Sat. Jun 15th, 2019

ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਦੀ ਬਹਾਲੀ ਖਾਤਰ ਹੁਣ ਹੋਵੇਗੀ ਆਰ-ਪਾਰ ਦੀ ਜੰਗ

ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਦੀ ਬਹਾਲੀ ਖਾਤਰ ਹੁਣ ਹੋਵੇਗੀ ਆਰ-ਪਾਰ ਦੀ ਜੰਗ

‘ਚੰਡੀਗੜ੍ਹ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਉਜਾੜਾ ਕਿਉਂ?’ ਵਿਸ਼ੇ ‘ਤੇ ਸੈਮੀਨਾਰ 31 ਜਨਵਰੀ ਨੂੰ

ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਲਗਾਤਾਰ ਸੰਘਰਸ਼ਸ਼ੀਲ ਚੰਡੀਗੜ੍ਹ ਪੰਜਾਬੀ ਮੰਚ ਨੇ ਹੁਣ ਸਿਆਸੀ ਦਲਾਂ ਨੂੰ ਘੇਰਦਿਆਂ ਆਰ-ਪਾਰ ਦੀ ਜੰਗ ਲੜਨ ਦਾ ਫੈਸਲਾ ਕੀਤਾ ਹੈ। ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਤੇ ਮੰਚ ਦੇ ਚੇਅਰਮੈਨ ਸਿਰੀਰਾਮ ਅਰਸ਼ ਦੀ ਪ੍ਰਧਾਨਗੀ ਹੇਠ ਹੋਈ ਇਕ ਅਹਿਮ ਬੈਠਕ ਵਿਚ ਜਿੱਥੇ ਸਭ ਤੋਂ ਪਹਿਲਾਂ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਪਿਛਲੇ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕੀਤੀ, ਉਥੇ ਅਗਲੇ ਪ੍ਰੋਗਰਾਮਾਂ ਸਬੰਧੀ ਸਲਾਹ ਵੀ ਮੰਗੀ, ਜਿਸ ‘ਤੇ ਸਿਰ ਜੋੜ ਕੇ ਹੋਈਆਂ ਚਰਚਾਵਾਂ  ਕਰਦਿਆਂ ਫੈਸਲਾ ਕੀਤਾ ਗਿਆ ਕਿ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਮੂਹ ਸਿਆਸੀ ਦਲਾਂ ਦਾ ਘਿਰਾਓ ਕੀਤਾ ਜਾਵੇ ਤੇ ਉਨ੍ਹਾਂ ਨੂੰ ਇਕ ਮੰਚ ‘ਤੇ ਲਿਆ ਕੇ ਸਵਾਲ ਕੀਤਾ ਜਾਵੇ ਕਿ ਤੁਸੀਂ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਉਸਦਾ ਸਥਾਨ ਦਿਵਾਉਣ ਲਈ ਕੀ ਯੋਗਦਾਨ ਪਾਓਗੇ। ਇਹ ਵੀ ਤਹਿ ਹੋਇਆ ਕਿ ਰਾਜਨੀਤਿਕ ਦਲਾਂ ਨੂੰ ਖਾਸ ਕਰਕੇ ਲੋਕ ਸਭਾ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਤੇ ਸਥਾਨਕ ਸਿਆਸੀ ਦਲਾਂ ਦੇ ਪ੍ਰਧਾਨਾਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਵੇ ਕਿ ਉਹ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬੀ ਦੀ ਇਸ ਹੱਕੀ ਮੰਗ ਨੂੰ ਸ਼ਾਮਲ ਕਰਨ।
ਜ਼ਿਕਰਯੋਗ ਹੈ ਕਿ ਇਸੇ ਸੰਘਰਸ਼ ਦੇ ਤਹਿਤ ਇਹ ਵੀ ਤਹਿ ਹੋਇਆ ਕਿ ਚੰਡੀਗੜ੍ਹ ਪੰਜਾਬੀ ਮੰਚ ਆਉਂਦੀ 31 ਜਨਵਰੀ ਨੂੰ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰੇਗਾ, ਜਿਸ ਦਾ ਵਿਸ਼ਾ ਹੋਵੇਗਾ ‘ਚੰਡੀਗੜ੍ਹ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਉਜਾੜਾ ਕਿਉਂ’ ਇਸੇ ਵਿਸ਼ੇ ਦੇ ਹਵਾਲੇ ਨਾਲ ਇਸ ਮੌਕੇ ਉਘੇ ਪੱਤਰਕਾਰ ਤੇ ਮਾਂ ਬੋਲੀ ਪੰਜਾਬੀ ਦੇ ਸਨਮਾਨ ਦੀ ਬਹਾਲੀ ਦੀ ਨਿਧੜਕ ਹੋ ਕੇ ਲੜਾਈ ਲੜ ਰਹੇ ਤਰਲੋਚਨ ਸਿੰਘ ਦੀ ਕਿਤਾਬ ‘ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ’ ਦਾ ਹਿੰਦੀ ਅਨੁਵਾਦ ਵੀ ਰਿਲੀਜ਼ ਕੀਤਾ ਜਾਵੇਗਾ ਤਾਂ ਜੋ ਜਿਹੜੇ ਲੋਕ ਪੰਜਾਬੀ ਨਹੀਂ ਜਾਣਦੇ, ਉਹ ਵੀ ਇਸ ਹਿੰਦੀ ਅੰਕ ਵਾਲੀ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਪੰਜਾਬੀ ਮੰਚ ਦੇ ਸੰਘਰਸ਼ ਵਿਚ ਸ਼ਾਮਲ ਹੋ ਸਕਣ। ਜ਼ਿਕਰਯੋਗ ਹੈ ਕਿ ਪੰਜਾਬੀ ਮੰਚ ਦੀ ਬੁਲਾਈ ਗਈ ਇਸ ਅਹਿਮ ਬੈਠਕ ਵਿਚ ਪੇਂਡੂ ਸੰਘਰਸ਼ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਨੌਜਵਾਨ ਸਭਾਵਾਂ ਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਬਾਬਾ ਸਾਧੂ ਸਿੰਘ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਇਥੋਂ ਦੇ ਪੰਜਾਬੀ ਪਿੰਡਾਂ ਦੇ ਜੱਦੀ ਲੋਕਾਂ ਦੀ ਭਾਸ਼ਾ, ਸਭਿਆਚਾਰ ਅਤੇ ਹੌਂਦ ਨੂੰ ਖੋਰਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਥੇ ਇਕ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਜਿਹੜਾ ਨੌਜਵਾਨ ਪੰਜਾਬੀ ਭਾਸ਼ਾ ਵਿਚ ਵਿਦਿਆ ਹਾਸਲ ਕਰੇਗਾ, ਉਸ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਅਤੇ ਇਸ ਤਰ੍ਹਾਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰਨ ਦੀ ਚਾਲ ਚੱਲੀ ਜਾ ਰਹੀ ਹੈ।
ਪੇਂਡੂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਕਿਹਾ ਕਿ ਪਿੰਡਾਂ ਵਿਚ ਗੈਰ-ਪੰਜਾਬੀ ਮਾਹੌਲ ਸਿਰਜਨ ਦੀ ਚਾਲ ਚਲੀ ਜਾ ਰਹੀ ਹੈ। ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਨਾਮ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬੀਆਂ ਨੂੰ ਆਪਣੀ ਹੀ ਰਾਜਧਾਨੀ ਵਿਚ ਹਾਸ਼ੀਏ ‘ਤੇ ਲਿਆਉਣ ਦੀ ਸਾਜ਼ਿਸ਼ ਹੋ ਰਹੀ ਹੈ। ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਧਮਕੀ ਦਿੱਤੀ ਕਿ ਪ੍ਰਸ਼ਾਸਨ ਦੀਆਂ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀਆਂ ਚਾਲਾਂ ਵਿਰੁੱਧ 31 ਜਨਵਰੀ ਨੂੰ ਕਰਵਾਏ ਜਾ ਰਹੇ ਮੰਥਨ ਦੌਰਾਨ ਰਾਜਨੀਤਿਕ ਦਲਾਂ ਦੇ ਘਿਰਾਓ ਵਾਲੇ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ।
ਇਸ ਬੈਠਕ ਨੂੰ ਬਲਕਾਰ ਸਿੱਧੂ, ਹਰਮਿੰਦਰ ਕਾਲੜਾ, ਸਿਰੀਰਾਮ ਅਰਸ਼, ਬਾਬਾ ਗੁਰਦਿਆਲ ਸਿੰਘ, ਸੁਖਜੀਤ ਸਿੰਘ ਹੱਲੋਮਾਜਰਾ, ਕਰਮ ਸਿੰਘ ਵਕੀਲ, ਦੇਵ ਰਾਜ,ਪ੍ਰੀਤਮ ਸਿੰਘ ਹੁੰਦਲ, ਸੇਵੀ ਰਾਇਤ, ਰਾਜ ਕੁਮਾਰ, ਨੀਤੂ ਸ਼ਰਮਾ, ਮਨਜੀਤ ਕੌਰ ਮੀਤ, ਪਹਿਲਾਦ ਸਿੰਘ, ਹਰਪ੍ਰੀਤ ਸਿੰਘ ਤੇ ਦੀਪਕ ਸ਼ਰਮਾ ਚਨਾਰਥਲ ਨੇ ਵੀ ਸੰਬੋਧਨ ਕੀਤਾ।

 

Leave a Reply

Your email address will not be published. Required fields are marked *

%d bloggers like this: