Thu. Feb 20th, 2020

ਜਦੋਂ ਇੱਕ ਜਾਨ ਬਚਾਉਣ ਲਈ ਦੂਜੀ ਜਾਨ ਜੋਖ਼ਿਮ ‘ਚ ਪਈ

ਜਦੋਂ ਇੱਕ ਜਾਨ ਬਚਾਉਣ ਲਈ ਦੂਜੀ ਜਾਨ ਜੋਖ਼ਿਮ ‘ਚ ਪਈ

ਬਸੰਤ ਪੰਚਮੀ ਵਾਲੇ ਦਿਨ ਹਰੇਕ ਬੱਚਾ ਪਤੰਗ ਉਡਾਉਣ ਦੀ ਖਾਹਿਸ਼ ਰੱਖਦਾ ਹੁੰਦਾ ਹੈ।ਕਈ ਮਾਪੇ ਖੁਦ ਹੀ ਬੱਚਿਆਂ ਲਈ ਪਤੰਗਾਂ ਖਰੀਦ ਕੇ ਲੈ ਆਉਂਦੇ ਹਨ ਜਾਂ ਬੱਚਿਆਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੇ ਮਨਪਸ਼ੰਦ ਦੀਆਂ ਪਤੰਗਾਂ ਦਿਵਾ ਕੇ ਲਿਆਉਂਦੇ ਹਨ।ਪਤੰਗ ਉਡਾਉਣਾ ਬੱਚਿਆਂ ਨੂੰ ਭਾਵੇਂ ਬਹੁਤ ਵਧੀਆ ਤਾਂ ਲੱਗਦਾ ਹੈ ਪਰ ਜਿਸ ਤਰ੍ਹਾਂ ਅੱਜ ਚਾਈਨਾ ਡੋਰ ਨਾਲ ਪਤੰਗ ਉਡਾਇਆ ਜਾਂਦਾ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ।ਇਸ ਡੋਰ ਨਾਲ ਪੰਛੀਆਂ ਅਤੇ ਮਨੁੱਖਾਂ ਦੀ ਜਾਨ ਨੂੰ ਖਤਰੇ ‘ਚ ਪਾਉਣ ਵਾਲੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਇਹ ਡੋਰ ਪ੍ਰਦੂਸ਼ਨ ਫੈਲਾਉਣ ਦਾ ਕਾਰਨ ਵੀ ਬਣਦੀ ਹੈ।ਇਸੇ ਕਾਰਨ ਪ੍ਰਸ਼ਾਸ਼ਨ ਨੇ ਚਾਈਨਾ ਡੋਰ ਰੱਖਣ,ਵੇਚਣ,ਸਟੋਰ ਕਰਨ ਤੇ ਪਾਬੰਦੀ ਤਾਂ ਜਰੂਰ ਲਾਈ ਹੋਈ ਹੈ,ਕਿਤੇ ਕਿਤੇ ਮਾੜੀ ਮੋਟੀ ਪਾਬੰਦੀਸ਼ੁਦਾ ਡੋਰ ਨੂੰ ਫੜ੍ਹਨ ਦੀ ਕਾਰਵਾਈ ਭਾਵੇਂ ਦਿਖਾਵੇ ਲਈ ਕਰ ਵੀ ਲਈ ਜਾਂਦੀ ਹੈ ਪਰ ਇਹ ਜਾਨਲੇਵਾ ਡੋਰ ਸ਼ਰੇਆਮ ਦੁਕਾਨਾਂ ਤੋਂ ਮਿਲ ਰਹੀ ਹੈ ਅਤੇ ਪਤੰਗ ਉਡਾ ਰਹੇ ਬੱਚਿਆਂ ਦੇ ਹੱਥਾਂ ਵਿੱਚ ਦੇਖੀ ਜਾ ਸਕਦੀ ਹੈ ।

ਬਸੰਤ ਪੰਚਮੀ ਵਾਲੇ ਦਿਨ ਸ਼ਹਿਰਾਂ ਅੰਦਰ ਰੰਗ ਬਰੰਗੇ ਪਤੰਗਾਂ ਦੀਆਂ ਧਾੜਾਂ ਆਮ ਵੇਖਣ ਨੂੰ ਮਿਲਦੀਆਂ ਹਨ ਕਿੰਨੇ ਪਤੰਗ ਕੱਟੇ ਜਾਂਦੇ ਹਨ ਜਿਨ੍ਹਾਂ ਦੀਆਂ ਡੋਰਾਂ ਹੇਠਾਂ ਆਉਂਦੀਆਂ ਬਿਜਲੀ ਦੀਆਂ ਤਾਰਾਂ,ਦਰੱਖਤਾਂ ਆਦਿ ‘ਚ ਫੱਸ ਕੇ ਲਟਕ ਜਾਂਦੀਆਂ ਹਨ ਜੋ ਕਿ ਦੁਰਘਟਨਾਵਾਂ ਦਾ ਕਾਰਣ ਬਣਦੀਆਂ ਹਨ।ਇਸ ਤਿਉਹਾਰ ਵਾਲੇ ਦਿਨ ਜਦ ਬੱਚੇ ਖੁਸ਼ੀਆਂ ਮਨਾ ਰਹੇ ਹੁੰਦੇ ਹਨ, ਪਤਾ ਨਹੀਂ ਕਿੰਨ੍ਹੇ ਜਾਨਵਰ,ਪੰਛੀ ਆਦਿ ਇਨ੍ਹਾਂ ਡੋਰਾਂ ‘ਚ ਉਲਝ ਕੇ ਜਖ਼ਮੀ ਹੋ ਕੇ ਤੜਫੇ ਜਾਂ ਮਰੇ ਹੋਣਗੇ ।ਮੈਂ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਪਾਰਕ ਵਿੱਚ ਆਮ ਵਾਂਗ ਚਲਾ ਗਿਆ,ਸਾਰੇ ਸੀਨੀਅਰ ਮੈਂਬਰ ਛੋਟੇ ਪਾਰਕ ਵਿੱਚ ਬੈਠੇ ਧੁੱਪ ਸੇਕ ਜਾਂ ਤਾਸ਼ ਖੇਡ ਰਹੇ ਸਨ ।ਮੈਂ ਅਤੇ ਮੇਰਾ ਸਾਥੀ ਜੱਗਾ ਸਿੰਘ (ਰਿਟਾ: ਜਿਲ੍ਹਾ ਮਨੈਜਰ ,ਮਾਰਕਫੈੱਡ) ਅਗਲੇ ਵੱਡੇ ਪਾਰਕ ‘ਚ ਟਹਿਲਣ ਲਈ ਚਲ ਪਏ। ਅੱਗੇ ਸਾਹਮਣੇ ਉੱਚੇ ਪਾਪੂਲਰਾਂ ਤੇ ਕਾਲੇ ਰੰਗ ਦੀ ਪਤੰਗ ਵਾਂਗ ਕੋਈ ਚੀਜ਼ ਹਿੱਲਦੀ ਦਿਖਾਈ ਦਿੱਤੀ,ਜਦੋਂ ਨੇੜਿਉਂ ਦੇਖਿਆ ਤਾਂ ਇਹ ਪਤੰਗ ਦੀ ਡੋਰ ‘ਚ ਫੱਸਿਆ ਕਾਂ ਸੀ ।ਉਹ ਨਿਕਲਣ ਲਈ ਖੰਭ ਜ਼ੋਰ ਨਾਲ ਹਿਲਾ ਤਾਂ ਰਿਹਾ ਸੀ ਪਰ ਇਹ ਡੋਰ ਉਸ ਨੂੰ ਕਿੱਥੇ ਛੱਡਣ ਵਾਲੀ ਸੀ।

ਅਸੀਂ ਉਸ ਦੀ ਜਾਨ ਬਚਾਉਣ ਲਈ ਉਤਾਵਲੇ ਹੋ ਗਏ।ਇਸੀ ਵਕਤ ਵਿਅੰਗਕਾਰ ਦੇਵਿੰਦਰ ਖੇਤਰਪਾਲ (ਰਿਟਾ: ਲੈਕਚਰਾਰ) ਅਤੇ ਉਨ੍ਹਾਂ ਦੇ ਦੋਸਤ ਵੀ ਇੱਧਰ ਆ ਗਏ। ਡੋਰ ਬਹੁਤ ਜ਼ਿਆਦਾ ਉੱਚੀ ਹੋਣ ਕਾਰਨ ਇਸ ਦਾ ਹੱਲ ਮੁਸ਼ਕਿਲ ਤਾਂ ਹੈ ਹੀ ਸੀ ਪਰ ਅਸੀਂ ਸਾਰੇ ਹਰ ਕੋਸ਼ਿਸ਼ ਕਰਨ ਲਈ ਯਤਨ ਕਰਨ ਲੱਗ ਪਏ।ਡੋਰ ਦੇ ਉੱਪਰ ਦੀ ਕਾਟੀ ਪਾਉਣ ਦੀ ਕੋਸ਼ਿਸ਼ ਡੋਰ ਉੱਚੀ ਹੋਣ ਕਾਰਨ ਨਾਕਾਮ ਰਹੀ। ਐਨੇ ਹੀ ਉਥੇ ਛੋਟੇ ਖੇਤਾਂ ‘ਚ ਬੀਜੇ ਚਾਰੇ ਦੀ ਪਤੰਗਾਂ ਵਾਲਿਆਂ ਤੋਂ ਰਾਖੀ ਲਈ ਘੁੰਮ ਰਿਹਾ ਲੜਕਾ ਆ ਗਿਆ ।ਉਸ ਨੂੰ ਕਾਂ ਦੀ ਜਾਨ ਬਚਾਉਣ ਲਈ ਕੁਝ ਕਰਨ ਲਈ ਕਿਹਾ ਤਾਂ ਉਹ ਇਸ ਕਾਰਜ ਲਈ ਬੜੇ ਹੀ ਦ੍ਰਿੜ੍ਹ ਇਰਾਦੇ ਨਾਲ ਅੱਗੇ ਆਇਆ।ਉਸ ਨੇ ਪਾਪੂਲਰ ਤੇ ਚੜ੍ਹਣ ਲਈ ਪੌੜੀ ਦਾ ਪ੍ਰਬੰਧ ਕਰ ਲਿਆ।ਪਾਪੂਲਰ ਦਾ ਦਰਖੱਤ ਹੋਰ ਦਰਖੱਤਾਂ ਤੋਂ ਕਮਜੌਰ ਹੁੰਦਾ ਹੈ।ਉਹ ਜੋਖ਼ਿਮ ਭਰੇ ਹਾਲਾਤ ‘ਚ ਪੌੜੀ ਲਾ ਕੇ ਪਾਪੂਲਰ ਤੇ ਚੜ੍ਹ ਗਿਆ ,ਪਾਪੂਲਰ ਉੱਪਰੋਂ ਟੁ’ਟਿਆ ਹੋਣ ਕਾਰਨ ਉੱਪਰਲੇ ਹਿ’ਸੇ ਤੇ ਪਤਲੀਆਂ ਟਾਹਣੀਆਂ ਫੁੱਟੀਆਂ ਹੋਈਆਂ ਸਨ ,ਉਨ੍ਹਾਂ ਨੂੰ ਫੜ੍ਹ ਕੇ ਉਹ ਬਿਲਕੁਲ ਸਿਰੇ ਤੇ ਟਾਹਣੀਆਂ ‘ਚ ਪੈਰ ਫਸਾ ਕੇ ਖੜ੍ਹਾ ਹੋ ਗਿਆ ।ਇਥੋਂ ਉਸ ਨੂੰ ਫੜ੍ਹਾਈ ਦਾਤ ਛੋਟੀ ਹੋਣ ਕਾਰਨ ਡੋਰ ਤੱਕ ਨਾ ਪਹੁੰਚੀ ।ਇਹ ਖਤਰੇ ਵਾਲੀ ਖੇਡ ਬਣ ਚੁੱਕੀ ਸੀ ਇੱਕ ਜਾਨ ਬਚਾਉਂਦੇ ਹੋਏ ਦੂਜੀ ਜਾਨ ਜੋਖ਼ਿਮਵਿੱਚ ਜਰੂਰ ਪਾ ਲਈ ਸੀ।ਉਹ ਕਈ ਵਾਰੀ ਡੋਲ ਵੀ ਰਿਹਾ ਸੀ।

ਅਸੀਂ ਹੋਲੀ ਹੋਲੀ ਲੰਬੀ ਪਾਪੂਲਰ ਦੀ ਟਾਹਣੀ ਉੱਪਰ ਖੜ੍ਹੇ ਲੜਕੇ ਨੂੰ ਪਹੁੰਚਾਈ ਜਿਸ ਨਾਲ ਉਸ ਨੇ ਡੋਰ ਨੂੰ ਫਸਾ ਕੇ ਖਿੱਚਣ ਕਾਰਨ ਡੋਰ ਢਿੱਲੀ ਹੋ ਗਈ ਤੇ ਕਾਂ ਫਸੀ ਡੋਰ ਸਮੇਤ ਦੂਜੇ ਪਾਪੂਲਰ ਤੇ ਬੈਠ ਗਿਆ।ਜੱਗਾ ਸਿੰਘ ਨੇ ਬਚਾਅ ਕਾਰਜ ਲਈ ਆਪਣੇ ਦੋਸਤ ਨੂੰ ਫੋਨ ਕਰਕੇ ਮਦਦ ਲਈ ਆਉਣ ਲਈ ਕਿਹਾ।ਉਸ ਨੇ ਇਸ ਕੰਮ ਲਈ ਮਾਹਿਰ ਇੱਕ ਸਮਾਜ ਸੇਵੀ ਭੇਜ ਦਿੱਤਾ।ਫੇਰ ਕਾਂ ਨੂੰ ਉਤਾਰਨ ਲਈ ਉਹੀ ਲੜਕਾ ਦੂਜੇ ਪਾਪੂਲਰ ਤੇ ਚੜ੍ਹਿਆ ਅਤੇ ਓਨੀ ਹੀ ਮਿਹਨਤ ਮੁਸ਼ਕਿਤ ਨਾਲ ਕਾਂ ਨੂੰ ਡੋਰ ‘ਚ ਉਲਝੇ ਹੋਏ ਨੂੰ ਥੱਲੇ ਉਤਾਰਿਆ ਤਾਂ ਡਰਦਾ ਕਾਂ ਉੱਡ ਤਾਂ ਨਾ ਸਕਿਆ ਪਰ ਥੱਲੇ ਹੀ ਦੌੜਣ ਲੱਗ ਪਿਆ ਜਿਸ ਨੂੰ ਜੱਗਾ ਸਿੰਘ ਦੇ ਦੋਸਤ ਵਲੋਂ ਭੇਜੇ ਸਮਾਜ ਸੇਵੀ ਨੇ ਕਾਂ ਉੱਪਰ ਰੁਮਾਲ ਸੁੱਟ ਕੇ ਉਸ ਨੂੰ ਫੜ੍ਹ ਲਿਆ।ਫੇਰ ਹੋਲੀ ਹੋਲੀ ਉਸ ਨੇ ਬਲੇਡ ਨਾਲ ਲਿਪਟੀ ਡੋਰ ਨੂੰ ਅਸੀਂ ਰਲ ਕੇ ਕੱਟਿਆ ਅਤੇ ਖੰਭਾਂ ਨੂੰ ਖਿਲਾਰ ਕੇ ਚੈਕ ਕੀਤਾ ਅਤੇ ਖੰਭਾਂ ਵਿੱਚਲੀ ਡੋਰ ਬੜੇ ਬਚਾਅ ਨਾਲ ਕੱਟੀ। ਡੋਰ ਦੀ ਖਿੱਚ ਨਾਲ ਖੰਭਾਂ ਦੀਆਂ ਜੜ੍ਹਾਂ ‘ਚੋਂ ਖੁਨ ਰਿਸਣ ਲੱਗ ਪਿਆ,ਕਾਂ ਨੂੰ ਪਾਣੀ ਪਿਲਾਉਣ ਦੇ ਨਾਲ ਮੌਕੇ ਦੇ ਲਿਹਾਜ ਨਾਲ ਜਖ਼ਮਾਂ ‘ਚ ਹਲਦੀ ਮੰਗਾ ਕੇ ਭਰ ਦਿੱਤੀ ।ਕਾਂ ਨੂੰ ਕਿਸੇ ਉੱਚੀ ਥਾਂ ਬਿਠਾ ਦੇਣ ਬਾਰੇ ਸੋਚਿਆ ਪਰ ਉਸ ਵਿਅਕਤੀ ਨੇ ਪਹਿਲਾਂ ਕਾਂ ਨੂੰ ਹਵਾ ਵਿੱਚ ਉੱਡਾ ਕੇ ਦੇਖਣ ਲਈ ਹਥੋਂ ਛੱਡਿਆ ਹੀ ਸੀ ਕਿ ਕਾਂ ਉੱਡ ਕੇ ਸਾਹਮਣੇ ਦਰਖੱਤ ਤੇ ਜਾ ਬੈਠਿਆ ਤਾਂ ਸਾਰਿਆਂ ਸ਼ੁਕਰ ਕੀਤਾ ਕਿ ਇੱਕ ਜੀਵ ਦੀ ਜਾਨ ਬਚ ਗਈ।ਜੇਕਰ ਕਾਂ ਸਾਨੂੰ ਦਿਖਾਈ ਨਾ ਦਿੰਦਾ ਹੋ ਸਕਦਾ ਉਹ ਤੜਫ ਤੜਫ ਕੇ ਮਰ ਜਾਂਦਾ।

ਇਹ ਚਾਈਨਾ ਡੋਰਾਂ ਰਸਤਿਆਂ ‘ਚ ਆਮ ਉਲਝੀਆਂ ਹੋਈਆਂ ਪਈਆਂ ਮਿਲਦੀਆਂ ਹਨ,ਜੋ ਪੈਦਲ ਤੁਰੇ ਜਾਂਦਿਆਂ ਦੇ ਪੈਰਾਂ ‘ਚ ਫਸ ਕੇ ਗਿਰਾਉਣ ਦਾ ਕੰਮ ਕਰਦੀਆਂ ਹਨ।ਕਈ ਵਾਰੀ ਤੇਜ਼ ਰਫਤਾਰ ਦੋ ਪਹੀਆ ਵਾਹਨ ਚਾਲਕਾਂ ਦੇ ਗਲਾਂ ਵਿੱਚ ਫੱਸ ਕੇ ਗਰਦਨ ਦੀਆਂ ਕੋਮਲ ਨਾੜਾਂ ਨੂੰ ਵੀ ਕੱਟ ਦੇਣ ਦੀਆਂ ਜਾਨਲੇਵਾ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ।ਹੁਣ ਗੱਲ ਗੰਭੀਰਤਾ ਨਾਲ ਸੋਚਣ ਦੀ ਆਉਂਦੀ ਹੈ ਕਿ ਸਾਡਾ ਸਮਾਜ ਇਹੋ ਜਿਹੇ ਕੰਮਾਂ ਨੂੰ ਉਤਸ਼ਾਹਿਤ ਕਿਉਂ ਕਰਦਾ ਹੈ ਜਿਨ੍ਹਾਂ ਨਾਲ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ।ਕਈ ਬੱਚੇ ਪਤੰਗ ਉਡਾਉਂਦੇ ਛੱਤਾਂ ਉੱਪਰੋਂ ਬੇਧਿਆਨੀ ‘ਚ ਹੇਠਾਂ ਗਿਰ ਕੇ ਗੰਭੀਰ ਜਖ਼ਮੀ ਜਾਂ ਮੌਤ ਦੇ ਮੂੰਹ ਜਾ ਪੈਂਦੇ ਹਨ।ਇਹੋ ਜਿਹੇ ਦੁੱਖ ਮਾਪੇ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ।ਸੋ ਮਾਪਿਆਂ ਨੂੰ ਛੋਟੇ ਬੱਚਿਆਂ ਦੇ ਮਨਾਂ ਵਿੱਚ ਇਹੋ ਜਿਹੀਆਂ ਖਤਰਨਾਕ ਖੇਡਾਂ ਪ੍ਰਤੀ ਨਫਰਤ ਭਰਨੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ।

ਮੇਜਰ ਸਿੰਘ ਨਾਭਾ
9463553962

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: