ਜਥੇਦਾਰ ਸੰਤੋਖ ਸਿੰਘ ਵਰਗੀ ਬਹੁਪੱਖੀ ਸ਼ਖਸ਼ੀਅਤ ਦਾ ਮਾਲਕ ਅੱਜ ਦੀ ਸਿੱਖ ਸਿਆਸਤ ‘ਚ ਲੱਭਣਾ ਆਸਾਨ ਨਹੀਂ : ਡਾ. ਜਸਪਾਲ ਸਿੰਘ

ss1

ਜਥੇਦਾਰ ਸੰਤੋਖ ਸਿੰਘ ਵਰਗੀ ਬਹੁਪੱਖੀ ਸ਼ਖਸ਼ੀਅਤ ਦਾ ਮਾਲਕ ਅੱਜ ਦੀ ਸਿੱਖ ਸਿਆਸਤ ‘ਚ ਲੱਭਣਾ ਆਸਾਨ ਨਹੀਂ : ਡਾ. ਜਸਪਾਲ ਸਿੰਘ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੇ ਸਿੱਖ ਆਗੂਆਂ ਦੀਆਂ ਪੰਥਕ ਪ੍ਰਾਪਤੀਆਂ ‘ਚੋਂ ਜੇਕਰ ਜਥੇਦਾਰ ਸੰਤੋਖ ਸਿੰਘ ਦੇ ਕਾਰਜਕਾਲ ਨੂੰ ਬਾਹਰ ਕਰ ਦਿੱਤਾ ਜਾਵੇ ਤਾਂ ਸ਼ਾਇਦ ਦੇਸ਼ ਦੀ ਰਾਜਧਾਨੀ ‘ਚ ਵਸਦੇ ਸਿੱਖਾਂ ਦੇ ਵਿਦਿਅਕ ਅਤੇ ਧਾਰਮਿਕ ਪੱਖੋਂ ਹੋਸ਼ਿਆਰ ਹੋਣ ਦੇ ਸਾਹਮਣੇ ਆਉਂਦੇ ਰੁਝਾਨ ਨੂੰ ਮੁਕਾਮ ‘ਤੇ ਨਹੀਂ ਪਹੁੰਚਾਇਆ ਜਾ ਸਕਦਾ ਸੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਦੀ 21 ਦਸੰਬਰ ਨੂੰ ਆ ਰਹੀ ਬਰਸ਼ੀ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਹਿਤਾਂ ਦੇ ਪਹਿਰੇਦਾਰ ਬਣਕੇ ਤਕਰੀਬਨ 30 ਸਾਲ ਸਿੱਖ ਸਿਆਸਤ ਦੇ ਆਕਾਸ਼ ‘ਤੇ ਧਰੂ ਤਾਰੇ ਵਾਂਗ ਛਾਏ ਰਹਿਣ ਵਾਲੇ ਜਥੇਦਾਰ ਦਾ ਸ਼ਰੀਰਕ ਕੱਦ ਬੇਸ਼ਕ ਇੰਨਾ ਵੱਡਾ ਨਹੀਂ ਸੀ ਪਰ ਸਹੀ ਮਾਅਨਿਆਂ ‘ਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਉਨ੍ਹਾਂ ਨਾਲ ਕੌਮੀ ਮਸਲਿਆਂ ‘ਤੇ ਗੱਲ ਕਰਨ ਦੌਰਾਨ ਆਪਣੇ ਆਪ ਨੂੰ ਸੰਕੋਚਦੀ ਸੀ। ਕਿਉਂਕਿ ਜਥੇਦਾਰ ਪ੍ਰਧਾਨ ਮੰਤਰੀ ਤੋਂ ਜਦੋਂ ਵੀ ਮੁਲਾਕਾਤ ਕਰਦੇ ਤਾਂ ਕੇਵਲ ਕੌਮ ਦੀ ਭਲਾਈ ਦੇ ਏਜੰਡੇ ਨੂੰ ਅੱਗੇ ਰੱਖਦੇ ਸਨ। ਜਿਸ ਕਰਕੇ ਇੱਕ ਮੌਕੇ ‘ਤੇ ਇੰਦਰਾ ਗਾਂਧੀ ਨੇ ਜਥੇਦਾਰ ਦੀ ਸਿਆਸੀ ਬਲੀ ਲੈਣ ਲਈ ਦਿੱਲੀ ਕਮੇਟੀ ਦੀ ਚੋਣ ਲੜਨ ਲਈ ਮੈਟ੍ਰਿਕ ਜਾਂ ਗਿਆਨੀ ਪਾਸ ਹੋਣ ਦੀ ਸ਼ਰਤ ਨੂੰ ਲਾਜ਼ਮੀ ਕਰ ਦਿੱਤਾ ਸੀ। ਪਰ ਇੰਦਰਾ ਗਾਂਧੀ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਸਿੱਖ ਹਿਤਾਂ ਲਈ ਹਰ ਹਰਬਾ ਵਰਤਿਆ। ਜਿਸ ਦਾ ਸਬੂਤ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਨਾਲ ਹੀ ਗੁਰਦੁਆਰਿਆਂ ਦੀ ਜਾਇਦਾਦਾਂ ਤੇ ਆਲਾ ਦੁਆਲਾ ਸਾਂਭਣ ਲਈ ਕੀਤੇ ਗਏ ਕਾਰਜ ਮੁਖ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਥੇਦਾਰ ਸੰਤੋਖ ਸਿੰਘ ਵਰਗੀ ਬਹੁਪੱਖੀ ਸ਼ਖਸ਼ੀਅਤ ਦਾ ਮਾਲਕ ਅੱਜ ਦੀ ਸਿੱਖ ਸਿਆਸਤ ‘ਚ ਲਭਣਾ ਆਸਾਨ ਕਾਰਜ ਨਹੀਂ ਹੈ। ਇਸ ਮੌਕੇ ਉਨ੍ਹਾਂ ਨੇ ਜਥੇਦਾਰ ਸੰਤੋਖ ਸਿੰਘ ਵੱਲੋਂ ਗੁਰਦੁਆਰਿਆਂ ਦੇ ਨਾਲ ਲਗਾਈ ਗਈਆਂ ਜਮੀਨਾਂ, ਖਾਲਸਾ ਕਾਲਜਾਂ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੇ ਨਾਲ ਹੀ ਕੌਮ ਦੀ ਗੈਰਤ ਨੂੰ ਦੇਸ਼ ਦੀ ਰਾਜਧਾਨੀ ‘ਚ ਬੁਲੰਦ ਰੱਖਣ ਵਾਸਤੇ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ।

Share Button

Leave a Reply

Your email address will not be published. Required fields are marked *