ਜਾਇਦਾਦ ਅਤੇ ਹੋਰ ਦਸਤਾਵੇਜਾਂ ਦੀ ਰਜਿਸਟਰੇਸ਼ਨ ਲਈ ਆਧਾਰ ਕਾਰਡ ਨੰਬਰ ਦਰਜ ਕਰਵਾਉਣਾ ਜਰੂਰੀ
ਜਾਇਦਾਦ ਅਤੇ ਹੋਰ ਦਸਤਾਵੇਜਾਂ ਦੀ ਰਜਿਸਟਰੇਸ਼ਨ ਲਈ ਆਧਾਰ ਕਾਰਡ ਨੰਬਰ ਦਰਜ ਕਰਵਾਉਣਾ ਜਰੂਰੀ
ਰੂਪਨਗਰ, 15 ਦਸੰਬਰ : ਪੰਜਾਬ ਸਰਕਾਰ ਲਏ ਗਏ ਫੈਸਲੇ ਅਨੁਸਾਰ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਲਈ ਆਧਾਰ ਕਾਰਡ ਨੰਬਰ ਦਰਜ ਕਰਨਾ ਜਰੂਰੀ ਕਰ ਦਿੱਤਾ ਗਿਆ ਹੈ। ਭਾਵ ਕਿ ਹੁਣ ਸਿਰਫ ਜਾਇਦਾਦਾਂ ਦੀਆਂ ਰਜਿਸਟਰੀਆਂ ਹੀ ਨਹੀਂ ਸਗੋਂ ਹਰ ਤਰ੍ਹਾਂ ਦੇ ਦਸਤਾਵੇਜਾਂ ਦੀ ਆਧਾਰ ਕਾਰਡ ਨੰਬਰ ਨਾਲ ਹੀ ਰਜਿਸਟਰੇਸ਼ਨ ਹੋ ਸਕੇਗੀ। ਇਹ ਹਦਾਇਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਨੀਤ ਤੇਜ ਨੇ ਜ਼ਿਲ੍ਹੇ ਦੇ ਸਾਰੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਕਰਦਿਆਂ ਕਿਹਾ ਕਿ ਮਾਲ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜਾਂ ਦੀਆਂ ਰਜਿਸਟਰੀਆਂ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਧੋਖਾਧੜੀ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਦਸਤਾਵੇਜ ਵਿੱਚ ਇਸ ਮੰਤਵ ਲਈ ਬਣਾਏ ਕਾਲਮ ਵਿੱਚ ਆਧਾਰ ਨੰਬਰ ਦਰਜ ਕੀਤੇ ਜਾਣ। ਇਨ੍ਹਾਂ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਕਾਰਨ ਰਜਿਸਟਰੀਆਂ ਲਈ ਵਰਤੇ ਜਾਂਦੇ ਪਰਿਜ਼ਮ ਸਾਫਟਵੇਅਰ ਵਿੱਚ ਆਧਾਰ ਕਾਰਡ ਦਰਜ ਕਰਨ ਲਈ ਕਾਲਮ ਦੀ ਸਹੂਲਤ ਨਾ ਹੋਵੇ ਤਾਂ ਵੀ ਆਧਾਰ ਕਾਰਡ ਨੰਬਰ ਜਰੂਰ ਦਰਜ਼ ਕੀਤਾ ਜਾਵੇ।