Tue. Sep 24th, 2019

ਛੋਟੇਪੁਰ ਦੀ ਨਾਰਾਜ਼ਗੀ ਨੇ ਸਿੱਧ ਕੀਤਾ ਕਿ ‘ਆਪ’ ਨੂੰ ਚਲਾ ਰਹੇ ਹਨ ਬਾਹਰੀ ਵਿਅਕਤੀ : ਅਮਰਿੰਦਰ

ਛੋਟੇਪੁਰ ਦੀ ਨਾਰਾਜ਼ਗੀ ਨੇ ਸਿੱਧ ਕੀਤਾ ਕਿ ‘ਆਪ’ ਨੂੰ ਚਲਾ ਰਹੇ ਹਨ ਬਾਹਰੀ ਵਿਅਕਤੀ : ਅਮਰਿੰਦਰ

ਨਾਭਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਦੇ ਛੋਟੇਪੁਰ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਨੇ ਕਾਂਗਰਸ ਦੇ ਉਨ੍ਹਾਂ ਦਾਅਵਿਆਂ ਨੂੰ ਸਿੱਧ ਕਰ ਦਿੱਤਾ ਹੈ ਜਿਸ ‘ਚ ਕਾਂਗਰਸ ਨੇ ਕਿਹਾ ਸੀ ਕਿ ‘ਆਪ’ ਨੂੰ ਪੰਜਾਬੀ ਨੇਤਾ ਨਹੀਂ, ਸਗੋਂ ਬਾਹਰੀ ਨੇਤਾ ਚਲਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਦੀ ਲੀਡਰਸ਼ਿਪ ਨੇ ਟਿਕਟਾਂ ਦੇ ਐਲਾਨ ਸਮੇਂ ਸੁੱਚਾ ਸਿੰਘ ਛੋਟੇਪੁਰ ਨੂੰ ਬੇਧਿਆਨ ਕੀਤਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ‘ਆਪ’ ਦੀ ਕੇਂਦਰੀ ਲੀਡਰਸ਼ਿਪ ਹੰਕਾਰ ‘ਚ ਭਰੀ ਪਈ ਹੈ ਅਤੇ ਯੂ. ਪੀ., ਬਿਹਾਰ ਅਤੇ ਹਰਿਆਣਾ ਦੇ ਨੇਤਾ ਹੀ ਇਸ ਪਾਰਟੀ ਨੂੰ ਚਲਾ ਰਹੇ ਹਨ। ਪੰਜਾਬੀ ਲੀਡਰਸ਼ਿਪ ਨੂੰ ਤਾਂ ਪੂਰੀ ਤਰ੍ਹਾਂ ਅਣਡਿੱਠ ਕੀਤਾ ਹੋਇਆ ਹੈ।
ਕੈਪਟਨ ਨੇ ਸ਼ਨੀਵਾਰ ‘ਹਲਕੇ ਵਿਚ ਕੈਪਟਨ’ ਪ੍ਰੋਗਰਾਮ ਦੌਰਾਨ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਗੱਲਬਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਬੁਲਬੁਲਾ ਪੰਜਾਬ ‘ਚ ਫਟ ਚੁੱਕਾ ਹੈ। ਇਹ ਪਾਰਟੀ ਬੁਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ। ਦੋ ਸੰਸਦ ਮੈਂਬਰ ‘ਆਪ’ ਤੋਂ ਵੱਖ ਹੋ ਕੇ ਬੈਠੇ ਹਨ। ਇਕ ਧੜਾ ਯੋਗੇਂਦਰ ਯਾਦਵ ਚਲਾ ਰਿਹਾ ਹੈ। ਤੀਜਾ ਧੜਾ ਸੰਜੇ ਅਤੇ ਦੁਰਗੇਸ਼ ਪਾਠਕ ਚਲਾਉਣ ‘ਚ ਲੱਗੇ ਹੋਏ ਹਨ। ਜਲਦੀ ਹੀ ਆਮ ਆਦਮੀ ਪਾਰਟੀ ਪੰਜਾਬ ‘ਚ ਖਿੱਲਰ ਜਾਏਗੀ। ਪ੍ਰੋਗਰਾਮ ਦੌਰਾਨ ਸਾਧੂ ਸਿੰਘ ਧਰਮਸੋਤ, ਹਰਦਿਆਲ ਸਿੰਘ ਕੰਬੋਜ ਅਤੇ ਹੋਰ ਸੀਨੀਅਰ ਨੇਤਾ ਵੀ ਮੌਜੂਦ ਸਨ।
ਕੈਪਟਨ ਨੇ ਕਿਹਾ ਕਿ ਅਜੇ ਤਾਂ 29 ਸੀਟਾਂ ‘ਤੇ ਉਮੀਦਵਾਰਾਂ ਦੇ ਐਲਾਨ ਨਾਲ ਹੀ ‘ਆਪ’ ਵਿਚ ਫੁੱਟ ਪੈਦਾ ਹੋ ਗਈ ਹੈ। ਜਿਵੇਂ ਹੀ ਹੋਰਨਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਏਗਾ, ਆਮ ਆਦਮੀ ਪਾਰਟੀ ਕਈ ਹਿੱਸਿਆਂ ‘ਚ ਵੰਡੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹਰ ਪੰਜਾਬੀ ਦੇ ਚਿਹਰੇ ‘ਤੇ ਖੁਸ਼ੀ ਦੇਖਣੀ ਚਾਹੁੰਦੇ ਹਨ ਇਸ ਲਈ ਉਹ ਲੋਕਾਂ ਕੋਲੋਂ 5 ਸਾਲ ਦਾ ਸਮਾਂ ਮੰਗਦੇ ਹਨ ਤਾਂ ਜੋ ਸੂਬੇ ਨੂੰ ਤਰੱਕੀ ਅਤੇ ਵਿਕਾਸ ਦੇ ਰਾਹ ‘ਤੇ ਤੋਰਿਆ ਜਾ ਸਕੇ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਕੋਲੋਂ 25 ਸਾਲ ਨਹੀਂ ਮੰਗਦੇ, ਸਗੋਂ ਸਿਰਫ ਪੰਜ ਸਾਲ ਹੀ ਮੰਗਦੇ ਹਨ। ਉਹ ਭ੍ਰਿਸ਼ਟਾਚਾਰ ਅਤੇ ਨਸ਼ਿਆਂ ‘ਤੇ ਇਸ ਦੌਰਾਨ ਮੁਕੰਮਲ ਰੋਕ ਲਾ ਦੇਣਗੇ। ਨਸ਼ਿਆਂ ‘ਤੇ ਤਾਂ ਰੋਕ ਲਾਉਣ ਲਈ ਉਨ੍ਹਾਂ ਲੋਕਾਂ ਕੋਲੋਂ 4 ਹਫਤਿਆਂ ਦਾ ਹੀ ਸਮਾਂ ਮੰਗਿਆ ਹੈ।
ਕੈਪਟਨ ਜੋ ਹੁਣ ਤਕ ‘ਹਲਕੇ ਵਿਚ ਕੈਪਟਨ’ ਦੇ 15 ਪ੍ਰੋਗਰਾਮਾਂ ਦਾ ਆਯੋਜਨ 15 ਵਿਧਾਨ ਸਭਾ ਹਲਕਿਆਂ ‘ਚ ਕਰ ਚੁੱਕੇ ਹਨ, ਨੇ ਕਿਹਾ ਕਿ ਜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਹਿਯੋਗੀ ਮੰਤਰੀ ਸ਼ਾਮਿਲ ਪਾਏ ਗਏ ਤਾਂ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪਹਿਲਾਂ ਵੀ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਰਵੀ ਸਿੱਧੂ ਅਤੇ ਕਈ ਹੋਰ ਅਕਾਲੀ ਨੇਤਾਵਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਕੇਸ ਦਰਜ ਕੀਤੇ ਸਨ। ਭ੍ਰਿਸ਼ਟ ਅਧਿਕਾਰੀਆਂ ਕੋਲੋਂ ਵੀ ਪੂਰਾ ਹਿਸਾਬ-ਕਿਤਾਬ ਲਿਆ ਜਾਵੇਗਾ।
ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਸੁਪਰੀਮ ਕੋਰਟ ਦਾ ਐੱਸ. ਵਾਈ. ਐੱਲ. ਮੁੱਦੇ ‘ਤੇ ਪੰਜਾਬ ਵਿਰੁੱਧ ਫੈਸਲਾ ਆਉਣ ‘ਤੇ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਅਸਤੀਫੇ ਦੇਣ ਪਿਛੋਂ ਕਾਂਗਰਸ ਲੋਕਾਂ ਦੀ ਕਚਹਿਰੀ ‘ਚ ਜਾਏਗੀ ਅਤੇ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਕੋਲੋਂ ਪੂਰਨ ਬਹੁਮਤ ਮੰਗੇਗੀ ਤਾਂ ਜੋ ਅਸੈਂਬਲੀ ‘ਚ ਨਵਾਂ ਕਾਨੂੰਨ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾ ਸਕੇ। ਅਜਿਹਾ ਉਨ੍ਹਾਂ 2004 ‘ਚ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਕੀਤਾ ਸੀ।
ਕੈਪਟਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕੀਤਾ ਜਾਵੇਗਾ ਪਰ ਪੰਜਾਬ ਦੇ ਹਿੱਤਾਂ ਨਾਲ ਕੇਂਦਰ ਦੀ ਰਾਜਗ ਸਰਕਾਰ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਹੋਣ ਵਾਲੀ ਬੇਇਨਸਾਫੀ ਨਾਲ ਲੜਨ ਲਈ ਕਾਨੂੰਨੀ ਅਤੇ ਸੰਵਿਧਾਨਕ ਤਰੀਕਾ ਅਪਣਾਇਆ ਜਾਵੇਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਪਾਣੀ ਨੂੰ ਬਚਾਉਣ ਲਈ ਕੁੱਝ ਵੀ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਪਿਛਲੇ ਸਮੇਂ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਕਾਂਗਰਸ ਸਰਕਾਰ ਬਣਨ ‘ਤੇ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਚਾਹੇ ਬਾਦਲ ਹੋਵੇ ਜਾਂ ਕੋਈ ਹੋਰ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਪੰਜਾਬ ‘ਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਿਤਾਉਣ ਵਾਲੇ ਗਰੀਬ ਲੋਕਾਂ ਲਈ ਵਿਸ਼ੇਸ਼ ਸਕੀਮ ਲੈ ਕੇ ਆਉਣਗੇ ਤਾਂ ਕਿ ਉਨ੍ਹਾਂ ਦੀਆਂ ਸਮਾਜਿਕ, ਆਰਥਿਕ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਮੰਡੀ ਬੋਰਡ ਨੂੰ ਭੰਗ ਕਰਨ ਦੇ ਚਰਚਿਆਂ ਨੂੰ ਰੱਦ ਕਰ ਦਿੱਤਾ।

Leave a Reply

Your email address will not be published. Required fields are marked *

%d bloggers like this: