Sun. Aug 25th, 2019

ਚੰਡੀਗੜ੍ਹ ‘ਤੇ ਕੇਵਲ ਪੰਜਾਬ ਦਾ ਹੱਕ: ਪਰਕਾਸ਼ ਸਿੰਘ ਬਾਦਲ

ਚੰਡੀਗੜ੍ਹ ‘ਤੇ ਕੇਵਲ ਪੰਜਾਬ ਦਾ ਹੱਕ: ਪਰਕਾਸ਼ ਸਿੰਘ ਬਾਦਲ

ਹੋਰ ਮੈਡਲ ਲਿਆਉਣ ਲਈ ਖੇਡ ਨੀਤੀ ਦੀ ਮੁੜ ਘੋਖ ਦੀ ਲੋੜ ‘ਤੇ ਦਿੱਤਾ ਜ਼ੋਰ

ਕਾਂਗਰਸ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹੀਦੀ ਲਈ ਜ਼ਿੰਮੇਵਾਰ ਠਹਿਰਾਇਆ

ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਮੇਤ ਹੋਰਾਂ ਵੱਲੋਂ ਸ਼ਰਧਾਂਜਲੀਆਂ ਭੇਟ

30-46 30-47

ਲੌਂਗੋਵਾਲ/ਸੰਗਰੂਰ, 20 ਅਗਸਤ 2016 :  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੜ ਦੁਹਰਾਇਆ ਕਿ ਚੰਡੀਗੜ੍ਹ ‘ਤੇ ਕੇਵਲ ਅਤੇ ਕੇਵਲ ਪੰਜਾਬ ਦਾ ਹੱਕ ਹੈ ਅਤੇ ਕਾਂਗਰਸ ਪਾਰਟੀ ਨੇ ਸੂਬੇ ਨਾਲ ਵੱਡਾ ਵਿਤਕਰਾ ਕਰਦੇ ਹੋਏ ਇਸਨੂੰ ਸੂਬੇ ਤੋਂ ਖੋਹਿਆ ਹੈ।

ਅੱਜ ਇਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 31ਵੀਂਬਰਸੀ ਮੌਕੇ ਕਰਵਾਏ ਗਏ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਹੋਰ ਅਜਿਹੀ ਮਿਸਾਲ ਨਹੀਂ ਹੈ ਜਿਥੇ ਕਿਸੇ ਸੂਬੇ ਨੂੰ ਉਸ ਦੀ ਰਾਜਧਾਨੀ ਤੋਂ ਬੇਮੁਖ ਕੀਤਾ ਗਿਆ ਹੋਵੇ ਪਰ ਉਨ੍ਹਾਂ ਕਿਹਾ ਕਿ ਪੰਜਾਬ ਨਾਲ ਇੱਕ ਵੱਡੀ ਜਿਆਦਤੀ ਕਰਦਿਆਂ ਕੇਂਦਰ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਜਦਕਿ 1980 ਦੇ ਦਹਾਕੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਲੋਕ ਸਭਾ ਵਿੱਚ ਐਲਾਨ ਵੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਇਹੀ ਨਹੀਂ ਬਲਕਿ ਸੂਬੇ ਨੂੰ ਪੰਜਾਬੀ ਬੋਲਦੇ ਇਲਾਕਿਆਂ ਅਤੇ ਪਾਣੀਆਂ ‘ਤੇ ਬਣਦੇ ਉਸਦੇ ਹੱਕ ਤੋਂ ਵੀ ਵਾਂਝਿਆ ਰੱਖਿਆ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਚੰਡੀਗੜ੍ਹ ‘ਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ ਅਤੇ ਕੋਈ ਵੀ ਇਸ ਨੂੰ ਝੁਠਲਾ ਨਹੀਂ ਸਕਦਾ|

ਭਾਰਤੀ ਓਲੰਪਿਕ ਖਿਡਾਰਨਾਂ ਪੀ.ਵੀ ਸਿੰਧੂ ਅਤੇ ਸਾਕਸ਼ੀ ਮਲਿਕ ਵੱਲੋਂ ਦੇਸ਼ ਲਈ ਲਿਆਏ ਗਏ ਮੈਡਲਾਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਖਿਡਾਰਨਾਂ ਨੇ ਦੇਸ਼ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ ਪਰ ਉਨ੍ਹਾ ਕਿਹਾ ਕਿ ਹੁਣ ਲੋੜ ਹੈ ਕਿ ਅਸੀਂ ਇਹ ਦੇਖੀਏ ਕਿ ਏਨਾ ਵੱਡਾ ਮੁਲਕ ਹੋਣ ਦੇ ਬਾਵਜੂਦ ਸਾਡੇ ਵਿੱਚ ਮੈਡਲਾਂ ਦੀ ਘਾਟ ਕਿਉਂ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਛੋਟੀ ਉਮਰ ਤੋਂ ਹੀ ਖਿਡਾਰੀਆਂ ਲਈ ਖਾਸ ਸਿਖਲਾਈ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸਾਡੇ ਖਿਡਾਰੀ ਅੰਤਰ ਰਾਸ਼ਟਰੀ ਖੇਡਾਂ ਵਿੱਚ ਮੱਲਾਂ ਮਾਰ ਸਕਣ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਐਮ.ਐਲ.ਏ ਡਾ. ਨਵਜੋਤ ਕੌਰ ਸਿੱਧੂ ਉਨ੍ਹਾਂ ਦੀ ਧੀ ਵਾਂਗ ਹੈ ਅਤੇ ਉਨ੍ਹਾਂ ਵੱਲੋਂ ਸਿਆਸੀ ਦਖਲਅੰਦਾਜ਼ੀ ਕਾਰਨ ਕੰਮ ਨਾ ਹੋਣ ਦੇ ਲਾਏ ਗਏ ਇਲਜ਼ਾਮ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ।

ਇਸ ਤੋਂ ਪਹਿਲਾਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਨੂੰ ਸੰਤ ਲੌਂਗੋਵਾਲ ਦੀ ਸ਼ਹੀਦੀ ਲਈ ਜ਼ਿਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਾਂਗਰਸ ਵੱਲੋਂ ਰਾਜੀਵ-ਲੌੋਂਗੋਵਾਲ ਸਮਝੌਤਾ ਲਾਗੂ ਨਾ ਕਰਨ ਕਾਰਨ ਇਹ ਘਟਨਾਕ੍ਰਮ ਵਾਪਰਿਆ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਲੌਂਗੋਵਾਲ ਨੇ ਸੂਬੇ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਤਰੱਕੀ ਲਈ ਆਪਣਾ ਬਲਿਦਾਨ ਦਿੱਤਾ ਅਤੇ ਸੂਬਾ ਸਰਕਾਰ ਹਰ ਹਾਲ ਵਿੱਚ ਇਨ੍ਹਾਂ ਅਸੂਲਾਂ ‘ਤੇ ਪਹਿਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਲੜਾਉਂਦੀ ਰਹੀ ਹੈ ਪਰ ਅਕਾਲੀ-ਭਾਜਪਾ ਗਠਜੋੜ ਨੇ ਸੂਬੇ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੀਆਂ ਤੰਦਾਂ ਨੂੰ ਮਜਬੂਤ ਕੀਤਾ ਹੈ।

ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਰਟੀ ਨੇ ਹਮੇਸ਼ਾਂ ਪੰਜਾਬ ਦੇ ਆਰਥਿਕ, ਸਮਾਜਿਕ, ਰਾਜਸੀ ਅਤੇ ਇਥੋਂ ਤੱਕ ਕਿ ਧਾਰਮਿਕ ਮਸਲਿਆਂ ਵਿੱਚ ਬੇਲੋੜੀ ਦਖਲਅੰਦਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਇੱਕੋ ਇਕ ਜਮਾਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਦੇ ਕਰੀਬ ਸਮੇਂ ਵਿੱਚ ਸੂਬਾ ਸਰਕਾਰ ਵੱਲੋਂ ਪੰਜਾਬ ਦਾ ਬਿਹਤਰੀਨ ਵਿਕਾਸ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗਠਜੋੜ ਦੇ ਹੱਕ ਵਿੱਚ ਹਰ ਇੱਕ ਵੋਟ ਸੂਬੇ ਦੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਹੱਕ ਵਿੱਚ ਫਤਵਾ ਹੈ।

ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਕਈ ਸਾਲਾਂ ਵਿੱਚ ਕਿਸਾਨਾਂ ਨੂੰ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਮੁਫ਼ਤ ਦਿੱਤੀ ਹੈ ਉਥੇ ਹੀ ਇਕ ਨਿਵੇਕਲੀ ਸਕੀਮ ਵਿੱਚ ਰਾਜ ਦੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਵਿਆਜਮੁਕਤ ਫਸਲੀ ਬੀਮਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਸ਼ਰਧਾਲੂਆਂ ਨੂੰ ਸ਼੍ਰੀ ਨਾਂਦੇੜ ਸਾਹਿਬ, ਵਾਰਾਨਸੀ, ਮਾਤਾ ਵੈਸ਼ਨੋ ਦੇਵੀ ਅਤੇ ਅਜ਼ਮੇਰ ਸ਼ਰੀਫ਼ ਦੇ ਮੁਫਤ ਦਰਸ਼ਨ ਕਰਵਾਏ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿੱਚ ਬਣੀ ਐਨ.ਡੀ.ਏ ਸਰਕਾਰ ਨੇ ਪੰਜਾਬ ਨੂੰ ਏਮਜ਼, ਆਈ.ਆਈ.ਐਮ, ਬਾਗਬਾਨੀ ਯੂਨੀਵਰਸਿਟੀ ਅਤੇ ਅਜਿਹੇ ਹੀ ਕਈ ਹੋਰ ਇਤਿਹਾਸਕ ਤੋਹਫ਼ੇ ਦਿੱਤੇ ਹਨ ਜਿਸ ਨਾਲ ਪੰਜਾਬ ਤਰੱਕੀ ਦੀਆਂ ਨਵੀਂਆਂ ਲੀਹਾਂ ‘ਤੇ ਪਿਆ ਹੈ।
ਇਸ ਮੌਕੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਵਰ੍ਹਦਿਆਂ ਕਿਹਾ ਕਿ ‘ਆਪ’ ਵਿਚ ਨਕਸਲੀਆਂ ਵੱਲੋਂ ਘੁਸਪੈਠ ਕਰ ਲਈ ਗਈ ਹੈ ਅਤੇ ਇਹ ਹਰ ਕੀਮਤ ‘ਤੇ ਪੰਜਾਬ ਵਿਚ ਸੱਤਾ ਪ੍ਰਾਪਤ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿਚ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਟਕਰਾਅ ਵਾਲੀ ਰਾਜਨੀਤੀ ਕਰਦੇ ਹਨ ਅਤੇ ਪੰਜਾਬ ਵਿਚ ਸੱਤਾ ਪ੍ਰਾਪਤ ਕਰਕੇ ਇਨ੍ਹਾਂ ਦਾ ਟੀਚਾ ਕੇਂਦਰ ਸਰਕਾਰ ਨਾਲ ਲੜਾਈ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਲਤੀ ਨਾਲ ਆਪ ਵਾਲੇ ਪੰਜਾਬ ਵਿਚ ਆ ਗਏ ਤਾਂ ਨਾ ਤਾਂ ਕਿਸਾਨਾਂ ਦੀ ਕਣਕ ਚੁੱਕੀ ਜਾਣੀ ਹੈ ਅਤੇ ਝੋਨਾ ਵੀ ਮੰਡੀਆਂ ਵਿਚ ਹੀ ਰੁਲ ਜਾਣਾ ਹੈ।
ਇੱਥੇ ਸੰਤ ਹਰਚੰਦ ਸਿੰਘ ਲੋਂਗੌਵਾਲ ਦੇ ਬਰਸੀ ਸਮਾਗਮ ਮੌਕੇ ਕਰਵਾਏ ਸਮਾਗਮ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਕਾਂਗਰਸ ਸਰਕਾਰ ਨੇ ਅਜਿਹੀ ਕੋਈ ਪ੍ਰਾਪਤੀ ਜਾਂ ਵਿਕਾਸਮੁਖੀ ਕੰਮ ਨਹੀਂ ਕੀਤਾ ਜਿਸ ਨੂੰ ਉਹ ਗਿਣਾ ਸਕਦੇ ਹੋਣ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਉਨ੍ਹਾਂ ਜਦੋਂ ਕਾਂਗਰਸੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਕੈਪਟਨ ਦੀ ਕੋਈ ਇੱਕ ਪ੍ਰਾਪਤੀ ਗਿਣਾ ਦੇਣ ਤਾਂ ਸਾਰੇ ਕਾਂਗਰਸੀਆਂ ਦੀ ਜ਼ੁਬਾਨ ਲੜਖੜਾਉਣ ਲੱਗ ਪਈ ਸੀ।
ਸ਼੍ਰੋਮਣੀ ਅਕਾਲੀ ਦਲ ਨੂੰ ਕੁਰਬਾਨੀਆਂ ਭਰਪੂਰ ਪਾਰਟੀ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ 95 ਸਾਲ ਪੁਰਾਣੀ ਪਾਰਟੀ ਹੈ ਜਿਸ ਨੇ ਹਮੇਸ਼ਾਂ ਲੋਕਾਂ ਦੇ ਭਲੇ ਲਈ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਆਜ਼ਾਦੀ ਸੰਘਰਸ਼ ਵਿਚ ਵੀ ਪਾਰਟੀ ਦਾ ਯੋਗਦਾਨ ਲਾ-ਮਿਸਾਲ ਹੈ ਅਤੇ ਬਾਅਦ ਵਿਚ ਵੀ ਜਿੰਨੀਆਂ ਲੋਕ-ਪੱਖੀ ਲਹਿਰਾਂ ਚੱਲੀਆਂ ਸਾਰੀਆਂ ਵਿਚ ਅਕਾਲੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਅਤੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੈ।
ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਬਾਰੇ ਬੋਲਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਖੁਸ਼ਹਾਲੀ ਅਤੇ ਤਰੱਕੀ ਉਦੋਂ ਹੀ ਹੋਈ ਹੈ ਜਦੋਂ ਇੱਥੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਨੇ ਸੇਵਾ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿਚ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖੀਆਂ ਗਈਆਂ ਹਨ ਅਤੇ ਕਿੰਨੀਆਂ ਹੀ ਭਲਾਈ ਸਕੀਮਾਂ ਸ਼ੁਰੂ ਕਰਨ ਨਾਲ ਲੋਕਾਂ ਦਾ ਜੀਵਨ ਪੱਧਰ ਖੁਸ਼ਹਾਲ ਹੋਇਆ ਹੈ। ਉਨ੍ਹਾਂ ਖਾਸ ਤੌਰ ‘ਤੇ ਆਟਾ-ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨ ਸਕੀਮ, ਮੁਫਤ ਦਵਾਈ ਕੇਂਦਰ, ਕਿਸਾਨਾਂ ਲਈ ਮੁਫਤ ਬਿਜਲੀ, ਕਿਸਾਨਾਂ ਲਈ ਪੰਜਾਬ ਹਜ਼ਾਰ ਰੁਪਏ ਤੱਕ ਵਿਆਜ਼-ਰਹਿਤ ਕਰਜ਼, ਢਾਈ ਲੱਖ ਨੌਕਰੀਆਂ, ਸਕਿੱਲ ਕੇਂਦਰਾਂ, ਮੁਫਤ ਸਿਹਤ ਬੀਮਾ ਯੋਜਨਾ, ਐਸ.ਸੀ-ਬੀ.ਸੀ ਪਰਿਵਾਰਾਂ ਨੂੰ ਬਿਜਲੀ ਦੇ ਮੁਫਤ 200 ਯੂਨਿਟ, ਗਰੀਬ ਲੋਕਾਂ ਨੂੰ 5-5 ਮਰਲਿਆਂ ਦੇ ਪਲਾਂਟ, ਸਕੂਲੀਆਂ ਲੜਕੀਆਂ ਲਈ ਮੁਫਤ ਸਾਈਕਲ, ਔਰਤਾਂ ਲਈ ਸਿਲਾਈ ਮਸ਼ੀਨਾਂ, ਸੇਵਾ ਕੇਂਦਰਾਂ ਦੀ ਉਸਾਰੀ, ਯਾਦਗਾਰਾਂ ਦੀ ਉਸਾਰੀ, ਪਿੰਡਾਂ ਵਿਚ ਧਰਮਸ਼ਾਲਾਵਾਂ ਦੀ ਉਸਾਰੀ, 4-6 ਮਾਰਗੀ ਸੜਕਾਂ ਦਾ ਨਿਰਮਾਣ, ਨਵੇਂ ਥਰਮਲ ਪਲਾਂਟ, ਕੌਮਾਂਤਰੀ ਹਵਾਈ ਅੱਡੇ, ਸ਼ਹਿਰਾਂ ਲਈ ਸੀਵਰੇਜ ਅਤੇ ਸਾਫ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਬਾਰੇ ਜ਼ਿਕਰ ਕੀਤਾ।
ਉਨ੍ਹਾਂ ਦੱਸਿਆਂ ਕਿ ਵਿਸ਼ਵ ਭਰ ਦੇ ਸ਼ਰਧਾਲੂਆਂ ਨੂੰ ਧਿਆਨ ਵਿਚ ਰੱਖਦਿਆਂ 2500 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਆਲੇ-ਦੁਆਲੇ ਦਾ ਸੁੰਦਰੀਕਰਨ ਕਰਵਾਇਆ ਗਿਆ ਹੈ। ਉਨ੍ਹਾਂ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਤੀਜੀ ਵਾਰ ਵੀ ਅਕਾਲੀ-ਭਾਜਪਾ ਗੱਠਜੋੜ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਨੂੰ 30000 ਕਰੋੜ ਰੁਪਏ ਦੀ ਲਾਗਤ ਨਾਲ ਪੱਕਾ ਬਣਾ ਦਿੱਤਾ ਜਾਵੇਗਾ।
ਮੈਂਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕੂੜਪ੍ਰਚਾਰ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਕੋਸ਼ਿਸਾਂ ਕੀਤੀਆ ਜਾ ਰਹੀਆਂ ਹਨ ਪਰ ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਦੇ ਮਨਸੂਬੇ ਨੂੰ ਕਦੇ ਵੀ ਸਫ਼ਲ ਨਹੀ ਹੋਣ ਦੇਣਗੇ।
ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪੰਜਾਬ ਦੀ ਅਮਨ ਸਾਂਤੀ ਕੁਰਬਾਨੀ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਪੰਜਾਬ ਤਰੱਕੀ ਦੀਆਂ ਲੀਹਾਂ ‘ਤੇ ਹੈ।
ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਮੈਂਬਰ ਲੋਕ ਸਭਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾਂ, ਨੁਸਰਤ ਫਤਿਹ ਅਲੀ ਖਾਂ, ਵਾਈਸ ਚੇਅਰਮੈਨ ਮੰਡੀ ਬੋਰਡ ਰਵਿੰਦਰ ਸਿੰਘ ਚੀਮਾ, ਵਾਈਸ ਚੇਅਰਮੈਨ ਪੀ.ਆਰ.ਟੀ.ਸੀ. ਵਿਨਰਜੀਤ ਸਿੰਘ ਗੋਲਡੀ, ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਵਿਧਾਇਕ ਪ੍ਰਕਾਸ ਚੰਦ ਗਰਗ, ਵਿਧਾਇਕ ਫਰਜ਼ਾਨਾ ਆਲਮ, ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ, ਵਿਧਾਇਕ ਇਕਬਾਲ ਸਿੰਘ ਝੂੰਦਾਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇਜਾ ਸਿੰਘ ਕਮਾਲਪੁਰ, ਪ੍ਰਬੰਧਕੀ ਮੈਂਬਰ ਪਾਵਰ ਕਾਮ ਗੁਰਬਚਨ ਸਿੰਘ ਬਚੀ, ਅਜੀਤ ਸਿੰਘ ਸਾਂਤ ਸੀਨੀਅਰ ਅਕਾਲੀ ਆਗੂ, ਰਾਮ ਸਿੰਘ ਬਹਿਣੀਪਾਲ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸਤਿਗੁਰ ਸਿੰਘ ਨਮੋਲ, ਸੀਨੀਅਰ ਭਾਜਪਾ ਆਗੂ ਮਨਜੀਤ ਸਿੰਘ ਰਾਏ, ਰਜਿੰਦਰ ਸਿੰਘ ਕਾਂਝਲਾਂ ਸੀਨੀਅਰ ਅਕਾਲੀ ਆਗੂ, ਜਸਵਿੰਦਰ ਸਿੰਘ ਪ੍ਰਿੰਸ, ਅਮਨਵੀਰ ਸਿੰਘ ਚੈਰੀ, ਚਮਨਦੀਪ ਸਿੰਘ ਮਿਲਖੀ, ਹਰਪ੍ਰੀਤ ਸਿੰਘ ਢੀਂਡਸਾ, ਪ੍ਰੀਤਮ ਸਿੰਘ ਜੌਹਲ, ਹਰਵਿੰਦਰ ਸਿੰਘ ਹਰਪਾਲਪੁਰ, ਕੁਲਦੀਪ ਸਿੰਘ ਬੁੱਘਰਾ, ਮਲਕੀਤ ਸਿੰਘ ਚੰਗਾਲ, ਕੁਲਵੰਤ ਸਿੰਘ ਕੀਤੂ, ਨਾਜ਼ਰ ਸਿੰਘ ਬਡਰੁੱਖਾ, ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਡੀ.ਆਈ.ਜੀ. ਪ੍ਰਿਤਪਾਲ ਸਿੰਘ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਅਤੇ ਹੋਰ ਆਗੂ ਅਤੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: