ਜਲੰਧਰ ਥਾਣੇ ਬਾਹਰ ਧਮਾਕੇ ਕਰਨ ਵਾਲੇ ਦੋ ਕਸ਼ਮੀਰੀ ਵਿਦਿਆਰਥੀ ਕਾਬੂ

ss1

ਜਲੰਧਰ ਥਾਣੇ ਬਾਹਰ ਧਮਾਕੇ ਕਰਨ ਵਾਲੇ ਦੋ ਕਸ਼ਮੀਰੀ ਵਿਦਿਆਰਥੀ ਕਾਬੂ

ਜਲੰਧਰ, 6 ਨਵੰਬਰ: ਮਕਸੂਦਾਂ ਥਾਣੇ ਦੇ ਬਾਹਰ ਚਾਰ ਹਲਕੇ ਬੰਬ ਧਮਾਕੇ ਕਰਨ ਵਾਲੇ ਚਾਰ ਕਸ਼ਮੀਰੀਆਂ ਵਿਚੋਂ ਕਮਿਸ਼ਨਰੇਟ ਪੁਲੀਸ ਨੇ ਦੋ ਜਣਿਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਦੋ ਜਣੇ ਅਜੇ ਵੀ ਪੁਲੀਸ ਦੀ ਪਹੁੰਚ ਤੋਂ ਦੂਰ ਦੱਸੇ ਜਾ ਰਹੇ ਹਨ। ਕਾਬੂ ਕੀਤੇ ਗਏ ਕਸ਼ਮੀਰੀ ਵਿਦਿਆਰਥੀਆਂ ਨੂੰ 8 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੇਰ ਸ਼ਾਮ ਸੱਦੀ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ 14 ਸਤੰਬਰ ਨੂੰ ਰਾਤ ਪੌਣੇ ਅੱਠ ਵਜੇ ਦੇ ਕਰੀਬ ਮਕਸੂਦਾਂ ਥਾਣੇ ਦੇ ਬਾਹਰ ਚਾਰ ਹਲਕੇ ਧਮਾਕੇ ਵਾਲੇ ਹੈਂਡ ਗ੍ਰਨੇਡ ਸੁੱਟੇ ਗਏ ਸਨ। ਪੁਲੀਸ ਨੇ ਇਸ ਕੇਸ ਨੂੰ ਹੱਲ ਕਰਦਿਆਂ ਦੋ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਹੜੇ ਕਿ ਸੇਂਟ ਸੋਲਜ਼ਰ ਇੰਜਨੀਅਰਿੰਗ ਕਾਲਜ ਜਲੰਧਰ ਦੇ ਵਿਦਿਆਰਥੀ ਹਨ। ਫੜੇ ਗਏ ਵਿਦਿਆਰਥੀਆਂ ਦੀ ਪਛਾਣ ਸ਼ਾਹਿਦ ਕਿਊਮ ਤੇ ਫਾਜ਼ਿਲ ਬਸ਼ੀਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਮਾਕਿਆਂ ਦਾ ਮਾਸਟਰ ਮਾਈਂਡ ਜ਼ਾਕਿਰ ਰਸ਼ੀਦ ਭੱਟ ਉਰਫ ਜ਼ਾਕਿਰ ਮੂਸਾ ਦੱਸਿਆ ਜਾਂਦਾ ਹੈ। ਇਸ ਕੇਸ ਵਿਚ ਲੋੜੀਂਦੇ ਦੋ ਹੋਰ ਮੁਲਜ਼ਮ ਮੀਰ ਰੂਫ਼ ਅਹਿਮਦ ਉਰਫ ਰੂਫ਼ ਅਤੇ ਮੀਰ ਉਮਰ ਰਮਜ਼ਾਨ ਉਰਫ ਗਾਜੀ ਫ਼ਰਾਰ ਦੱਸੇ ਜਾ ਰਹੇ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਕਸ਼ਮੀਰੀ ਵਿਦਿਆਰਥੀਆਂ ਦਾ ਸਬੰਧ ਅਨਸਾਰ ਗਜਾਵਤ ਉਲ ਹੱਕ ਨਾਂ ਦੀ ਕਸ਼ਮੀਰੀ ਜਥੇਬੰਦੀ ਨਾਲ ਹੈ, ਜਿਸ ਦਾ ਅੱਗੇ ਦਹਿਸ਼ਤੀ ਜਥੇਬੰਦੀ ਅਲਕਾਇਦਾ ਨਾਲ ਸਬੰਧ ਦੱਸਿਆ ਜਾ ਰਿਹਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਵੇਂ ਕਸ਼ਮੀਰੀ ਵਿਦਿਆਰਥੀਆਂ ਵਿਚੋਂ ਸ਼ਾਹਿਦ ਕਿਊਮ ਨੂੰ 4 ਨਵੰਬਰ ਨੂੰ ਜਲੰਧਰ ਤੋਂ ਫੜਿਆ ਗਿਆ ਸੀ ਜਦਕਿ ਦੂਜੇ ਫਾਜ਼ਿਲ ਬਸ਼ੀਰ ਨੂੰ ਕਸ਼ਮੀਰ ਤੋਂ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ। ਜਲੰਧਰ ਤੋਂ ਫੜੇ ਗਏ ਕਸ਼ਮੀਰੀ ਵਿਦਿਆਰਥੀ ਵਿਰੁੱਧ ਥਾਣਾ ਡਿਵੀਜ਼ਨ ਨੰਬਰ ਇਕ ਵਿਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਮਗਰੋਂ ਇਸ ਵਿੱਚ ਧਮਾਕਾਖੇਜ਼ ਸਮੱਗਰੀ ਰੋਕੂ ਐਕਟ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ।


ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮਕਸੂਦਾਂ ਥਾਣੇ ਅੱਗੇ ਸੁੱਟੇ ਗਏ ਗ੍ਰਨੇਡ ਚਾਰ ਜਣਿਆਂ ਨੇ ਹੀ ਸੁੱਟੇ ਸਨ। ਇਨ੍ਹਾਂ ਦਾ ਪਹਿਲਾ ਨਿਸ਼ਾਨਾ ਬਿਧੀਪੁਰ ਨੇੜਲੇ ਸੀਆਰਪੀਐਫ ਅਤੇ ਆਈਟੀਬੀਪੀ ਕੈਂਪਸ ਸਨ, ਪਰ ਬਾਅਦ ਵਿਚ ਇਨ੍ਹਾਂ ਨੇ ਉਸ ਨੂੰ ਬਦਲ ਕੇ ਮਕਸੂਦਾਂ ਥਾਣੇ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਵਾਰਦਾਤ ਕਰਨ ਲਈ 13 ਸਤੰਬਰ ਨੂੰ ਸ੍ਰੀਨਗਰ ਤੋਂ ਚੰਡੀਗੜ੍ਹ ਤੱਕ ਹਵਾਈ ਜਹਾਜ਼ ਰਾਹੀਂ ਰੂਫ ਅਤੇ ਗਾਜੀ ਆਏ ਸਨ। ਪੁਲੀਸ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਚਾਰਾਂ ਜਣਿਆਂ ਨੇ ਘਟਨਾ ਨੂੰ ਅੰਜਾਮ ਦੇਣ ਲਈ ਇਕ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ ਆਪਣੇ ਦੋਸਤ ਕੋਲੋਂ ਲਿਆ ਸੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਘਟਨਾ ਵਾਲੇ ਦਿਨ 14 ਸਤੰਬਰ ਨੂੰ ਚਾਰੇ ਜਣੇ ਸਾਢੇ ਚਾਰ ਵਜੇ ਇਕੱਠੇ ਹੋਏ ਤੇ ਫਿਰ ਇਹ ਸਾਢੇ ਪੰਜ ਵਜੇ ਸ਼ਾਮ ਪੁਲੀਸ ਥਾਣੇ ਵੱਲ ਰਵਾਨਾ ਹੋ ਗਏ। ਸਾਢੇ ਸੱਤ ਵਜੇ ਤੋਂ ਲੈ ਕੇ ਪੌਣੇ ਅੱਠ ਦੇ ਵਿਚਕਾਰ ਉਨ੍ਹਾਂ ਨੇ ਇਹ ਚਾਰੇ ਗ੍ਰਨੇਡ ਥਾਣੇ ਵੱਲ ਸੁੱਟੇ। ਉਥੋਂ ਤਿੰਨ ਜਣੇ ਡੀਏਵੀ ਕਾਲਜ, ਪਟੇਲ ਚੌਂਕ ਤੋਂ ਹੁੰਦੇ ਹੋਏ ਜਲੰਧਰ ਬੱਸ ਸਟੈਂਡ ਪੁੱਜੇ ਜਦਕਿ ਸ਼ਾਹਿਦ ਜਲੰਧਰ ਬਾਈਪਾਸ ਤੋਂ ਹੁੰਦਾ ਹੋਇਆ ਬੱਸ ਅੱਡੇ ਪਹੁੰਚਿਆ। ਰੂਫ ਤੇ ਗਾਜੀ ਨੇ ਜੰਮੂ ਦੇ ਕਾਊਂਟਰ ਤੋਂ ਜੰਮੂ ਕਸ਼ਮੀਰ ਵਾਸਤੇ ਬੱਸ ਫੜੀ ਸੀ।

ਪੁਲੀਸ ਦੀ ਅਧੂਰੀ ਕਹਾਣੀ: ਮਕਸੂਦਾਂ ਥਾਣੇ ਦੇ ਬਾਹਰ ਬੰਬ ਧਮਾਕੇ ਦੇ ਮਸਲੇ ਨੂੰ ਹੱਲ ਕਰਨ ਦਾ ਦਾਅਵਾ ਕਰਨ ਵਾਲੇ ਪੰਜਾਬ ਪੁਲੀਸ ਵੱਲੋਂ ਘੜੀ ਕਹਾਣੀ ਅਧੂਰੀ ਲੱਗ ਰਹੀ ਹੈ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਗ੍ਰਨੇਡ ਸੁੱਟਣ ਮੌਕੇ ਚਾਰੇ ਕਸ਼ਮੀਰੀ ਇਕੱਠੇ ਸਨ। ਇਹ ਚਾਰੇ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਵੇਂ ਜਾ ਸਕਦੇ ਹਨ? ਫਿਰ ਇਹ ਦੋ ਘੰਟੇ 10 ਮਿੰਟ ਉਥੇ ਕੀ ਕਰਦੇ ਰਹੇ? ਇਸ ਬਾਰੇ ਪੁਲੀਸ ਕੁਝ ਵੀ ਸਪੱਸ਼ਟ ਨਹੀਂ ਕਰ ਸਕੀ।

Share Button

Leave a Reply

Your email address will not be published. Required fields are marked *