ਚੰਗੇ ਸੀ ਉਹ ਦਿਨ ਜਦੋਂ ਨਿੱਕੇ ਕੱਚੇ ਕੋਠੇ ਹੁੰਦੇ ਸੀ ਤੇ ਵੱਡੇ ਦਿਲ ਹੁੰਦੇ ਸੀ

ss1

ਚੰਗੇ ਸੀ ਉਹ ਦਿਨ ਜਦੋਂ ਨਿੱਕੇ ਕੱਚੇ ਕੋਠੇ ਹੁੰਦੇ ਸੀ ਤੇ ਵੱਡੇ ਦਿਲ ਹੁੰਦੇ ਸੀ

ਇੱਕ ਹਫੜਾ ਦਫੜੀ, ਆਪੋ ਧਾਪ,ਹਰ ਕੋਈ ਖਿਝਿਆ ਖਪਿਆ ਤੇ ਭੀੜ ਵਿੱਚ ਹੁੰਦਾ ਹੋਇਆ ਵੀ ਇਕੱਲਾ।ਪਤਾ ਨਹੀਂ ਕੀ ਗਵਾਚ ਗਿਆ ਹੈ ਤੇ ਕੀ ਲੱਭਣਾ ਹੈ।ਵਕਤ ਨੂੰ ਅਸੀਂ ਬਦਲਿਆ ਜਾਂ ਵਕਤ ਨੇ ਸਾਨੂੰ ਬਦਲਿਆ ਏਹ ਵੀ ਇੱਕ ਵੱਡਾ ਸਵਾਲ ਹੈ।ਜੋ ਵੀ ਹੈ ਇਕੱਲਤਾ ਤੇ ਨਿੱਜ ਵਿੱਚ ਫਸਿਆ ਹੋਇਆ ਹੈ ਹਰ ਬੰਦਾ।ਅੱਜ ਮਹਿਸੂਸ ਹੋ ਰਿਹਾ ਹੈ ਕਿ ਚੰਗੇ ਸੀ ਕੱਚੇ ਘਰ,ਨਿੱਕੇ ਘਰ ਜਦੋਂ ਦਿਲ ਵੱਡੇ ਸੀ।ਅੱਜ ਵੱਡੇ ਘਰ,ਪੱਕੇ ਘਰ ਤੇ ਸੁੰਘੜੇ ਹੋਏ, ਛੋਟੇ ਦਿਲ ਨੇ।ਮੇਰਾ ਕਮਰਾ,ਮੇਰੀ ਨਿੱਜਤਾ ਨੇ ਸੱਭ ਤਹਿਸ ਨਹਿਸ ਕਰ ਦਿੱਤਾ।ਛੋਟੇ ਘਰ ਸੀ ਸੱਭ ਦਿਲਾਂ ਦੇ ਨੇੜੇ ਸੀ,ਸੱਭ ਦੀਆਂ ਖੁਸ਼ੀਆਂ ਤੇ ਗ਼ਮ ਸਾਂਝੇ ਸੀ।ਇੱਕੋ ਕਮਰੇ ਵਿੱਚ ਸਿਆਲਾਂ ਦੀਆਂ ਰਾਤਾਂ ਕੱਟਦੇ,ਮੰਜੀ ਨਾਲ ਮੰਜੀ ਜੋੜਕੇ ਡਾਹੀ ਹੋਣੀ।ਦਾਦੀ ਦੀ ਰਜਾਈ ਵਿੱਚ ਵੜਕੇ ਬਾਤਾਂ ਸੁਣਨੀਆਂ,ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਸੁਣਨੀਆਂ,ਬੁਝਾਰਤਾਂ ਪਾਉਣੀਆਂ।ਨਿੱਘ ਆਏ ਤੇ ਕਦੋਂ ਸੌਂ ਜਾਣਾ ਪਤਾ ਹੀ ਨਹੀਂ ਸੀ ਹੁੰਦਾ।ਗਰਮੀਆਂ ਵਿੱਚ ਵੀ ਇਵੇਂ ਹੀ ਵਿਹੜੇ ਵਿੱਚ ਸੌਣਾ ਤੇ ਬਾਤਾਂ ਕਹਾਣੀਆਂ ਦਾ ਸਿਲਸਿਲਾ ਉਹ ਹੀ ਹੋਣਾ।ਕਈ ਕਈ ਤਾਏ ਚਾਚੇ ਹੋਣੇ ਤੇ ਭੂਆ ਹੋਣੀਆਂ।ਸਾਂਝੇ ਪਰਿਵਾਰ ਹੋਣੇ।ਸਾਰੇ ਕੰਮ ਰਲ ਮਿਲਕੇ ਕਰਦੇ।ਨੂੰਹਾਂ ਨੇ ਆਮ ਕਰਕੇ ਕੰਮ ਕਰਨਾ ਤੇ ਬਜ਼ੁਰਗ ਔਰਤਾਂ ਦਾ ਕੰਮ ਨਿਆਣਿਆਂ ਨੂੰ ਖਿਡਾਉਣ ਦਾ ਹੋਣਾ।ਕੱਚੇ ਕੋਠੇ ਲਿਪਣ ਦਾ ਕੰਮ ਹੋਣਾ ਤਾਂ ਸਾਰੇ ਪਰਿਵਾਰ ਨੇ ਰੁੱਝ ਜਾਣਾ,ਚਿੱਕਣੀ ਮਿੱਟੀ ਵਿੱਚ ਤੂੜੀ ਪਾਕੇ ਪੈਰਾਂ ਨਾਲ ਚੰਗੀ ਤਰ੍ਹਾਂ ਗੁਨਣਾ ਤੇ ਫੇਰ ਕੰਧਾਂ ਛੱਤਾਂ ਸੱਭ ਲਿਪਣੀਆਂ।ਕੰਮ ਨਾ ਕਰਨ ਵਾਲੀ ਗੱਲ ਬਹੁਤਾ ਕਰਕੇ ਨਹੀਂ ਸੀ ਚੱਲਦੀ।ਕੰਮ ਕਰਨ ਤੋਂ ਕੋਈ ਘਬਰਾਉਂਦਾ ਨਹੀਂ ਸੀ।ਘਰਦੀਆ ਧੀਆਂ ਨੇ ਵੀ ਕਈ ਕਈ ਦਿਨ ਰਹਿ ਜਾਣਾ।ਬਜ਼ੁਰਗ ਹੋਈਆਂ ਭੂਆ ਵੀ ਕਈ ਕਈ ਦਿਨ ਆਕੇ ਰਹਿ ਜਾਂਦੀਆਂ ਸਨ।ਕਿਸੇ ਨੂੰ ਘਰ ਛੋਟੇ ਕਰਕੇ ਆਏ ਮਹਿਮਾਨ ਵਾਸਤੇ ਜਗ੍ਹਾ ਦੀ ਘਾਟ ਮਹਿਸੂਸ ਨਹੀਂ ਸੀ ਹੁੰਦੀ ਕਿਉਂਕਿ ਦਿਲ ਵੱਡੇ ਸੀ ਤੇ ਜਿਥੇ ਦਿਲ ਵੱਡੇ ਹੋਣ ਉਥੇ ਜਗ੍ਹਾ ਦੀ ਘਾਟ ਤੇ ਕੋਈ ਹੋਰ ਗੱਲ ਪ੍ਰੇਸ਼ਾਨ ਨਹੀਂ ਕਰਦੀ।ਇੱਕ ਦਾਲ ਬਣ ਜਾਣੀ ਤੇ ਚੌਂਕੇ ਵਿੱਚ ਬੈਠਕੇ ਜਾਂ ਵਿਹੜੇ ਵਿੱਚ ਬਹਿ ਰੋਟੀ ਖਾ ਲੈਣੀ।ਦੋ ਦੋ, ਤਿੰਨ ਤਿੰਨ ਸਬਜ਼ੀਆਂ ਦਾ ਝੁਮੇਲਾ ਨਹੀਂ ਸੀ ਹੁੰਦਾ,ਬਸ ਸਾਦਾ ਜਿਹਾ ਰਹਿਣ ਸਹਿਣ,ਸਾਦੀ ਜਿਹੀ ਜ਼ਿੰਦਗੀ ਤੇ ਖੁਸ਼ ਰਹਿਣਾ, ਬਹੁਤੀ ਖਿੱਚ ਧੂਅ ਨਹੀਂ ਸੀ।ਨਿੱਕੇ ਨਿੱਕੇ ਘਰਾਂ ਵਿੱਚ ਵੱਡੇ ਦਿਲਾਂ ਕਰਕੇ ਸੱਭ ਸਮਾ ਜਾਂਦੇ ਤੇ ਇੱਕ ਅਪਣਤ ਡੁੱਲ ਡੁੱਲ ਪੈਂਦੀ।ਅੱਜ ਵੱਡੇ ਵੱਡੇ ਮਹਿਲਨੁਮਾ ਘਰ ਬਣ ਗਏ, ਮੇਰੇ ਕਮਰੇ ਤੱਕ ਜ਼ਿੰਦਗੀ ਸਮਾ ਗਈ।ਹੁਣ ਰਿਸ਼ਤਦਾਰੀਆਂ ਤਾਂ ਕੀ ਸੱਸ ਸੁਹਰੇ ਵਾਸਤੇ ਵੀ ਦਿੱਤਾ ਕਮਰਾ ਚੁੱਭਦਾ ਹੈ।ਪਹਿਲਾਂ ਬਜ਼ੁਰਗਾਂ ਦੇ ਪੁੱਛੇ ਬਗੈਰ ਨੂੰਹ ਪੈਰ ਨਹੀਂ ਚੁੱਕਦੀ ਸੀ ਪਰ ਹੁਣ ਮਾਪਿਆਂ ਨੂੰ ਉਨ੍ਹਾਂ ਦੇ ਆਪਣੇ ਬਣਾਏ ਘਰ ਵਿੱਚ, ਆਪਣੀ ਮਰਜ਼ੀ ਨਾਲ ਰਹਿਣ ਦਾ ਹੱਕ ਨਹੀਂ ਤੇ ਹੁਕਮ ਨਹੀਂ।ਕਈ ਵਾਰ ਵਿਆਹ ਤੋਂ ਬਾਦ ਅਜਿਹਾ ਰਹਿਣ ਸਤਰ ਦਾ ਰਫੜ ਪੈਂਦਾ ਹੈ ਕਿ ਨੂੰਹ ਪੁੱਤ ਅਲੱਗ ਰਹਿਣ ਚਲੇ ਜਾਂਦੇ ਹਨ।ਕੁਝ ਇਵੇਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਿਥੇ ਇਕੱਲੀ ਮਾਂ ਸੀ ਤੇ ਨੂੰਹ ਪੁੱਤ ਦੀ ਰੋਜ਼ ਲੜਾਈ ਹੁੰਦੀ ਸੀ ਤੇ ਅਖੀਰ ਮਾਂ ਘਰ ਛੱਡਕੇ ਬ੍ਰਿਧ ਆਸ਼ਰਮ ਵਿੱਚ ਰਹਿਣ ਆ ਗਈ।ਇੰਨੀ ਤੰਗ ਦਿਲੀ ਕਿ ਜਿਸ ਮਾਂ ਨੇ ਪੁੱਤ ਜੰਮਿਆ, ਕਮਾਉਣ ਦੇ ਕਾਬਿਲ ਬਣਾਇਆ, ਅੱਜ ਉਹ ਆਪਣੀ ਮਾਂ ਨੂੰ ਆਪਣੇ ਨਾਲ ਵੀ ਨਹੀਂ ਰੱਖ ਸਕਦਾ।ਪੜ੍ਹਾਈ ਲਿਖਾਈ ਕਰਕੇ, ਇੰਜ ਮਾਪਿਆਂ ਨੂੰ ਘਰੋਂ ਜਾਣ ਲਈ ਮਜ਼ਬੂਰ ਕਰਨਾ, ਤੰਗ ਦਿਲੀ ਹੀ ਹੈ।ਮੇਰਾ ਇੱਕ ਹੀ ਸਵਾਲ ਹੈ ਕਿ ਏਹ ਘਰ ਕਿਸਦਾ ਹੈ?ਕਿਸਦੀ ਕਮਾਈ ਦਾ ਹੈ?ਅਗਰ ਪੁੱਤ ਕਮਾਕੇ ਘਰ ਬਣਾਉਣ ਦੇ ਕਾਬਿਲ ਹੈ ਤਾਂ ਉਸਦੇ ਮਾਪਿਆਂ ਕਰਕੇ।ਕੁੜੀਆਂ ਦੇ ਮਾਪੇ ਤਾਂ ਦਹੇਜ ਦਾ ਸ਼ੋਰ ਪਾਉਣ ਲੱਗ ਜਾਂਦੇ ਹਨ,ਕਿੰਨੀਆਂ ਕੁੜੀਆਂ ਦੇ ਮਾਪੇ ਹਨ ਜੋ ਕੁੜੀਆਂ ਨੂੰ ਘਰ ਦਿੰਦੇ ਹਨ,ਕਾਰ ਦਿੰਦੇ ਹਨ ਤੇ ਜਿਵੇਂ ਮੁੰਡੇ ਦੇ ਮਾਪਿਆਂ ਤੋਂ ਮੂੰਹ ਨਿਕਲੀ ਗੱਲ ਕੁੜੀ ਦੀ ਪੂਰੀ ਕਰਨ ਤੇ ਜੋਰ ਪਾਉਂਦੇ ਹਨ ਉਵੇਂ ਏਹ ਵੀ ਜੋਰ ਪਾਉ ਕਿ ਮੁੰਡੇ ਦੇ ਮਾਪਿਆਂ ਨੂੰ ਬੁਰਾ ਭਲਾ ਕਹਿਣਾ ਠੀਕ ਨਹੀਂ।ਇਥੇ ਉਹ ਵੀ ਪੂਰਾ ਸਾਥ ਦਿੰਦੇ ਨੇ ਕੁੜੀ ਦਾ।ਮੁੰਡੇ ਦੀ ਹਾਲਤ ਖਰਬੂਜੇ ਵਾਲੀ ਹੋ ਜਾਂਦੀ ਹੈ,ਛੁਰੀ ਤੇ ਡਿੱਗੇ ਜਾਂ ਛੁਰੀ ਉਸ ਤੇ,ਫਸਣਾ ਉਸਨੇ ਹੀ ਹੈ।ਮਾਪਿਆਂ ਨਾਲ ਤੁਰਦਾ ਹੈ ਤਾਂ ਕੁੜੀਆਂ ਵਾਲੇ ਫਸਾ ਦਿੰਦੇ ਨੇ ਕੇਸਾਂ ਵਿੱਚ, ਮਾਪਿਆਂ ਨੂੰ ਛੱਡਦਾ ਹੈ ਤਾਂ ਮਾਪਿਆਂ ਵਲੋਂ ਪ੍ਰੇਸ਼ਾਨ ਹੁੰਦਾ ਹੈ।ਮਾਪਿਆਂ ਨੂੰ ਵੀ ਵੱਡੇ ਘਰਾਂ ਵਿੱਚ ਰਹਿਣ ਵਾਲੇ ਛੋਟੇ ਦਿਲਾਂ ਵਾਲਿਆਂ ਵਾਂਗ ਹੀ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ।ਜਿਉਂਦੇ ਜੀ ਆਪਣੀ ਜਾਇਦਾਦ ਤੇ ਪੈਸੇ ਪੁੱਤਾਂ ਨੂੰ ਨਾ ਦਿਉ।ਜੇਕਰ ਅੱਜ ਪੁੱਤ ਦਬਾਅ ਹੇਠਾਂ ਆਕੇ ਇੰਜ ਕਰ ਰਿਹਾ ਹੈ ਤਾਂ ਬਾਦ ਵਿੱਚ ਦਬਾਅ ਹੇਠ ਆਕੇ ਜਿਉਣਾ ਦੁਭਰ ਕਰ ਦੇਵੇਗਾ।ਵੱਡੇ ਘਰਾਂ ਵਿੱਚ ਨਿੱਕੇ ਦਿਲਾਂ ਵਾਲੇ ਤੇ ਸਿਰਫ਼ ਆਪਣੇ ਬਾਰੇ ਸੋਚਣ ਵਾਲੇ ਲੋਕ ਰਹਿ ਰਹੇ ਨੇ।ਜਿਹੜੇ ਇੰਨੀ ਸੋਚ ਵੀ ਨਹੀਂ ਰੱਖਦੇ ਕਿ ਬੁਢਾਪੇ ਵਾਸਤੇ ਏਹ ਸੱਭ ਇੰਨਾ ਨੇ ਜ਼ਿੰਦਗੀ ਭਰ ਮਿਹਨਤ ਕਰਕੇ ਬਣਾਇਆ ਹੈ।ਏਹ ਇੰਨਾ ਦਾ ਹੈ,ਮੈਂ ਜਿਉਂਦੇ ਜੀ ਇੰਨਾ ਕੋਲੋਂ ਨਾ ਲਵਾਂ, ਉਹ ਲੈਣ ਤੋਂ ਬਾਦ ਕਦੇ ਵੀ ਭਲਾ ਨਹੀਂ ਕਰੇਗਾ।ਵੱਧ ਰਹੇ ਤਲਾਕ ਤੇ ਬਣ ਰਹੇ ਬ੍ਰਿਧ ਆਸ਼ਰਮ ਇਸ ਸੋਚ ਦਾ ਹੀ ਨਤੀਜਾ ਹੈ।ਚੰਗੇ ਸੀ ਉਹ ਦਿਨ ਜਦੋਂ ਕੱਚੇ ਤੇ ਨਿੱਕੇ ਘਰ ਹੁੰਦੇ ਸੀ ਤੇ ਦਿਲ ਵੱਡੇ ਹੁੰਦੇ ਸੀ।

From
Prabhjot Kaur Dillon
Contact No. 9815030221

Share Button

Leave a Reply

Your email address will not be published. Required fields are marked *