ਜਦੋਂ 6 ਬੱਬਰਾਂ ਨੇ ਇਕੱਠਿਆਂ ਫਾਂਸੀ ਦਾ ਰੱਸਾ ਚੁੰਮਿਆ

ਜਦੋਂ 6 ਬੱਬਰਾਂ ਨੇ ਇਕੱਠਿਆਂ ਫਾਂਸੀ ਦਾ ਰੱਸਾ ਚੁੰਮਿਆ

-ਭਗਵਾਨ ਸਿੰਘ ਜੌਹਲ

ਪੰਜਾਬ ਦੀ ਧਰਤੀ ਤੋਂ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਲਈ ਅਨੇਕਾਂ ਲਹਿਰਾਂ ਚੱਲੀਆਂ। ਉਸ ਸਮੇਂ ਸਮੁੱਚਾ ਹਿੰਦੁਸਤਾਨ ਗੁਲਾਮੀ, ਅਨਪੜ੍ਹਤਾ ਅਤੇ ਗਰੀਬੀ ਕਾਰਨ ਸਾਹ-ਸਤਹੀਣ ਹੋ ਚੁੱਕਾ ਸੀ। ਪੰਜਾਬ ਦੀ ਧਰਤੀ ਦੇ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਕਰਮਸ਼ੀਲ ਰਹਿ ਕੇ ਅਣਖੀ ਜੀਵਨ ਜਿਊਣ ਦੀ ਗੁੜ੍ਹਤੀ ਦਿੱਤੀ। ਜਦੋਂ ਅੰਗਰੇਜ਼ੀ ਰਾਜ ਦੌਰਾਨ ਪੰਜਾਬ ਦੇ ਗੁਰਧਾਮ ਮਹੰਤਾਂ, ਗੱਦੀਦਾਰਾਂ ਅਤੇ ਮਨਮਤੀਆਂ ਦੀਆਂ ਆਪਹੁਦਰੀਆਂ ਕਾਰਨ ਅਪਵਿੱਤਰ ਹੋ ਰਹੇ ਸਨ, ਤਾਂ ਸਿੱਖ ਹਿਤਾਂ ਲਈ ਜੂਝਣ ਵਾਲੀ ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਸਿੱਖ ਜਗਤ ਨੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਿਲ ਹੋ ਕੇ ਤਸੀਹੇ ਝਲਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਇਨ੍ਹਾਂ ਦਿਨਾਂ ਵਿਚ ਹੀ ਸਿੱਖ ਸ਼ਹਾਦਤਾਂ ਅਤੇ ਗ੍ਰਿਫਤਾਰੀਆਂ ਦੇ ਦੌਰ ਵਿਚ ਅਕਾਲੀਆਂ ਵਿਚੋਂ ਹੀ ਇਕ ਗਰਮ ਦਲ ਤਿਆਰ ਹੋ ਗਿਆ। ਇਸ ਅੰਦੋਲਨ ਨੂੰ ‘ਬੱਬਰ ਅਕਾਲੀ ਲਹਿਰ’ ਦਾ ਨਾਂਅ ਦਿੱਤਾ ਗਿਆ। ਇਨ੍ਹਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਵਿਚ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਸੂਹੀਆਂ ਨੂੰ ਸਬਕ ਸਿਖਾਉਣਾ ਸੀ।

19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਚ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਜਲੰਧਰ ਸ਼ਹਿਰ ਦੀ ਬੁੱਕਲ ਵਿਚ ਵਸੇ ਪਿੰਡ ਬੜਿੰਗ ਦੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿਚ ਇਨ੍ਹਾਂ ਗਰਮ ਦਲੀਏ ਨੌਜਵਾਨਾਂ ਦੀ ਇਕ ਖੁਫੀਆ ਮੀਟਿੰਗ ਹੋਈ। ਇਸ ਮੀਟਿੰਗ ਵਿਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਥੋੜ੍ਹੇ ਦਿਨਾਂ ਬਾਅਦ ਇਨ੍ਹਾਂ ਯੋਧਿਆਂ ਨੂੰ, ਜਿਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਸੀ, 23 ਮਈ 1921 ਨੂੰ ਗ੍ਰਿਫਤਾਰ ਕਰ ਲਿਆ ਗਿਆ।

 

ਇਸ ਦੌਰਾਨ ਮਾਸਟਰ ਮੋਤਾ ਸਿੰਘ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸੇ ਗੁਪਤਵਾਸ ਦੇ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਆਪਣਾ ਇਕ ਗੁਪਤ ਜਥਾ ਤਿਆਰ ਕੀਤਾ, ਜਿਸ ਦਾ ਨਾਂਅ ‘ਚੱਕਰਵਰਤੀ ਜਥਾ’ ਰੱਖਿਆ ਗਿਆ। ਇਸ ਜਥੇ ਦਾ ਕੰਮ ਪਿੰਡਾਂ ਦੇ ਲੋਕਾਂ ਵਿਚ ਅੰਗਰੇਜ਼ ਸ਼ਾਸਕਾਂ ਵਿਰੁੱਧ ਵਿਦਰੋਹ ਦੀ ਭਾਵਨਾ ਪੈਦਾ ਕਰਨਾ ਸੀ। ਹੁਸ਼ਿਆਰਪੁਰ ਵਿਚ ਜਥੇਦਾਰ ਕਰਮ ਸਿੰਘ ਹਰੀਪੁਰ ਨੇ ਵੀ ਇਸੇ ਲੀਹ ‘ਤੇ ਚਲਦਿਆਂ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ ‘ਬੱਬਰ ਅਕਾਲੀ’ ਨਾਂਅ ਦੀ ਪਾਰਟੀ ਬਣਾਈ। ਇਸ ਦਾ ਮੁੱਖ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਬਣਾਇਆ ਗਿਆ।

ਸਰਕਾਰ ਵੱਲੋਂ ਬੱਬਰ ਅਕਾਲੀਆਂ ਨੂੰ ਫੜਨ ਲਈ ਇਨਾਮ ਵੀ ਐਲਾਨੇ ਗਏ। ਸਰਕਾਰ ਦੀ ਸਖਤੀ ਕਾਰਨ ਅੰਦੋਲਨ ਨੂੰ ਚਲਾਉਣਾ ਔਖਾ ਹੋ ਗਿਆ। ਜੂਨ, 1924 ਵਿਚ ਲਾਇਲਪੁਰ ਜ਼ਿਲ੍ਹੇ ਵਿਚ ਜਥੇਦਾਰ ਵਰਿਆਮ ਸਿੰਘ ਦੀ ਸ਼ਹਾਦਤ ਪਿੱਛੋਂ ਸਮੁੱਚੇ ਪੰਜਾਬ ਵਿਚੋਂ ਬੱਬਰਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਫਰਵਰੀ, 1925 ਵਿਚ ਇਨ੍ਹਾਂ ਸਾਰੇ ਗ੍ਰਿਫਤਾਰ ਕੀਤੇ ਬੰਦੀਆਂ ਦਾ ਫੈਸਲਾ ਸੁਣਾਇਆ ਗਿਆ। ਇਨ੍ਹਾਂ ਵਿਚੋਂ ਕੁਝ ਕੈਦ ਦੌਰਾਨ ਹੀ ਸ਼ਹਾਦਤ ਦਾ ਜਾਮ ਪੀ ਗਏ। ਕੁੱਲ 34 ਯੋਧਿਆਂ ਨੂੰ ਬਰੀ ਕੀਤਾ ਗਿਆ। 6 ਬੱਬਰ ਅਕਾਲੀ ਸੂਰਬੀਰਾਂ ਤੇ ਕੁਰਬਾਨੀ ਦੇ ਪੁਤਲਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 49 ਬਹਾਦਰ ਬੱਬਰਾਂ ਨੂੰ ਉਮਰ ਕੈਦ ਅਤੇ ਹੋਰ ਵੱਖ-ਵੱਖ ਸਜ਼ਾਵਾਂ ਦਿੱਤੀਆਂ ਗਈਆਂ।

27 ਫਰਵਰੀ, 1926 ਨੂੰ ਜਿਨ੍ਹਾਂ 6 ਬੱਬਰ ਅਕਾਲੀਆਂ ਨੂੰ ਫਾਂਸੀ ਦੇ ਫੰਦੇ ‘ਤੇ ਲਟਕਾਇਆ ਗਿਆ, ਉਨ੍ਹਾਂ ਵਿਚ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਛੋਟੀ ਹਰਿਓ, ਭਾਈ ਦਲੀਪ ਸਿੰਘ ਧਾਮੀਆਂ, ਭਾਈ ਕਰਮ ਸਿੰਘ ਹਰੀਪੁਰ, ਭਾਈ ਨੰਦ ਸਿੰਘ ਘੁੜਿਆਲ, ਭਾਈ ਧਰਮ ਸਿੰਘ ਹਯਾਤਪੁਰ ਸ਼ਾਮਿਲ ਸਨ। ਇਨ੍ਹਾਂ ਮਹਾਨ ਮਰਜੀਵੜਿਆਂ ਨੇ ਆਪਣੀ ਕੁਰਬਾਨੀ ਦੇ ਕੇ ਅੰਗਰੇਜ਼ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ। ਇਨ੍ਹਾਂ ਮਹਾਨ ਸ਼ਹੀਦਾਂ ਦਾ ਸੰਸਕਾਰ ਲਾਹੌਰ ਵਿਖੇ ਹੀ ਰਾਵੀ ਦਰਿਆ ਦੇ ਕਿਨਾਰੇ ਕਰ ਦਿੱਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: