Thu. Feb 20th, 2020

ਚੰਗੇ ਨਤੀਜੇ ਲਈ ਜ਼ਰੂਰੀ ਹੈ ਬੋਰਡ ਪ੍ਰੀਖਿਆ ਦੀ ਸਹੀ ਰੂਪ ਵਿੱਚ ਤਿਆਰੀ 

ਚੰਗੇ ਨਤੀਜੇ ਲਈ ਜ਼ਰੂਰੀ ਹੈ ਬੋਰਡ ਪ੍ਰੀਖਿਆ ਦੀ ਸਹੀ ਰੂਪ ਵਿੱਚ ਤਿਆਰੀ 

ਵਿੱਦਿਆ ਮਨੁੱਖੀ ਜੀਵਨ ਅੰਦਰ ਵਡਮੁੱਲਾ ਰੋਲ ਅਦਾ ਕਰਦੀ ਹੈ। ਇਹ ਵਿੱਦਿਆ ਹੀ ਹੈ ਜੋ ਮਨੁੱਖ ਨੂੰ ਅਸਲ ‘ਚ ਮਨੁੱਖ ਬਣਾਉਂਦੀ ਹੈ।
ਜੇਕਰ ਵਿਦਿਆਰਥੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੇ ਨਾਲ-ਨਾਲ ਮਾਪਿਆਂ ਅੰਦਰ ਵੀ ਇੱਕ ਦੌੜ ਜਿਹੀ ਸੁਰੂ ਹੋ ਗਈ ਹੈ,ਉਹ ਆਪਣੇ ਬੱਚੇ ਨੂੰ ਅਵਲ ਦਰਜੇ ‘ਤੇ ਵੇਖਣਾ ਚਾਹੁੰਦੇ ਹਨ। ਜਿਸ ਕਰਕੇ ਬੱਚਿਆਂ ‘ਤੇ ਪੜ੍ਹਾਈ ਇੱਕ ਬੋਝ ਬਣਦੀ ਜਾ ਰਹੀ ਹੈ। ਜਿਸਦੇ ਭਾਰ ਥੱਲੇ ਉਹ ਖ਼ੁਦ ਨੂੰ ਦੱਬ ਰਹੇ ਮਹਿਸੂਸ ਕਰ ਰਹੇ ਹਨ। ਪੰਜਵੀਂ,ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਜਿਹੀਆਂ ਬੋਰਡ ਪ੍ਰੀਖਿਆਵਾਂ ਦੇ ਵਿਦਿਆਰਥੀਆਂ ‘ਚ ਜਿਆਦਾਤਰ ਪ੍ਰੀਖਿਆ ਨੂੰ ਲੈ ਕੇ ਭੈਅ ਜਿਹਾ ਵੇਖਣ ਨੂੰ ਮਿਲਦਾ ਹੈ। ਕਈ ਚੰਗੇ ਨੰਬਰਾਂ ਅਤੇ ਪੁਜ਼ੀਸ਼ਨਾਂ ਦੀ ਪ੍ਰਾਪਤੀ ਲਈ ਦਿਨ-ਰਾਤ ਮਿਹਨਤ ਕਰਦੇ ਹਨ ਪਰ ਕਿਸੇ ਕਾਰਨ ਉਮੀਦ ਅਨੁਸਾਰ ਨਤੀਜਾ ਨਾ ਆਉਂਣ ਕਾਰਨ ਨਿਰਾਸ਼ ਹੋ ਜਾਂਦੇ ਹਨ ਅਤੇ ਕਈ ਗਲਤ ਕਦਮ ਵੀ ਚੁੱਕ ਲੈਂਦੇ ਹਨ।
ਬੋਰਡ ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ:- ਕਈ ਵਾਰ ਵਿਦਿਆਰਥੀ ਮਿਹਨਤ ਬਹੁਤ ਕਰਦੇ ਹਨ ਪਰ ਕਈ ਵਾਰ ਸਹੀ ਦਿਸ਼ਾ ਨਿਰਦੇਸ਼ ਨਾ ਮਿਲਣ ਕਾਰਨ ਸਮਾਂ ਜ਼ਿਆਦਾ ਲਗਾਉਂਦੇ ਹਨ ਪਰ ਓਨੀ ਸਫ਼ਲਤਾ ਪ੍ਰਾਪਤ ਨਹੀਂ ਕਰ ਪਾਉਂਦੇ।ਪ੍ਰੀਖਿਆ ਵਿੱਚ ਹੇਠ ਦਿੱਤੇ ਤਰੀਕਿਆਂ ਨੂੰ ਆਪਣਾ ਕੇ ਪ੍ਰੀਖਿਆ ਦੇ ਸਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
1.ਸਮਾਂ-ਸਾਰਣੀ ਬਣਾਉਣਾ:- ਵਿਦਿਆਰਥੀਆਂ ਨੂੰ ਤਿਆਰੀ ਕਰਦੇ ਸਮੇਂ ਘਰ ਵੀ ਸਮਾਂ ਸਾਰਣੀ ਬਣਾ ਕੇ ਪੜ੍ਹਨਾ ਚਾਹੀਦਾ ਹੈ। ਸਮਾਂ ਸਾਰਣੀ ਬਣਾਉਂਦੇ ਸਮੇਂ ਸੌਖੇ ਵਿਸ਼ੇ ਸ਼ੁਰੂ ਅਤੇ ਅੰਤ ਵਿੱਚ ਅਤੇ ਔਖੇ ਵਿਸ਼ੇ ਵਿਚਕਾਰ ਰੱਖਣੇ ਚਾਹੀਦੇ ਹਨ। ਕਿਉਂਕਿ ਸੌਖੇ ਵਿਸ਼ੇ ਪਹਿਲਾਂ ਕਰਨ ਨਾਲ ਪੜ੍ਹਾਈ ਵਿੱਚ ਦਿਲਚਸਪੀ ਬਣ ਜਾਂਦੀ ਹੈ ਅਤੇ ਔਖੇ ਵਿਸ਼ੇ ਜੇਕਰ ਪਹਿਲਾਂ ਕਰੇ ਜਾਣ ਤਾਂ ਉਸ ਵਿਸ਼ੇ ‘ਤੇ ਦਿਮਾਗ ਜਿਆਦਾ ਲੱਗਣ ਅਤੇ ਥੱਕਣ ਕਾਰਨ ਬਾਅਦ ਵਿੱਚ ਪੜ੍ਹਾਈ ‘ਚੋਂ ਰੁਚੀ ਖ਼ਤਮ ਹੋ ਜਾਂਦੀ ਹੈ ਅਤੇ ਵਿਦਿਆਰਥੀ ਸ਼ੁਰੂ ਚ ਹੀ ਖੁਦ ਨੂੰ ਥੱਕਿਆ ਹੋਇਆ ਮਹਿਸੂਸ ਕਰਨ ਲੱਗ ਜਾਂਦਾ ਹੈ।
2. ਔਖੇ ਵਿਸ਼ੇ ਨੂੰ ਜਿਆਦਾ ਸਮਾਂ ਦੇਣਾ:-ਅਕਸਰ ਵੇਖਣ ‘ਚ ਆਉਂਦਾ ਹੈ ਕਿ ਜੋ ਵਿਸ਼ੇ ਵਿਦਿਆਰਥੀਆਂ ਨੂੰ ਔਖੇ ਲਗਦੇ ਹਨ, ਉਹਨਾਂ ਵਿੱਚ ਉਹਨਾਂ ਦੀ ਦਿਲਚਸਪੀ ਨਹੀਂ ਹੁੰਦੀ। ਉਸ ਵਿਸ਼ੇ ਨੂੰ ਛੱਡਣ ਦੀ ਬਜਾਏ ਦਿਲਚਸਪ ਤਰੀਕੇ ਅਪਣਾ ਕੇ ਪੜ੍ਹਨਾ ਚਾਹੀਦਾ ਹੈ ਅਤੇ ਪੜ੍ਹਦੇ ਸਮੇਂ ਔਖੇ ਵਿਸ਼ੇ ਨੂੰ ਸਮਾਂ ਆਮ ਨਾਲੋਂ ਜਿਆਦਾ ਦੇਣਾ ਚਾਹੀਦਾ ਹੈ ਕਿਉਂਕਿ ਔਖਾ ਵਿਸ਼ਾ ਆਮ ਵਿਸ਼ਿਆਂ ਜਿੰਨੇ ਸਮੇਂ ‘ਚ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਔਖੇ ਵਿਸ਼ਿਆਂ ਨੂੰ ਵਿਦਿਆਰਥੀ ਵੱਲੋਂ ਸਮਾਂ ਜਿਆਦਾ ਦਿੱਤਾ ਜਾਣਾ ਚਾਹੀਦਾ ਹੈ।
3. ਲਿਖਣ ਸ਼ੈਲੀ ਦਾ ਪ੍ਰਯੋਗ ਕਰਨਾ:- ਸਿਆਣੇ ਕਹਿੰਦੇ ਹਨ ਕਿ ਲਿਖਣ ਬਿਨਾ ਗਤੀ ਨਹੀਂ ਹੁੰਦੀ। ਕਿਸੇ ਵੀ ਯਾਦ ਕਰੇ ਪਾਠ ਨੂੰ ਸਿਰਫ਼ ਯਾਦ ਕਰਕੇ ਹੀ ਨਹੀਂ ਛੱਡ ਦੇਣਾ ਚਾਹੀਦਾ ਸਗੋਂ ਉਸਨੂੰ ਲਿਖ ਕੇ ਵੇਖਣਾ ਚਾਹੀਦਾ ਹੈ। ਕਈ ਵਾਰ ਵਿਦਿਆਰਥੀ ਯਾਦ ਤਾਂ ਕਰ ਲੈਂਦੇ ਹਨ ਪਰ ਲਿਖਣ ਵਿੱਚ ਗਲਤੀ ਕਰ ਜਾਂਦੇ ਹਨ। ਜੇਕਰ ਲਿਖਣ ਸ਼ੈਲੀ ਦਾ ਪ੍ਰਯੋਗ ਕੀਤਾ ਜਾਵੇ ਤਾਂ ਪ੍ਰੀਖਿਆ ਵਿੱਚ ਲਿਖਣ ‘ਚ ਹੋਣ ਵਾਲੀਆਂ ਗਲਤੀਆਂ ਘਰ ਹੀ ਨਿਕਲ ਜਾਂਦੀਆਂ ਹਨ ਅਤੇ ਅੱਗੇ ਤੋਂ ਵਿਦਿਆਰਥੀ ਉਹਨਾਂ ਗਲਤੀਆਂ ਨੂੰ ਸੁਧਾਰ ਕੇ ਪੇਪਰ ਵਿੱਚ ਉਹਨਾਂ ਗਲਤੀਆਂ ਨੂੰ ਕਰਨ ਤੋਂ ਬਚ ਸਕਦਾ ਹੈ। ਯਾਦ ਕਰਨ ਦੇ ਨਾਲ-ਨਾਲ ਲਿਖ ਕੇ ਵੇਖਿਆ ਜਾਣਾ ਜਿਆਦਾ ਲਾਹੇਵੰਦ ਹੁੰਦਾ ਹੈ।
4.ਆਪਣੇ-ਆਪ ਨੂੰ ਪ੍ਰਸ਼ਨ ਪੁੱਛਣਾ:- ਵਿਦਿਆਰਥੀ ਜਦੋਂ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਉਹ ਲੰਮਾ ਸਮਾਂ ਪੜ੍ਹਦੇ ਰਹਿੰਦੇ ਹਨ। ਉਹ ਬੜਾ ਕੁੱਝ ਆਪਣੇ ਦਿਮਾਗ ਵਿੱਚ ਸਟੋਰ ਕਰਦੇ ਹਨ ਜਿਨ੍ਹਾਂ ਵਿੱਚੋ ਕਈ ਚੀਜ਼ਾਂ ਉਹ ਭੁੱਲ ਵੀ ਜਾਂਦੇ ਹਨ। ਯਾਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਆਪ ਨੂੰ ਪ੍ਰਸ਼ਨ ਪੁੱਛਣਾ। ਜੇਕਰ ਵਿਦਿਆਰਥੀ ਯਾਦ ਕਰੇ ਹੋਏ ‘ਚੋਂ ਖੁਦ ਨੂੰ ਪ੍ਰਸ਼ਨ ਪੁੱਛੇਗਾ ਤਾਂ ਉਸਦਾ ਦਿਮਾਗ ਉਸਨੂੰ ਉੱਤਰ ਲੱਭ ਕੇ ਲਿਆ ਕੇ ਦੇਵੇਗਾ। ਜੇਕਰ ਉਹ ਪ੍ਰਸ਼ਨ ਦਾ ਉੱਤਰ ਨਹੀਂ ਲੱਭ ਪਾਉਂਦਾ ਜਾਂ ਗਲਤ ਉੱਤਰ ਦਸਦਾ ਹੈ ਤਾਂ ਉਸਨੂੰ ਦੁਬਾਰਾ ਤੋਂ ਯਾਦ ਕਰ ਲੈਣਾ ਚਾਹੀਦਾ ਹੈ। ਇਸ ਨਾਲ ਪਤਾ ਲੱਗਦਾ ਰਹਿੰਦਾ ਹੈ ਕਿ ਕਿੰਨਾ ਯਾਦ ਹੋਇਆ ਹੈ ਜਾਂ ਜੋ ਯਾਦ ਹੋਇਆ ਹੈ ਉਸ ਵਿੱਚ ਕਿੰਨੇ ਕੁ ਉੱਤਰ ਸਹੀ ਅਤੇ ਗਲਤ ਹੋ ਰਹੇ ਹਨ।
5.ਨੋਟਸ ਬਣਾ ਕੇ ਪੜ੍ਹਨਾ:- ਵਿਦਿਆਰਥੀ ਜੋ ਪੂਰੇ ਸਾਲ ਪੜ੍ਹਦੇ ਹਨ ਉਸਨੂੰ ਕੁੱਝ ਕੁ ਦਿਨਾਂ ‘ਚ ਪੜ੍ਹ ਕੇ ਪ੍ਰੀਖਿਆ ਦੇਣੀ ਹੁੰਦੀ ਹੈ। ਪੂਰਾ ਸਾਲ ਪੜ੍ਹਨ ਨਾਲ ਇੱਕ ਵਿਸ਼ੇ ਦਾ ਇੱਕ ਛੋਟਾ ਜਿਹਾ ਸਰੂਪ ਬੱਚਿਆਂ ਸਨਮੁੱਖ ਆ ਜਾਂਦਾ ਹੈ। ਵਿਦਿਆਰਥੀਆਂ ਨੂੰ ਉਹਨਾਂ ਦੇ ਨੋਟਸ ਬਣਾ ਕੇ ਪੜ੍ਹਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਆਪਣੀ ਹੋ ਰਹੀ ਤਿਆਰੀ ਕਿੱਥੇ ਕੁ ਤੱਕ ਪੁੱਜ ਰਹੀ ਹੈ, ਦਾ ਅੰਦਾਜਾ ਵੀ ਹੋ ਜਾਂਦਾ ਹੈ ਅਤੇ ਕਿਤਾਬਾਂ ‘ਚ ਕਾਪੀਆਂ ‘ਚ ਅਲੱਗ-ਅਲੱਗ ਪਏ ਪ੍ਰਸ਼ਨ ਜਾਂ ਸਮੱਗਰੀ ਜਦੋਂ ਨੋਟਿਸਾਂ ‘ਤੇ ਨੇੜੇ ਨੇੜੇ ਵੇਖਣ ਨੂੰ ਮਿਲਦੀ ਹੈ ਤਾਂ ਯਾਦ ਕਰਨ ਵਿੱਚ ਅਸਾਨੀ ਵੀ ਹੁੰਦੀ ਹੈ ਅਤੇ ਪੜ੍ਹਾਈ ਵਿੱਚ ਦਿਲਚਸਪੀ ਵੀ ਵਧਦੀ ਹੈ।
6.ਪੜ੍ਹਨ ਦਾ ਢੰਗ:- ਹਰ ਵਿਦਿਆਰਥੀ ਦਾ ਪੜ੍ਹਨ ਦਾ ਢੰਗ ਦੂਸਰੇ ਤੋਂ ਵੱਖਰਾ ਹੋ ਸਕਦਾ ਹੈ। ਰਾਤ ਨਾਲੋਂ ਸਵੇਰ ਅਤੇ ਦਿਨ ਦਾ ਸਮਾਂ ਪੜ੍ਹਨ ਜਿਆਦਾ ਚੰਗਾ ਹੁੰਦਾ ਹੈ। ਇੱਕੋ ਸਮੇਂ ਵਿੱਚ ਲੰਮਾ ਸਮਾਂ ਬੈਠ ਕੇ ਨਹੀਂ ਪੜ੍ਹਨਾ ਚਾਹੀਦਾ। ਦਿਮਾਗ ਦੀ ਥਕਾਵਟ ਨੂੰ ਦੂਰ ਕਰਨ ਲਈ ਅਤੇ ਮੁੜ ਤੋੰ ਤਰੋ-ਤਾਜ਼ਾ ਕਰਨ ਲਈ ਥੋੜ੍ਹਾ ਸਮਾਂ ਵਿੱਚ ਦੀ ਅਰਾਮ ਕਰਨਾ ਜ਼ਰੂਰੀ ਹੈ। ਪ੍ਰੀਖਿਆ ਤੋਂ ਇੱਕ ਰਾਤ ਪਹਿਲਾਂ ਦਿੜੁ ਤੱਕ ਨਹੀਂ ਪੜ੍ਹਨਾ ਚਾਹੀਦਾ। ਅਜਿਹਾ ਕਰਨ ਨਾਲ ਪ੍ਰੀਖਿਆ ਵਿੱਚ ਅਨੀਂਦਰੇ ਹੋਣ ਕਰਕੇ ਪ੍ਰੀਖਿਆ ਵਿੱਚ ਥਕਾਵਟ ਮਹਿਸੂਸ ਹੋ ਸਕਦੀ ਹੈ।
    
ਪ੍ਰੀਖਿਆ ਦਿੰਦੇ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ।
 1.ਪ੍ਰੀਖਿਆ ‘ਚ ਪ੍ਰਸ਼ਨ ਪੱਤਰ ਨੂੰ ਪੂਰੇ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।
2.ਪੇਪਰ ਕਰਦੇ ਸਮੇਂ,ਸਮੇਂ ਦੀ ਵੰਡ ਕਰਕੇ ਪੇਪਰ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਸਮੇਂ ਦੀ ਘਾਟ ਕਾਰਨ ਪੇਪਰ ਅਧੂਰਾ ਨਾ ਛੁੱਟ ਜਾਵੇ।
3. ਲਿਖਾਈ ਹਮੇਸ਼ਾ ਸਾਫ਼-ਸੁਥਰੀ ਕਰਨੀ ਚਾਹੀਦੀ ਹੈ।
4. ਹੱਲ ਕੀਤੇ ਜਾਣ ਵਾਲੇ ਪ੍ਰਸ਼ਨ ਨੂੰ ਉਹੀ ਨੰਬਰ ਦੇਣਾ ਚਾਹੀਦਾ ਹੈ ਜੋ ਪ੍ਰਸ਼ਨ ਪੱਤਰ ਵਿੱਚ ਹੋਵੇ।
5.ਚੰਗੀ ਤਰ੍ਹਾਂ ਆਉਂਣ ਵਾਲੇ ਪ੍ਰਸ਼ਨ ਪਹਿਲਾਂ ਹੱਲ ਕੀਤੇ ਜਾਣੇ ਚਾਹੀਦੇ ਹਨ।
6. ਪੇਪਰ ਹੋ ਜਾਣ ਤੋਂ ਬਾਅਦ ਪੇਪਰ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਭਾਸ਼ਾਈ ਜਾਂ ਹੋਰ ਹੋਈਆਂ ਗਲਤੀਆਂ ਨੂੰ ਠੀਕ ਕਰ ਲੈਣਾ ਚਾਹੀਦਾ ਹੈ।
ਇਸ ਤਰ੍ਹਾਂ ਇਹ ਗੱਲਾਂ ਪ੍ਰੀਖਿਆ ਵਿੱਚ ਚੰਗੇ ਅੰਕਾਂ ਦੀ ਪ੍ਰਾਪਤੀ ਲਈ ਸਹਾਈ ਹੋ ਸਕਦੀਆਂ ਹਨ। ਜੀਵਨ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੁੰਦੀ ਜਿੱਥੇ ਮਨੁੱਖ ਦੀ ਪਹੁੰਚ ਨਾ ਪਹੁੰਚ ਸਕੇ। ਮਿਹਨਤ, ਲਗਨ ਅਤੇ ਸਹੀ ਢੰਗ ਅਪਣਾ ਕੇ ਹਰ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ।
ਹਰਪ੍ਰੀਤ ਕੌਰ ਘੁੰਨਸ
ਮੋ:97795-20194

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: