ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਚੱਠ

ਮੇਰੇ ਵਿਆਹ ਨੂੰ ਕਈ ਸਾਲ ਬੀਤੇ ਚੁੱਕੇ ਹਨ । ਬੱਚੇ ਜਵਾਨ ਹੋ ਰਹੇ ਹਨ । ਮੈਂ ਕਿਸੇ ਦੀਆਂ ਇੱਛਾਵਾਂ ਤੇ ਪੂਰਾ ਨਹੀਂ ਉੱਤਰ ਸਕਿਆ । ਮੇਰੇ ਭਤੀਜੇ ਭਤੀਜੀਆਂ ਅਤੇ ਮੇਰੇ ਬੱਚੇ ਹਮ ਉਮਰ ਹੋਣ ਕਰਕੇ ਸਕੂਲੋਂ ਆ ਕੇ ਸਾਰਾ ਦਿਨ ਇਕੱਠੇ ਖੇਡਦੇ ਰਹਿੰਦੇ ਹਨ । ਜਦੋਂ ਉਹ ਖੇਡਦੇ-ਖੇਡਦੇ ਲੜ ਪੈਂਦੇ ਹਨ, ਫਿਰ ਇਹ ਲੜਾਈ ਵੱਡਿਆਂ ਤੱਕ ਪਹੁੰਚ ਜਾਂਦੀ ਹੈ । ਇਹ ਲੜਾਈ ਸਧਾਰਨ ਗੱਲ ਤੋਂ ਸ਼ੁਰੂ ਹੋ ਕੇ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ । ਮੇਰੀ ਪਤਨੀ ਨਵਪ੍ਰੀਤ, ਮਾਂ ਅਤੇ ਭਰਾ ਦੀ ਪਤਨੀ ਹਰਪ੍ਰੀਤ ਤਿੰਨੋਂ ਇੱਕ ਦੂਸਰੇ ਦੇ ਪੋਤੜੇ ਫਰੋਲਣ ਤੱਕ ਜਾਂਦੀਆਂ ਹਨ । ਇੱਕ ਦੂਸਰੇ ਦੇ ਪੇਕਿਆਂ ਨੂੰ ਨੀਚਾ ਵਿਖਾਉਣ ਤੱਕ ਜਾਂਦੀਆਂ । ਸ਼ਾਮ ਨੂੰ ਜਦ ਮੈਂ ਦਫਤਰੋਂ ਘਰ ਵਾਪਸ ਆਉਂਦਾ ਤਾਂ ਮੇਰੀ ਥਕਾਵਟ ਦਾ ਖਿਆਲ ਕੀਤੇ ਬਗੈਰ ਮੈਨੂੰ ਘਰ ਵਿੱਚ ਵਾਪਰੀ ਘਟਨਾ ਨੂੰ ਆਪਣੇ-ਆਪਣੇ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ । ਮੈਂ ਚੁੱਪ-ਚਾਪ ਸੁਣਦਾ ਰਹਿੰਦਾ ਅਤੇ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਉਂਦਾ । ਅੱਜ ਵੀ ਬੱਚਿਆਂ ਦੇ ਲੜਨ ਤੋਂ ਲੜਾਈ ਹੋਈ ਸੀ । ਰਾਤ ਸਮੇਂ ਮੇਰੀ ਪਤਨੀ ਨੇ ਕਿਹਾ, “ਵੇਖੋ ਜੀ, ਮੈਂਥੋ ਹੁਣ ਇਸ ਨਰਕ ਵਿੱਚ ਨਹੀਂ ਰਿਹਾ ਜਾਂਦਾ, ਹੁਣ ਘਰੋਂ ਵੱਖਰੇ ਹੋ ਜਾਓ ।” ਉਸ ਨੇ ਆਪਣਾ ਹੁਕਮ ਸੁਣਾਇਆ । ਮੈਂ ਕਿਹਾ, “ਦੋ ਮਰਲੇ ਦੇ ਮਕਾਨ ਵਿੱਚ ਕਿਵੇਂ ਅੱਡ ਹੋ ਜਾਵਾ?” ਫਿਰ ਵੱਖਰਾ ਮਕਾਨ ਬਣਾ ਲਓ ਉਸ ਨੇ ਜਵਾਬ ਦਿੱਤਾ। “ਐਨੇ ਪੈਸੇ ਕਿੱਥੋਂ ਲਿਆਵਾਂਗੇ? ਤੈਨੂੰ ਪਤਾ ਹੀ ਹੈ ਮਕਾਨਾਂ ਦੀਆਂ ਕੀਮਤਾਂ ਕਿੰਨੀਆਂ ਜ਼ਿਆਦਾ ਹਨ।” ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਕਰਜ਼ਾ ਲੈ ਲਵੋ, ਸਾਰੀ ਦੁਨੀਆ ਕਰਜ਼ੇ ਚੱਕ ਕੇ ਮਕਾਨ ਬਣਾ ਲੈਂਦੀ ਹੈ।” ਉਸਨੇ ਦਲੀਲ ਨਾਲ ਜਵਾਬ ਦਿੱਤਾ, ਮੈਂ ਬਿਨ੍ਹਾਂ ਜਵਾਬ ਦਿੱਤੇ ਪਾਸਾ ਮੋੜ ਕੇ ਪੈ ਗਿਆ, ਅਚਾਨਕ ਹੀ ਕਰਜ਼ਾ ਲੈਣ ਵਾਲੀ ਗੱਲ ਮੇਰੇ ਯਾਦ ਆ ਗਈ । ਅੱਜ ਤੋਂ ਕੁਝ ਸਾਲ ਪਹਿਲਾਂ ਮੇਰੀ ਵੱਡੀ ਸਾਲੀ ਨੇ ਵੀ ਆਪਣੇ ਪਤੀ ਨੂੰ ਕਰਜ਼ੇ ਤੇ ਮਕਾਨ ਲੈਣ ਲਈ ਤਿਆਰ ਕਰ ਲਿਆ ਸੀ। ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਕੋਠੀ ਬਣਾਈ। ਕੋਠੀ ਦੀ ਚੱਠ ਕਰਨ ਵੇਲੇ ਮੇਰੀ ਘਰਵਾਲੀ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਮਹਿੰਗੇ ਕੱਪੜੇ ਲੈ ਕੇ ਦਿੱਤੇ । ਕਰਜ਼ਾ ਲੈ ਕੇ ਉਹਨਾਂ ਨੇ ਕੋਠੀ ਬਣਾਈ । ਨਵਪ੍ਰੀਤ ਨੇ ਮੇਰਾ ਦਿਵਾਲਾ ਕੱਢ ਦਿੱਤਾ । ਉਹਨਾਂ ਦੀ ਕੋਠੀ ਵੇਖ ਮੇਰੀ ਪਤਨੀ ਮੈਨੂੰ ਵੀ ਮਕਾਨ ਖਰੀਦਣ ਲਈ ਕਰਜ਼ਾ ਲੈਣ ਲਈ ਦਬਾਅ ਪਾਉਂਦੀ ਰਹਿੰਦੀ । ਮੈਂ ਵੀ ਰੋਜ਼-ਰੋਜ਼ ਦੇ ਕਾਟੋ-ਕਲੇਸ਼ ਤੋਂ ਤੰਗ ਸੀ, ਪਰ ਆਪਣੀ ਆਰਥਿਕ ਸਥਿਤੀ ਜਾਣਦੇ ਹੋਏ ਸਬਰ ਦਾ ਘੁੱਟ ਭਰ ਕੇ ਰਹਿ ਜਾਂਦਾ ।
ਕੁਝ ਸਾਲ ਬਾਅਦ ਮੈਂ ਬੈਂਕ ਤੋਂ ਕਰਜ਼ਾ ਲੈ ਕੇ ਅਤੇ ਨਵਪ੍ਰੀਤ ਦੀ ਸਲਾਹ ਨਾਲ ਇੱਕ ਛੋਟੇ ਜਿਹੇ ਮਕਾਨ ਦਾ ਸੌਦਾ ਕਰ ਲਿਆ । ਮਕਾਨ ਦੀ ਰਜਿਸਟਰੀ ਵਿੱਚ ਹਾਲੇ ਤਿੰਨ ਮਹੀਨੇ ਦਾ ਸਮਾਂ ਰਹਿੰਦਾ ਸੀ । ਮਕਾਨ ਸਾਡੀਆਂ ਲੋੜਾਂ ਪੂਰੀਆਂ ਕਰਦਾ ਸੀ । ਨਾਲ ਇਹ ਘਰ ਮੇਰੇ ਪੈਤਰਿਕ ਘਰ ਦੇ ਨੇੜੇ ਸੀ । ਹੁਣ ਘਰ ਵਿੱਚ ਕਿੜ-ਕਿੜ ਬੰਦ ਹੋ ਗਈ ਅਤੇ ਉਸ ਦੀ ਥਾਂ ਹਾਸਿਆਂ ਦੀ ਖਿੜ-ਖਿੜ ਨੇ ਲੈ ਲਈ ਕਿਉਂਕਿ ਹੁਣ ਨਵਪ੍ਰੀਤ ਸਮੇਤ ਸਾਰਾ ਪਰਿਵਾਰ ਜਾਣਦਾ ਸੀ । ਤਿੰਨ ਮਹੀਨਿਆਂ ਬਾਅਦ ਅਸੀਂ ਵੱਖਰੇ ਹੋ ਜਾਣਾ ਹੈ । ਬੱਚੇ ਹੁਣ ਵੀ ਆਪਸ ਵਿੱਚ ਲੜ ਪੈਂਦੇ, ਪਰ ਸਭ ਹੱਸ ਕੇ ਟਾਲ ਦਿੰਦੇ । ਮੈਂ ਇਕ ਦਿਨ ਨਵਪ੍ਰੀਤ ਨੂੰ ਕਿਹਾ, “ਕੀ ਗੱਲ ਹੁਣ ਤਾਂ ਕਈ ਦਿਨਾਂ ਤੋਂ ਸ਼ਾਤੀ ਹੈ?” ਮੈਂ ਸੋਚਦੀ ਹਾਂ ਕੁਝ ਦਿਨਾਂ ਨੂੰ ਅੱਡ ਹੋ ਜਾਣਾ ਹੈ ਤੇ ਛੋਟੀ ਤੋਂ ਛੋਟੀ ਗੱਲ ਤੇ ਲੜਾਈ ਕਾਹਦੀ ਕਰਨੀ । ਹੁਣ ਨਵਪ੍ਰੀਤ ਨੂੰ ਵੱਖਰੇ ਘਰ ਜਾਣ ਦੀ ਖੁਸ਼ੀ ਸੀ। ਉਹ ਪੀਤੂ ਤੇ ਰੌਮੀ ਨੂੰ ਵੀ ਨਵੇਂ ਘਰ ਬਾਰੇ ਗੱਲ ਦੱਸਦੇ ਆਪਣੀ ਖੁਸ਼ੀ ਵਿੱਚ ਖੀਵੀ ਹੋਈ ਰਹਿੰਦੀ, ਘਰ ਨੂੰ ਸਜਾਉਣ ਦੀਆਂ ਵਿਉਂਤਾਂ ਦੱਸਦੇ ਰਹਿੰਦੇ । ਮੈਂ ਆਪਣੀ ਪਤਨੀ ਦੀ ਜਿੱਦ ਤੇ ਮਕਾਨ ਦੁਬਾਰਾ ਦੇਖਣ ਚਲਾ ਗਿਆ । ਹੁਣ ਰਜਿਸਟਰੀ ਦਾ ਸਮਾਂ ਵੀ ਨੇੜੇ ਸੀ । ਅਸੀਂ ਦਰਵਾਜ਼ਾ ਖੜਕਾਇਆ ਅੰਦਰੋਂ ਇੱਕ ਅੱਧਖੜ ਉਮਰ ਦੀ ਔਰਤ ਨੇ ਦਰਵਾਜ਼ਾ ਖੋਲਿਆ, ਹਾਂ ਦੱਸੋ, ਕੀ ਕੰਮ ਹੈ। ਅਸੀਂ ਜੀ ਮਕਾਨ ਵੇਖਣ ਆਏ ਹਾਂ । ਉਹ ਬਿਨ੍ਹਾਂ ਉੱਤਰ ਦਿੱਤੇ ਮੱਥੇ ਤੇ ਤਿਉੜੀ ਪਾ ਕੇ ਅੰਦਰ ਚਲੀ ਗਈ । ਅਸੀਂ ਉਹਦੇ ਪਿੱਛੇ ਤੁਰ ਪਏ । ਮੇਰੀ ਪਤਨੀ ਪਹਿਲਾਂ ਰਸੋਈ ਵਿੱਚ ਵੜੀ ਅੰਦਰ ਇੱਕ ਬਜ਼ੁਰਗ ਔਰਤ ਰੋਟੀਆਂ ਪਕਾ ਰਹੀ ਸੀ । ਉਸਨੇ ਕਿਹਾ, “ਆ ਪੁੱਤ, ਵੇਖ ਲੈ ਸਵਾਰ ਕੇ ਮਕਾਨ” ਹੁਣ ਇਹ ਮਕਾਨ ਥੋਡਾ ਹੀ ਹੈ । ਮੇਰੀ ਪਤਨੀ ਰਸੋਈ ਵਿਚ ਵੜ ਕੇ ਮੈਨੂੰ ਅਵਾਜ਼ ਦਿੱਤੀ ਦੇਖੋ ਜੀ ਆਪਾਂ ਐਥੇ ਇੱਕ ਹੋਰ ਸੈਲਫ ਪਾ ਕੇ ਅੱਗੇ ਕੱਬ-ਬੋਰਡ ਲਗਵਾਵਾਗੇ । ਇਹ ਵਾਸ਼ਵੇਸ਼ਣ ਦੀ ਥਾਂ ਸਟੀਲ ਦਾ ਵਾਸ਼ਵੇਸ਼ਨ ਲਗਵਾਵਾਂਗੇ । ਇਸੇ ਤਰ੍ਹਾਂ ਕਮਰਿਆਂ ਵਿੱਚ ਵੜਦਿਆ, “ਉਹ ਵਿਉਂਤਾ ਦੱਸ ਰਹੀ ਸੀ। ਮੈਂ ਉਸ ਦੀਆਂ ਗੱਲਾਂ ਅਣਸੁਣੇ ਢੰਗ ਨਾਲ ਸੁਣਦਾ ।” ਗੱਲਾਂ ਸੁਣ ਕੇ ਬਜ਼ੁਰਗ ਔਰਤ ਨੇ ਆਵਾਜ਼ ਦਿੱਤੀ ਨੀਲੋ ਪਾਣੀ ਲਿਆ । ਉਹੀ ਅੱਧਖੜ ਉਮਰ ਦੀ ਔਰਤ ਪਾਣੀ ਲਿਆਈ । ਅਸੀਂ ਪਾਣੀ ਪੀਤਾ । ਬਜ਼ੁਰਗ ਔਰਤ ਨੇ ਦੱਸਿਆ ਇਹ ਮੇਰੀ ਨੂੰਹ ਹੈ । ਇਹ ਲੁਧਿਆਣੇ ਤੋਂ ਆਈ ਹੈ । ਇਹਨਾਂ ਨੂੰ ਜਦੋਂ ਦਾ ਪੱਤਾ ਲੱਗਾ ਹੈ ਕਿ ਮੈਂ ਮਕਾਨ ਵੇਚ ਦਿੱਤਾ ਹੈ । ਉਹ ਪਾਣੀ ਦੇ ਖਾਲੀ ਗਿਲਾਸ ਵਾਪਸ ਲੈ ਗਈ ।
ਬਜ਼ੁਰਗ ਔਰਤ ਕਮਰੇ ਵਿੱਚ ਆ ਬੈਠੀ ਤੇ ਕਹਿਣ ਲੱਗੀ, ਮੇਰੀ ਨੂੰਹ ਨੂੰ ਮੇਰੇ ਪੁੱਤਰ ਕਿਸ਼ੋਰੀ ਨੇ ਘੱਲਿਆ ਕਿ ਰਜਿਸਟਰੀ ਵਾਲੇ ਦਿਨ ਮਕਾਨ ਦੇ ਆਪਣੇ ਹਿੱਸੇ ਦੇ ਪੈਸੇ ਲੈ ਕੇ ਆਈ, ਸੁੱਖ ਨਾਲ ਮੇਰਾ ਪੁੱਤਰ ਸਰਕਾਰੀ ਅਫਸਰ ਹੈ। ਕਿਸ਼ੋਰੀ ਦੀ ਲੁਧਿਆਣੇ ਆਵਦੀ ਕੋਠੀ ਹੈ । ਨੀਲੋ ਕੱਪੜੇ ਸਿਲਾਈ ਕਰਦੀ ਹੈ। ਇਹ ਮਕਾਨ ਮੇਰੇ ਛੋਟੇ ਪੁੱਤ ਦਾ ਹੈ। ਉਹ ਵਿਚਾਰਾ ਸਿੱਧਾ ਹੈ । ਉਸ ਨੂੰ ਕੋਈ ਲੱਥੀ ਚੜ੍ਹੀ ਦੀ ਨਹੀਂ । ਮੈਂ ਸੋਚਿਆ ਸੀ ਇਹ ਮਕਾਨ ਵੇਚ ਕੇ ਸ਼ਹਿਰੋਂ ਬਾਹਰ ਕੋਈ ਖੁੱਲੀ ਥਾਂ ਲੈ ਕੇ ਉਥੇ ਦੋ ਕਮਰੇ ਪਾ ਲਵਾਂਗੇ । ਨਾਲੇ ਉਥੇ ਕੋਈ ਪਸ਼ੂ ਰੱਖ ਲਵਾਂਗੇ । ਗੱਲਾਂ ਕਰਦੀ-ਕਰਦੀ ਉਹ ਰੌਣ ਲੱਗ ਪਈ। ਫਿਰ ਅੱਖਾਂ ਸਾਫ਼ ਕਰ ਲਈਆਂ ਪਰ ਹੁਣ ਇਹ ਆ ਗਈ ਹੈ ਹਿੱਸਾ ਵੰਡਾਉਣ ਲਈ । ਮੈਂ ਤਾਂ ਮਕਾਨ ਵੇਚ ਕੇ ਦੁਖੀ ਹੋ ਗਈ । ਗੱਲ ਸੁਣ ਕੇ ਨੀਲੋ ਵੀ ਅੰਦਰ ਆ ਗਈ । ਵੇਖੋ ਸਾਡਾ ਇਹ ਖਾਨਦਾਨੀ ਮਕਾਨ ਹੈ । ਅਸੀਂ ਇਸ ਵਿੱਚੋਂ ਹਿੱਸਾ ਤਾਂ ਲੈਣਾ ਹੀ ਹੈ । ਅੱਗੇ ਬਜ਼ੁਰਗ ਔਰਤ ਵੀ ਉਸਨੂੰ ਅਵਾ-ਤਵਾ ਬੋਲਣ ਲੱਗੀ । ਮੈਂ ਮਾਹੌਲ ਨੂੰ ਗਰਮ ਹੁੰਦਾ ਦੇਖ ਕੇ ਕਿਹਾ, “ਚੰਗਾ ਮਾਤਾ ਜੀ ਅਸੀਂ ਚਲਦੇ ਹਾਂ।” ਅਸੀਂ ਦੋਵੇਂ ਵਾਪਿਸ ਤੁਰ ਪਏ ਮੈਂ ਇਸੇ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਮਕਾਨ ਖਰੀਦ ਕੇ ਕੋਈ ਗੁਨਾਹ ਕਰ ਦਿੱਤਾ ਹੋਵੇ । ਮੈਨੂੰ ਬਜ਼ੁਰਗ ਮਾਤਾ ਤੇ ਤਰਸ ਆ ਰਿਹਾ ਸੀ । ਨਵਪ੍ਰੀਤ ਨੂੰ ਨਵੇਂ ਮਕਾਨ ਦੀ ਮਸਤੀ ਸੀ, ਉਹ ਰਸਤੇ ਵਿੱਚ ਘਰ ਵਿੱਚ ਪਏ ਗੰਦ ਬਾਰੇ ਟਿੱਪਣੀ ਕੀਤੀ ਕਿਵੇਂ ਮਕਾਨ ਦੀ ਸਫ਼ਾਈ ਨਹੀਂ ਰੱਖਦੇ । ਮੈਂ ਮਕਾਨ ਨੂੰ ਚਮਕਾ ਕੇ ਰੱਖਿਆ ਕਰੂੰਗੀ ।
ਮਕਾਨ ਦੀ ਰਜਿਸਟਰੀ ਹੋ ਗਈ ਸਾਰਾ ਪਰਿਵਾਰ ਖੁਸ਼ ਸੀ । ਮਠਿਆਈ ਲਿਆ ਕੇ ਵੰਡੀ ਗਈ । ਘਰ ਵਿੱਚ ਤਿਉਹਾਰ ਵਰਗਾ ਮਾਹੌਲ ਸੀ । ਮੈਂ ਅਖੰਡ ਪਾਠ ਕਰਵਾ ਕੇ ਮਕਾਨ ਦੀ ਚੋਠ ਕਰਨਾ ਚਾਹੁੰਦਾ ਸੀ। ਹਾਲੇ ਇਹ ਸਾਰੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਸਨ। ਮਕਾਨ ਕਲੀ ਹੋ ਰਿਹਾ ਸੀ । ਮੇਰੀ ਮਾਂ ਨੇ ਕਿਹਾ ਮਕਾਨ ਵਿੱਚ ਵੱਸੋਂ ਕਰਨ ਤੋਂ ਪਹਿਲਾਂ ਆਪਾ ਬਾਬੇ ਮੂਲੇ ਕੋਲ ਚਲਦੇ ਹਾਂ। ਉਸ ਨੂੰ ਪੁੱਛਦੇ ਹਾਂ ਕਿ ਮਕਾਨ ਠੀਕ ਰਹੇਗਾ ਜਾਂ ਨਹੀਂ, ਮਾਂ ਮੈਂ ਇਹੋ ਜਿਹੇ ਵਹਿਮਾਂ-ਭਰਮਾਂ ਨੂੰ ਨਹੀਂ ਮੰਨਦਾ, ਜੇ ਪੁੱਛਣਾ ਸੀ ਤਾਂ ਮਕਾਨ ਖਰੀਦਣ ਤੇਂ ਪਹਿਲਾਂ ਪੁੱਛਦੇ । ” ਨਵਪ੍ਰੀਤ ਨੇ ਵੀ ਮਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਭਾਵੇਂ ਉਹ ਅੱਗੇ ਮਾਂ ਨਾਲ ਸਹਿਮਤ ਨਹੀਂ ਹੁੰਦੀ ਸੀ , ਹਾਂ ਬੀਜੀ ਠੀਕ ਆਖਦੇ ਹਨ ਤੁਸੀਂ ਬਾਬੇ ਕੋਲ ਜਾ ਕੇ ਹੀ ਆਉ ਮੈਨੂੰ ਇਹ ਲੋਕ ਹੀ ਜਾਦੂ ਟੂਣੇ ਵਾਲੇ ਜਾਪਦੇ ਸੀ । ਆਂਢੀ-ਗੁਆਂਢੀ ਦੱਸਦੇ ਹਨ ਕਿ ਉਹਨਾਂ ਦੇ ਘਰ ਅਕਸਰ ਬਾਬੇ ਆਉਂਦੇ ਰਹਿੰਦੇ ਸਨ । ਮੈਂ ਨਾ ਚਾਹੁੰਦੇ ਹੋਏ ਵੀ ਮਾਂ ਨਾਲ ਸਹਿਮਤ ਹੋ ਗਿਆ । ਅਸੀਂ ਦੋਵੇਂ ਮਾਂ ਪੁੱਤ ਨੇ ਬਾਬੇ ਮੂਲੇ ਕੋਲ ਜਾਣ ਦੀ ਸਲਾਹ ਕਰ ਲਈ ।
ਸਵੇਰੇ ਜਲਦੀ ਉੱਠ ਕੇ ਨਵਪ੍ਰੀਤ ਕੌਰ ਨੇ ਰੋਟੀ ਪਕਾ ਦਿੱਤੀ । ਕੁੱਝ ਨਾਲ ਲਿਜਾਣ ਵਾਸਤੇ ਅਤੇ ਇੱਕ ਇੱਕ ਰੋਟੀ ਖਾ ਕੇ ਅਸੀਂ ਜਲਦੀ ਬਾਬੇ ਦੇ ਪਿੰਡ ਜਾਣ ਲਈ ਬੱਸ ਵਿੱਚ ਬੈਠ ਗਏ । ਬੱਸ ਨੇ ਬਾਬੇ ਦੇ ਪਿੰਡੋਂ ਕਰੀਬ ਡੇਢ ਕਿਲੋਮੀਟਰ ਪਿੱਛੇ ਲਾ ਦਿੱਤਾ । ਅਸੀਂ ਕੱਚੇ ਰਾਹ ਧੂੜ ਫੱਕਦੇ ਹੋਏ ਲੱਤਾਂ ਘੜੀਸਦੇ ਹੋਏ ਬਾਬੇ ਦੇ ਪਿੰਡ ਵੱਲ ਤੁਰ ਪਏ । ਥੋੜੀ ਦੂਰ ਜਾ ਕੇ ਅਸੀਂ ਇੱਕ ਰੁੱਖ ਥੱਲੇ ਸਾਹ ਲੈਣ ਲਈ ਰੁਕ ਗਏ, ਹਾਲੇ ਬੈਠਿਆਂ ਨੂੰ ਕੁਝ ਸਮਾਂ ਹੀ ਹੋਇਆ ਸੀ। ਰੁੱਖ ਦੇ ਉਪਰੋਂ ਸਾਡੇ ਕੋਲ ਇਕ ਕਾਲਾ ਸੱਪ ਡਿੱਗ ਪਿਆ । ਵੇਖਣ ਵਿੱਚ ਬਹੁਤ ਜ਼ਹਿਰੀਲਾ ਲੱਗਦਾ ਸੀ । ਅਸੀਂ ਇਕ ਦਮ ਖੜੇ ਹੋ ਗਏ । ਜੇਕਰ ਆਪਣੇ ਉੱਤੇ ਡਿੱਗ ਪੈਂਦਾ ਤਾਂ ਇਸ ਨੇ ਰਾਹ ਵਿੱਚ ਹੀ ਮਕਾਨ ਦੀ ਚੱਠ ਕਰ ਦੇਣੀ ਸੀ, ਨਾ ਕਿਸੇ ਨੂੰ ਘਰੇ ਪਤਾ ਲੱਗਣਾ ਸੀ । ਸਾਡੇ ਨਾਲ ਕੀ ਭਾਣਾ ਵਾਪਰਿਆ ਹੈ । ਮੈਂ ਗੁੱਸੇ ਨਾਲ ਕਿਹਾ, ਵੇਖ ਪੁੱਤਾਂ ਪਾਲਿਆਂ ਬਾਬੇ ਮੂਲੇ ਨੇ, ਹੱਥ ਦੇ ਕੇ ਰੱਖ ਲਿਆ । ਜੇ ਆਪਾਂ ਇੱਧਰ ਆਉਂਦੇ ਨਾ ਫਿਰ ਇਹ ਹਾਦਸਾ ਵੀ ਨਾ ਵਾਪਰਦਾ, ਪੁੱਥ ਸ਼ਭ-ਸ਼ੁਭ ਬੋਲ । ਅਸੀ ਬਾਬੇ ਮੂਲੇ ਕੋਲ ਪਹੁੰਚ ਗਏ । ਜਾਂਦਿਆਂ ਨੂੰ ਬਾਬੇ ਕੋਲ ਬਹੁਤ ਭੀੜ ਸੀ । ਬੈਠਣ ਲਈ ਥਾਂ ਨਹੀਂ ਸੀ । ਅਸੀਂ ਕੰਧ ਦੇ ਪਰਛਾਵੇ ਦੀ ਓਟ ਲੈ ਕੇ ਬੈਠ ਗਏ । ਹੌਲੀ-ਹੌਲੀ ਬੈਠਣ ਨੂੰ ਥਾਂ ਬਣ ਗਈ । ਫਿਰ ਮੇਰੀ ਮਾਂ ਨਲਕੇ ਤੋਂ ਗਲਾਸ ਪਾਣੀ ਦਾ ਭਰ ਲਿਆਈ । ਅਸੀਂ ਲੋਕਾਂ ਦੇ ਵਿੱਚ ਬੈਠ ਕੇ ਬੜੇ ਔਖੇ ਹੋ ਕੇ ਰੋਟੀ ਖਾਧੀ । ਹੌਲੀ-ਹੌਲੀ ਅਸੀਂ ਬਰਾਂਡੇ ਤੋਂ ਸਰਕਦੇ ਹੋਏ ਬਾਬੇ ਮੂਲੇ ਦੇ ਕਮਰੇ ਦੇ ਨੇੜੇ ਹੋ ਗਏ । ਅੱਗੇ ਜਾਂਦਿਆਂ ਨੂੰ ਇੱਕ ਔਰਤ ਵਾਲ ਖਿਲਾਰ ਕੇ ਸਿਰ ਮਾਰ ਰਹੀ ਸੀ ਅਤੇ ਅਵਾ ਤਵਾ ਬੋਲ ਰਹੀ ਸੀ । ਬਾਬਾ ਜੀ ਉਸ ਨੂੰ ਉੱਚੀ-ਉੱਚੀ ਬੋਲ ਕੇ ਡਰਾ ਰਹੇ ਸਨ। ਬੈਠੀ ਹੋਈ ਸੰਗਤ ਬਾਬਾ ਜੀ ਤੁਸੀ ਧੰਨ ਹੋ ਕਹਿ ਰਹੇ ਸਨ। ਇੱਕ ਬੁੱਢੀ ਮਾਈ ਕਹਿ ਰਹੀ ਸੀ , “ਬਾਬਾ ਜੀ ਬਚਾ ਲਓ ਮੇਰੀ ਧੀ ਨੂੰ।” ਬੋਲ ਤੂੰ ਕੋਣ ਹੈ? ਬਾਬੇ ਨੇ ਸਿਰ ਘੁਮਾ ਰਹੀ ਔਰਤ ਨੂੰ ਕਿਹਾ, ਮੈਂ ਛਿੰਦੋ ਹਾਂ ਔਰਤ ਨੇ ਜਵਾਬ ਦਿੱਤਾ। ਬਾਬਾ! ਇਹ ਛਿੰਦੋ ਕੋਣ ਸੀ? ਬਾਬੇ ਦੇ ਨਾਲ ਆਈ ਬੁੱਢੀ ਨੂੰ ਪੁੱਛਿਆ ਇਹ ਤਾਂ ਬਾਬਾ ਜੀ ਮੇਰੀ ਨੂੰਹ ਸੀ ਜੋ ਸੜ ਕੇ ਮਰ ਗਈ ਸੀ । ਮੈਂ ਮਨ ਹੀ ਮਨ ਵਿੱਚ ਸੋਚਿਆ ਕਿ ਸੜ ਕੇ ਨਹੀਂ ਮਰੀ, ਸਾੜ ਕੇ ਮਾਰੀ ਹੋਊ । ਇਹਨਾਂ ਮਾਵਾਂ ਧੀਆਂ ਨੇ ਹੁਣ ਧੀ ਦੇ ਦਿਮਾਗ ਤੇ ਬੋਝ ਪਾ ਲਿਆ । ਬੋਲ ਇਸ ਮਾਸੂਮ ਨੂੰ ਛੱਡਣ ਦਾ ਕੀ ਲਵੇਗੀ । ਬਾਬੇ ਨੇ ਸਿਰ ਘੁਮਾ ਰਹੀ ਔਰਤ ਨੂੰ ਪੁੱਛਿਆ , ਮੈਂ ਨਹੀਂ ਜਾਣਾ ਇੰਨਾ ਮੈਨੂੰ ਬਹੁਤ ਤੰਗ ਕੀਤਾ, ਤੈਨੂੰ ਛੱਡ ਕੇ ਜਾਣਾ ਪਵੇਗਾ ਬਾਬੇ ਨੇ ਕੋਲ ਪਿਆ ਚਿਮਟਾ ਔਰਤ ਦੇ ਮੌਰਾਂ ਵਿੱਚ ਮਾਰਿਆ, ਔਰਤ ਦੀਆਂ ਚੀਕਾਂ ਨਿਕਲ ਗਈਆਂ । ਵਾਲਾਂ ਤੋਂ ਫੜ ਕੇ ਪੁੱਛਿਆ, ਬੋਲ ਛੱਡ ਕੇ ਜਾਵੇਗੀ । ਪਹਿਲਾਂ ਮੇਰੀਆਂ ਅੰਤਿਮ ਰਸਮਾਂ ਪੂਰੀਆ ਕਰਨ । ਬਾਬੇ ਨੇ ਵਾਲਾਂ ਤੋ ਫੜ ਕੇ ਅਤੇ ਇਕ ਪਾਸੇ ਲਿਟਾ ਦਿੱਤਾ, ਬਾਬੇ ਨੇ ਮਾਈ ਤੋਂ ਪੰਝੀ ਸੋ ਰੁਪਏ ਗਤੀ ਕਰਨ ਦੇ ਲੈ ਲਏ ਫਿਰ ਘੰਟੇ ਬਾਅਦ ਸਾਡੀ ਵਾਰੀ ਆ ਗਈ । ਅਸੀਂ ਬਾਬੇ ਨੂੰ ਮੱਥਾ ਟੇਕ ਕੇ ਉਸ ਦੇ ਨੇੜੇ ਜਾ ਬੈਠੇ ਮੇਰੀ ਮਾਂ ਨੇ ਬਾਬੇ ਨੂੰ ਸਾਰੀ ਗੱਲ ਦੱਸੀ ਅਤੇ ਗ੍ਰਹਿ ਪ੍ਰਵੇਸ਼ ਦਾ ਦਿਨ ਪੁੱਛਿਆ ਬਾਬਾ ਕਹਿਣ ਲੱਗਾ ਮਾਤਾ ਜੀ ਗ੍ਰਹਿ ਪ੍ਰਵੇਸ਼ ਦਾ ਤੁਸੀ ਖਿਆਲ ਛੱਡ ਦਿਉ ਮਕਾਨ ਤੇ ਪ੍ਰੇਤ ਦਾ ਸਾਇਆ ਹੈ । ਮਕਾਨ ਵਿੱਚ ਵੱਸੋਂ ਕਰਨ ਤੇ ਭਾਰੀ ਨੁਕਸਾਨ ਦੀ ਚੇਤਾਵਨੀ ਦੇ ਦਿੱਤੀ, ਬਾਬਾ ਜੀ ਕੋਈ ਉਪਾਅ ਦੱਸੋ? ਮੇਰੀ ਮਾਤਾ ਨੇ ਤਰਲਾ ਪਾਇਆ ਉਪਾਅ ਕਰਨ ਤੇ ਬਹੁਤ ਖਰਚ ਆਵੇਗਾ । ਮੇਰੀ ਮਾਤਾ ਨੇ ਉਪਾਅ ਦਾ ਖਰਚਾ ਕਰਨ ਦੀ ਹਾਮੀ ਭਰ ਦਿੱਤੀ । ਚੰਗਾ ਫੇਰ ਅਗਲੇ ਹਫ਼ਤੇ ਅਸੀਂ ਤੁਹਾਡੇ ਘਰ ਆ ਕੇ ਉਪਾਅ ਕਰਾਂਗੇ। ਕੋਈ ਛੇ ਹਜ਼ਾਰ ਰੁਪਏ ਖਰਚ ਆਉਣਗੇ । ਉੱਥੋਂ ਅਸੀਂ ਬਾਬਾ ਜੀ ਦਾ ਹੁਕਮ ਸੁਣ ਕੇ ਵਾਪਿਸ ਮੁੜ ਪਏ । ਸ਼ਾਮ ਪਏ ਅਸੀਂ ਥੱਕ ਹਾਰ ਕੇ ਵਾਪਿਸ ਮੁੜ ਆਏ ਘਰ ਵੜਦਿਆਂ ਹੀ ਨਵਪ੍ਰੀਤ ਨੇ ਪੁੱਛਿਆ ਬੀਜੀ ਕਿਹੜਾ ਸ਼ੁਭ ਮਹੂਰਤ ਨਿਕਲਿਆ ਹੈ । ਅਸੀਂ ਬਿਨ੍ਹਾਂ ਜਵਾਬ ਦਿੱਤੇ ਡਰਾਇੰਗ ਰੂਮ ਵਿੱਚ ਬੈਠ ਗਏ । ਉਹ ਸਾਡੇ ਕੋਲ ਆ ਗਈ, ਫਿਰ ਉਹੀ ਸਵਾਲ ਦੁਹਰਾਇਆ। ਮੈਂ ਗੱਲ ਅਣਸੁਣੀ ਕਰਦਿਆਂ ਕਿਹਾ ਪਾਣੀ ਲਿਆ । ਉਹ ਪਾਣੀ ਲਿਆ ਕੇ ਚੁੱਪ-ਚਾਪ ਬੈਠ ਗਈ ਜਿਵੇਂ ਉਸ ਨੇ ਕੁਝ ਗਲਤ ਹੋਣ ਦਾ ਅੰਦਾਜ਼ਾ ਲਾ ਲਿਆ । ਮਾਤਾ ਨੇ ਗੱਲ ਸ਼ੁਰੂ ਕਰਦਿਆਂ ਕਿਹਾ ਬਾਬਾ ਜੀ ਆਖਦੇ ਹਨ, “ਮਕਾਨ ਭਾਰਾ ਹੈ ਉਪਾਅ ਕਰਨ ਪਊ” ਮੈਂ ਵਿੱਚੋਂ ਗੱਲ ਕਰਦੇ ਹੋਏ ਕਿਹਾ ਕਿ ਮਕਾਨ ਵੇਚ ਦਿੰਦੇ ਹਾਂ ਅਤੇ ਨਵਾਂ ਮਕਾਨ ਖਰੀਦ ਲੈਂਦੇ ਹਾਂ ਫਿਰ ਕਿਸੇ ਬਾਬੇ ਕੋਲ ਗ੍ਰਹਿ ਪ੍ਰਵੇਸ਼ ਬਾਰੇ ਨਹੀਂ ਪੁੱਛਦੇ ਬਾਬੇ ਐਵੇਂ ਵਹਿਮਾਂ ਵਿੱਚ ਪਾ ਦਿੰਦੇ ਹਨ ਸਾਰੇ ਮੇਰੀ ਗੱਲ ਸੁਣ ਕੇ ਚੁੱਪ ਕਰ ਗਏ ਜਿਵੇਂ ਮੇਰੇ ਨਾਲ ਸਹਿਮਤ ਹੋਵੇ । ਨਵਪ੍ਰੀਤ ਦਾ ਮਕਾਨ ਦੀ ਚੱਠ ਕਰਨ ਦਾ ਚਾਅ ਮਨ ਵਿੱਚ ਹੀ ਰਹਿ ਗਿਆ…………….

ਪਰਗਟ ਸਿੰਘ ਜੰਬਰ
ਸ਼੍ਰੀ ਮੁਕਤਸਰ ਸਾਹਿਬ
88377-26702

Leave a Reply

Your email address will not be published. Required fields are marked *

%d bloggers like this: