਾਰਟੀਆਂ ‘ਚ ਲੱਗ ਕੇ ਫ਼ਤੇਹ ਨੂੰ ਹੱਥੋਂ ਕੱਢ ਲਿਆ ਹੈ ਅਤੇ ਉਹ ਹੁਣ ਮੁਸਲਮਾਨ ਹੋ ਕੇ ਵੀ ਆਪਣੀ ਧੀ ਲਈ ਸਿੱਖ ਲੜਕੇ ਨਾਲ ਉਸਦਾ ਵਿਆਹ ਰਚਾ ਰਹੀ ਹੈ”। ਦੂਜੇ ਪਾਸੇ ਫ਼ਿਲਮ ਦੀ ਫ਼ਲੈਸ਼ ਬੈਕ ‘ਚ ਦਿਖਾਏ ਦ੍ਰਿਸ਼ ਜਦੋਂ ਸਬੀਨਾ ਨੂੰ ਕੁਲਵੰਤ ਦੰਗਿਆਂ ‘ਚੋਂ ਬਚਾ ਕੇ ਲਿਆਉਂਦਾ ਹੈ ਤਾਂ ਉਹ ਧੰਨਵਾਦ ਕਰਦੀ ਹੋਈ ਕਹਿੰਦੀ ਹੈ ਕਿ ਅੱਲ੍ਹਾ ਦਾ ਸ਼ੁਕਰ ਹੈ ਕਿ ਮੈਨੂੰ ਅੱਜ ਇੱਕ ਸਿੱਖ ਭਰਾ ਮਿਲਿਐ। ਸੋ, ਏਹ ਡਾਇਲਾਗ ਮੇਰੇ ਖ਼ਿਆਲ ਨਾਲ ਨਿਰਦੇਸ਼ਕ ਨੂੰ ਆਪ ਵੀ ਮੁੜ ਸੁਣ ਲੈਣੇ ਚਾਹੀਦੇ ਨੇ ਅਤੇ ਅੱਗੋਂ ਤੋਂ ਏਸ ਗੱਲ ਦਾ ਧਿਆਨ ਰੱਖਣ ਦਾ ਪ੍ਰਣ ਵੀ। ਫ਼ਿਲਮ ਵਿੱਚੋਂ ਹੀ ਕਿਰਦਾਰ ਹਰਦੇਵ ਸਿੰਘ (ਫ਼ਤੇਹ ਦਾ ਚਾਚਾ) ਲਗਾਤਾਰ ਸਿਆਣੀਆਂ ਗੱਲਾਂ ਕਰਕੇ ਦਲਬੀਰ ਕੌਰ ਨੂੰ ਚੰਗੀ ਬਣਨ ਲਈ ਬੂਸਟ ਕਰਦੈ ਪਰ ਫ਼ਿਲਮ ਦੇ ਪਿਛਲੇ ਭਾਗ ਵਿੱਚ ਆਪਣੇ ਸਹੁਰੇ ਦੀ ਸੇਵਾ ਕਰਨ ਦਾ ਖ਼ਿਆਲ ਲੇਟ ਆਉਣ ਲਈ ਦਿੱਤੀਆਂ ਮੱਤਾਂ ਇੱਕ ਔਰਤ ਕਿਰਦਾਰ ਨੂੰ ਡੀ ਗਰੇਡ ਕਰਦੀਆਂ ਵੱਧ ਜਾਪਦੀਆਂ ਨੇ।

ਏਸੇ ਤਰ੍ਹਾਂ ਦੰਗਾ ਕਰਦੇ ਲੋਕਾਂ ਤੋਂ ਸਬੀਨਾ ਨੂੰ ਛੁਡਵਾਉਣ ਵੇਲੇ ਕੀਤੀ ਉਸਦੀ ਰੋਣ ਦੀ ਓਵਰਐਕਟਿੰਗ ਅਤੇ ਕੇ.ਐੱਸ.ਮੱਖਣ ਦੀ ਡਾਇਲਾਗ ਰੈਪੀਟਿਸ਼ਨ “ਓ ਡਰ ਨਾ ਮਂੈ ਹੈਗਾ-7 ਵਾਰ” ਦਾ ਜੇਕਰ ਰੀਟੇਕ ਲੈ ਲਿਆ ਜਾਂਦਾ ਤਾਂ ਦ੍ਰਿਸ਼ ਸੁਹਣਾ ਬਣ ਸਕਦਾ ਸੀ। ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਨਵ ਬਾਜਵਾ ਅੱਗੇ ਨਾਲੋਂ ਵਧੀਆ ਅਦਾਕਾਰ ਅਤੇ ਕਾਨਫ਼ੀਡੈਂਟ ਹੋ ਕੇ ਪੂਰੀ ਫ਼ਿਲਮ ‘ਚ ਛਾਇਆ ਰਿਹਾ। ਕੋਚ ਬਲਵਾਨ ਰਾਏ ਦੇ ਕਿਰਦਾਰ ‘ਚ ਮਹਾਂਬੀਰ ਭੁੱਲਰ ਨੇ ਪੂਰੀ ਜਾਨ ਪਾਈ ਹੈ।ਸੁਹਣੇ ਕੰਮ ਲਈ ਉਹਨਾਂ ਨੂੰ ਦਿਲੀ ਮੁਬਾਰਕ।ਨੇਹਾ ਪਵਾਰ ਅਦਾਕਾਰੀ ਪੱਖੋਂ ਠੀਕ ਹੈ ਪਰ ਉਸਦੀ ਦਿਖ ਅਦਾਕਾਰਾਂਵਾਂ ਵਾਲੀ ਨਹੀਂ ਜਾਪਦੀ ਇਸ ਗੱਲ ਲਈ ਉਸਨੂੰ ਆਪਣੀ ਫ਼ੇਸ ਵੈਲਿਊ ਦੀ ਥਾਏਂ ਕਰੈਕਟਰ ਦੀਫ਼ੇਸ ਵੈਲਿਊ ਜ਼ਰੂਰ ਗੌਲਣੀ ਚਾਹੀਦੀ ਹੈ। ਅਰਵਿੰਦਰ ਭੱਟੀ ਨੇ ਫ਼ਿਲਮ ਦੇ ਆਖ਼ਿਰ ‘ਚ ਬੇਸ਼ੱਕ ਪੁਲਿਸ ਦਾ ਛੋਟਾ ਜਿਹਾ ਕਿਰਦਾਰ ਕੀਤਾ ਹੈ ਪਰ ਉਹ ਵਧੀਆ ਤਰੀਕੇ ਨਾਲ ਨਿਭਿਆ।

ਕੁੱਲ ਮਿਲਾ ਕੇ ਫ਼ਿਲਮ ਲਈ ਚੁਣੇ ਗਏ ਸਟਾਰ ਅਜੇ ਲੋਕ-ਦਿਲਾਂ ਵਿੱਚ ਘੱਟ ਚਰਚਿਤ ਨੇ ਜਿਸ ਕਰਕੇ ਲੋਕ ਏਹਨਾਂ ਨੂੰ ਕਮਰਸ਼ੀਅਲ ਜਗ੍ਹਾ ਨਹੀਂ ਦੇ ਪਾਉਂਦੇ ਪਰ ਕੰਸੈਪਟ ਵਾਕਈ ਵਧੀਆ ਹੈ। ਨਿਰਦੇਸ਼ਕ ਨੇ ਸਰਦਾਰ ਹੋਣ ਅਤੇ ਸਰਦਾਰੀ ਕਾਇਮ ਰੱਖਣ ਦੀ ਅਹਿਮੀਅਤ ਸਿਰਜਣ ਦਾ ਉਪਰਾਲਾ ਕੀਤਾ ਹੈ ਅਤੇ ਸਭ ਤੋਂ ਵੱਡਾ ਮੁੱਦਾ ਏਹ ਸਵਾਲ ਰੱਖਣਾ ਰਿਹਾ ਹੈ ਕਿ ਅਜੇ ਵੀ ਸਿੱਖ ਕਿਰਦਾਰ ਸਾਬਤ ਸੂਰਤ ਹੋ ਕੇ ਬਾਕਸਿੰਗ ਵਿੱਚ ਸ਼ਾਮਿਲ ਹੋਣ ਤੋਂ ਸੱਖਣਾ ਹੈ।ਉਮੀਦ ਹੈ ਏਸਦਾ ਕੇਂਦਰੀ ਮਕਸਦ ਸੰਬੰਧਿਤ ਧਿਰਾਂ ਤੱਕ ਪਹੁੰਚੇਗਾ ਅਤੇ ਠੋਸ ਹੱਲ ਵੀ ਨਿੱਕਲਣਗੇ।ਦਰਸ਼ਕਾਂ ਨੂੰ ਸਲਾਹ ਹੈ ਕਿ ਉਹ ਫ਼ਿਲਮ ਦੇਖਣ ਔਰ ਉਪਰੋਕਤ ਸਾਂਝੇ ਕੀਤੇ ਵਿਚਾਰਾਂ ਨੂੰ ਫ਼ਿਲਮ ਦੇਖਦੇ ਸਮੇਂ ਗੌਲਣ ਵੀ। ਏਹ ਵੱਡੀ ਗੱਲ ਹੈ ਕਿ ਫ਼ਿਲਮ ਦਰਸ਼ਕਾਂ ਲਈ ਹੀ ਬਣਦੀ ਹੈ ਪਰ ਦਰਸ਼ਕਾਂ ਨੂੰ ਵੀ ਫ਼ਿਲਮ ਦੇਖਣ ਲਈ ਵਿਜ਼ਨ ਸਥਾਪਤ ਕਰਨਾ ਹੋਵੇਗਾ।

ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217

Leave a Reply

Your email address will not be published. Required fields are marked *

%d bloggers like this: