ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

‘ਜਬ ਦਿਲ ਹੀ ਟੂਟ ਗਇਆ… ‘ : ਕੇ. ਐੱਲ. ਸਹਿਗਲ

‘ਜਬ ਦਿਲ ਹੀ ਟੂਟ ਗਇਆ… ‘ : ਕੇ. ਐੱਲ. ਸਹਿਗਲ

 ਕੇ .ਐਲ.ਸਹਿਗਲ, ਜਿਸਦਾ ਪੂਰਾ ਨਾਮ ਕੁੰਦਨ ਲਾਲ ਸਹਿਗਲ ਸੀ, ਇੱਕ ਭਾਰਤੀ ਗਾਇਕ ਅਤੇ ਅਭਿਨੇਤਾ ਹੋ ਗੁਜ਼ਰਿਆ ਹੈ, ਜਿਸ ਨੂੰ ਹਿੰਦੀ ਫਿਲਮ ਇੰਡਸਟਰੀ ਦਾ ਪਹਿਲਾ ਸੁਪਰਸਟਾਰ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਿਨਾਂ ਵਿੱਚ ਭਾਰਤੀ ਫਿਲਮ ਇੰਡਸਟਰੀ ਕਲਕੱਤਾ (ਕੋਲਕਾਤਾ) ਵਿਖੇ ਸੀ,ਜੋ ਹੁਣ ਮੁੰਬਈ (ਬੰਬਈ) ਵਿੱਚ ਹੈ। ਸਹਿਗਲ ਦੀ ਵਿਸ਼ਿਸ਼ਟ ਆਵਾਜ਼, ਮੱਧਮ ਆਵਾਜ਼ (baritone) ਅਤੇ ਕੋਮਲ ਭਾਰੀ ਉੱਚੀ ਆਵਾਜ਼ (tenor) ਦਾ ਸੰਗਮ ਸੀ।

ਕੇ.ਐੱਲ.ਸਹਿਗਲ ਦਾ ਜਨਮ 11 ਅਪਰੈਲ 1904 ਨੂੰ ਜੰਮੂ ਵਿਖੇ ਪਿਤਾ ਅਮਰ ਚੰਦ ਸਹਿਗਲ ਦੇ ਘਰ ਹੋਇਆ, ਜੋ ਜੰਮੂ ਐਂਡ ਕਸ਼ਮੀਰ ਦੇ ਰਾਜੇ ਦੀ ਕਚਹਿਰੀ ਵਿੱਚ ਤਹਿਸੀਲਦਾਰ ਸਨ। ਉਹਦੀ ਮਾਂ ਕੇਸਰਬਾਈ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ, ਜੋ ਸੰਗੀਤ ਦੀ ਬੜੀ ਪ੍ਰਸ਼ੰਸਕ ਸੀ। ਉਹ ਆਪਣੇ ਪੁੱਤਰ (ਕੇ.ਐੱਲ. ਸਹਿਗਲ) ਨੂੰ ਧਾਰਮਿਕ ਸਮਾਗਮਾਂ ਵਿੱਚ ਲੈ ਕੇ ਜਾਇਆ ਕਰਦੀ ਸੀ, ਜਿੱਥੇ ਪਰੰਪਰਕ ਸ਼ੈਲੀ ਵਿੱਚ ਭਜਨ, ਕੀਰਤਨ ਅਤੇ ਸ਼ਬਦ ਗਾਏ ਜਾਂਦੇ ਸਨ। ਸਹਿਗਲ ਆਪਣੇ ਮਾਪਿਆਂ ਦੇ ਪੰਜ ਬੱਚਿਆਂ ਵਿੱਚੋਂ ਚੌਥਾ ਸੀ। ਉਸ ਦੀ ਰਸਮੀ ਸਕੂਲੀ ਵਿੱਦਿਆ ਬਹੁਤ ਥੋੜ੍ਹੀ ਅਤੇ ਗੈਰ ਮਹੱਤਵ- ਪੂਰਣ ਸੀ। ਛੋਟੇ ਹੁੰਦਿਆਂ ਉਹ ਜੰਮੂ ਵਿਖੇ ਪੇਸ਼ ਕੀਤੀ ਜਾਂਦੀ ਰਾਮਲੀਲਾ ਵਿੱਚ ਸਿਤਾਰ ਵਜਾਇਆ ਕਰਦਾ ਸੀ।

ਸਕੂਲ ਦੀ ਵਿੱਦਿਆ ਪਿੱਛੋਂ ਉਹਨੇ ਰੇਲਵੇ ਟਾਈਮਕੀਪਰ ਵਜੋਂ ਕਮਾਉਣਾ ਸ਼ੁਰੂ ਕਰ ਦਿੱਤਾ। ਪਿੱਛੋਂ ਉਹਨੇ ਰੈਮਿੰਗਟਨ ਟਾਈਪ- ਰਾਈਟਰ ਕੰਪਨੀ ਲਈ ਟਾਈਪਰਾਈਟਰ ਸੇਲਜ਼ਮੈਨ ਵਜੋਂ ਵੀ ਕੰਮ ਕੀਤਾ, ਜਿਸ ਕਰਕੇ ਉਸ ਨੇ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦੀ ਯਾਤਰਾ ਕੀਤੀ। ਇਸ ਯਾਤਰਾ ਸਮੇਂ ਉਹ ਲਾਹੌਰ ਵੀ ਗਿਆ, ਜਿੱਥੇ ਅਨਾਰਕਲੀ ਬਜ਼ਾਰ ਵਿੱਚ ਉਹਦੀ ਦੋਸਤੀ ਮੇਹਰਚੰਦ ਜੈਨ (ਜਿਸ ਨੇ ਪਿੱਛੋਂ ਸ਼ਿਲਾਂਗ ਦੀ ਆਸਾਮ ਸੋਪ ਫੈਕਟਰੀ ਸ਼ੁਰੂ ਕੀਤੀ) ਨਾਲ ਹੋ ਗਈ। ਇਹ ਦੋਵੇਂ ਕਲਕੱਤੇ ਗਏ ਅਤੇ ਕਈ ਮਹਿਫ਼ਲਾਂ- ਮੁਸ਼ਾਇਰਿਆਂ ਵਿੱਚ ਹਿੱਸਾ ਲਿਆ।

ਉਨ੍ਹਾਂ ਦਿਨਾਂ ਵਿੱਚ ਸਹਿਗਲ ਉੱਭਰਦਾ ਗਾਇਕ ਸੀ ਅਤੇ ਮੇਹਰ ਚੰਦ ਨੇ ਉਹਦੀ ਪ੍ਰਤਿਭਾ ਲਈ ਉਹਨੂੰ ਖ਼ੂਬ ਉਤਸ਼ਾਹਿਤ ਕੀਤਾ। ਉਹ ਅਕਸਰ ਇਸ ਉਤਸ਼ਾਹ ਲਈ ਮੇਹਰਚੰਦ ਦਾ ਜ਼ਿਕਰ ਕਰਿਆ ਕਰਦਾ ਸੀ। ਉਹਨੇ ਕੁਝ ਸਮੇਂ ਲਈ ਹੋਟਲ ਮੈਨੇਜਰ ਵਜੋਂ ਵੀ ਕੰਮ ਕੀਤਾ। ਇਸ ਦੌਰਾਨ ਗਾਇਕੀ ਲਈ ਉਸਦਾ ਜਨੂੰਨ ਬਰਕਰਾਰ ਰਿਹਾ ਅਤੇ ਪਿੱਛੋਂ ਸਮਾਂ ਪਾ ਕੇ ਇਹ ਹੋਰ ਵੀ ਗਹਿਰਾ ਹੁੰਦਾ ਗਿਆ।

1930 ਦੇ ਮੁੱਢਲੇ ਦਿਨਾਂ ਵਿੱਚ ਕਲਾਸੀਕਲ ਸੰਗੀਤਕਾਰ ਅਤੇ ਸੰਗੀਤ ਨਿਰਦੇਸ਼ਕ ਹਰੀਸ਼ਚੰਦਰ ਬਾਲੀ ਨੇ ਸਹਿਗਲ ਨੂੰ ਕਲਕੱਤੇ ਸੱਦਿਆ ਅਤੇ ਆਰ.ਸੀ. ਬੋਰਾਲ ਨਾਲ ਜਾਣੂ ਕਰਵਾਇਆ। ਬੋਰਾਲ ਨੇ ਤੁਰੰਤ ਉਹਦੀ ਪ੍ਰਤਿਭਾ ਨੂੰ ਪਛਾਣ ਲਿਆ। ਬੀ.ਐੱਨ.ਸਰਕਾਰ ਦੇ ਕਲਕੱਤਾ ਆਧਾਰਿਤ ਫਿਲਮ ਸਟੁਡੀਓ ਨੇ ਸਹਿਗਲ ਨੂੰ ਨਿਊ ਥੀਏਟਰਜ਼ ਲਈ 200/- ਰੁਪਏ ਕੰਟਰੈਕਟ ਤੇ ਰੱਖ ਲਿਆ। ਇੱਥੇ ਹੀ ਉਹਦਾ ਮੇਲ ਪੰਕਜ ਮਲਿਕ, ਕੇ.ਸੀ.ਡੇ ਅਤੇ ਪਾਹਰੀ ਸਾਨਿਆਲ ਆਦਿ ਹਸਤੀਆਂ ਨਾਲ ਹੋਇਆ।

ਇਸੇ ਸਮੇਂ ਦੌਰਾਨ ਇੰਡੀਅਨ ਗ੍ਰਾਮੋਫੋਨ ਕੰਪਨੀ ਨੇ ਸਹਿਗਲ ਦਾ ਪੰਜਾਬੀ ਗੀਤਾਂ ਵਾਲਾ ਰਿਕਾਰਡ ਰਿਲੀਜ਼ ਕੀਤਾ। ਜਿਸ ਨੂੰ ਹਰੀ- ਸ਼ੰਕਰ ਬਾਲੀ ਨੇ ਸੰਗੀਤਬੱਧ ਕੀਤਾ ਸੀ। ਇਉਂ ਬਾਲੀ ਸਹਿਗਲ ਦਾ ਪਹਿਲਾ ਸੰਗੀਤ ਨਿਰਦੇਸ਼ਕ ਬਣਿਆ। ਉਸ ਦੀ ਪਹਿਲੀ ਫ਼ਿਲਮ ‘ਮੁਹੱਬਤ ਕੇ ਆਂਸੂ’ ਸੀ ਤੇ ਫਿਰ ਅਗਲੀਆਂ ਫਿਲਮਾਂ ‘ਸੁਬਾਹ ਕਾ ਸਿਤਾਰਾ’ ਅਤੇ ‘ਜ਼ਿੰਦਾ ਲਾਸ਼’ ਸਨ, ਜੋ ਸਾਰੀਆਂ 1932 ਵਿੱਚ ਰਿਲੀਜ਼ ਹੋਈਆਂ। ਪਰ ਇਹ ਫ਼ਿਲਮਾਂ ਕੋਈ ਖਾਸ ਨਹੀਂ ਚੱਲੀਆਂ। ਇਨ੍ਹਾਂ ਤਿੰਨਾਂ ਫ਼ਿਲਮਾਂ ਵਿੱਚ ਉਹਨੇ ਆਪਣਾ ਨਾਂ ਸਹਿਗਲ ਕਸ਼ਮੀਰੀ ਰੱਖਿਆ ਤੇ ਪਿੱਛੋਂ ਆਪਣੇ ਅਸਲੀ ਨਾਂ ਕੁੰਦਨ ਲਾਲ ਸਹਿਗਲ (‘ਯਹੂਦੀ ਕੀ ਲੜਕੀ’,1933) ਵਜੋਂ ਕੰਮ ਕਰਨਾ ਸ਼ੁਰੂ ਕੀਤਾ। 1933 ਵਿੱਚ ਹੀ ਉਸ ਨੇ ‘ਪੂਰਨ ਭਗਤ’ ਫਿਲਮ ਲਈ ਚਾਰ ਭਜਨ ਗਾਏ, ਜਿਸ ਨੇ ਪੂਰੇ ਭਾਰਤ ਵਿੱਚ ਉਸਦੀ ਚਰਚਾ ਛੇੜ ਦਿੱਤੀ। ਉਸ ਦੀਆਂ ਹੋਰ ਫਿਲਮਾਂ ‘ਚੰਡੀਦਾਸ’, ‘ਰੂਪਲੇਖਾ’ ਅਤੇ ‘ਕਾਰਵਾਂ-ਏ- ਹਯਾਤ’ ਹਨ। ਕਿਹਾ ਜਾਂਦਾ ਹੈ ਕਿ ਲਤਾ ਮੰਗੇਸ਼ਕਰ, ਜੋ ਉਦੋਂ ਯੁਵਾ- ਅਵਸਥਾ ਵਿੱਚ ਸੀ, ਨੇ ‘ਚੰਡੀਦਾਸ’ ਵਿੱਚ ਸਹਿਗਲ ਦਾ ਰੋਲ ਵੇਖ ਕੇ ਉਸ ਨਾਲ ਵਿਆਹ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ ਸੀ। 1935 ਵਿੱਚ ਉਸ ਨੇ ‘ਦੇਵਦਾਸ’ ਫ਼ਿਲਮ ਵਿੱਚ ਸ਼ਰਾਬੀ ਦਾ ਅਜਿਹਾ ਰੋਲ ਨਿਭਾਇਆ, ਜਿਸ ਨੇ ਉਹਦੇ ਸਮੁੱਚੇ ਐਕਟਿੰਗ ਕਰੀਅਰ ਅਤੇ ਜੀਵਨ ਨੂੰ ਪ੍ਰਭਾਵਿਤ ਕੀਤਾ। ਇਹ ਫ਼ਿਲਮ ਸ਼ਰਤਚੰਦਰ ਚਟੋਪਾਧਿਆਏ ਦੇ ਇਸੇ ਨਾਂ ਦੇ ਨਾਵਲ ਤੇ ਆਧਾਰਿਤ ਸੀ, ਜਿਸ ਨੂੰ ਪੀ. ਸੀ. ਬਰੂਆ ਨੇ ਨਿਰਦੇਸ਼ਨ ਦਿੱਤਾ। ਇਸ ਫ਼ਿਲਮ ਵਿੱਚ ਉਸ ਦੇ ਗਾਏ ਗੀਤਾਂ ‘ਬਾਲਮ ਆਏ ਬਸੋ ਮੋਰੇ ਮਨ ਮੇਂ’, ‘ਦੁਖ ਕੇ ਅਬ ਬੀਤੇ ਨਾਹੀ’ ਆਦਿ ਨੇ ਪੂਰੇ ਦੇਸ਼ ਵਿੱਚ ਉਸ ਨੂੰ ਲੋਕਪ੍ਰਿਅਤਾ ਦੀ ਸਿਖਰ ਤੇ ਪਹੁੰਚਾ ਦਿੱਤਾ।

ਸਹਿਗਲ ਨੇ ਸੱਤ ਬੰਗਾਲੀ ਫ਼ਿਲਮਾਂ ਵਿੱਚ ਵੀ ਅਭਿਨੈ ਕੀਤਾ, ਜਿਸ ਨੂੰ ਨਿਊ ਥੀਏਟਰਜ਼ ਵੱਲੋਂ ਪ੍ਰੋਡਿਊਸ ਕੀਤਾ ਗਿਆ ਸੀ। ਇੱਥੇ ਡਾ. ਰਾਬਿੰਦਰਨਾਥ ਟੈਗੋਰ ਨੇ ਪਹਿਲੀ ਵਾਰ ਇੱਕ ਗ਼ੈਰ- ਬੰਗਾਲੀ ਗਾਇਕ (ਕੇ.ਐੱਲ.ਸਹਿਗਲ) ਨੂੰ ਆਪਣੇ ਗੀਤ ਗਾਉਂਦੇ ਸੁਣਿਆ। ਇਉਂ ਪੂਰੇ ਬੰਗਾਲ ਵਿੱਚ ਉਹਨੇ ਆਪਣੇ 30 ਬੰਗਾਲੀ ਗੀਤਾਂ ਨਾਲ ਧੁੰਮਾਂ ਪਾ ਦਿੱਤੀਆਂ।

ਨਿਊ ਥੀਏਟਰਜ਼ ਨਾਲ ਸਹਿਗਲ ਦੀ ਸਾਂਝ ਨੇ ਚੰਗੇ ਨਤੀਜੇ ਸਾਹਮਣੇ ਲਿਆਂਦੇ। ਦੀਦੀ (ਬੰਗਾਲੀ),ਪ੍ਰੈਜ਼ੀਡੈਂਟ (ਹਿੰਦੀ)(1937), ਦੇਸ਼ਾਂਤ ਮਾਟੀ (ਬੰਗਾਲੀ), ਧਰਤੀ ਮਾਤਾ (ਹਿੰਦੀ),ਸਾਥੀ(ਬੰਗਾਲੀ), ਸਟਰੀਟ ਸਿੰਗਰ(ਹਿੰਦੀ)(1938), ਦੁਸ਼ਮਨ(1939), ਜਿਬਾਂ ਮਾਰਾਂ(1939) ਫਿਲਮਾਂ ਵਿੱਚ ਸਹਿਗਲ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ। ਸਟ੍ਰੀਟ ਸਿੰਗਰ ਵਿੱਚ ਗਾਏ ‘ਬਾਬੁਲ ਮੋਰਾ ਨੈਹਰ ਛੂਟੋ ਜਾਏ’ ਗੀਤ ਨੂੰ ਉਸਨੇ ਕੈਮਰੇ ਦੇ ਸਾਹਮਣੇ ਖੜ੍ਹ ਕੇ ਗਾਇਆ, ਭਾਵੇਂ ਕਿ ਫ਼ਿਲਮਾਂ ਵਿੱਚ ਗੀਤ ਗਾਉਣ ਲਈ ਉਦੋਂ ਪਲੇਅਬੈਕ ਸਿੰਗਿੰਗ ਤਕਨੀਕ ਸ਼ੁਰੂ ਹੋ ਚੁੱਕੀ ਸੀ।

ਦਸੰਬਰ 1941 ਵਿੱਚ ਉਹ ਰਣਜੀਤ ਮੂਵੀਟੋਨ ਨਾਲ ਕੰਮ ਕਰਨ ਲਈ ਬੰਬਈ ਚਲਾ ਗਿਆ। ਇੱਥੇ ਉਹਨੇ ਅਭਿਨੈ ਦੇ ਨਾਲ- ਨਾਲ ਬਹੁਤ ਸਾਰੀਆਂ ਫ਼ਿਲਮਾਂ ਲਈ ਗੀਤ ਵੀ ਗਾਏ। ‘ਭਗਤ ਸੂਰਦਾਸ’ (1942) ਅਤੇ ‘ਤਾਨਸੇਨ’ (1943) ਇਸ ਸਮੇਂ ਦੀਆਂ ਹਿਟ ਫ਼ਿਲਮਾਂ ਸਨ। ਪਿਛਲੀ ਫਿਲਮ ਨੂੰ ਅੱਜ ਤੱਕ ਵੀ ਸਹਿਗਲ ਦੇ ਗੀਤ ‘ਦੀਆ ਜਲਾਓ’ (ਰਾਮ ਦੀਪਕ) ਲਈ ਯਾਦ ਕੀਤਾ ਜਾਂਦਾ ਹੈ। ਇਸੇ ਫ਼ਿਲਮ ਵਿੱਚ ਉਹਨੇ ‘ਸਪਤ ਸੁਰਾਂ’,’ਤੀਨ ਗਾਓ ਸਭ ਗੁਨੀ ਜਨ’ ‘ਰੂਮਝੂਮ ਰੂਮਝੂਮ ਚਾਲ ਤਿਹਾਰੀ’ ਗੀਤ ਵੀ ਗਾਏ। 1944 ਵਿੱਚ ਉਹ ਫਿਰ ਤੋਂ ਨਿਊ ਥੀਏਟਰਜ਼ ਵੱਲ ਚਲਾ ਗਿਆ- ‘ਮਾਈ ਸਿਸਟਰਜ਼’ ਕੰਪਲੀਟ ਕਰਨ ਲਈ। ਇਸ ਫਿਲਮ ਵਿੱਚ ‘ਦੋ ਨੈਨਾ ਮਤਵਾਰੇ’ ਅਤੇ ‘ਐ ਕਾਤਿਬੇ-ਤਕਦੀਰ ਮੁਝੇ ਇਤਨਾ ਬਤਾ ਦੇ’ ਜਿਹੇ ਭਾਵਪੂਰਤ ਗੀਤ ਹਨ।

ਇਸ ਸਮੇਂ ਤੱਕ ਸਹਿਗਲ ਦੀ ਜ਼ਿੰਦਗੀ ਵਿੱਚ ਸ਼ਰਾਬ ਨੇ ਆਪਣਾ ਪੂਰਾ ਅਧਿਕਾਰ ਜਮਾ ਲਿਆ ਸੀ। ਸ਼ਰਾਬ ਉੱਤੇ ਨਿਰਭਰਤਾ ਕਰਕੇ ਉਸ ਦੇ ਕੰਮ ਅਤੇ ਸਿਹਤ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਸ਼ਰਾਬ ਪੀ ਕੇ ਹੀ ਗੀਤ ਰਿਕਾਰਡ ਕਰਵਾਉਣ ਲੱਗ ਪਿਆ ਸੀ। ਕਰੀਬ 10 ਸਾਲ ਉਹ ਸ਼ਰਾਬ ਉੱਤੇ ਇੰਨਾ ਨਿਰਭਰ ਹੋ ਗਿਆ ਕਿ ਸ਼ਰਾਬ ਤੋਂ ਬਿਨਾਂ ਉਹਦਾ ਜੀਣਾ ਅਸੰਭਵ ਜਾਪਣ ਲੱਗਿਆ ਅਤੇ ਇਸੇ ਸਥਿਤੀ ਵਿੱਚ 18 ਜਨਵਰੀ 1947 ਨੂੰ ਜਲੰਧਰ ਵਿੱਚ 42 ਸਾਲ ਦੀ ਉਮਰੇ ਉਹਦਾ ਦਿਹਾਂਤ ਹੋ ਗਿਆ।

ਮੌਤ ਤੋਂ ਪਹਿਲਾਂ ਉਹਨੇ ਨੌਸ਼ਾਦ ਅਲੀ ਦੀ ਸੰਗੀਤ ਨਿਰਦੇਸ਼ਨਾ ਹੇਠ ਸ਼ਾਹਜਹਾਂ (1946) ਲਈ ਤਿੰਨ ਹੋਰ ਹਿਟ ਗੀਤ ਦਿੱਤੇ: ‘ਮੇਰੇ ਸਪਨੋਂ ਕੀ ਰਾਨੀ’, ‘ਐ ਦਿਲੇ- ਬੇਕਰਾਰ’, ‘ਜਬ ਦਿਲ ਹੀ ਟੂਟ ਗਇਆ’। ਪਰਵਾਨਾ (1947) ਉਹਦੀ ਆਖ਼ਰੀ ਫ਼ਿਲਮ ਸੀ, ਜੋ ਉਸਦੀ ਮੌਤ ਪਿੱਛੋਂ ਰਿਲੀਜ਼ ਹੋਈ। ਜਿਸ ਵਿੱਚ ਉਹਨੇ ਖਵਾਜਾ ਖੁਰਸ਼ੀਦ ਅਨਵਰ ਦੀ ਨਿਰਦੇਸ਼ਨਾ ਹੇਠ 4 ਗੀਤ ਗਾਏ: ‘ਟੂਟ ਗਏ ਸਭ ਸਪਨੇ ਮੇਰੇ’, ‘ਮੁਹੱਬਤ ਮੇਂ ਕਭੀ ਐਸੇ ਭੀ ਹਾਲਾਤ’, ‘ਜੀਨੇ ਕਾ ਢੰਗ ਸਿਖਲਾਏ ਜਾ’, ਅਤੇ ‘ਕਹੀਂ ਉਲਝ ਨ ਜਾਨਾ’।

ਮੌਤ ਤੋਂ ਬਾਅਦ ਉਹ ਆਪਣੀ ਪਤਨੀ ਆਸ਼ਾ ਰਾਣੀ (ਜਿਸ ਨਾਲ ਉਸ ਨੇ 1935 ਵਿੱਚ ਸ਼ਾਦੀ ਕੀਤੀ ਸੀ) ਅਤੇ ਤਿੰਨ ਬੱਚਿਆਂ-ਇੱਕ ਲੜਕਾ ਤੇ ਦੋ ਲੜਕੀਆਂ-ਮਦਨਮੋਹਨ, ਨੀਨਾ ਅਤੇ ਬੀਨਾ ਨੂੰ ਪਿਛੇ ਛੱਡ ਗਿਆ। ਇਨ੍ਹਾਂ ਦੇ ਨਾਲ ਇੱਕ ਗੋਦ ਲਈ ਲੜਕੀ ਦੁਰਗੇਸ਼ ਨੰਦਨੀ (ਉਸਦੇ ਸਵਰਗਵਾਸੀ ਵੱਡੇ ਭਰਾ ਦੀ ਬੇਟੀ) ਵੀ ਸ਼ਾਮਲ ਸੀ, ਜਿਸ ਨੂੰ ਉਹਨੇ ਉਦੋਂ ਗੋਦ ਲਿਆ ਸੀ, ਜਦੋਂ ਉਹ ਅਜੇ ਅਣ- ਵਿਆਹਿਆ ਸੀ।

ਆਪਣੇ ਪੰਦਰਾਂ- ਸਾਲਾ ਫਿਲਮੀ ਕਰੀਅਰ ਦੌਰਾਨ ਸਹਿਗਲ ਨੇ 36 ਫੀਚਰ ਫ਼ਿਲਮਾਂ ( 28 ਹਿੰਦੀ,7 ਬੰਗਾਲੀ 1 ਤਾਮਿਲ) ਵਿੱਚ ਕੰਮ ਕੀਤਾ। ਇਸ ਤੋਂ ਬਿਨਾਂ ਉਹਨੇ ਇੱਕ ਲਘੂ ਕਾਮੇਡੀ ਹਿੰਦੀ ਫ਼ਿਲਮ ‘ਦੁਲਾਰੀ ਬੀਬੀ’ ਵਿੱਚ ਵੀ ਕੰਮ ਕੀਤਾ,ਜੋ 1933 ਵਿੱਚ ਰਿਲੀਜ਼ ਹੋਈ ਸੀ। ਕੁੱਲ ਮਿਲਾ ਕੇ ਸਹਿਗਲ ਨੇ 185 ਗੀਤ ਗਾਏ, ਜਿਨ੍ਹਾਂ ਵਿੱਚ 142 ਫ਼ਿਲਮੀ ਗੀਤ ਅਤੇ 43 ਗੈਰ ਫਿਲਮੀ ਗੀਤ ਸ਼ਾਮਲ ਹਨ। ਫ਼ਿਲਮੀ ਗੀਤਾਂ ਵਿੱਚ 110 ਹਿੰਦੀ, 30 ਬੰਗਲਾ ਅਤੇ 2 ਤਾਮਿਲ ਭਾਸ਼ਾ ਦੇ ਹਨ। ਗ਼ੈਰ ਫ਼ਿਲਮੀ ਗੀਤਾਂ ਵਿੱਚ 37 ਹਿੰਦੀ,2-2 ਬੰਗਾਲੀ, ਪਸ਼ਤੋ,ਪੰਜਾਬੀ ਭਾਸ਼ਾ ਦੇ ਹਨ। ਗੈਰ ਫਿਲਮੀ ਗੀਤਾਂ ਵਿੱਚ ਭਜਨ, ਗ਼ਜ਼ਲ ਤੇ ਹੋਰੀ ਸ਼ਾਮਲ ਹਨ। ਉਸ ਨੇ ਗ਼ਾਲਿਬ, ਜ਼ੌਕ ਜਿਹੇ ਚਰਚਿਤ ਕਵੀਆਂ ਦੇ ਕਲਾਮ ਨੂੰ ਬੜੀ ਸ਼ਿੱਦਤ ਨਾਲ ਗਾਇਆ ਸੀ।

ਸਹਿਗਲ ਦੀ ਵਿਸ਼ਿਸ਼ਟ ਗਾਇਕੀ ਕਰਕੇ ਉੱਤਰ- ਸੁਤੰਤਰਤਾ ਯੁੱਗ ਦੇ ਚਰਚਿਤ ਤੇ ਮਕਬੂਲ ਗਾਇਕਾਂ- ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ ਤੇ ਮੁਕੇਸ਼ ਨੇ ਕੇ. ਐਲ. ਸਹਿਗਲ ਨੂੰ ਆਪਣਾ ‘ਸੰਗੀਤ ਗੁਰੂ’ ਪ੍ਰਵਾਨ ਕੀਤਾ ਹੈ।

ਉਸ ਦੀਆਂ ਫ਼ਿਲਮਾਂ ਦਾ ਸਮੁੱਚਾ ਵੇਰਵਾ ਇਸ ਪ੍ਰਕਾਰ ਹੈ: ‘ਮੁਹੱਬਤ ਕੇ ਆਂਸੂ’ (1937) ਉਸ ਦੀ ਪਹਿਲੀ ਫ਼ਿਲਮ ਸੀ ਤੇ ਇਸੇ ਸਾਲ ‘ਜ਼ਿੰਦਾ ਲਾਸ਼’ ਤੇ ‘ਸੁਬਾਹ ਕਾ ਸਿਤਾਰਾ’ ਵਿੱਚ ਵੀ ਉਸ ਨੇ ਅਭਿਨੈ ਕੀਤਾ। ਉਹਦੀ ਪਹਿਲੀ ਹਿਟ ਫ਼ਿਲਮ ‘ਯਹੂਦੀ ਕੀ ਲੜਕੀ’ (1933) ਸੀ। ਇਸੇ ਹੀ ਸਾਲ ‘ਰਾਜ ਰਾਣੀ ਮੀਰਾ’, ‘ਪੂਰਨ ਭਗਤ’, ‘ਦੁਲਾਰੀ ਬੀਬੀ’, ਫ਼ਿਲਮਾਂ ਬਣੀਆਂ। ਡਾਕੂ ਮਨਸੂਰ, ਮੁਹੱਬਤ ਕੀ ਕਸੌਟੀ, ਰੂਪ ਲੇਖਾ, ਚੰਡੀ ਦਾਸ(1934); ਕਾਰਵਾਂ ਏ ਹਯਾਤ, ਦੇਵਦਾਸ (ਬੰਗਾਲੀ), ਦੇਵਦਾਸ (ਹਿੰਦੀ)(1935); ਪੁਜਾਰਿਨ, ਕਰੋੜਪਤੀ(1936); ਦੀਦੀ (ਬੰਗਾਲੀ), ਪ੍ਰੈਜ਼ੀਡੈਂਟ(1937); ਸਟ੍ਰੀਟ ਸਿੰਗਰ, ਸਾਥੀ, ਜਿਬਾਂ ਮਾਰਾ, ਧਰਤੀ ਮਾਤਾ, ਦੇਸਾਰ ਮਾਟੀ (1938); ਦੁਸ਼ਮਨ (1939); ਜ਼ਿੰਦਗੀ (1940); ਪਰਿਚੈ, ਲਗਨ ((1941); ਭਗਤ ਸੂਰਦਾਸ (1942); ਤਾਨਸੇਨ (1953); ਮਾਈ ਸਿਸਟਰ, ਭੰਵਰਾ (1944); ਤਕਬੀਰ, ਕੁਰੂਕਸ਼ੇਤਰਾ (1945); ਸ਼ਾਹਜਹਾਂ, ਉਮਰ ਖਯਾਮ (1946); ਪਰਵਾਨਾ (1947) ਉਸ ਦੀਆਂ ਹੋਰ ਫਿਲਮਾਂ ਹਨ। ਹਿੰਦੀ ਵਿੱਚ ਬਣੀ ‘ਦੇਵਦਾਸ’ ਸੁਪਰਹਿਟ ਫ਼ਿਲਮ ਸੀ, ਜਦਕਿ ‘ਸੂਰਦਾਸ’ ਪਹਿਲੀ ਬਾਲੀਵੁੱਡ ਮੂਵੀ ਸੀ।

1955 ਵਿੱਚ ਬੀ.ਐਨ.ਸਰਕਾਰ ਨੇ ਸਹਿਗਲ ਦੀ ਜ਼ਿੰਦਗੀ ਤੇ ਇੱਕ ਡਾਕੂਮੈਂਟਰੀ ਫਿਲਮ ਰਿਲੀਜ਼ ਕੀਤੀ- ‘ਅਮਰ ਸਹਿਗਲ’। ਜਿਸ ਵਿੱਚ ਜੀ. ਮੁੰਗੇਰੀ ਨੇ ਸਹਿਗਲ ਦੀ ਭੂਮਿਕਾ ਨਿਭਾਈ। ਇਸ ਡਾਕੂ- ਮੈਂਟਰੀ ਵਿੱਚ ਸਹਿਗਲ ਦੀਆਂ ਫ਼ਿਲਮਾਂ ‘ਚੋਂ 19 ਗੀਤ ਸ਼ਾਮਲ ਕੀਤੇ ਗਏ। ਭਾਰਤ ਸਰਕਾਰ ਵੱਲੋਂ 1995 ਵਿੱਚ 5/- ਦੀ ਡਾਕ ਟਿਕਟ ਜਾਰੀ ਕਰਕੇ ਉਸ ਨੂੰ ਯਾਦ ਕੀਤਾ ਗਿਆ ਸੀ। ਬਾਲੀਵੁੱਡ ਫਿਲਮ ‘ਦੇਹਲੀ ਬੈਲੀ’ (2011) ਵਿੱਚ “ਸਹਿਗਲ ਬਲੂਜ਼” ਰਾਹੀਂ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। 11 ਅਪ੍ਰੈਲ 2018 ਨੂੰ ਉਹਦੇ 114 ਵੇਂ ਜਨਮਦਿਨ ਤੇ ਗੂਗਲ ਨੇ ਡੂਡਲ ਰਾਹੀਂ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ।

‘ਐਨਸਾਈਕਲੋਪੀਡੀਆ ਆਫ਼ ਇੰਡੀਅਨ ਸਿਨੇਮਾ’, ‘ਕੇ.ਐੱਲ. ਸਹਿਗਲ: ਦ ਡੈਫੀਨਿਟਿਵ ਬਾਇਓਗ੍ਰਾਫੀ’, ‘ਕੇ.ਐੱਲ. ਸਹਿਗਲ: ਇਮਾਰਟਲ ਸਿੰਗਰ ਐਂਡ ਸੁਪਰਸਟਾਰ’ ਆਦਿ ਪੁਸਤਕਾਂ ਰਾਹੀਂ ਸਹਿਗਲ ਦੀ ਜ਼ਿੰਦਗੀ ਅਤੇ ਸ਼ਖ਼ਸੀਅਤ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਬਲਵੰਤ ਗਾਰਗੀ ਨੇ ਆਪਣੀ ਪੁਸਤਕ ‘ਪੰਜਾਬ ਦੇ ਮਹਾਨ ਕਲਾਕਾਰ’ ਵਿੱਚ ਕੇ.ਐੱਲ.ਸਹਿਗਲ ਬਾਰੇ ਰੇਖਾਚਿੱਤਰ ਲਿਖਦਿਆਂ ਉਸਦੀ ਵੱਡੀ ਭਾਬੀ ਵੱਲੋਂ ਬੋਲੇ ਸ਼ਬਦ ਪ੍ਰਸਤੁਤ ਕੀਤੇ ਹਨ: “ਕੁੰਦਨ ਦੇ ਕੀ ਕਹਿਣੇ। ਇਹੋ ਜਿਹਾ ਬੰਦਾ ਫਿਰ ਨਹੀਂ ਹੋਣਾ ਜੱਗ ਉੱਤੇ… ਕੀ ਕੀ ਦੱਸਾਂ ਉਹਦੇ ਬਾਰੇ। ਹਰ ਗੱਲ ਅਨੋਖੀ।… ਬਹੁਤ ਮਖੌਲੀਆ ਸੀ ਉਹ … ਮਗਜ਼ ਭੰਨ ਭੰਨ ਕੇ ਗੱਲਾਂ ਆਉਂਦੀਆਂ ਸਨ ਉਹਨੂੰ।” ਤੇ ਬਲਵੰਤ ਗਾਰਗੀ ਦੇ ਹੀ ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣਾ ਇਹ ਲੇਖ ਸਮਾਪਤ ਕਰਦਾ ਹਾਂ: “ਸਹਿਗਲ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਉਸ ਨੇ ਪ੍ਰਿਥਵੀ ਰਾਜ ਕਪੂਰ ਵਾਂਗ ਕੋਈ ਡਾਇਰੀ ਨਹੀਂ ਛੱਡੀ। ਕੋਈ ਵਿਸ਼ੇਸ਼ ਚਿੱਠੀਆਂ ਨਹੀਂ। ਕੋਈ ਵੱਡੀ ਇੰਟਰਵਿਊ ਨਹੀਂ, ਸਿਰਫ ਉਸ ਦੇ ਦੋਸਤਾਂ ਕੋਲ ਉਹਦੀਆਂ ਨਿੱਕੀਆਂ ਨਿੱਕੀਆਂ ਯਾਦਾਂ ਤੇ ਉਸ ਨਾਲ ਬਿਤਾਏ ਲਮਹੇ ਸਾਂਭੇ ਪਏ ਹਨ। ਪਰ ਉਸ ਦੇ ਗੀਤ ਹਮੇਸ਼ਾ ਸੱਜਰੇ ਹਨ। ਹਮੇਸ਼ਾ ਦਿਲ ਨੂੰ ਧੂਹ ਪਾਉਣ ਵਾਲੇ।”

ਪ੍ਰੋ. ਨਵ ਸੰਗੀਤ ਸਿੰਘ

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ,ਅਕਾਲ ਯੂਨੀਵਰਸਿਟੀ,

ਤਲਵੰਡੀ ਸਾਬੋ ਬਠਿੰਡਾ

9417692015

Leave a Reply

Your email address will not be published. Required fields are marked *

%d bloggers like this: