Sun. Jun 16th, 2019

ਚੇਤਿਆਂ ਵਿੱਚ ਵਸਿਆ : ਵੀ. ਸੀ. ਆਰ.

ਚੇਤਿਆਂ ਵਿੱਚ ਵਸਿਆ : ਵੀ. ਸੀ. ਆਰ.

ਸਮਾਂ ਬੀਤਣ ਦੇ ਨਾਲ – ਨਾਲ ਸਾਡੀ ਜ਼ਿੰਦਗੀ , ਘਰ , ਸਮਾਜ, ਭਾਈਚਾਰੇ ਆਦਿ ਵਿੱਚੋਂ ਕਈ ਗੱਲਾਂ , ਘਟਨਾਵਾਂ , ਕੰਮ – ਧੰਦੇ , ਮਨੋਰੰਜਨ ਦੇ ਸਾਧਨ ਤੇ ਰੀਤੀ ਰਿਵਾਜ਼ ਬਦਲਦੇ ਰਹਿੰਦੇ ਹਨ ਜਾਂ ਕਈ ਵਾਰ ਅਲੋਪ ਹੀ ਹੋ ਜਾਂਦੇ ਹਨ । ਮਨੁੱਖ ਆਪਣੇ ਕੰਮ ਧੰਦਿਆਂ ਤੋਂ ਵਿਹਲਾ ਹੋ ਕੇ ਮਨੋਰੰਜਨ ਦਾ ਕੋਈ ਨਾ ਕੋਈ ਸਾਧਨ ਅਪਣਾਉਂਦਾ ਰਹਿੰਦਾ ਹੈ । ਸਮੇਂ ਦੀ ਤੋਰ ਦੇ ਨਾਲ – ਨਾਲ ਇਹ ਮਨੋਰੰਜਨ ਦੇ ਸਾਧਨ ਵੀ ਬਦਲਦੇ ਰਹਿੰਦੇ ਹਨ ਜਾਂ ਕਈ ਵਾਰ ਅਲੋਪ ਹੀ ਹੋ ਜਾਂਦੇ ਹਨ । ਉਨ੍ਹਾਂ ਦੀਆਂ ਕੇਵਲ ਯਾਦਾਂ ਹੀ ਰਹਿ ਜਾਂਦੀਆਂ ਹਨ ਤੇ ਮਨ ਭਾਵੁਕ ਹੋ ਜਾਂਦਾ ਹੈ । ਇਨ੍ਹਾਂ ਮਨੋਰੰਜਨ ਦੇ ਸਾਧਨਾਂ ਵਿੱਚੋਂ ਇੱਕ ਮੁੱਖ ਸਾਧਨ ਹੁੰਦਾ ਸੀ : ਵੀ . ਸੀ . ਆਰ . । ਵੀਹਵੀਂ ਸਦੀ ਦੇ ਲੱਗਭੱਗ ਨੌਵੇਂ ਦਹਾਕੇ ਦੇ ਦੌਰ ਵਿੱਚ ਵੀ . ਸੀ . ਆਰ . ਮਨੋਰੰਜਨ ਦਾ ਸਾਧਨ ਹੁੰਦਾ ਸੀ । ਵੀ . ਸੀ . ਆਰ . ਦੀ ਵਰਤੋਂ ਅਕਸਰ ਵਿਆਹਾਂ ਤੋਂ ਬਾਅਦ ਜਾਂ ਜਨਮ ਦਿਨਾਂ ਦੇ ਮੌਕਿਆਂ ‘ਤੇ ਕੀਤੀ ਜਾਂਦੀ ਹੁੰਦੀ ਸੀ । ਲੋਕ ਅਕਸਰ ਵਿਆਹ ਦੀ ਬਣਾਈ ਹੋਈ ਫਿਲਮ ਜੋ ਕਿ ਇੱਕ ਕੇੈਸਟ ਦੇ ਰੂਪ ਵਿੱਚ ਮੌਜੂਦ ਹੁੰਦੀ ਸੀ, ਉਸ ਨੂੰ ਵੀ.ਸੀ.ਆਰ. ਰਾਹੀਂ ਲਗਵਾ ਕੇ ਆਮ ਤੌਰ ‘ਤੇ ਸ਼ਨੀਵਾਰ ਦੀ ਰਾਤ ਨੂੰ ਦੇਖਦੇ ਹੁੰਦੇ ਸਨ । ਸ਼ਨੀਵਾਰ ਦਾ ਦਿਨ ਇਸ ਲਈ ਚੁਣਿਆ ਜਾਂਦਾ ਸੀ ਤਾਂ ਜੋ ਅਗਲੇ ਦਿਨ ਐਤਵਾਰ ਛੁੱਟੀ ਹੋਣ ਕਰਕੇ ਬੇ – ਆਰਾਮੀ ਤੋਂ ਬਚਿਆ ਜਾ ਸਕੇ ਤੇ ਆਰਾਮ ਕੀਤਾ ਜਾ ਸਕੇ । ਲੋਕਾਂ ਨੂੰ ਵਿਆਹਾਂ ਦੀਆਂ ਫਿਲਮਾਂ ਬਣਵਾਉਣ ਅਤੇ ਹਿੰਦੀ ਜਾਂ ਪੰਜਾਬੀ ਫ਼ਿਲਮਾਂ ਵੀ.ਸੀ.ਆਰ . ਰਾਹੀਂ ਦੇਖਣ ਦਾ ਬਹੁਤ ਚਾਅ – ਮਲਾਰ ਹੁੰਦਾ ਸੀ । ਜਿਸ ਦਿਨ ਕਿਸੇ ਘਰ ਵਿੱਚ ਵੀ . ਸੀ. ਆਰ . ਲਗਵਾਉਣਾ ਹੁੰਦਾ ਸੀ , ਉਸ ਦਿਨ ਪਿੰਡ ਵਾਸੀਆਂ , ਭਾਈਚਾਰੇ ਤੇ ਆਲੇ – ਦੁਆਲੇ ਨੂੰ ਪ੍ਰੇਮ ਪੂਰਵਕ ਨਿਉਤਾ /ਸੱਦਾ ਦਿੱਤਾ ਜਾਂਦਾ ਹੁੰਦਾ ਸੀ । ਸਾਰੇ ਭਾਈਚਾਰੇ ਦੇ ਬੱਚਿਆਂ , ਨੌਜਵਾਨਾਂ , ਬਜ਼ੁਰਗਾਂ ਵਿੱਚ, ਖ਼ਾਸ ਤੌਰ ‘ਤੇ ਬੱਚਿਆਂ ਵਿੱਚ ਬਹੁਤ ਚਾਅ , ਉਮੰਗ , ਖ਼ੁਸ਼ੀ , ਰੌਚਿਕਤਾ ਅਤੇ ਭਾਵਨਾਵਾਂ ਪੈਦਾ ਹੋਈਆਂ ਹੁੰਦੀਆਂ ਸਨ ।
ਲੋਕ ਚਾਈਂ – ਚਾਈਂ ਘਰ ਪਰਿਵਾਰ ਦਾ ਕੰਮ , ਖੇਤੀਬਾੜੀ ਪਸ਼ੂ ਧੰਦੇ ਦਾ ਕੰਮ ਤੇ ਰੋਟੀ – ਟੁੱਕ ਦਾ ਕੰਮ ਖਤਮ ਕਰ ਕੇ ਇਕੱਠੇ ਹੋ ਕੇ ਵੀ . ਸੀ. ਆਰ . ਲਗਵਾਉਣ ਵਾਲੇ ਪਰਿਵਾਰ ਦੇ ਘਰ ਵੱਲ ਵਹੀਰਾਂ ਘਤ ਲੈਂਦੇ ਸਨ । ਰਾਤ ਦੇ ਲੱਗਭਗ ਅੱਠ ਕੁ ਵਜੇ ਦੇ ਕਰੀਬ ਵੀ .ਸੀ .ਆਰ . ਵਾਲੇ ਭਾਜੀ( ਸ੍ਰੀ ਹੇਮੰਤ ਕੁਮਾਰ ਜੀ , ਗੰਗੂਵਾਲ ਵਾਲੇ ) ਜਦੋਂ ਆਉਂਦੇ ਤਾਂ ਘਰ ਪਰਿਵਾਰ ਵਿੱਚ ਤੇ ਭਾਈਚਾਰੇ ਵਿੱਚ ਬਣੀ ਹੋਈ ਰੌਣਕ ਦੇਖਦਿਆਂ ਹੀ ਬਣਦੀ ਸੀ। ਇਕੱਠੇ ਹੋਏ ਲੋਕ ਖੁੱਲ੍ਹੇ ਵਿਹੜੇ ਵਿੱਚ ਬੈਠ ਜਾਂਦੇ ਸਨ ਤੇ ਸਭ ਤੋਂ ਪਹਿਲਾਂ ਵਿਆਹ ਦੀ ਫਿਲਮ ਦਿਖਾਈ ਜਾਂਦੀ ਸੀ ਅਤੇ ਉਸ ਤੋਂ ਬਾਅਦ ਧਰਮਿੰਦਰ , ਗੋਵਿੰਦਾ ,ਮਿਥੁਨ ਚੱਕਰਵਰਤੀ , ਜਾਂ ਮੇਹਰ ਮਿੱਤਲ ਜੀ ਦੀਆਂ ਫਿਲਮਾਂ ਨੂੰ ਦੇਖਣ ਨੂੰ ਤਰਜੀਹ ਦਿੱਤੀ ਜਾਂਦੀ ਸੀ । ਫਿਲਮ ਦੇਖਣ ਆਏ ਹੋਏ ਬੱਚਿਆਂ , ਬਜ਼ੁਰਗਾਂ ਤੇ ਹੋਰ ਲੋਕਾਂ ਨੂੰ ਉਸ ਘਰ ਪਰਿਵਾਰ ਵੱਲੋਂ ਖਾਣ ਲਈ ਗੁੜ , ਚਾਹ , ਨਮਕੀਨ, ਸ਼ੱਕਰ , ਗੋਗਲੇ ਆਦਿ ਦਿੱਤੇ ਜਾਂਦੇ ਸਨ ਅਤੇ ਵੀ . ਸੀ .ਆਰ . ਦਿਖਾਉਣ ਆਏ ਹੋਏ ਇੱਕ ਜਾਂ ਦੋ ਵਿਅਕਤੀਆਂ ਦੀ ਖ਼ਾਸ ਮਹਿਮਾਨਾਂ ਵਾਂਗ ਖੂਬ ਇੱਜ਼ਤ ਮਾਣ ਅਤੇ ਆਓ ਭਗਤ ਕੀਤੀ ਜਾਂਦੀ ਹੁੰਦੀ ਸੀ । ਉਦੋਂ ਇੱਕ ਕੈਸਟ ਦਾ ਕਿਰਾਇਆ ਲਗਭਗ ਵੀਹ ਰੁਪਏ ਹੁੰਦਾ ਸੀ ਅਤੇ ਸਾਰੀ ਰਾਤ ਲੱਗਭਗ ਤਿੰਨ ਫਿਲਮਾਂ ਦੇਖਣ ਦਾ ਖਰਚਾ ਇੱਕ ਸੌ ਪੰਜਾਹ ਰੁਪਏ ਆਉਂਦਾ ਹੁੰਦਾ ਸੀ ।
ਭਾਵ ਇੱਕ ਸੌ ਪੰਜਾਹ ਰੁਪਏ ਵਿੱਚ ਅੱਧੇ ਪਿੰਡ , ਭਾਈਚਾਰੇ ਤੇ ਸਮਾਜ ਦਾ ਮਨੋਰੰਜਨ ਹੋ ਜਾਂਦਾ ਸੀ ।ਉਦੋਂ ਬੜੀ ਮਾਯੂਸੀ ਛਾ ਜਾਂਦੀ ਸੀ ਜਦੋਂ ਕਿਸੇ ਕਾਰਨ ਕਰਕੇ ਬਿਜਲੀ ਚਲੀ ਜਾਂਦੀ ਸੀ ਜਾਂ ਬਿਜਲੀ ਦੀ ਵੋਲਟੇਜ ਘੱਟ – ਵੱਧ ਹੋ ਜਾਂਦੀ ਹੁੰਦੀ ਸੀ , ਤਾਂ ਲੋਕ ਪ੍ਰਮਾਤਮਾ ਅੱਗੇ ਬਿਜਲੀ ਜਲਦੀ ਆਉਣ ਦੀਆਂ ਬੇਨਤੀਆਂ ਕਰਦੇ ਸਨ। ਵੀ. ਸੀ. ਆਰ . ਰਾਤ ਦੇ ਅੱਠ ਵਜੇ ਤੋਂ ਲੈ ਕੇ ਸਵੇਰ ਦੇ ਲੱਗਭੱਗ ਤਿੰਨ – ਚਾਰ ਵਜੇ ਤੱਕ ਚੱਲਦਾ ਹੁੰਦਾ ਸੀ ਅਤੇ ਲੋਕ ਇਸ ਦਾ ਲੁਤਫ ਉਠਾਉਂਦੇ ਹੁੰਦੇ ਸਨ । ਫਿਰ ਜਿਵੇਂ – ਜਿਵੇਂ ਸਮੇਂ ਨੇ ਕਰਵਟ ਬਦਲੀ ਘਰ – ਘਰ ਐੱਲ .ਸੀ .ਡੀ , ਟੈਲੀਵਿਜ਼ਨ , ਡਿਸ਼ , ਕੇਵਲ ਤਾਰਾਂ ਆਦਿ ਦੀ ਭਰਮਾਰ ਵਧਣ ਲੱਗੀ ਤੇ ਸਿੱਟੇ ਵਜੋਂ ਇਕੱਠੇ ਹੋ ਕੇ ਭਾਈਚਾਰਕ ਤੌਰ ‘ਤੇ ਫਿਲਮਾਂ ਦੇਖਣ ਦਾ ਰੁਝਾਨ ਘੱਟ ਗਿਆ । ਫਿਰ ਭਾਈਚਾਰਕ ਤੌਰ ‘ਤੇ ਵੀ . ਸੀ. ਆਰ . ਰਾਹੀਂ ਫਿਲਮਾਂ ਦੇਖਣ ਦੀ ਥਾਂ ਪਰਿਵਾਰਕ ਤੌਰ ‘ਤੇ ਫਿਲਮਾਂ ਜਾਂ ਹੋਰ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣ ਦਾ ਰੁਝਾਨ ਵਧਿਆ। ਪਰ ਅੱਜ ਹਾਲਾਤ ਪਰਿਵਾਰ ਵਿੱਚ ਇਕੱਠੇ ਹੋ ਕੇ ਟੈਲੀਵਿਜ਼ਨ ਦੇਖਣ ਤੋਂ ਬਦਲ ਕੇ ਮੋਬਾਈਲ ਫੋਨਾਂ ਦੀ ਆਮਦ ਹੋਣ ਕਰਕੇ ਹਰ ਵਿਅਕਤੀ ਆਪਣੀ – ਆਪਣੀ ਮਨ ਪਸੰਦ ਦੇ ਪ੍ਰੋਗਰਾਮ ਦੇਖਣ ਵਿੱਚ ਰੁੱਝ ਗਿਆ ਜਾਪਦਾ ਹੈ । ਪਰ ਜੋ ਚਾਅ – ਮਲਾਰ , ਖ਼ੁਸ਼ੀ , ਉਮੰਗ , ਉਤਸ਼ਾਹ , ਖੇੜਾ , ਸਕੂਨ ਤੇ ਪਿਆਰ ਇਕੱਠੇ ਹੋ ਕੇ ਭਾਈਚਾਰਕ ਤੌਰ ‘ਤੇ ਵੀ .ਸੀ .ਆਰ . ਰਾਹੀਂ ਫਿਲਮਾਂ ਦੇਖਣ ਵਿੱਚ ਆਉਂਦਾ ਹੁੰਦਾ ਸੀ , ਉਹ ਅੱਜ ਘਰ – ਘਰ ਲੱਗੇ ਹੋਏ ਟੈਲੀਵਿਜ਼ਨਾਂ ਜਾਂ ਜੇਬ ਵਿੱਚ ਪਏ ਹੋਏ ਮੋਬਾਇਲ ਫੋਨਾਂ ਨਾਲ ਕਦੇ ਵੀ ਨਹੀਂ ਆ ਸਕਦਾ । ਵੀ . ਸੀ .ਆਰ. ਜਿੱਥੇ ਭਾਈਚਾਰਕ ਏਕਤਾ, ਉਮੰਗ , ਖ਼ੁਸ਼ੀ , ਖੇੜੇ , ਪਿਆਰ, ਸਬਰ ਤੇ ਸੰਤੋਖ ਦਾ ਸਾਧਨ ਸੀ , ਉੱਥੇ ਹੀ ਇਹ ਰੁਜ਼ਗਾਰ ਦਾ ਵੀ ਸਾਧਨ ਬਣਿਆ ਹੋਇਆ ਸੀ । ਪਰ ਜਿਨ੍ਹਾਂ ਨੇ ਵੀ ਆਪਣੇ ਬਚਪਨ ਦੇ ਸਮਿਆਂ ਵਿੱਚ ਭਾਈਚਾਰਕ ਤੌਰ ‘ ਤੇ ਇਕੱਠੇ ਹੋ ਕੇ ਵੀ . ਸੀ . ਆਰ . ਰਾਹੀਂ ਵਿਆਹ ਦੀਆਂ ਫ਼ਿਲਮਾਂ ਜਾਂ ਹੋਰ ਹਿੰਦੀ /ਪੰਜਾਬੀ ਫ਼ਿਲਮਾਂ ਦੇਖਣ ਦਾ ਆਨੰਦ ਉਠਾਇਆ ਹੋਵੇ , ਉਨ੍ਹਾਂ ਦੇ ਚੇਤਿਆਂ ਵਿੱਚੋਂ ਵੀ. ਸੀ.ਆਰ . ਕਿਵੇਂ ਵਿਸਰ ਸਕਦਾ ਹੈ ??
ਕਾਸ਼ ! ਬਚਪਨ ਦੇ ਉਹ ਦਿਨ ਵਾਪਸ ਆ ਜਾਣ ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

Leave a Reply

Your email address will not be published. Required fields are marked *

%d bloggers like this: