ਜਲ੍ਹਿਆਂਵਾਲਾ ਬਾਗ ਵਿੱਚ ਪੰਜਾਬੀ ਭਾਸ਼ਾ ਨੂੰ ਤੀਸਰਾ ਸਥਾਨ ਦੇਣ ‘ਤੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਪ੍ਰਗਟਾਇਆ ਰੋਸ

ss1

ਜਲ੍ਹਿਆਂਵਾਲਾ ਬਾਗ ਵਿੱਚ ਪੰਜਾਬੀ ਭਾਸ਼ਾ ਨੂੰ ਤੀਸਰਾ ਸਥਾਨ ਦੇਣ ‘ਤੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਪ੍ਰਗਟਾਇਆ ਰੋਸ
ਪੰਜਾਬੀ ਭਾਸ਼ਾ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਏਗਾ – ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ/ਜੰਡਿਆਲਾ ਗੁਰੂ 25 ਅਕਤੂਬਰ (ਵਰਿੰਦਰ ਸਿੰਘ ): ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਦੇ ਮੁਖ ਦਰਵਾਜੇ ਅਤੇ ਅੰਦਰ ਲਗਾਏ ਗਏ ਬੋਰਡਾਂ ਤੇ ਪੰਜਾਬੀ ਭਾਸ਼ਾ ਨੂੰ ਤੀਸਰਾ ਦਰਜਾ ਦੇਣ ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਰੋਸ ਪ੍ਰਗਟਾਉਂਦਿਆਂ ਹੱਥਾਂ ਵਿੱਚ ਬੈਨਰ ਫੜ੍ਹਕੇ ਪੰਜਾਬੀ ਦੇ ਸਹੀ ਸਥਾਨ ਬਾਰੇ ਜਾਗਰੂਕਤਾ ਮੁਹਿੰਮ ਚਲਾਈ । ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਇਕ ਦਰਜਨ ਦੇ ਕਰੀਬ ਸਿੰਘਾਂ ਨੇ ਜਲ੍ਹਿਆਵਾਲਾ ਬਾਗ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਨੌਜੁਆਨ ਸਿੰਘਾਂ ਦੇ ਹੱਥਾਂ ਵਿੱਚ ਬੈਨਰ ਫੜੇ ਵੇਖ ਕੇ ਕੋਈ ਸੌ ਦੇ ਕਰੀਬ ਰਾਹਗੀਰ ਅਤੇ ਯਾਤਰੂ ਇਕੱਠੇ ਹੋ ਗਏ। ਭਾਈ ਰਣਜੀਤ ਸਿੰਘ ਨੇ ਇਨ੍ਹਾਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਇਸ ਤੋਂ ਵੱਧ ਸ਼ਰਮਨਾਕ ਕੀ ਹੋ ਸਕਦੈ ਕਿ ਜਿਸ ਅੰਗਰੇਜ ਹਾਕਮ ਨੇ ਸੰਨ 1919 ਵਿੱਚ ਇਸ ਅਸਥਾਨ ਤੇ ਗੋਲੀਆਂ ਚਲਾ ਕੇ ਹਜਾਰਾਂ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਦੀ ਹੀ ਭਾਸ਼ਾ ਅੰਗਰੇਜੀ ਨੂੰ ਪਹਿਲ ਦਿੱਤੀ ਗਈ ਹੈ ਤੇ ਗੋਲੀਆਂ ਖਾਣ ਵਾਲੇ ਪੰਜਾਬੀਆਂ ਦੀ ਭਾਸ਼ਾ ਨੂੰ ਤੀਸਰਾ ਸਥਾਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਵੀ ਸਾਨੂੰ ਪੰਜਾਬੀਆਂ ਨੂੰ ਗੋਲੀ ਮਾਰਨ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਹਿੰਦੁਸਤਾਨ ਦੇ ਹਰ ਸੂਬੇ ਵਿੱਚ ਉਥੋਂ ਦੇ ਲੋਕਾਂ ਦੀ ਮਾਤ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਮਿਲਣੀ ਵੀ ਚਾਹੀਦੀ ਹੈ ਫਿਰ ਇਹ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ ਹੈ ? ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਹੋਣ ਵਾਲੇ ਵੀ ਸਭ ਤੋਂ ਵੱਧ ਪੰਜਾਬੀ ਲੋਕ ਸਨ ਤੇ ਦਰਦਨਾਕ ਸਾਕੇ ਦਾ ਬਦਲਾ ਲੈਣ ਵਾਲਾ ਸੂਰਮਾ ਵੀ ਪੰਜਾਬੀ ਨੌਜਵਾਨ ਸ਼ਹੀਦ ਊਧਮ ਸਿੰਘ ਸੀ, ਜਿਸ ਨੇ ਲੰਡਨ ਚ ਜਾ ਕੇ ਜਨਰਲ ਓਡਵਾਇਰ ਨੂੰ ਗੋਲ਼ੀਆਂ ਨਾਲ ਛਲਣੀ-ਛਲਣੀ ਕੀਤਾ ਸੀ ਤੇ ਅੱਜ ਯਾਦਗਾਰ ਦੇ ਪ੍ਰਮੁੱਖ ਦਰਵਾਜ਼ੇ ਦੇ ਸਾਹਮਣੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ‘ਚ ਸ਼ਹੀਦ ਹੋਣ ਵਾਲੇ 381 ਨਾਗਰਿਕਾਂ ਦੇ ਨਾਂਅ ਵੀ ਸ਼ਹੀਦੀ ਸਮਾਰਕ ਦੀ ਸ਼ਹੀਦੀ ਲਾਟ ਦੇ ਹੇਠਾਂ ਅੰਗਰੇਜ਼ੀ ‘ਚ ਲਿਖੇ ਗਏ ਹਨ। ਫ਼ੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜਲ੍ਹਿਆਂ ਵਾਲਾ ਬਾਗ ਦੇ ਅੰਦਰ ਲਗਾਏ ਗਏ ਹਰ ਬੋਰਡ ਅਤੇ ਪਲੇਟ ਉਪਰ ਵੀ ਪੰਜਾਬੀ ਨੂੰ ਤੀਸਰੇ ਨੰਬਰ ਤੇ ਰੱਖ ਕੇ ਮਜਾਕ ਉਡਾਇਆ ਗਿਆ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਫ਼ੈਡਰੇਸ਼ਨ ਆਗੂਆਂ ਨੇ ਕੋਈ ਇੱਕ ਘੰਟਾ ਪ੍ਰਦਰਸ਼ਨ ਕਰਨ ਉਪਰੰਤ ਬਾਗ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਸ੍ਰੀ ਮੁਖਰਜੀ ਨੂੰ ਮੰਗ ਪੱਤਰ ਵੀ ਸੌਂਪਿਆ ਤੇ ਮੰਗ ਕੀਤੀ ਕਿ ਇਹ ਕਾਰਜ ਤੁਰੰਤ ਕਰਵਾਇਆ ਜਾਏ। ਜੇਕਰ ਇਹ ਕਾਰਜ ਤੁਰੰਤ ਨਾ ਹੋਇਆ ਤਾਂ ਫ਼ੈਡਰੇਸ਼ਨ ਹਮ ਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲੇਰੀ ਕਾਰਵਾਈ ਲਈ ਮਜਬੂਰ ਹੋਵੇਗੀ। ਇਸ ਮੌਕੇ ਭਾਈ ਰਣਜੀਤ ਸਿੰਘ, ਗਿਆਨੀ ਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ ਟੋਨੀ, ਪਾਰਸ ਸਿੰਘ, ਗਗਨਦੀਪ ਸਿੰਘ ,ਨਵਪ੍ਰੀਤ ਸਿੰਘ, ਮਲਕੀਤ ਸਿੰਘ, ਗੁਰਿੰਦਰ ਸਿੰਘ ਆਦਿ ਫ਼ੈਡਰੇਸ਼ਨ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *