ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪਾਉਣ ਵਾਲਾ – ਸਤਬੀਰ ਸਿੰਘ ਦਰਦੀ

ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪਾਉਣ ਵਾਲਾ – ਸਤਬੀਰ ਸਿੰਘ ਦਰਦੀ
ਅੰਤਾਂ ਦਾ ਮਿਲਣਸਾਰ, ਸੋਹਣਾ ਸੁਨੱਖਾ, ਸਦਾ ਗੁਲਾਬ ਦੇ ਫੁੱਲ ਵਾਂਗ ਖਿੜਿਆ, ਖੁਸ਼ਬੂਆਂ ਖਲੇਰਦਾ ਸਤਬੀਰ ਸਿੰਘ ਦਰਦੀ 16 ਫਰਵਰੀ 2021, ਦਿਨ ਮੰਗਲਵਾਰ ਨੂੰ ਆਪਣੀ ਸੰਸਾਰਕ ਯਾਤਰਾ ਮੁਕੰਮਲ ਕਰਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜਾ ਹੈ। ਉਹ ਰੋਜ਼ਾਨਾ ਚੜ੍ਹਦੀਕਲਾ ਅਤੇ ਟਾਈਮ ਟੀ.ਵੀ. ਦਾ ਡਾਇਰੈਕਟਰ ਸੀ। ਨਾਮਵਰ ਪੱਤਰਕਾਰ ਤੇ ਰੋਜ਼ਾਨਾ ਚੜ੍ਹਦੀਕਲਾ ਦੇ ਸੰਪਾਦਕ ਜਗਜੀਤ ਸਿੰਘ ਦਰਦੀ ਦਾ ਅਨਮੋਲ ਰਤਨ ਤੇ ਰੋਸ਼ਨ ਮੀਨਾਰ ਸੀ। ਉਸ ਨੇ 11 ਮਾਰਚ 1978 ਨੂੰ ਪਟਿਆਲੇ ਵਿਖੇ ਜਸਵਿੰਦਰ ਕੌਰ ਦਰਦੀ ਦੀ ਕੁੱਖ ਤੋਂ ਜਨਮ ਲਿਆ ਸੀ ਤੇ ਆਪਣੀ ਮਾਂ ਦੀ ਅੱਖ ਦਾ ਤਾਰਾ ਸੀ। ਉਸ ਦਾ ਪਾਲਣ ਪੋਸ਼ਣ ਸਿੱਖੀ ਦੀ ਚਾਸ਼ਨੀ ਵਿਚ ਹੋਇਆ। ਉਸ ਨੂੰ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਮਿਲੀਆਂ। ਵਿਕਟੋਰੀਆ ਯੂਨੀਵਰਸਿਟੀ ਵਿਸਕਾਨਸਨ ਤੋਂ ਐਮ.ਬੀ.ਏ. ਦੀ ਡਿਗਰੀ ਸੰਨ 2002 ਵਿਚ ਕਰਕੇ ਪਿਤਾ ਪੁਰਖੀ ਕਾਰੋਬਾਰ ਰੋਜ਼ਾਨਾ ਚੜ੍ਹਦੀਕਲਾ ਵਿਚ ਪ੍ਰਵੇਸ਼ ਕੀਤਾ। ਸੰਨ 2004 ਵਿਚ ਸਰਦਾਰਨੀ ਗੁਰਲੀਨ ਕੌਰ ਸਪੁੱਤਰੀ ਸਵਰਗੀ ਮਨਮੋਹਨ ਸਿੰਘ ਮਲਹੋਤਰਾ ਦਿੱਲੀ ਨਿਵਾਸੀ ਨਾਲ ਅਨੰਦ ਕਾਰਜ ਹੋਇਆ। ਉਹ ਆਪਣੇ ਪਿਛੇ ਚੌਦਾਂ ਸਾਲ ਦੀ ਪਿਆਰੀ ਬੇਟੀ ਜਪੁਜੀ ਕੌਰ ਤੇ ਦਸ ਸਾਲ ਦਾ ਪਿਆਰਾ ਪੁੱਤਰ ਏਕਬੀਰ ਸਿੰਘ ਨੂੰ ਛੱਡ ਗਿਆ।
ਉਸ ਨੇ ਪੱਤਰਕਾਰੀ ਦੇ ਪਿੜ ਵਿਚ ਕਈ ਅਮਿਟ ਛਾਪਾਂ ਛੱਡੀਆਂ। ਛੋਟੀ ਉਮਰ ਵਿਚ ਲੋਕ ਸਭਾ ਅਤੇ ਰਾਜ ਸਭਾ ਦੀ ਕਵਰੇਜ਼ ਉਸ ਦੀ ਜ਼ਿੰਦਗੀ ਦੀ ਵਿਸ਼ੇਸ਼ ਭੂਮਿਕਾ ਸੀ। ਉਹ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਡੈਲੀਗੇਸ਼ਨਾਂ ਵਿਚ ਪ੍ਰੈਸ ਪਾਰਟੀ ਵਿਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਸੀ। ਜਦੋਂ ਅਗਸਤ 2019 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਟੂਰ ’ਤੇ ਜਾਣ ਸਮੇਂ ਭਾਰਤੀ ਵਫਦ ਦੀ ਪ੍ਰੈਸ ਪਾਰਟੀ ਵਿਚ ਜਾਣ ਵਾਲਾ ਸਭ ਤੋਂ ਛੋਟੀ ਉਮਰ ਦਾ ਪੱਤਰਕਾਰ ਸਤਬੀਰ ਸਿੰਘ ਦਰਦੀ ਸੀ। ਉਹ ਇਕ ਅਜਿਹੀ ਸ਼ਖਸੀਅਤ ਸੀ ਜੋ ਚੜ੍ਹਦੀਕਲਾ ਟਾਈਮ ਟੀ.ਵੀ. ਚੈਨਲ ਅਤੇ ਅਖ਼ਬਾਰ ਰਾਹੀਂ ਹਰ ਪਾਰਟੀ ਦੀ ਕਵਰੇਜ਼ ਬਿਨਾਂ ਭੇਦ ਭਾਵ ਨਾਲ ਕਰਨ ਵਿਚ ਵਿਸ਼ਵਾਸ ਰੱਖਦਾ ਸੀ। ਉਸ ਦੀ ਭਾਵੇਂ ਪੰਜਾਬ ਦੀ ਰਾਜਨੀਤੀ ਵਿਚ ਚੰਗੀ ਸੂਝ ਸੀ ਪਰ ਤਦ ਵੀ ਉਹ ਕੌਮੀ ਘਟਨਾਵਾਂ ’ਤੇ ਵੀ ਤਿਰਛੀ ਅੱਖ ਰੱਖਦਾ ਸੀ। ਬੰਗਲਾ ਸਾਹਿਬ ਦਿੱਲੀ ਤੇ ਪਟਨਾ ਸਾਹਿਬ ਤੋਂ ਰੋਜ਼ਾਨਾ ਲਾਈਵ ਪ੍ਰੋਗਰਾਮਾਂ ਦੀ ਦੇਖ ਰੇਖ ਵਿਚ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ।
ਦਸੰਬਰ 2019 ਉਸ ਦਾ ਕੈਨੇਡਾ ਦਾ ਅੰਤਲਾ ਟੂਰ ਸੀ। ਇਕ ਦਿਨ ਮਿਥੇ ਸਮੇਂ ਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵਲੋਂ ਸਰੀ ਵਿਖੇ ਇਕ ਪ੍ਰਤੀਨਿਧ ਹਾਜ਼ਰੀ ਵਿਚ ਸ੍ਰ. ਸਤਬੀਰ ਸਿੰਘ ਦਰਦੀ ਨੂੰ ਐਵਾਰਡ ਆਫ਼ ਆਨਰਜ਼ ਦਿੱਤਾ ਗਿਆ। ਜਿਸ ਵਿਚ ਲੇਖਕ, ਪੱਤਰਕਾਰ, ਬੁੱਧੀਜੀਵੀ, ਸਮਾਜ ਸੇਵੀ ਤੇ ਪੰਥ ਦਰਦੀਆਂ ਦੀ ਹਾਜ਼ਰੀ ਸੀ ਤੇ ਮਗਰੋਂ ਡੈਲਟਾ ਦੇ ਇਕ ਰੈਸਟੋਰੈਂਟ ਵਿਚ ਬੈਠ ਕੇ ਉਸ ਦੇ ਅਦਾਰੇ ਤੇ ਜੀਵਨ ਦੇ ਅਮੋਲ ਪਲਾਂ ’ਤੇ ਚਰਚਾ ਹੋਈ। ਉਹ ਇਕ ਨਿਰਾਲੀ ਛਬੀ ਵਾਲਾ ਸਿਦਕ ਸਿਰੜ ਦੀ ਮੂਰਤ ਦਾ ਪ੍ਰਤੀਕ ਸੀ। ਉਹ ਇਕ ਮਨ ਨੀਵਾਂ ਤੇ ਮਤ ਉਚੀ ਕਰ ਲੋਕਾਂ ਵਿਚ ਵਿਚਰਨ ਵਾਲਾ ਸੀ। ਪੰਜਾਬੀ ਮਾਂ ਬੋਲੀ ਦਾ ਸੱਚਾ ਸਪੂਤ, ਪੰਜਾਬੀ ਵਿਰਸੇ ’ਤੇ ਵਿਰਾਸਤ ਦਾ ਪਹਿਰੇਦਾਰ ਬਾਰੇ ਕਦੇ ਵੀ ਕਿਸੇ ਨੇ ਨਹੀਂ ਸੀ। ਸੋਚਿਆ ਕਿ ਉਹ ਸਾਨੂੰ ਇੰਨੀ ਜਲਦੀ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਤੋਂ ਅਲੋਪ ਹੋ ਜਾਵੇਗਾ।
ਉਸ ਨੇ ਆਪਣੇ ਅਦਾਰੇ ਵਿਚ ਆਪਣੇ ਕਿਰਦਾਰ ਦੀ ਅਜਿਹੀ ਮਹਿਕ ਖਿੰਡਾਈ ਹੈ ਜੋ ਆਪਣੇ ਆਪ ਵਿਚ ਇਕ ਮਿਸਾਲ ਹੈ। ਮਨਦੀਪ ਕੌਰ ਖਾਲਸਾ ਜਿਸ ਨੇ ਕਈ ਸਾਲ ਅਦਾਰੇ ਵਿਚ ਕੰਮ ਕੀਤਾ ਬੜੇ ਦੁਖੀ ਮਨ ਨਾਲ ਕਹਿੰਦੀ ਹੈ, ‘‘ਮੈਂ ਕੰਮ ਬਹੁਤ ਜਗ੍ਹਾ ਕੀਤਾ ਹੈ ਪਰ ਮੈਨੂੰ ਕਦੇ ਵੀ ਅਜਿਹਾ ਬੌਸ ਨਹੀਂ ਮਿਲਿਆ ਜੋ ਆਪਣੇ ਸਟਾਫ਼ (ਮੁਲਾਜ਼ਮਾਂ) ਨੂੰ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਵੇ, ਉਹ ਵੀ ਪੂਰੇ ਸਤਿਕਾਰ ਨਾਲ। ਉਹ ਕਿਰਕਪਟ ਅਤੇ ਮਾਸੂਮ ਚਿਹਰਾ ਜੋ ਸਦਾ ਹਾਸੇ ਵੰਡਦਾ ਰਿਹਾ ਹੁਣ ਨਹੀਂ ਦਿਸਣਾ। ਅਦਾਰੇ ਵਿਚ ਲੰਮਾਂ ਸਮਾਂ ਕੰਮ ਕਰਨ ਵਾਲੇ ਬਲਜਿੰਦਰ ਸਿੰਘ, ਰਵੀ ਸ਼ਰਮਾ, ਗਗਨ ਉਬਰਾਏ ਤੇ ਹੋਰ ਕਿੰਨੇ ਉਸ ਦੇ ਵਿਛੋੜੇ ਮਗਰੋਂ ਅੱਖ ਨਮ ਕਰਕੇ ਉਸ ਨੂੰ ਯਾਦ ਕਰ ਰਹੇ ਹਨ। ਉਹ ਭਾਵੇਂ ਅੱਜ ਇਸ ਦੁਨੀਆਂ ਵਿਚ ਨਹੀਂ ਰਿਹਾ ਪਰ ਉਹ ਸਦਾ ਅਮਰ ਰਹੇਗਾ ਤੇ ਉਸਦੀ ਯਾਦ ਸਦਾ ਸਾਡੇ ਦਿਲਾਂ ਵਿਚ ਰਾਜ ਕਰੇਗੀ।
ਉਸ ਦਾ ਸੋਗੀ ਵਿਛੋੜਾ ਆਲਮੀ ਜਗਤ ਵਿਚ ਮਾਤਮ ਛਾਇਆ ਹੋਇਆ ਹੈ। ਹਰ ਪਾਸੇ ਹਨੇਰਾ, ਹਰ ਕੋਈ ਸਤਬੀਰ ਸਿੰਘ ਦਰਦੀ ਨੂੰ ਲੱਭ ਰਿਹਾ ਹੈ ਪਰ ਉਹ ਤਾਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜਿਆ ਹੈ। ਉਨ੍ਹਾਂ ਦੇ ਮਾਤਾ ਪਿਤਾ ਜਗਜੀਤ ਸਿੰਘ ਦਰਦੀ, ਜਸਵਿੰਦਰ ਕੌਰ ਦਰਦੀ, ਵੱਡੇ ਭਰਾਤਾ ਹਰਪ੍ਰੀਤ ਸਿੰਘ ਦਰਦੀ, ਭੈਣ ਡਾ. ਇੰਦਰਪ੍ਰੀਤ ਕੌਰ ਦਰਦੀ ਤੇ ਪਤਨੀ ਗੁਰਲੀਨ ਕੌਰ ਦਰਦੀ ਤੇ ਸਮੁੱਚਾ ਦਰਦੀ ਪਰਿਵਾਰ ਤੇ ਅਦਾਰਾ ਚੜ੍ਹਦੀਕਲਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਸੀਂ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹੁੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀ ਆਤਮਾ ਨੂੰ ਚਰਨਾਂ ’ਚ ਨਿਵਾਸ ਬਖਸ਼ੇ। ਕਿਸੇ ਸ਼ਾਇਰ ਨੇ ਸਹੀ ਕਿਹਾ ਹੈ, ‘ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਜੈ ਦੀਦਾਵਰ ਪੈਦਾ’’
ਅਮੀਨ
ਜੈਤੇਗ ਸਿੰਘ ਅਨੰਤ
jaiteganant@yahoo.com
778-385-8141