Fri. Aug 23rd, 2019

ਜਦੋਂ ਮੈਨੂੰ ਸ਼ਰਾਰਤ ਕਰਨ ‘ਤੇ ਬਹੁਤ ਵੱਡੀ ਨਸੀਹਤ ਮਿਲੀ !

ਜਦੋਂ ਮੈਨੂੰ ਸ਼ਰਾਰਤ ਕਰਨ ‘ਤੇ ਬਹੁਤ ਵੱਡੀ ਨਸੀਹਤ ਮਿਲੀ !

ਅੱਲ ਅਸਲ ਵਿਚ ਛੇੜ ਦਾ ਦੂਸਰਾ ਨਾਮ ਹੈ । ਅੱਲ ਪੈ ਜਾਣ ਦਾ ਕਾਰਨ ਕੋਈ ਨਾ ਕੋਈ ਘਟਨਾ, ਸਰੀਰਕ ਡੀਲ ਡੌਲ਼ ਜਾਂ ਕਿੱਤਈ ਵਿਵਹਾਰ ਹੁੰਦਾ ਹੈ । ਮਿਸਾਲ ਵਜੋਂ ਸਾਡੇ ਪਿੰਡ ਦੇ ਜੋ ਬਜ਼ੁਰਗ ਪੁਰਾਣੇ ਵੇਲੇ ਭੇਡਾਂ ਚਾਰਿਆ ਕਰਦੇ ਸਨ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਅੱਜ ਵੀ “ਭੇਡਾਂਵਾਲੀਏ” ਕਰਕੇ ਸੱਦਿਆ ਜਾਂਦਾ ਹੈ । ਇਸੇ ਤਰਾਂ ਸਾਡੇ ਗੁਆਂਢੀ ਪਿੰਡ ਚੱਕ ਸਾਹਬੂ ਦੇ ਜੋ ਬਜ਼ੁਰਗ ਝੋਟਿਆਂ ਨਾਲ ਖੇਤੀ ਕਰਦੇ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਜ ਵੀ ਝੋਟਿਆਂ ਵਾਲੇ ਹੀ ਕਿਹਾ ਜਾਂਦਾ ਹੈ ਬੇਸ਼ੱਕ ਉਹ ਆਪਣੀ ਖੇਤੀ ਪਿਛਲੇ ਕਈ ਦਹਾਕਿਆਂ ਤੋਂ ਪੂਰੀ ਤਰਾਂ ਮਸ਼ੀਨੀ ਢੰਗਾਂ ਨਾਲ ਕਰ ਰਹੇ ਹਨ । ਇਸੇ ਤਰਾਂ ਸਿਆਣੇ ਦੱਸਦੇ ਹਨ ਕਿ ਪਿੰਡ ਦੇ ਦਰਵਾਜ਼ੇ ਸੱਥ ਚ ਬੈਠੇ ਇੱਕ ਖੁੱਲ੍ਹੇ ਡੁੱਲ੍ਹੇ ਜੁੱਸੇ ਵਾਲੇ ਬਜ਼ੁਰਗ ਨੇ ਜਦੋਂ ਉੱਠਣ ਲੱਗਿਆਂ ਪਿੱਛੇ ਨੂੰ ਬਾਂਹਾਂ ਖਿਲਾਰ ਕੇ ਅੰਗੜਾਈ ਜਿਹੀ ਲਈ ਤਾਂ ਉਸ ਸੱਜੀ ਬਾਂਹ ਦੀ ਕੂਹਣੀ ਸਿੱਧੀ ਜਾ ਕੇ ਪਿੱਛੇ ਨਸ਼ੇ ਪੱਤੇ ਦੀ ਫੁੱਲ ਲੋਰ ਚ ਖੜੇ ਪੋਸਤੀ ਦੀ ਵੱਖੀ ਚ ਲੱਗੀ ਜਿਸ ਕਾਰਨ ਪੋਸਤੀ ਦੀ ਥਾਏਂ ਹੀ ਟੈਂ ਬੋਲ ਗਈ ਤੇ ਪਿੰਡ ਵਾਲਿਆਂ ਨੇ ਬਾਬੇ ਦੇ ਪੂਰੇ ਖ਼ਾਨਦਾਨ ਦੀ ਅੱਲ ਹੀ ਕੂਹਣੀ ਮਾਰਾਂ ਦੇ ਪਕਾ ਦਿੱਤੀ । ਕਹਿਣ ਦਾ ਭਾਵ ਇਹ ਹੈ ਕਿ ਜੋ ਅੱਲ ਜਾਂ ਛੇੜ ਇੱਕ ਵਾਰ ਕਿਸੇ ਦੀ ਪੈ ਜਾਂਦੀ ਹੈ, ਉਹ ਫੇਰ ਮੁੱਦਤਾਂ ਬੀਤਣ ਬਾਦ ਵੀ ਖਹਿੜਾ ਨਹੀਂ ਛੱਡਦੀ । ਇਹ ਵੀ ਕਿਹਾ ਜਾਂਦਾ ਹੈ ਕਿ ਬਿਮਾਰੀ ਤੋਂ ਤਾਂ ਕੋਈ ਮਰ ਕੇ ਰਾਹਤ ਪਾ ਲਊ ਪਰ ਅੱਲ ਤੋਂ ਨਹੀਂ । ਮੇਰੇ ਨਾਲ ਅੱਲ ਸਬੰਧੀ ਇੱਕ ਵਾਪਰੀ ਘਟਨਾ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਦੋ ਉਦਾਹਰਨਾਂ ਹੋਰ ਦੇਣੀਆਂ ਚਾਹਾਂਗਾ । ਮੇਰੇ ਪਿੰਡ ਦੇ ਜਿਨ੍ਹਾਂ ਬਜ਼ੁਰਗਾਂ ਦੇ ਘਰ ਪਿੰਡ ਦੇ ਛੱਪੜ ਨੇੜੇ ਸਨ, ਬੇਸ਼ੱਕ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੇ ਬਹੁਤ ਹੀ ਸ਼ਾਨਦਾਰ ਘਰ ਘਾਟ ਬਹੁਤ ਪਹਿਲਾਂ ਪਿੰਡੋਂ ਬਾਹਰ ਛੱਪੜ ਕੰਢਿਓਂ ਦੂਰ ਉਸਾਰ ਲਏ ਹਨ, ਪਰ ਪਿੰਡ ਦੇ ਬਹੁਤੇ ਲੋਕਾਂ ਵਿਚ ਉਨ੍ਹਾਂ ਦੀ ਅੱਲ ਅੱਜ ਵੀ ਕੱਛੂਆਂ ਦੇ ਕਰਕੇ ਹੀ ਪ੍ਰਚੱਲਿਤ ਹੈ । ਸਾਡੇ ਬਜ਼ੁਰਗ ਖੂਹ ਚੋਂ ਪਾਣੀ ਕੱਢਣ ਵਾਸਤੇ ਹਲਟਾਂ ਦੇ ਜ਼ਮਾਨੇ ਤੋਂ ਪਹਿਲਾਂ ਤੜਕੇ ਇਕੱਠੇ ਚਰਸ ਚਲਾਿੲਆ ਕਰਦੇ ਸਨ ਤੇ ਉੱਚੀ ਉੱਚੀ ਆਵਾਜ਼ ਵਿਚ ਬੋਲਾ ਲਾਉਂਦਿਆਂ ਕਿਹਾ ਕਰਦੇ ਸਨ ਕਿ, “ਆ ਗਿਆ ਬਈ ਓ ਰਾਮ ਬੇਲੀ” । ਦੱਸਿਆ ਜਾਂਦਾ ਹੈ ਕਿ ਤੜਕੇ ਵੇਲੇ ਸ਼ਾਂਤਮਈ ਮਾਹੌਲ ਹੋਣ ਕਾਰਨ ਉਨ੍ਹਾਂ ਦਾ ਉਕਤ ਬੋਲਾ ਆਸ ਪਾਸ ਦੇ ਪੰਜ ਕੋਹ ਦੇ ਇਲਾਕੇ ਵਿਚ ਵੱਸਦੇ ਲੋਕਾਂ ਵੱਲੋਂ ਸੁਣਿਆ ਜਾਂਦਾ ਸੀ ਤੇ ਪਿੰਡ ਦੇ ਲੋਕਾਂ ਨੇ ਬਜ਼ੁਰਗਾਂ ਦੀ ਅੱਲ “ਗੱਜਨੇ” ਪਾ ਦਿੱਤੀ ਜੋ ਅੱਜ ਵੀ ਉਸੇ ਤਰਾਂ ਪ੍ਰਚੱਲਿਤ ਹੈ । ਕਹਿਣ ਦਾ ਭਾਵ ਕਿਸੇ ਵੀ ਕਾਰਨ ਪਈ ਅੱਲ ਸਮੇਂ ਦੇ ਬੀਤਣ ਨਾਲ ਭੱਠੇ ਪਈ ਇੱਟ ਵਾਂਗ ਪੱਕ ਜਾਂਦੀ ਹੈ ।
ਹੁਣ ਆਉਂਦੇ ਹਾਂ ਅੱਲ ਨਾਲ ਸਬੰਧਿਤ ਮੇਰੇ ਵੱਲੋਂ ਬਚਪਨ ਚ ਕੀਤੀ ਗਈ ਇੱਕ ਸ਼ਰਾਰਤ ਵੱਲ । ਦਰਅਸਲ ਇਹ ਸ਼ਰਾਰਤ ਮੈਂ ਜਾਣਬੁੱਝ ਕੇ ਨਹੀਂ ਕੀਤੀ ਸਗੋਂ ਇੱਕ ਹੋਰ ਬੱਚੇ ਵੱਲੋਂ ਮੈਥੋਂ ਕਰਵਾਈ ਗਈ ਸੀ ।

ਹੋਇਆ ਇੰਜ ਕਿ ਸਾਡੇ ਪਿੰਡ ਦੀ ਇੱਕ ਬਹੁਤ ਹੀ ਗੋਰੀ ਚਿੱਟੀ ਤੇ ਸੋਹਣੀ ਸੁਨੱਖੀ ਮਾਤਾ ਹੁੰਦੀ ਸੀ । ਨਾਮ ਸੀ ਉਸ ਦਾ ਮਾਂਹੋਂ ਰਾਣੀ । ਪਿੰਡ ਦੇ ਲੋਕ ਨੇ ਉਸ ਦੇ ਬੱਗੇ ਪੂਣੀ ਵਰਗੇ ਗੋਰੇ ਚਿੱਟੇ ਰੰਗ ਕਰਕੇ ਉਸ ਦੀ ਅੱਲ “ਬੱਗੋ” ਪਾਈ ਹੋਈ ਸੀ ਤੇ ਉਸ ਦੀ ਪਿਠ ਪਿੱਛੇ ਸਾਰੇ ਉਸ ਨੂੰ ਬੱਗੋ ਹੀ ਸੱਦਦੇ ਸਨ । ਇਸ ਗੱਲ ਦਾ ਮਾਤਾ ਮਾਹੋਂ ਰਾਣੀ ਨੂੰ ਵੀ ਪਤਾ ਸੀ ਤੇ ਜਦ ਵੀ ਉਸ ਨੂੰ ਇਹ ਪਤਾ ਲੱਗਦਾ ਕਿ ਕੋਈ ਉਸ ਨੂੰ ਬੱਗੋ ਕਹਿੰਦਾ ਹੈ ਤਾਂ ਉਹ ਬਹੁਤ ਗੁੱਸਾ ਕਰਦੀ ਤੇ ਵੱਡੀਆਂ ਵੱਡੀਆਂ ਗਾਲਾਂ ਵੀ ਕੱਢਦੀ ਜਿਸ ਕਾਰਨ ਲੋਕ ਕਦੇ ਵੀ ਉਸ ਨੂੰ ਉਸ ਦੇ ਮੂੰਹ ਤੇ ਬੱਗੋ ਕਹਿਕੇ ਬੁਲਾਉਣ ਦੀ ਹਿਮਾਕਤ ਨਾ ਕਰਦੇ ।

ਪਰ ਬੱਚੇ ਤਾਂ ਬੱਚੇ ਹੁੰਦੇ ਹਨ । ਉਨ੍ਹਾਂ ਦਾ ਮਨ ਬੜਾ ਸਾਫ ਹੁੰਦਾ ਹੈ । ਮੈ ਪਿੰਡ ਦੇ ਸਰਕਾਰੀ ਸਕੂਲ ਵਿਚ ਉਸ ਵੇਲੇ ਸ਼ਾਤੀਜੀ ਜਮਾਤ ਦਾ ਵਿਦਿਅਰਥੀ ਹੁੰਦਾ ਸੀ । ਇੱਕ ਦਿਨ ਸਾਰੀ ਛੁੱਟੀ ਵੇਲੇ ਆਪਣੇ ਮੁਹੱਲੇ ਦੇ ਹੋਰਨਾਂ ਬੱਚਿਆਂ ਨਾਲ ਘਰ ਪਰਤ ਰਿਹਾ ਸਾਂ ਕਿ ਅੱਗਿਓਂ ਮਾਤਾ ਮਾਹੋਂ ਰਾਣੀ ਉਰਫ ਬੱਗੋ ਆ ਰਹੀ ਸੀ । ਮੇਰੇ ਨਾਲ ਦੇ ਬੱਚੇ ਨੂੰ ਉਸ ਦੀ ਅੱਲ ਬਾਰੇ ਪਤਾ ਸੀ ਜਦ ਕਿ ਮੈਨੂੰ ਨਹੀਂ । ਉਸ ਨੇ ਮੈਨੂੰ ਕਿਹਾ ਕਿ, “ਓਹ ਸਾਹਮਣੇ ਜੋ ਬੁੜ੍ਹੀ ਆ ਰਹੀ ਹੈ, ਜੇਕਰ ਤੂੰ ਉਸ ਨੂੰ ਬੱਗੋ ਕਹੇੰਗਾ ਤਾਂ ਉਹ ਤੈਨੂੰ ਪਿੰਡ ਵਾਲੇ ਲਾਲੇ ਦੀ ਦੁਕਾਨ ਤੇ ਲੈ ਜਾਵੇਗੀ ਤੇ ਬਹੁਤ ਸਾਰੀ ਚੀਜ਼ ਲੈ ਕੇ ਦੇਵੇਗੀ ।”

ਚੀਜ਼ ਦਾ ਨਾਮ ਸੁਣਦਿਆਂ ਹੀ ਮੇਰੇ ਮੂੰਹ ਚ ਪਾਣੀ ਆ ਗਿਆ ਤੇ ਮੇਰੇ ਮੂੰਹੋਂ ਆਪ ਮੁਹਾਰੇ ਜ਼ੋਰ ਦੇਣੀ “ਬੱਗੋ” ਨਿਕਲ ਗਿਆ । ਬੱਸ ਫੇਰ ਕੀ ਸੀ ਮਾਤਾ ਨੇ ਨਾਲ ਹੀ ਬਾਬਿਆਂ ਪੜਦਾਦਿਆਂ ਦੀ ਗਾਲਾਂ ਦੀ ਬੁਛਾੜ ਲਾ ਦਿੱਤੀ ਤੇ ਨਾਲ ਹੀ ਹੱਥ ਚ ਫੜੀ ਖੂੰਡੀ ਲਹਿਰਾਉਂਦੀ ਹੋਈ ਮੇਰੇ ਵੱਲ ਹੋ ਭੱਜੀ । ਜਿਸ ਬੱਚੇ ਨੇ ਮੈਨੂੰ ਇਸ ਤਰਾਂ ਕਹਿਣ ਵਾਸਤੇ ਕਿਹਾ ਸੀ, ਮੈਂ ਮਾਤਾ ਨੂੰ ਇਸ਼ਾਰਾ ਕਰਕੇ ਕਹਿ ਰਿਹਾ ਸੀ ਕਿ ਮੈਨੂੰ ਉਸ ਨੇ ਇਸ ਤਰਾਂ ਕਹਿਣ ਵਾਸਤੇ ਕਿਹਾ ਸੀ ਤੇ ਉਹ ਬੱਚਾ ਬੜਾ ਸ਼ੈਤਾਨ ਤੇ ਛਾਤਰ ਇੱਕੋ ਰਟ ਲਗਾਈ ਜਾਵੇ ਕਿ, “ਮਾਂ ! ਮੈ ਨਹੀਂ ਕੁੱਝ ਵੀ ਇਸ ਨੂੰ ਬੋਲਿਆ ਇਸ ਨੇ ਆਪੇ ਹੀ ਬੋਲਿਆ।”
ਮੌਕੇ ਦੀ ਨਜ਼ਾਕਤ ਦੇਖ, ਮੈ ਤਾਂ ਉੱਥੋਂ ਦੌੜਿਆ ਤੇ ਜਾ ਕੇ ਸਾਹਮਣੇ ਵਾਲੀ ਹਵੇਲੀ ਚ ਲਸੂੜੇ ਦੀ ਛਾਵੇਂ ਬੈਠੇ ਬਜ਼ੁਰਗ ਸ ਸਵਰਨ ਸਿੰਘ ਦੀ ਗੋਦੀ ਚ ਜਾ ਬੈਠਾ । ਮਾਤਾ ਪਿੱਛੇ ਪਿੱਛੇ ਗਾਲਾਂ ਕੱਢਡੀ ਹੋਈ ਗੁੱਸੇ ਚ ਲਾਲ ਪੀਲੀ ਹੋਈ ਉੱਥੇ ਵੀ ਜਾ ਪਹੁੰਚੀ ਤੇ ਉਸ ਨੇ ਬਜ਼ੁਰਗ ਨੂੰ, ਮੈਨੂੰ ਉਸ ਦੇ ਹਵਾਲੇ ਕਰਨ ਵਾਸਤੇ ਕਿਹਾ । ਬਜ਼ੁਰਗ ਦੇ ਪੁਛਣ ਤੇ ਮਾਤਾ ਨੇ ਦੱਸਿਆ ਕਿ ਉਸ ਨੂੰ ਮੇਰੇ ਵੱਲੋਂ ਨਾਂ ਕੁਨਾਂ ਲੈ ਕੇ ਛੇੜਿਆ ਗਿਆ ਹੈ ਜਿਸ ਕਰਕੇ ਉਹ ਮੇਰੀ ਭੁਗਤ ਸਵਾਰਨੀ ਚਾਹੁੰਦੀ ਹੈ, ਪਰ ਬਜ਼ੁਰਗ ਸ ਸਵਰਨ ਸਿੰਘ ਨੇ ਮਾਤਾ ਨੂੰ ਬਹੁਤ ਹੀ ਹਲੀਮੀ ਤੇ ਠਰੰਮੇ ਨਾਲ ਸਮਝਾਿੲਆ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ, ਉਨ੍ਹਾਂ ਦੀਆਂ ਗੱਲਾਂ ਦਾ ਬੁਰਾ ਨਹੀੰ ਮਨਾਈਦਾ ਤੇ ਨਾ ਹੀ ਉਨ੍ਹਾਂ ਨੂੰ ਡੰਡੇ ਸੋਟੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ।ਬਜ਼ੁਰਗ ਨੇ ਮਾਤਾ ਨੂੰ ਇਹ ਵੀ ਕਿਹਾ ਕਿ ਉਹ ਗੁੱਸਾ ਥੁੱਕੇ ਤੇ ਚਲੀ ਜਾਵੇ ਤੇ ਮਾਤਾ ਬੁੜ ਬੁੜ ਕਰਦੀ ੳਥੋਂ ਚਲੀ ਗਈ।

ਮਾਤਾ ਦੇ ਚਲੇ ਜਾਣ ਤੋਂ ਬਾਦ ਬਜ਼ੁਰਗ ਨੇ ਮੈਨੂੰ ਸਮਝਾਿੲਆ ਕਿ ਵੱਡਿਆਂ ਦੀ ਵੱਧ ਤੋਂ ਵੱਧ ਇੱਜ਼ਤ ਕਰੀਦੀ ਹੈ । ਉਨ੍ਹਾਂ ਦੇ ਨਾ ਹੀ ਮੂਹਰੇ ਬੋਲੀ ਦੇ ਤੇ ਨਾ ਹੀ ਉਨ੍ਹਾਂ ਨਾਲ ਕਦੇ ਵੀ ਛੇੜਖ਼ਾਨੀ ਕਰੀਦੀ ਹੈ।

ਇਸ ਦੇ ਨਾਲ ਬਜ਼ੁਰਗ ਨੇ ਮੈਨੂੰ ਇਹ ਵੀ ਕਿਹਾ ਕਿ ਅੱਜ ਤਾਂ ਉਸ ਨੇ ਬਚਾ ਲਿਆ ਹੈ, ਜੇਕਰ ਦੁਬਾਰਾ ਅਜਿਹੀ ਗ਼ਲਤੀ ਕੀਤੀ ਤਾਂ ਦੂਹਰੀ ਕੁੱਟ ਪਵੇਗੀ ਤੇ ਛਡਾਉਣ ਵਾਲਾ ਨਾ ਹੀ ਕੋਈ ਤੇਰੇ ਘਰ ਵਾਲਾ ਹੋਏਗਾ ਤੇ ਨਾ ਹੀ ਬਾਹਰਲਾ । ਮਾਤਾ ਵੱਲੋਂ ਪਈਆਂ ਝਾੜਾਂ ਤੇ ਬਾਬੇ ਦੀਆਂ ਦਿੱਤੀਆਂ ਮੱਤਾਂ ਦਾ ਮੇਰੇ ‘ਤੇ ਏਨਾ ਅਸਰ ਹੋਇੲਆ ਕਿ ਬੱਸ ਉਸ ਦਿਨ ਤੋਂ ਬਾਅਦ ਕੰਨ ਖਿੱਚ ਲਏ ਕਿ ਨਾ ਹੀ ਕਿਸੇ ਦੇ ਕਹੇ, ਬਿਨਾਂ ਸੋਚੇ ਸਮਝੇ ਕੋਈ ਕੰਮ ਕਰਨਾ ਹੈ ਤੇ ਨਾ ਹੀ ਆਪਣੇ ਤੋਂ ਵੱਡਿਆਂ ਦੇ ਮੂਹਰੇ ਉੱਚੀ ਬੋਲਣਾ ਜਾਂ ਉਨ੍ਹਾਂ ਨਾਲ ਜਿਰ੍ਹਾ ਕਰਨੀ ਹੈ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
+44 7806 945964

Leave a Reply

Your email address will not be published. Required fields are marked *

%d bloggers like this: